ਮੰਤਰੀਆਂ ਦੀ ਸਰਹੱਦੀ ਫ਼ੇਰੀ ਸਿਰਫ਼ ਫੋਟੋ-ਸੈਸ਼ਨ ਬਣੀ, ਅਸਲ ਮੁੱਦਿਆਂ ਨੂੰ ਕੀਤਾ ਨਜ਼ਰ ਅੰਦਾਜ਼ – ਬ੍ਰਹਮਪੁਰਾ ਦਾ ਦੋਸ਼

ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਭਾਵੇਂ ਉਨ੍ਹਾਂ ਵੱਲੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਚਿੱਠੀ ਰਾਹੀਂ ਆਪਣੇ ਹਲਕੇ ਖਡੂਰ ਸਾਹਿਬ ਅਤੇ ਸਮੁੱਚੇ ਨਾਲ ਲੱਗਦੇ ਸਰਹੱਦੀ ਖ਼ੇਤਰਾਂ ਬਾਰੇ ਪ੍ਰਸ਼ਾਸਨ ਦੇ ਢਿੱਲੇ ਪ੍ਰਬੰਧਾਂ ਬਾਰੇ ਲਿਖ ਕੇ ਭੇਜਿਆ ਗਿਆ ਸੀ ਅਤੇ ਮੁੱਖ ਮੰਤਰੀ ਨੇ ਵੀ ਸਕਰਾਤਮਿਕ ਹੁੰਗਾਰਾ ਦੇਂਦਿਆਂ ਤੁਰੰਤ ਪ੍ਰਭਾਵਸ਼ਾਲੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ, ਪਰ ਜ਼ਮੀਨੀ ਹਕੀਕਤ ਇਸ ਤੋਂ ਵੱਖਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਦਮ ਚੁੱਕੇ ਜਾਣ ਦੇ ਬਾਵਜੂਦ, ਇਸ ਜੰਗ ਵਰਗੇ ਹਾਲਾਤਾਂ ਦੌਰਾਨ ਵੀ ਸਾਡੇ ਹਲਕੇ ਨਾਲ ਸੰਬੰਧਿਤ ਪ੍ਰਸ਼ਾਸਨ ਦੇ ਪ੍ਰਬੰਧਾਂ ਵਿੱਚ ਵੱਡੀ ਢਿੱਲ ਅਤੇ ਕਮੀ ਨਜ਼ਰ ਆ ਰਹੀ ਹੈ।
ਉਨ੍ਹਾਂ ਨੇ ਸਿੱਧੇ ਤੌਰ ‘ਤੇ ਜ਼ਿਲਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਜੰਗ ਦੇ ਮਾਹੌਲ ਦੌਰਾਨ ਲੋਕਾਂ ਨੂੰ ਕਿਸੇ ਵੀ ਆਪਾਤਕਾਲੀਨ ਸਥਿਤੀ ਬਾਰੇ ਸਮੇਂ ਸਿਰ ਸੂਚਿਤ ਕਰਨ ਲਈ ਪ੍ਰਸ਼ਾਸਨ ਵੱਲੋਂ ਕੀ ਕਦਮ ਚੁੱਕੇ ਗਏ ਹਨ? ਉਨ੍ਹਾਂ ਕਿਹਾ ਕਿ ਸੂਚਨਾ ਦੀ ਕਮੀ ਕਾਰਨ ਸਰਹੱਦ ‘ਤੇ ਵਸਦੇ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ੍ਰ. ਬ੍ਰਹਮਪੁਰਾ ਨੇ ਪੰਜਾਬ ਸਰਕਾਰ ਵੱਲੋਂ ਜ਼ਿਲੇ ਵਿੱਚ ਡਿਊਟੀ ‘ਤੇ ਲਗਾਏ ਗਏ ਦੋ ਮੰਤਰੀਆਂ ਦੀ ਭੂਮਿਕਾ ‘ਤੇ ਵੀ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਮੰਤਰੀਆਂ ਨੇ ਜ਼ਮੀਨੀ ਪੱਧਰ ‘ਤੇ ਲੋਕਾਂ ਦੀ ਮਦਦ ਕਰਨ ਜਾਂ ਪ੍ਰਬੰਧਾਂ ਨੂੰ ਸੁਧਾਰਨ ਦੀ ਬਜਾਏ ਕੇਵਲ ਖ਼ਾਨਾਪੂਰਤੀ ਕੀਤੀ ਅਤੇ ਫ਼ੋਟੋਆਂ ਕਰਵਾ ਕੇ ਆਪਣੀ ਡਿਊਟੀ ਖ਼ਤਮ ਕਰ ਲਈ, ਜੋ ਕਿ ਬਹੁਤ ਹੀ ਨਿਰਾਸ਼ਾਜਨਕ ਅਤੇ ਮੰਦਭਾਗਾ ਹੈ।
ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ‘ਦੇਸ਼ ਦੀ ਤਲਵਾਰ ਅਤੇ ਢਾਲ’ ਦੱਸ ਰਹੇ ਹਨ ਅਤੇ ਕੇਂਦਰ ਸਰਕਾਰ ਤੋਂ ਸਰਹੱਦੀ ਇਲਾਕਿਆਂ ਲਈ ਵਿਸ਼ੇਸ਼ ਪੈਕੇਜ ਅਤੇ ਸਰਕਾਰੀ ਮੁਲਾਜ਼ਮਾਂ ਲਈ ਬਾਰਡਰ ਏਰੀਆ ਅਲਾਉਂਸ ਵਰਗੀਆਂ ਮੰਗਾਂ ਕਰ ਰਹੇ ਹਨ, ਜੋ ਕਿ ਆਪਣੀ ਥਾਂ ਸਹੀ ਹੋ ਸਕਦੀਆਂ ਹਨ। ਪਰ ਦੂਜੇ ਪਾਸੇ, ਸੂਬਾ ਸਰਕਾਰ ਦੇ ਸਿੱਧੇ ਕੰਟਰੋਲ ਹੇਠ ਆਉਂਦਾ ਸਥਾਨਕ ਜ਼ਿਲਾ ਪ੍ਰਸ਼ਾਸਨ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਮੇਂ ਸਿਰ ਸੂਚਨਾ ਪ੍ਰਦਾਨ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਜਾਪਦਾ ਹੈ।
ਉਨ੍ਹਾਂ ਵੱਲੋਂ ਉੱਚ ਪੱਧਰੀ ਮੀਟਿੰਗਾਂ ਅਤੇ ਕੇਂਦਰ ਤੋਂ ਮੰਗਾਂ ਦੇ ਦੌਰ ਚੱਲ ਰਹੇ ਹਨ, ਪਰ ਹਲਕਾ ਖਡੂਰ ਸਾਹਿਬ ਵਰਗੇ ਸਰਹੱਦੀ ਖੇਤਰਾਂ ਵਿੱਚ ਲੋਕਾਂ ਤੱਕ ਸਕੂਲੀ/ਕਾਲਜ ਵਿਦਿਆਰਥੀਆਂ ਦੀਆਂ ਛੁੱਟੀਆਂ ਬਾਰੇ, ਰੋਜ਼ਮਰ੍ਹਾ ਦੀਆਂ ਲੋਕਾਂ ਦੀਆਂ ਸਹੂਲਤਾਂ ਬਾਰੇ, ਜਾਂ ਕਿਸੇ ਵੀ ਤਰ੍ਹਾਂ ਦੀ ਸਰਕਾਰ ਦੀ ਜ਼ਰੂਰੀ ਜਾਣਕਾਰੀ ਸਮੇਂ ਸਿਰ ਨਹੀਂ ਪਹੁੰਚਦੀ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਵੀ ਜ਼ਿਲਾ ਪੱਧਰ ‘ਤੇ ਕੋਈ ਅਜਿਹਾ ਪ੍ਰਭਾਵਸ਼ਾਲੀ ਡਿਜੀਟਲ ਪਲੈਟਫਾਰਮ ਨਹੀਂ ਹੈ ਜਿੱਥੇ ਲੋਕਾਂ ਨੂੰ ਤੁਰੰਤ ਨਾਲ ਦੀ ਨਾਲ ਸੂਚਿਤ ਕੀਤਾ ਜਾ ਸਕੇ। ਇਹ ਸਥਿਤੀ ਜ਼ਿਲਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਦੀ ਲੋਕਾਂ ਪ੍ਰਤੀ ਗੰਭੀਰਤਾ ‘ਤੇ ਵੱਡੇ ਸਵਾਲ ਖੜ੍ਹੇ ਕਰਦੀ ਹੈ।
ਸ੍ਰ. ਬ੍ਰਹਮਪੁਰਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖਡੂਰ ਸਾਹਿਬ ਲੋਕ ਸਭਾ ਹਲਕਾ ਦੇ ਵਸਨੀਕਾਂ, ਖਾਸ ਕਰਕੇ ਸਰਹੱਦੀ ਪੱਟੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਲਵੇ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਲੋਕਾਂ ਤੱਕ ਸੂਚਨਾ ਪਹੁੰਚਾਉਣ ਦੇ ਪ੍ਰਬੰਧਾਂ ਨੂੰ ਤੁਰੰਤ ਸੁਧਾਰੇ ਅਤੇ ਕਿਸੇ ਵੀ ਸੰਭਾਵਿਤ ਹੰਗਾਮੀ ਸਥਿਤੀ ਲਈ ਚੁਸਤ ਦਰੁਸਤ ਤਿਆਰੀਆਂ ਰੱਖੇ।
ਉਨ੍ਹਾਂ ਨੇ ਕਿਹਾ ਕਿ ਭਾਵੇਂ ਫ਼ਿਲਹਾਲ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਹੋਈ ਹੈ, ਜੋ ਕਿ ਇੱਕ ਚੰਗਾ ਸੰਕੇਤ ਹੈ। ਪਰ ਕਿਉਂਕਿ ਸਾਡਾ ਇਲਾਕਾ ਅੰਤਰਰਾਸ਼ਟਰੀ ਸਰਹੱਦ ਦੇ ਬਿਲਕੁਲ ਨੇੜੇ ਲੱਗਦਾ ਹੈ, ਅਜਿਹੇ ਵਿੱਚ ਪ੍ਰਸ਼ਾਸਨ ਨੂੰ ਹਮੇਸ਼ਾ ਕੜੇ ਅਤੇ ਪ੍ਰਭਾਵਸ਼ਾਲੀ ਪ੍ਰਬੰਧ ਰੱਖਣੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਹਾਲਾਤ ਦਾ ਸਾਹਮਣਾ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਸੁਰੱਖਿਆ ਅਤੇ ਸਹੀ ਜਾਣਕਾਰੀ ਮਿਲ ਸਕੇ।
ਇਸ ਮੌਕੇ ਸਾਬਕਾ ਵਿਧਾਇਕ ,ਬ੍ਰਹਮਪੁਰਾ ਨਾਲ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ ਜਿੰਨ੍ਹਾਂ ਵਿੱਚ ਮਾਸਟਰ ਗੁਰਨਾਮ ਸਿੰਘ ਧੁੰਨ, ਮਾਸਟਰ ਦਲਬੀਰ ਸਿੰਘ ਚੰਬਾ, ਅਜੀਤ ਪਾਲ ਸਿੰਘ ਬਿੱਟੂ ਸਾਬਕਾ ਸਰਪੰਚ ਪਿੰਡ ਚੰਬਾ ਕਲਾਂ ਆਦਿ।