ਟਾਪਫ਼ੁਟਕਲ

ਮਿਸੀਸਾਉਗਾ ਗੁਰੂ ਘਰ ਚਿਰਾਂ ਤੋਂ ਹੋਕਾ ਅਖੰਡ ਪਾਠਾਂ ਦੀ ਸੇਵਾ ਵਾਸਤੇ, ਦਾ ਕੀ ਮਤਲਬ?-ਗੁਰਚਰਨ ਸਿੰਘ ਜਿਉਣਵਾਲਾ

13 ਅਪ੍ਰੈਲ ਦੀ ਵਿਸਾਖੀ ਹੋਣ ਕਰਕੇ ਅਖੰਡ ਪਾਠਾਂ ਦੀ ਗਿਣਤੀ ਵੀ ਤੇਰਾਂ ਹੀ ਹੋਣੀ ਚਾਹੀਦੀ ਹੈ ਜਿਹਨਾਂ ਦਾ ਭੋਗ ਵਿਸਾਖੀ ਤੇ ਪਾਇਆ ਜਾਵੇਗਾ? ਕੀ ਇਹ ਹੋਕਾ ਹੀ ਤਾਂ ਕਾਫੀ ਨਹੀਂ ਜਿਹੜਾ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਸੋਚ ਦੀ ਤਸਵੀਰ ਪੇਸ਼ ਕਰਦਾ ਹੈ? ਕੀ ਇਹ ਹੋਕਾ ਤੁਹਨੂੰ ਵਹਿਮਾਂ ਭਰਮਾਂ ਵਿੱਚ ਫਿਰ ਤੋਂ ਤਾਂ ਨਹੀਂ ਪਾ ਰਿਹਾ? ਕੀ ਇਸ ਹੋਕੇ ਨਾਲ ਗੁਰਦੁਆਰੇ ਦੀ ਆਮਦਨ ਵਧਾਉਣ ਦਾ ਹੀ ਮਤਲਬ ਤਾਂ ਨਹੀਂ? ਕੀ ਇਸ ਹੋਕੇ ਨਾਲ ਸਿਰਫ ਭਾਈਆਂ ਦੇ ਵਾਸਤੇ ਕੰਮ ਹੀ ਤਾਂ ਨਹੀਂ ਪੈਦਾ ਕੀਤਾ ਜਾ ਰਿਹਾ? ਕੀ ਇਸ ਹੋਕੇ ਨਾਲ ਲੰਗਰ ਵਾਸਤੇ ਰਸਦ ਹੀ ਤਾਂ ਨਹੀਂ ਇਕੱਠੀ ਕੀਤੀ ਗਈ ਜਿਹੜੀ ਫਿਰ ਤੋਂ ਤੁਹਾਡੇ ਗਰੌਸਰੀ ਸਟੋਰਾਂ ਤੇ ਵਿਕਣੀ ਹੈ? ਜਿਹੜਾ ਆਟੇ ਦਾ ਬੈਗ ਤੁਸੀਂ 7 ਡਾਲਰ ਦਾ ਖਰੀਦ ਕਿ ਗੁਰੂ ਘਰ ਦੇ ਕਿ ਆਉਂਦੇ ਹੋ ਓਹੀ ਬੈਗ ਗਰੌਸਰੀ ਸਟੋਰ ਨੂੰ 4 ਡਾਲਰ ਦਾ ਵੇਚ ਦਿਤਾ ਜਾਂਦਾ ਹੈ ਤੇ ਸਟੋਰ ਵਾਲਾ ਫਿਰ ਤੋਂ ਤੁਹਾਨੂੰ 7 ਡਾਲਰ ਦਾ ਵੇਚ ਦਿੰਦਾ ਹੈ। ਕਈ ਸੱਜਣਾਂ ਦੇ ਆਟੇ ਵਿੱਚੋਂ ਕੀੜੇ ਵੀ ਨਿਕਲੇ ਹਨ ਉਹ ਇਸ ਕਰਕੇ ਨਹੀਂ ਕਿ ਆਟੇ ਵਾਲੀ ਮਿਲ ਨੇ ਆਟਾ ਮਾੜਾ ਬਣਾਇਆ ਸੀ ਬਲਕਿ ਇਸ ਕਰਕੇ ਕਿ ਆਟਾ ਚੱਕਰਾਂ ਵਿੱਚ ਪਿਆ ਘੁੰਮਦਾ ਰਿਹਾ, ਖਾਧਾ ਕਿਸੇ ਨੇ ਨਹੀਂ ਤੇ ਸ਼ਾਈਦ ਇਹ ਆਟਾ ਵਿਚਾਰਾ ਵਿਕਰੀ ਦੇ ਚੱਕਰ ਵਿੱਚ ਪਿਆ ਹੀ ਲੋਕਾਂ ਦੇ ਮੁੰਹਾਂ ਵਿੱਚ ਨਾ ਪੈ ਕਿ ਵਿਚਾਰੇ ਕੀੜਿਆਂ ਦੇ ਮੂੰਹਾਂ ਵਿੱਚ ਪੈ ਗਿਆ। ਵਿਚਾਰੇ ਕੀੜਿਆਂ ਨੂੰ ਗੁਰੂ ਘਰੋਂ ਕੁੱਝ ਕਿਉਂ ਨਹੀਂ ਮਿਲਣਾ ਚਾਹੀਦਾ?
13 ਅਪ੍ਰੈਲ ਨੂੰ ਮੈਂ ਸਵੇਰੇ ਸਵੇਰੇ ਸਾਢੇ ਕੁ ਸੱਤ ਵਜੇ ਗੁਰਦੁਆਰੇ ਖੁਲ੍ਹੇ ਹੋਏ 18 ਅਖੰਡ ਪਾਠਾਂ ਦੇ ਦਰਸ਼ਨ ਕਰਨ ਚਲਾ ਗਿਆ। ਮੂਹਰਲੇ ਹਾਲ ਵਿੱਚ ਕੀਰਤਨ ਚੱਲ ਰਿਹਾ ਸੀ। ਥੋੜੀ ਦੇਰ ਬਾਅਦ ਮੈਂ ਉੱਹ ਹਾਲ ਲੱਭਿਆ ਜਿਥੇ 18 ਅਖੰਡ ਪਾਠ ਖੁਲ੍ਹੇ ਹੋਏ ਸਨ। ਪਾਠੀ ਪਾਠ ਕਰਨ ਵਾਲੇ 18, ਗੁਰੂ ਮਹਾਂਰਾਜ ਜੀ ਦੀਆਂ ਪ੍ਰਕਾਸ਼ ਕੀਤੀਆਂ ਹੋਈਆਂ ਬੀੜਾਂ ਵੀ 18 ਤੇ ਸੁਣਨ ਵਾਲੇ 4 ਆਦਮੀ ਤੇ ਛੇ ਬੀਬੀਆਂ। ਇਹ ਕੋਈ ਸਵੇਰੇ 8 ਵਜ੍ਹੇ ਦੀ ਗੱਲ ਹੈ। ਪਾਠੀਆਂ ਦੀ ਬਦਲੀ ਕਰਨੀ ਸੀ। ਐਨਿਆਂ ਪਾਠੀਆਂ ਨੂੰ ਉਠਾਉਣਾ ਹੋਵੇ ਤੇ ਐਨਿਆਂ ਨੂੰ ਹੀ ਨਵੇ ਸਿਰਿਓ ਫਿਰ ਪਾਠ ਕਰਨ ਲਾਉਣਾ ਹੋਵੇ ਇਹ ਕੋਈ ਅਸਾਨ ਕੰਮ ਨਹੀਂ ਇਸ ਕਰਕੇ ਚਾਰ ਕੁ ਪ੍ਰਬੰਧਿਕ ਸੱਜਣ ਵੀ ਹਾਲ ਵਿੱਚ ਗੇੜੇ ਕੱਢ ਰਹੇ ਸਨ। ਪਾਠ ਮੁੱਖ ਬਾਕ ਸਵੱਯੇ ਮਹਲੇ ਚੌਥੇ ਕੇ ਚੱਲ ਰਿਹਾ ਸੀ। ਇਕ ਟਿਮ-ਟਮਾਉਂਦੀ ਛੋਟੇ ਛੋਟੇ ਸੈਂਕੜੇ ਬਲਬਾਂ ਵਾਲੀ ਬਿਜਲੀ ਦੀ ਪੱਟੀ ਬਾਬੇ ਦੀਆਂ ਬੀੜਾਂ ਦੇ ਸਾਹਮਣੇ ਸਜਾਵੱਟ ਲਈ ਰੱਖੀ ਹੋਈ ਸੀ। ਜਿਹੜੀ ਅਸਲ ਮਨੋਰਥ ਤੋਂ ਉਲਟ ਕੰਮ ਕਰ ਰਹੀ ਸੀ। ਜੇ ਕਿਤੇ ਭੁੱਲ ਭੁਲੇਖੇ ਕੋਈ ਅੱਖਰ ਪਾਠ ਦਾ ਦਿਮਾਗ ਵਿੱਚ ਵੜ੍ਹ ਵੀ ਗਿਆ ਤਾਂ ਨਿਕਾਲਣ ਵਿੱਚ ਦੇਰੀ ਬਿਲਕੁੱਲ ਨਾ ਕਰੇ। ਕਿਉਂਕਿ ਟਿਮ-ਟਮਾਂਉਂਦੀ ਰੋਸ਼ਨੀ ਤੁਹਾਡੀ ਇਕਾਗਰਤਾ ਨੂੰ ਭੰਗ ਕਰਦੀ ਹੈ। ਹੋ ਸਕਦਾ ਹੈ ਕਿ ਗੁਰਦੁਆਰੇ ਵਾਲਿਆਂ ਦਾ ਮਨੋਰਥ ਵੀ ਏਹੀ ਹੋਵੇ ਕਿ ਪਾਠ ਦੀ ਕਿਸੇ ਨੂੰ ਸਮਝ ਨਹੀਂ ਪੈਣੀ ਚਾਹੀਦੀ। ਵੀਰੋ ਜੇ ਕਿਤੇ ਤੁਹਾਨੂੰ ਪਾਠ ਦੀ ਥੋੜੀ ਬਹੁਤ ਸਮਝ ਪੈ ਗਈ ਤਾਂ ਤੁਸੀਂ ਫਿਰ ਨਾ ਤਾਂ ਇਹਨਾਂ ਭਾਈਆਂ ਦੇ ਢਹੇ ਚੜੋਗੇ ਤੇ ਨਾ ਹੀ ਐਸੇ ਕੂੜੇ ਅਡੰਬਰ ਕਰੋਗੇ। ਜਿਹੜਿਆਂ ਪ੍ਰੀਵਾਰਾਂ ਨੇ ਅਖੰਡ ਪਾਠ ਖੁਲਵਾਇਆ ਸੀ ਜੇ ਉੱਹ ਭੋਗ ਵਾਲੇ ਦਿੱਨ ਵੀ ਨਹੀਂ ਆਏ ਤਾਂ ਕੀ ਉੱਹ ਦੂਸਰੇ ਦੋ ਦਿੱਨ ਆਏ ਹੋਣਗੇ? ਮੇਰੀ ਸਮਝ ਮੁਤਾਬਕ ਤਾਂ ਉੱਹ ਆਏ ਹੀ ਨਹੀਂ।
ਹੁਣ ਆਪਾਂ ਇਹ ਦੇਖਣਾ ਹੈ ਕਿ ਕੀ ਇਸ ਤਰਾਂ ਦੇ ਪਾਠ ਕਰਨ ਨੂੰ ਸਿੱਖ ਰਹਿਤ ਮਰਯਾਦਾ ਇਜ਼ਾਜਤ ਦਿੰਦੀ ਹੈ? ਬਿਲਕੁਲ ਨਹੀਂ। ਸਿੱਖ ਰਹਿਤ ਮਰਯਾਦਾ ਤਾਂ ਇਹ ਆਖਦੀ ਹੈ ਕਿ ਪਾਠ ਘਰ ਵਾਲੇ ਆਪ ਕਰਨ ਯਾ ਫਿਰ ਪਾਠੀ ਕੋਲੋਂ ਸੁਣਨ। ਇਕਲਾ ਪਾਠੀ ਪਾਠ ਕਰੀ ਜਾਵੇ ਇਹ ਗੁਰਬਾਣੀ ਦੀ ਨਿਰਾਦਰੀ ਹੈ। ਜੇ ਇਸ ਤਰਾਂ ਦੇ ਪਾਠ ਕਰਨਾ ਗੁਰੂ ਮਹਾਂਰਾਜ ਦੀ ਨਿਰਾਦਰੀ ਹੈ ਤਾਂ ਉਸ ਪ੍ਰਬੰਧਿਕ ਨੂੰ ਜਾ ਕੇ ਪੁਛੋ ਜਿਹੜਾ ਆਖਦਾ ਹੈ ਕਿ ਅਖੰਡ ਪਾਠ ਕਰਾਉਣਾ ਚੰਗਾ ਹੁੰਦਾ ਹੈ। ਇਸ ਨਾਲ ਤੁਹਾਡਾ ਕਲਿਯਾਣ ਹੋਵੇਗਾ। ਸੁਆਲ ਇਹ ਹੈ ਕਿ ਕਲਿਯਾਣ ਹੋਵੇਗਾ ਕਿਸ ਤਰਾਂ? ਜੇ ਪਾਠ ਸੁਣਿਆ ਨਹੀਂ ਤਾਂ ਕੁੱਝ ਸਿੱਖਿਆ ਨਹੀਂ। ਜੇ ਸਿਖਿਆ ਨਹੀਂ ਤਾਂ ਕਲਿਯਾਣ ਨਹੀਂ। ਭਾਈ ਸਾਹਿਬ ਨੂੰ ਪੁੱਛੋ ਜਾ ਕਿ ਕਲਿਯਾਣ ਕਿਸ ਤਰਾਂ ਹੋਵੇਗਾ। ਹਾਂ ਤੁਹਾਡਾ ਕਲਿਯਾਣ ਤਾਂ ਕਿਸੇ ਤਰਾਂ ਨਹੀਂ ਹੋਇਆ ਪਰ ਪ੍ਰਬੰਧਿਕ ਸੱਜਣ ਜੀ ਦਾ ਕਲਿਯਾਣ ਜ਼ਰੂਰ ਹੋਇਆ ਜਿਸ ਨੇ ਵਿਸਾਖੀ ਦੇ 18 ਅਖੰਡ ਪਾਠਾਂ ਵਿਚੋਂ ਇਕ ਘਰ ਦੀ ਡਾਊਨ ਪੇਮਿਂਟ ਕਰਨ ਜੋਗਰੇ ਪੈਸੇ ਜ਼ਰੂਰ ਬਚਾ ਲਏ ਹੋਣਗੇ।
ਪਾਠ ਕਰਨ ਬਾਰੇ ਸਾਡੇ ਗੁਰੂ ਸਾਹਿਬ ਕੀ ਆਖਦੇ ਹਨ? ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਕਿਸ ਤਰਾਂ ਦਾ ਪਾਠ ਕਰਨ ਲਈ ਆਖ ਰਹੇ ਹਨ? ਜਪੁਜੀ ਦੀਆਂ ਤੁਕਾਂ ਇਸ ਤਰਾਂ ਹਨ:
ਗਾਵੀਐ ਸੁਣੀਐ ਮਨਿ ਰਖੀਐ ਭਾਉ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥
ਸੱਚੇ ਦਾ ਨਾਮ ਭੀ ਸੱਚਾ ਹੀ ਹੈ। ਸੱਚੇ ਨੂੰ ਗਾਓ, ਸੱਚੇ ਨੂੰ ਸੁਣੋ, ਤੇ ਮਨ ਵਿੱਚ ਸੱਚ ਪ੍ਰਤੀ ਪਿਆਰ ਰੱਖੋ। ਫਿਰ ਕੀ ਹੋਵੇਗਾ? ਗੁਰੂ ਸਾਹਿਬ ਆਖਦੇ ਹਨ ਕਿ ਦੁੱਖ ਦੂਰ ਨੱਸ ਜਾਣਗੇ ਤੇ ਸੁੱਖ ਘਰ ਵਿੱਚ ਆ ਵੱਸਣਗੇ। ਸੱਚ ਪ੍ਰਤੀ ਤਾਂ ਸਾਡਾ ਧਿਆਨ ਹੀ ਨਹੀਂ ਜਾਂਦਾ ਫਿਰ ਕਲਿਯਾਣ ਕਿਸ ਤਰਾਂ?
ਗੁਰੂ ਸਾਹਿਬ ਇਹ ਵੀ ਆਖਦੇ ਹਨ ਕਿ ਪੜ੍ਹਨ ਨਾਲ ਵੀ ਮੈਲ ਨਹੀਂ ਉੱਤਰਦੀ, ਤੀਰਥ ਇਸ਼ਨਾਨ ਕਰਨ ਨਾਲ ਵੀ ਮੈਲ ਨਹੀਂ ਉਤਰਦੀ। ਮਨ ਦੀ ਮੈਲ ਤਾਂ ਸਿਰਫ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਉੱਤਰਦੀ ਹੈ ਤੇ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਆਪਾ ਮਾਰਨਾ। ਬਾਣੀ ਦਾ ਸਲੋਕ ਇੰਞ ਹੈ।
ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ॥
ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ॥
ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ॥
ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ॥ ਪੰਨਾ 39,ਮ:4॥
ਇਨ੍ਹਾਂ ਪੰਗਤੀਆਂ ਵਿੱਚ ਗੁਰੂ ਸਾਹਿਬ ਆਖਦੇ ਹਨ ਕਿ ਮਾਇਆ ਦੇ ਪਸਾਰੇ ਵਾਲੇ ਸੰਸਾਰ ਵਿੱਚ ਆਦਮੀ ਨੂੰ ਮਾਇਆ ਦੇ ਮੋਹ ਕਰਕੇ ਮਨ ਦੀ ਮੈਲ, ਝੂਠ, ਇਕ ਦੂਜੇ ਦੀਆਂ ਲੱਤਾਂ ਖਿਚਣੀਆਂ, ਕੌਮ ਨੂੰ ਆਪਣੇ ਮਤਲਬ ਲਈ ਪਾੜਨਾ(ਦੋ ਨਗਰ ਕੀਰਤਨ ਕਰਨੇ) ਲੱਗੀ ਰਹਿੰਦੀ ਹੈ ਇਹ ਤੀਰਥ ਇਸ਼ਨਾਨ ਕਰਨ ਨਾਲ ਵੀ ਨਹੀਂ ਉੱਤਰਦੀ,ਪੜ੍ਹਨ ਨਾਲ ਵੀ ਨਹੀਂ ਉੱਤਰਦੀ। ਆਹ ਜਿਹੜੇ ਸੰਤ ਮਹਾਤਮਾ ਪੰਜਾਬੋਂ ਆਏ ਹੋਏ ਹਨ ਇਹਨਾਂ ਨੂੰ ਜਾ ਕੇ ਪੁੱਛੋ ਕੀ ਇਨ੍ਹਾਂ ਦੇ ਮਨ ਦੀ ਮੈਲ (ਇਹ ਇਧੱਰ ਮਾਇਆ ਇਕੱਠੀ ਕਰਨ ਹੀ ਤਾਂ ਆਉਂਦੇ ਹਨ ਜੇ ਜਨਤਾ ਨੂੰ ਸੁਧਾਰਨਾ ਇਨ੍ਹਾਂ ਦਾ ਮਕਸਦ ਹੋਵੇ ਤਾਂ ਪੰਜਾਬੀ ਪੰਜਾਬ ਵਿੱਚ ਜ਼ਿਆਦਾ ਵੱਸਦੇ ਹਨ, ਸੁਧਾਰ ਇਹ ਉਥੇ ਕਰਨ) ਉੱਤਰੀ ਹੈ? ਪਰ ਪ੍ਰਚਾਰ ਇਹ ਵੀ ਮਨ ਦੀ ਮੈਲ ਉਤਾਰਨ ਦਾ ਹੀ ਕਰਦੇ ਹਨ। ਸ਼ਾਈਦ ਦੂਸਰਿਆਂ ਦੇ ਮਨ ਦੀ ਮੈਲ ਹੀ ਇਨ੍ਹਾਂ ਨੂੰ ਦਿੱਸਦੀ ਹੋਵੇ। ਅਗਲੀਆਂ ਦੋ ਪੰਗਤੀਆਂ ਵਿੱਚ ਮੈਲ ਉਤਾਰਨ ਦਾ ਤਰੀਕਾ ਗੁਰੂ ਸਾਹਿਬ ਦੱਸਦੇ ਹਨ।
ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲ ਹੋਇ॥
ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ॥ ਪੰਨਾ 39, ਮ:4 ॥
ਗੁਰੂ ਦੀ ਸ਼ਰਨ ਆਉਣ ਦਾ ਮਤਲਬ ਇਹ ਨਹੀਂ ਕਿ ਸਵੇਰੇ ਉੱਠ ਕਿ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਤੇ ਤੁਸੀਂ ਗੁਰੂ ਦੇ ਘਰ ਕਬੂਲੇ ਗਏ। ਜੇ ਇਹ ਮਤਲਬ ਹੁੰਦਾ ਤਾਂ ਆਹ ਜਿਹੜੇ ਪ੍ਰਬੰਧਿਕ, ਹਰ ਰੋਜ਼ ਗੁਰੂ ਦੀਆਂ ਗੱਲਾਂ ਕਰਦੇ ਹਨ,ਹਰ ਰੋਜ਼ ਗੁਰਦੁਆਰੇ ਜਾਂਦੇ ਹਨ ਦੋ ਨਗਰ ਕੀਰਤਨ ਨਾਂ ਕਰਾਉਂਦੇ। ਗੁਰੂ ਦੀ ਸ਼ਰਨ ਆਉਣ ਦਾ ਮਤਲਬ ਹੈ ਆਪਾ ਵਾਰਨ ਤੋਂ। ਜਦੋਂ ਆਪਾ ਵਾਰਿਆ ਜਾਂਦਾ ਹੈ ਤਾਂ ਫਿਰ ਗੁਰੂ ਵਾਕ ਅਨੁਸਾਰ ਨਾ ਕੋ ਵੈਰੀ ਨਹੀਂ ਬਿਗਾਨਾ। ਦੁਸਰੀ ਪੰਗਤੀ ਫਿਰ ਉਹਨਾਂ ਤੇ ਢੁੱਕਦੀ ਹੈ ਜਿਹੜੇ ਹਰ ਰੋਜ਼ ਗੁਟਕੇ ਫੜ ਕੇ ਯਾ ਜ਼ੁਬਾਨੀ ਪਾਠ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਹੀ ਕਰਦੇ ਹਨ ਪਰ ਮਨ ਵਿੱਚ ਇਕ ਅੱਖਰ ਨਹੀਂ ਵਸਾਉਂਦੇ। ਉਹਨਾਂ ਨੂੰ ਗੁਰੂ ਸਾਹਿਬ ਮਨਮੁਖ ਆਖਦੇ ਹਨ॥
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਿਰ ਤ੍ਰਿਸਨਾ ਵਿਕਾਰੁ॥
ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ॥ ਪੰਨਾ650, ਮ:3 ॥
ਗੁਰੂ ਸਾਹਿਬ ਆਖਦੇ ਹਨ ਕਿ ਜਦੋਂ ਪੜਨਾ ਤੇ ਸੁਣਨਾ ਸਿਰਫ ਕਾਰ ਵਿਹਾਰ ਬਣ ਜਾਏ ਤਾਂ ਹਿਰਦੇ ਵਿੱਚ ਤ੍ਰਿਸ਼ਨਾ ਦੀ ਅੱਗ ਉਸੇ ਤਰਾਂ ਬਲਦੀ ਹੀ ਰਹਿੰਦੀ ਹੈ। ਅਹੰਕਾਰ ਵਿੱਚ ਸਾਰੇ (ਪੰਡਿਤ ਤੇ ਭਾਈ, ਡੇਰੇਦਾਰ ਤੇ ਸੰਤ) ਪੋਥੀਆਂ ਪੜ੍ਹ ਪੜ੍ਹ ਕੇ ਥੱਕ ਜਾਂਦੇ ਹਨ ਤੇ ਖੁਆਰ ਹੀ ਹੁੰਦੇ ਰਹਿੰਦੇ ਹਨ। ਵੀਰੋ ਤੇ ਭੇਣੋ! ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕਿਤੇ ਇਹ ਅਖੰਡ ਪਾਠ, ਜੋ ਤੁਸੀਂ ਕਰਵਾਉਂਦੇ ਹੋ,ਉੱਪਰਲੀਆਂ ਦੋ ਪੰਗਤੀਆਂ ਵਾਲੀ ਗੱਲ ਤਾਂ ਨਹੀਂ? ਸੋਚੋ ਜ਼ਰਾ। ਭਾਈ ਪਾਠ 46 ਘੰਟਿਆਂ ਵਿੱਚ ਕਰਕੇ ਤੁਹਾਡਾ 1000-2000 ਕੁ ਡਾਲਰ ਦਾ ਖਰਚਾ ਕਰਵਾ ਕੇ ਚਲੇ ਜਾਂਦੇ ਹਨ ਤੇ ਤੁਸੀਂ ਏਹੀ ਸੋਚਦੇ ਹੋ ਕਿ ਬਾਬੇ ਦੇ ਚਰਨ ਘਰ ਪਏ ਹਨ ਸਾਡਾ ਘਰ ਪਵਿਤਰ ਹੋ ਗਿਆ, ਸਾਡੇ ਘਰ ਲੜਕਾ ਯਾ ਲੜਕੀ ਪੈਦਾ ਹੋਈ ਹੈ ਬਾਬਾ ਸਾਡੀ ਲੜਕੀ ਯਾ ਲੜਕੇ ਨੂੰ ਸੁਮੱਤ ਦੇਵੀਂ ਸਿਹਤ ਬਖਸ਼ੀਂ, ਸਾਡਾ ਕਾਰੋਬਾਰ ਚੰਗਾ ਚਲਾਈਂ ਆਦਿ। ਗੁਰੂ ਗ੍ਰੰਥ ਸਾਹਿਬ ਵਿੱਚ ਇਕ ਵੀ ਐਸੀ ਪੰਗਤੀ ਨਜ਼ਰ ਨਹੀਂ ਪੈਦੀ ਜੋ ਉੱਪਰ ਲਿਖੀਆਂ ਮੰਗਾਂ ਦੀ ਪ੍ਰੋੜਤਾ ਕਰਦੀ ਹੋਵੇ। ਸਗੋਂ ਇਹਨਾਂ ਵਹਿਮਾਂ ਤੇ ਭਰਮਾਂ ਵਿਚੋਂ ਕੱਢਣ ਲਈ ਸੈਕੜੇ ਐਸੀਆਂ ਪੰਗਤੀ ਹਨ ਪਰ ਅਸੀਂ ਇਸ ਭਾਈ ਕਲਾਸ ਦੇ ਢਹੇ ਚੜ੍ਹੇ ਗੁਰੂ ਦੇ ਹੁਕਮ, ਜੋ ਗੁਰੂ ਗ੍ਰੰਥ ਵਿੱਚ ਲਿਖਿਆ ਹੈ, ਵੱਲ ਖਿਆਲ ਨਹੀਂ ਕਰਦੇ ਸਗੋਂ ਪਾਠ ਨੂੰ ਅਸੀਂ ਅੱਜ-ਕੱਲ੍ਹ ਇਕ ਮੰਤਰ ਸਮਝਦੇ ਹਾਂ ਕਿ ਪਾਠ ਕਰਵਾ ਲਿਆ ਹੁਣ ਸਾਡਾ ਕੰਮ ਪੱਕਾ ਹੀ ਠੀਕ ਹੋ ਜਾਣਾ ਹੈ। ਇਹ ਖੇਡ ਸਾਰੀ ਭਾਈ ਕਲਾਸ ਦੀ ਹੀ ਰਚਾਈ ਹੋਈ ਹੈ ਜਿਸ ਨੇ ਆਪਣੇ ਪਰਾਉਠਿਆਂ ਦੀ ਖਾਤਰ ਸਾਨੂੰ ਬੁੱਧੂ ਬਣਾਇਆ ਹੋਇਆ ਹੈ। ਖਾਲਸਾ ਜੀ ਹੁਣ ਤੁਹਾਡੇ ਸਾਹਮਣੇ ਅੱਜ ਦੀ ਮਿਸਾਲ ਹੈ ਦੋ ਨਗਰ ਕੀਰਤਨ ਕਰਨੇ। ਇਹ ਮੱਤ ਸੋਚੋ ਕਿ ਪਾੜੋ ਤੇ ਰਾਜ ਕਰੋ ਗੋਰਿਆਂ ਦੀ ਨੀਤੀ ਸੀ। ਇਹ ਹਰ ਹਾਕਮ ਕਲਾਸ ਦੀ ਨੀਤੀ ਹੁੰਦੀ ਰਹੀ ਹੈ ਤੇ ਰਹੇਗੀ ਵੀ। ਇਹ ਭਾਈ ਕਲਾਸ ਅੱਜ ਸਾਡੇ ਸਿੱਖ ਧਰਮ ਦੀ ਹਾਕਮ ਕਲਾਸ ਦੀ ਥਾਂ ਪੱਕੀ ਕਰ ਚੁੱਕੀ ਹੈ। ਨਤੀਜੇ ਤੁਹਾਡੇ ਸਾਹਮਣੇ ਹਨ। ਹੁਣ ਖਾਲਸਾ ਜੀ ਇਹਨਾਂ ਨਰੈਣੂਆਂ ਦਾ ਸਾਥ ਦੇਣ ਦੀ ਬਜਾਏ ਆਪਣੇ ਗੁਰੂ ਨੀਤੀ ਦਾ ਸਾਥ ਦਿਓ। ਇਹ ਸਿਰਫ ਉਦੋਂ ਹੀ ਮੁਮਕਿਨ ਹੋਵੇਗਾ ਜਦੋਂ ਤੁਸੀਂ ਆਪ ਪਾਠ ਕਰਨ ਦਾ ਹੌਂਸਲਾ ਕਰੋਗੇ।
ਕਿਆ ਪੜੀਐ ਕਿਆ ਗੁਨੀਐ॥
ਕਿਆ ਬੇਦ ਪੁਰਾਨਾਂ ਸੁਨੀਐ॥
ਪੜੇ ਸੁਨੇ ਕਿਆ ਹੋਈ॥
ਜਉ ਸਹਜ ਨ ਮਿਲਿਓ ਸੋਈ॥
ਹਰ ਕਾ ਨਾਮੁ ਨ ਜਪਸਿ ਗਵਾਰਾ॥
ਕਿਆ ਸੋਚਹਿ ਬਾਰੰ ਬਾਰਾ॥ ਪੰਨਾ 655,ਕਬੀਰ ਸਾਹਿਬ ॥
ਬੇਦ ਤੇ ਪੁਰਾਨ ਤੋਂ ਮਤਲਬ ਸਿਰਫ ਹਿੰਦੁਆਂ ਤੇ ਮੁਸਲਮਾਨਾ ਦੇ ਗ੍ਰੰਥਾਂ ਤੋਂ ਹੀ ਨਹੀਂ।  ਜੇ ਕਰ ਗੁਰੂ ਸਾਹਿਬਾਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਹੁੰਦੇ ਤੇ ਭਾਈ ਕਲਾਸ ਨੇ ਇਹੀ ਮੰਤਰ ਪਾਠ ਕਰਕੇ ਲੋਕਾਂ ਕੋਲੋਂ ਪੈਸਾ ਬਟੋਰਨ ਦੀ ਰੀਤ ਚਲਾਈ ਹੁੰਦੀ ਤਾਂ ਗੁਰੂ ਸਾਹਿਬਾਨ ਨੇ ਇਸ ਪਾਠ ਦੀ ਵੀ ਸਾਫ ਸਾਫ ਅੱਖਰਾਂ ਵਿੱਚ ਮਨਾਹੀ ਕਰ ਦੇਣੀ ਸੀ। ਭਾਈ ਕਲਾਸ ਨੂੰ ਖਤਮ ਕਰਨਾ ਤੇ ਹਰ ਸਿੱਖ ਨੂੰ ਹੁਕਮ ਕਰਨਾ ਕਿ ਅੱਜ ਤੋਂ ਮੇਰਾ ਹਰ ਸਿੱਖ ਪ੍ਰਚਾਰਕ ਹੋਵੇਗਾ, ਗੁਰੂ ਗੋਬਿੰਦ ਸਿੰਘ ਜੀ ਨੇ ਡੇਰਾਦੂਨ ਵਿੱਚ ਮਸੰਦਾਂ ਨੂੰ ਸਖਤ ਸਜ਼ਾਵਾਂ ਤੋਂ ਬਾਅਦ ਇਹ ਹੋਕਾ ਦਿੱਤਾ ਸੀ। ਇਹ ਬਾਣੀ ਹਰੀ ਦਾ ਨਾਮ,ਪ੍ਰਭੂ ਦਾ ਨਾਮ ਜਪਣ ਵਾਸਤੇ ਆਖਦੀ ਹੈ ਤੇ ਅਸੀਂ ਇਸ ਬਾਣੀ ਨੂੰ ਪੜ੍ਹਨਾ ਹੀ ਪ੍ਰਭੂ ਦਾ ਨਾਮ ਜਪਣਾ, ਇਹਨਾਂ ਸਾਧਾਂ ਦੀ ਵਿਆਖਿਆ ਅਨੁਸਾਰ, ਸਮਝ ਬੈਠੇ ਹਾਂ। ਕਿਤੇ ਵਿਆਖਿਆ ਗਲਤ ਤਾਂ ਨਹੀਂ? ਜੇ ਆਪਾਂ ਗੁਰੂ ਸਾਹਿਬਾਂ ਨੂੰ ਡਾਕਟਰ ਮੰਨ ਲਈਏ,ਜਿਨ੍ਹਾਂ ਨੇ ਲਿਤਾੜੀ ਜਾਂਦੀ ਕੌਮ ਨੂੰ ਜਗਾਇਆ ਤੇ ਮਨੁੱਖਤਾ ਦੇ ਭਲੇ ਲਈ ਲੜਨਾ ਸਿਖਾਇਆ। ਉਨ੍ਹਾਂ ਦੀ ਬਾਣੀ ਡਾਕਟਰ ਦੀ ਲਿਖੀ ਇਕ ਪਰਚੀ ਹੈ ਦਵਾਈ ਲੈ ਕੇ ਖਾਣ ਦੀ। ਜੇ ਅਸੀਂ ਪਰਚੀ ਨੂੰ ਪੜ੍ਹੀ ਜਾਵਾਂਗੇ ਤੇ ਦਵਾਈ ਨਹੀਂ ਖਾਵਾਂਗੇ ਤਾਂ ਸਾਡਾ ਇਲਾਜ਼ ਨਹੀਂ ਹੋਵੇਗਾ। ਬੱਸ ਏਹੀ ਨੁਕਤਾ ਸਮਝਣਾ ਜ਼ਰੂਰੀ ਹੈ। ਗੁਰੂ ਗ੍ਰੰਥ ਸਿੱਖਾਂ ਦਾ ਸਵਿਧਾਨ ਹੈ ਤੇ ਹੈ ਵੀ ਮਨੁੱਖਤਾ ਦੇ ਭਲੇ ਲਈ। ਇਸੇ ਕਰਕੇ ਹੀ ਤਾਂ ਸਿੱਖ ਧਰਮ ਮਨੁੱਖਮਾਤਰ ਦਾ ਧਰਮ ਹੋ ਸਕਦਾ ਹੈ। ਸਿਧਾਂਤ ਨੂੰ ਮਨ ਵਿੱਚ ਵਸਾਉਣ ਨਾਲ ਤੇ ਸਿਧਾਂਤ ਨੂੰ ਹੀ ਅਮਲੀ ਜਾਮਾ ਪਹਿਨਾਉਣ ਨਾਲ ਗੱਲ ਬਣਨੀ ਜੇ ਸਿਰਫ ਰੱਟੇ ਲਾਉਣਾ ਇਕ ਹੋਰ ਗੱਲ ਜੇ, ਤੇ ਰੱਟੇ ਵੀ ਭਾਈਆਂ ਕੋਲੋਂ ਲਵਾਉਣ ਨਾਲ ਤਾਂ ਗੱਲ ਬਿਲਕੁੱਲ ਨਹੀਂ ਬਣਨੀ। ਏਹੀ ਗੱਲ ਕਬੀਰ ਸਾਹਿਬ ਉਪਰਲੇ ਸਲੋਕ ਵਿੱਚ ਆਖ ਰਹੇ ਹਨ।
ਕਾਂਇਆ ਮਾਂਜਸਿ ਕਉਨ ਗੁਨਾਂ॥
ਜਉ ਘਟ ਭਤਿਰਿ ਹੈ ਮਲਨਾਂ॥ ਪੰਨਾ 656,ਕਬੀਰ ਸਾਹਿਬ।
ਕਬੀਰ ਸਾਹਿਬ ਇਹ ਆਖ ਰਹੇ ਹਨ ਕਿ ਸਰੀਰ ਨੂੰ ਬਾਹਰੋਂ ਧੋਣ,ਮਤਲਬ ਇਸ਼ਨਾਨ ਕਰਨ ਤੋਂ ਹੈ,ਦਾ ਕੋਈ ਫਾਈਦਾ ਨਹੀਂ ਜਿਤਨਾ ਚਿਰ ਤੇਰੇ ਅੰਦਰ ਮੈਲ ਭਰੀ ਹੋਈ ਹੈ। ਜਿਤਨਾ ਚਿਰ ਤੇਰੇ ਅੰਦਰ ਲੋਕਾਂ ਨੂੰ ਦੋਫਾੜ ਕਰਕੇ ਪੈਸਾ ਇਕਠਾ ਕਰਨ ਦੀ ਦੌੜ ਲੱਗੀ ਹੋਈ ਹੈ,ਦੋ ਨਗਰ ਕੀਰਤਨ ਕਰਕੇ  ਸਿੱਖ ਕੌਮ ਨੂੰ ਦੋਫਾੜ ਕਰਨ ਦੀ ਦੌੜ ਤੇਰੇ ਮਨ ਵਿੱਚ ਹੈ, ਗੁਰਦੁਆਰੇ ਦਾ ਪ੍ਰਬੰਧਿਕ ਬਣਨ ਦਾ ਸਿੱਖ ਕੌਮ ਨੂੰ ਕੋਈ ਲਾਭ ਨਹੀਂ ਤੇ ਨਾ ਹੀ ਇਹ ਗੁਰੂ ਨੂੰ ਭਾਉਂਦਾ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132

Leave a Reply

Your email address will not be published. Required fields are marked *