ਬਲਬੀਰ ਸਿੰਘ ਸਿੱਧੂ ਵਲੋਂ ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਵਿਰੁੱਧ ਤੁਰੰਤ ਕੇਸ ਦਰਜ ਕਰਨ ਦੀ ਮੰਗ
ਮੋਹਾਲੀ,: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਮੋਹਾਲੀ ਦੇ ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਪਰਮਜੀਤ ਸਿੰਘ ਕਾਹਲੋਂ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਨਾਜਾਇਜ਼ ਸ਼ਰਾਬ ਜਮ੍ਹਾ ਕਰਨ, ਹਥਿਆਰਾਂ ਦੇ ਜ਼ੋਰ ’ਤੇ ਵਿਰੋਧੀਆਂ ਨੂੰ ਧਮਕਾਉਣ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਤੁਰੰਤ ਕੇਸ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਨਿਆਂ ਦੀ ਮੰਗ ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਨੂੰ ਲੈ ਕੇ ਕਾਂਗਰਸੀ ਵਰਕਰਾਂ ਅਤੇ ਸਥਾਨਕ ਨਿਵਾਸੀਆਂ ਨਾਲ ਮੌਕੇ ’ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੰਵਰਬੀਰ ਸਿੰਘ ਸਿੱਧੂ ਨੇ ਸਰਕਾਰ ਦੀ ਸ਼ਹਿ ਅਤੇ ਮਦਦ ਨਾਲ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਪਰਮਜੀਤ ਸਿੰਘ ਕਾਹਲੋਂ ਦੇ ਫੇਜ਼-7 ਸਥਿਤ ਮਕਾਨ ਨੰਬਰ 2590 ਵਿੱਚ ਵੱਡੀ ਮਾਤਰਾ ਵਿੱਚ ਸ਼ਰਾਬ ਦੀਆਂ ਪੇਟੀਆਂ ਉਤਾਰਦੇ ਲੋਕਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸ਼ਰਾਬ ਦੀਆਂ ਪੇਟੀਆਂ ਕਾਲੇ ਰੰਗ ਦੀ ਸਕਾਰਪੀਓ ਗੱਡੀ, ਜਿਸ ਦਾ ਰਜਿਸਟ੍ਰੇਸ਼ਨ ਨੰਬਰ PB 65 BJ 9908 ਹੈ, ਵਿੱਚੋਂ ਉਤਾਰੀਆਂ ਜਾ ਰਹੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੱਡੀ ਪੁਲਿਸ ਇੰਸਪੈਕਟਰ ਬਲਵਿੰਦਰ ਸਿੰਘ ਦੀ ਦੱਸੀ ਜਾ ਰਹੀ ਹੈ ਅਤੇ ਇਸ ਵਿੱਚ ਪੁਲਿਸ ਇੰਸਪੈਕਟਰ ਦੀ ਵਰਦੀ, ਤੇਜ਼ਧਾਰ ਹਥਿਆਰ ਅਤੇ ਵੱਡੀ ਮਾਤਰਾ ਵਿੱਚ ਸ਼ਰਾਬ ਮੌਜੂਦ ਸੀ। ਉਨ੍ਹਾਂ ਇਸ ਸਬੰਧੀ ਕੁਝ ਤਸਵੀਰਾਂ, ਵੀਡੀਓ ਕਲਿੱਪਾਂ ਅਤੇ ਨੇੜਲੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਸਾਂਝੀ ਕੀਤੀ।
ਕਾਂਗਰਸੀ ਆਗੂ ਨੇ ਅੱਗੇ ਕਿਹਾ ਕਿ ਜਦੋਂ ਕਾਂਗਰਸੀ ਉਮੀਦਵਾਰ ਕੰਵਰਬੀਰ ਸਿੰਘ ਸਿੱਧੂ ਨੇ ਸ਼ਰਾਬ ਦੀਆਂ ਪੇਟੀਆਂ ਉਤਾਰ ਰਹੇ ਲੋਕਾਂ ਨੂੰ ਇਸ ਨਾਜਾਇਜ਼ ਗਤੀਵਿਧੀ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਦੇ ਡਰਾਈਵਰ ਨੇ ਆਪਣੀ ਜੀਨਜ਼ ਦੀ ਜੇਬ ਵਿੱਚ ਰੱਖੇ ਪਿਸਤੌਲ ਵੱਲ ਇਸ਼ਾਰਾ ਕਰਕੇ ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਪੁਲਿਸ ਮੁਲਾਜ਼ਮ ਹਨ, ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਇਕੱਠੇ ਹੋਏ ਕਾਂਗਰਸੀ ਵਰਕਰਾਂ ਅਤੇ ਸਥਾਨਕ ਲੋਕਾਂ ਨੂੰ ਦੇਖ ਕੇ ਸ਼ਰਾਬ ਦੀਆਂ ਪੇਟੀਆਂ ਪਰਮਜੀਤ ਸਿੰਘ ਕਾਹਲੋਂ ਦੇ ਘਰ ਵਿੱਚ ਰੱਖ ਰਹੇ ਲੋਕ ਮੌਕੇ ਤੋਂ ਫ਼ਰਾਰ ਹੋ ਗਏ। ਹਾਲਾਂਕਿ ਇੱਕ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਸ੍ਰੀ ਸਿੱਧੂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਾਇਆ ਕਿ ਸਪਸ਼ਟ ਸਬੂਤ ਹੋਣ ਦੇ ਬਾਵਜੂਦ ਪੁਲਿਸ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ।
ਸਾਬਕਾ ਕਾਂਗਰਸੀ ਮੰਤਰੀ ਨੇ ਕਿਹਾ ਕਿ ਆਪਣੀ ਸਪਸ਼ਟ ਹਾਰ ਨੂੰ ਸਾਹਮਣੇ ਵੇਖ ਕੇ ਆਮ ਆਦਮੀ ਪਾਰਟੀ ਬੁਖਲਾ ਗਈ ਹੈ ਅਤੇ ਬਹੁਤ ਹੀ ਘਟੀਆ ਹਥਕੰਡਿਆਂ ’ਤੇ ਉਤਰ ਆਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਹੁਣ ਸ਼ਰਾਬ ਅਤੇ ਪੈਸੇ ਦੇ ਜ਼ਰੀਏ ਲੋਕਾਂ ਨੂੰ ਗੁੰਮਰਾਹ ਕਰਕੇ ਨਗਰ ਨਿਗਮ ਚੋਣ, ਖ਼ਾਸ ਕਰਕੇ ਵਾਰਡ ਨੰਬਰ 10 ਦੀ ਚੋਣ, ਹਰ ਹਾਲਤ ਵਿੱਚ ਜਿੱਤਣਾ ਚਾਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦੀਆਂ ਵੋਟਾਂ ਵੰਡਣ ਅਤੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਹੀ ਪਰਮਜੀਤ ਸਿੰਘ ਕਾਹਲੋਂ ਨੂੰ ਮੈਦਾਨ ਵਿੱਚ ਉਤਾਰਿਆ ਹੈ, ਇਸ ਲਈ ਪੂਰਾ ਪ੍ਰਸ਼ਾਸਨ, ਖ਼ਾਸ ਕਰਕੇ ਪੁਲਿਸ ਵਿਭਾਗ, ਉਸ ਦੀ ਹਰ ਤਰੀਕੇ ਨਾਲ ਮਦਦ ਕਰ ਰਿਹਾ ਹੈ।
ਸ੍ਰੀ ਸਿੱਧੂ ਨੇ ਵਾਰਡ ਨੰਬਰ 10 ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸੀ ਉਮੀਦਵਾਰ ਕੰਵਰਬੀਰ ਸਿੰਘ ਸਿੱਧੂ ਨੂੰ ਇਕ-ਇਕ ਵੋਟ ਪਾ ਕੇ ਜਿਤਾਉਣ ਤਾਂ ਜੋ ਆਮ ਆਦਮੀ ਪਾਰਟੀ ਦੀਆਂ ਇਨ੍ਹਾਂ “ਕੋਝੀਆਂ ਚਾਲਾਂ” ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ।
