ਟਾਪਭਾਰਤ

ਰਿਸ਼ਤਿਆਂ ’ਚ ਪਾਕੀਜ਼ਗੀ : ਅੱਜ ਦੀ ਜਰੂਰਤ ਡਾ. ਨਿਸ਼ਾਨ ਸਿੰਘ ਰਾਠੌਰ

ਮਨੁੱਖ ਸਮਾਜਕ ਪ੍ਰਾਣੀ ਹੈ, ਸਮਾਜ ਤੋਂ ਬਿਨਾਂ ਚੰਗੇ ਮਨੁੱਖ ਦੀ ਕਲਪਨਾ; ਮੂਰਖ਼ਤਾ ਕਹੀ ਜਾ ਸਕਦੀ ਹੈ। ਅਸਲ ਵਿੱਚ ਮਨੁੱਖ ਦੇ ਸੁਭਾਅ ਅਤੇ ਚਾਲ- ਚਲਨ ਉੱਪਰ ਸਮਾਜ ਦਾ ਪ੍ਰਭਾਵ ਹੁੰਦਾ ਹੈ। ਸਮਾਜ ਦੀ ਬਣਤਰ ਮਨੁੱਖ ਦੀ ਬਣਤਰ ਵਿੱਚ ਸਹਾਈ ਹੁੰਦੀ ਹੈ। ਜਿਸ ਪ੍ਰਕਾਰ ਦਾ ਸਮਾਜ ਦਾ ਤਾਣਾ- ਬਾਣਾ ਹੁੰਦਾ ਹੈ ਉਵੇਂ ਦਾ ਹੀ ਮਨੁੱਖ ਦਾ ਰਹਿਣ- ਸਹਿਣ ਹੋ ਜਾਂਦਾ ਹੈ। ਇਸ ਲਈ ਸਮਾਜ ਤੋਂ ਬਿਨਾਂ ਮਨੁੱਖ ਅਧੂਰਾ ਹੈ ਅਤੇ ਮਨੁੱਖ ਤੋਂ ਬਿਨਾਂ ਸਮਾਜ ਦੀ ਸਿਰਜਣਾ ਅਸੰਭਵ ਹੈ।

ਅੱਜ ਸੋਸ਼ਲ- ਮੀਡੀਆ ਦੇ ਪ੍ਰਭਾਵ ਕਰਕੇ ਮਨੁੱਖ ਵਿੱਚੋਂ ਮਨੁੱਖਤਾ ਖ਼ਤਮ ਹੁੰਦੀ ਜਾ ਰਹੀ ਹੈ। ਮਨੁੱਖ ‘ਮਸ਼ੀਨ’ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਹਰ ਵਕਤ ਕਾਮਯਾਬੀ ਦੀ ਦੌੜ ਨੇ ਮਨੁੱਖ ਕੋਲੋਂ ਉਸਦਾ ਚੈਨ ਤੇ ਆਰਾਮ ਖੋਹ ਲਿਆ ਹੈ। ਭੱਜਦੌੜ ਵਿੱਚ ਮਨੁੱਖ ਜਿੱਥੇ ਖੁਦ ਨੂੰ ਭੁੱਲਿਆ ਹੈ ਉੱਥੇ ਹੀ ਪਾਕ- ਪਵਿੱਤਰ ਰਿਸ਼ਤਿਆਂ ਨਾਲੋਂ ਵੀ ਦੂਰ ਹੋ ਗਿਆ ਜਾਪਦਾ ਹੈ। ਅੱਜ ਘਰ- ਘਰ ਵਿੱਚ ਲੜਾਈ ਅਤੇ ਕਲੇਸ਼ ਦੇਖਣ ਨੂੰ ਮਿਲਦੇ ਹਨ। ਪਤੀ- ਪਤਨੀ ਵਿੱਚ ਤਲਾਕ ਦੇ ਮਾਮਲੇ ਦਿਨੋਂ- ਦਿਨ ਵੱਧਦੇ ਜਾ ਰਹੇ ਹਨ। ਲੋਕਾਂ ਦੇ ਹਿਰਦਿਆਂ ਵਿੱਚ ਕੋਮਲ ਸੰਵੇਦਨਾ ਦੀ ਅਣਹੋਂਦ ਸਾਫ਼ ਦੇਖੀ ਜਾ ਸਕਦੀ ਹੈ। ਅੱਜ ਦਾ ਮਨੁੱਖ ਜਿੱਥੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਰਿਹਾ ਹੈ ਉੱਥੇ ਹੀ ਸਮਾਜਕ ਰਹਿਣ- ਸਹਿਣ ਅਤੇ ਪਾਬੰਦੀਆਂ ਤੋਂ ਵੀ ਮੁਨਕਰ ਹੁੰਦਾ ਦਿਖਾਈ ਦਿੰਦਾ ਹੈ।

ਅੱਜ ਲਿਵ ਇੰਨ ਰਿਲੇਸ਼ਨਸ਼ਿਪ ਵਰਗੀ ਬਿਮਾਰੀ ਸਾਡੇ ਸਮਾਜ ਵਿੱਚ ਆ ਵੜੀ ਹੈ। ਜਿਸ ਵਿੱਚ ਬਿਨਾਂ ਵਿਆਹ ਤੋਂ ਮੁੰਡਾ- ਕੁੜੀ ਇੱਕ- ਦੂਜੇ ਨਾਲ ਰਹਿਣ ਲੱਗਦੇ ਹਨ ਅਤੇ ਫਿਰ ਕੁਝ ਚਿਰ ਮਗ਼ਰੋਂ ਵੱਖ ਹੋ ਜਾਂਦੇ ਹਨ। ਇਸ ਨਾਲ ਸਾਡੀਆਂ ਸੱਭਿਆਚਾਰਕ ਰੀਤੀਆਂ ਨੂੰ ਵੱਡਾ ਖ਼ੌਰਾ ਲੱਗਦਾ ਹੈ। ਸਮਾਜਕ ਤਾਣੇ- ਬਾਣੇ ਵਿੱਚ ਵਿਘਨ ਪੈਣ ਲੱਗਿਆ ਹੈ।

ਬਦਕਿਸਮਤੀ ਇਹ ਹੈ ਕਿ ਅੱਜ ਦੇ ਮਨੁੱਖ ਨੂੰ ਸਿਵਾਏ ਤਰੱਕੀ ਅਤੇ ਪੈਸੇ ਦੇ ਕੁਝ ਦਿਖਾਈ ਨਹੀਂ ਦੇ ਰਿਹਾ। ਵੱਡੇ ਸ਼ਹਿਰਾਂ ਨੇ ਪਿੰਡਾਂ ਅਤੇ ਛੋਟੇ ਕਸਬਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਪਿੰਡਾਂ ਵਿੱਚ ਭਾਈਚਾਰਕ ਸਾਂਝ ਹੁਣ ਕੇਵਲ ਕਿਤਾਬਾਂ ਅਤੇ ਗੀਤਾਂ ਵਿੱਚ ਹੀ ਦੇਖਣ- ਸੁਣਨ ਨੂੰ ਮਿਲਦੀ ਹੈ। ਲੋਕਾਂ ਕੋਲ਼ ਇੱਕ- ਦੂਜੇ ਦਾ ਸੁੱਖ- ਦੁੱਖ ਸੁਣਨ ਦਾ ਵਕਤ ਨਹੀਂ ਹੈ। ਨਿੱਕੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਲੋਕਾਂ ਕੋਲ਼ ਸਿਵਾਏ ਕਾਰੋਬਾਰ ਅਤੇ ਪੜ੍ਹਾਈ ਦੇ ਕੋਈ ਹੋਰ ਗੱਲ ਨਹੀਂ ਹੈ। ਪਿੰਡਾਂ ਦੀਆਂ ਸੱਥਾਂ ਖਾਲੀ ਹੋਈਆਂ ਆਮ ਹੀ ਦੇਖੀਆਂ ਜਾ ਸਕਦੀਆਂ ਹਨ। ਚਾਚੀਆਂ- ਤਾਈਆਂ ਭੁਆ- ਮਾਸੀਆਂ ਦਾ ਇਕੱਠ ਸਬੱਬੀਂ ਹੀ ਹੁੰਦਾ ਹੈ। ਲੋਕ ਆਪਣੇ ਜੀਵਨ ਨੂੰ ਮੋਬਾਇਲ ਦੀ ਸਕਰੀਨ ਤਕ ਹੀ ਸੀਮਤ ਕਰੀ ਬੈਠੇ ਹਨ।

ਇਨ੍ਹਾਂ ਕਾਰਨਾਂ ਕਰਕੇ ਹੀ ਅੱਜ ਦਾ ਮਨੁੱਖ ਇਕਲਾਪੇ ਦਾ ਸ਼ਿਕਾਰ ਹੋ ਕੇ ਮਾਨਸਿਕ ਰੋਗਾਂ ਦੀ ਚਪੇਟ ਵਿੱਚ ਆ ਰਿਹਾ ਹੈ। ਅੱਜ ਮਾਨਸਿਕ ਰੋਗੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪਰ ਇਹਨਾਂ ਕੁਰੀਤੀਆਂ ਵੱਲ ਕਿਸੇ ਦਾ ਧਿਆਨ ਨਹੀਂ ਹੈ ਕਿ ਲੋਕ ਇਕਲਾਪੇ ਦਾ ਸ਼ਿਕਾਰ ਕਿਉਂ ਹੋ ਰਹੇ ਹਨ? ਇਸਦਾ ਹੱਲ ਕੀ ਹੈ?

ਮਨੋਵਿਗਿਆਨੀਆਂ ਦੇ ਕਥਨ ਅਨੁਸਾਰ ਮਨੁੱਖ ਆਪਣੇ ਪਰਿਵਾਰ ਵਿੱਚ ਸੁਰੱਖਿਅਤ ਅਤੇ ਸਕੂਨ ਮਹਿਸੂਸ ਕਰਦਾ ਹੈ। ਪਰ! ਆਪਣਿਆਂ ਲਈ ਵਕਤ ਕਿਸੇ ਕੋਲ਼ ਵੀ ਨਹੀਂ ਹੈ। ਇਸ ਲਈ ਅੱਜ ਦੇ ਮਨੁੱਖ ਨੂੰ ਆਪਣੇ ਪਿਆਰਿਆਂ ਲਈ ਵਕਤ ਕੱਢਣਾ ਚਾਹੀਦਾ ਹੈ ਤਾਂ ਕਿ ਕੁਝ ਵਕਤ ਸਕੂਨ ਅਤੇ ਅਪਣੱਤ ਭਰਿਆ ਬਤੀਤ ਹੋ ਸਕੇ। ਪਰ! ਇਹ ਹੁੰਦਾ ਕਦੋਂ ਹੈ? ਇਹ ਅਜੇ ਭਵਿੱਖ ਦੀ ਕੁੱਖ਼ ਵਿੱਚ ਹੈ। ਜਿਉਂਦੇ- ਵੱਸਦੇ ਰਹੋ ਸਾਰੇ।

Leave a Reply

Your email address will not be published. Required fields are marked *