ਟਾਪਦੇਸ਼-ਵਿਦੇਸ਼

ਸਤਨਾਮ ਢਿੱਲੋਂ ਅਤੇ ਰਾਜਦੀਪ ਸਿੰਘ ਚਾਰ ਹਥਿਆਰਬੰਦ ਲੁੱਟਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ, ਪੁਲਿਸ ਵੱਲੋਂ ਦੋਸ਼ ਆਇਦ

ਬਰੈਂਪਟਨ: ਕੈਨੇਡਾ ਦੇ ਪੀਲ ਰੀਜਨਲ ਪੁਲਿਸ ਨੇ ਰੋਜ਼ਗਾਰ ਏਜੰਸੀਆਂ ਵਿੱਚ ਹੋਈਆਂ ਹਥਿਆਰਬੰਦ ਲੁੱਟਾਂ ਦੀ ਲੜੀ ਦੇ ਸਬੰਧ ਵਿੱਚ ਬਰੈਂਪਟਨ ਦੇ ਦੋ ਵਿਅਕਤੀਆਂ ਸਤਨਾਮ ਢਿੱਲੋਂ (31) ਅਤੇ ਰਾਜਦੀਪ ਸਿੰਘ (21) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਹਨ।ਪੁਲਿਸ ਅਨੁਸਾਰ ਇਸ ਮਾਮਲੇ ਦੀ ਜਾਂਚ ਨੂੰ ‘ਪ੍ਰੋਜੈਕਟ ਸੇਗਾ’ ਨਾਮ ਦਿੱਤਾ ਗਿਆ ਸੀ। ਸੈਂਟਰਲ ਰੌਬਰੀ ਬਿਊਰੋ ਦੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਅਪ੍ਰੈਲ ਤੋਂ ਅਗਸਤ ਦਰਮਿਆਨ ਮਿਸੀਸਾਗਾ ਅਤੇ ਬਰੈਂਪਟਨ ਦੀਆਂ ਕਈ ਰੋਜ਼ਗਾਰ ਏਜੰਸੀਆਂ ਨੂੰ ਲੁੱਟਾਂ ਲਈ ਨਿਸ਼ਾਨਾ ਬਣਾਇਆ ਗਿਆ।

ਜਾਂਚ ਅਧਿਕਾਰੀਆਂ ਅਨੁਸਾਰ, ਨਕਾਬਪੋਸ਼ ਵਿਅਕਤੀ ਹਥਿਆਰਾਂ ਨਾਲ ਕਾਰੋਬਾਰੀ ਅਦਾਰਿਆਂ ਵਿੱਚ ਦਾਖ਼ਲ ਹੁੰਦੇ ਸਨ ਅਤੇ ਉੱਥੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਡਰਾ-ਧਮਕਾ ਕੇ ਨਕਦੀ, ਗਿਫ਼ਟ ਕਾਰਡ, ਇਲੈਕਟ੍ਰਾਨਿਕ ਉਪਕਰਣ ਅਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਜਾਂਦੇ ਸਨ। ਪੁਲਿਸ ਮੁਤਾਬਕ ਕੁਝ ਵਾਰਦਾਤਾਂ ਦੌਰਾਨ ਬੰਦੂਕਾਂ ਦੇ ਨਾਲ ਚਾਕੂਆਂ ਦੀ ਵੀ ਵਰਤੋਂ ਕੀਤੀ ਗਈ।

ਇਨ੍ਹਾਂ ਲੁੱਟਾਂ ਕਾਰਨ ਕੁੱਲ 53,000 ਕੈਨੇਡੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਜਾਂਚ ਦੌਰਾਨ ਪੁਲਿਸ ਨੇ ਲਗਭਗ 30,000 ਡਾਲਰ ਦੀ ਕੀਮਤ ਵਾਲਾ ਇੱਕ ਚੋਰੀ ਕੀਤਾ ਵਾਹਨ ਅਤੇ ਦੋ ਨਕਲੀ ਹਥਿਆਰ ਵੀ ਬਰਾਮਦ ਕੀਤੇ ਹਨ।

ਪੁਲਿਸ ਨੇ ਦੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਤਨਾਮ ਢਿੱਲੋਂ (31), ਵਾਸੀ ਬਰੈਂਪਟਨ, ਵਿਰੁੱਧ ਲੁੱਟ ਦੇ ਚਾਰ, ਭੇਸ ਬਦਲ ਕੇ ਅਪਰਾਧ ਕਰਨ ਦੀ ਨੀਅਤ ਦੇ ਤਿੰਨ, ਰਿਹਾਈ ਦੇ ਹੁਕਮਾਂ ਦੀ ਉਲੰਘਣਾ ਦੇ ਦੋ ਅਤੇ ਅਪਰਾਧ ਰਾਹੀਂ ਹਾਸਲ ਕੀਤੀ ਜਾਇਦਾਦ ਰੱਖਣ ਅਤੇ ਅੰਡਰਟੇਕਿੰਗ ਦੀ ਉਲੰਘਣਾ ਦਾ ਇੱਕ-ਇੱਕ ਦੋਸ਼ ਲਗਾਇਆ ਗਿਆ ਹੈ।

ਦੂਜੇ ਮੁਲਜ਼ਮ ਰਾਜਦੀਪ ਸਿੰਘ (21), ਵਾਸੀ ਬਰੈਂਪਟਨ, ਵਿਰੁੱਧ ਲੁੱਟ ਦੇ ਚਾਰ ਅਤੇ ਭੇਸ ਬਦਲ ਕੇ ਅਪਰਾਧ ਕਰਨ ਦੀ ਨੀਅਤ ਦੇ ਚਾਰ ਦੋਸ਼ ਆਇਦ ਕੀਤੇ ਗਏ ਹਨ।

ਪੁਲਿਸ ਅਨੁਸਾਰ ਦੋਵਾਂ ਮੁਲਜ਼ਮਾਂ ਨੂੰ ਜ਼ਮਾਨਤ ਸਬੰਧੀ ਸੁਣਵਾਈ ਲਈ ਓਂਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤੇ ਜਾਣ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ।

ਪੀਲ ਰੀਜਨਲ ਪੁਲਿਸ ਨੇ ਇਸ ਜਾਂਚ ਵਿੱਚ ਹਾਲਟਨ ਰੀਜਨਲ ਪੁਲਿਸ, ਬਰੈਂਪਟਨ ਅਤੇ ਮਿਸੀਸਾਗਾ ਦੀਆਂ ਨਗਰ ਨਿਗਮਾਂ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਹੈ।

ਪੁਲਿਸ ਨੇ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਸੈਂਟਰਲ ਰੌਬਰੀ ਬਿਊਰੋ ਨਾਲ 905-453-2121, ਐਕਸਟੈਂਸ਼ਨ 3410 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

ਕਾਨੂੰਨੀ ਪੱਖ: ਦੋਵੇਂ ਵਿਅਕਤੀਆਂ ਵਿਰੁੱਧ ਦੋਸ਼ ਆਇਦ ਹੋਏ ਹਨ, ਪਰ ਅਦਾਲਤ ਵਿੱਚ ਦੋਸ਼ ਸਾਬਤ ਹੋਣ ਤੱਕ ਉਨ੍ਹਾਂ ਨੂੰ ਬੇਕਸੂਰ ਮੰਨਿਆ ਜਾਂਦਾ ਹੈ।

ਸਰੋਤ: ਪੀਲ ਰੀਜਨਲ ਪੁਲਿਸ

Leave a Reply

Your email address will not be published. Required fields are marked *