Uncategorizedਟਾਪਫ਼ੁਟਕਲ

ਇੱਕ ਸ਼ਾਮ ਸੂਫ਼ੀ-ਕਾਵਿ ਅਤੇ ਸੰਗੀਤ ਦੇ ਨਾਮ -ਅਮਨਦੀਪ ਸਿੰਘ

ਸ਼ਰੂਜ਼ਬਰੀ, ਬੋਸਟਨ (ਅਮਰੀਕਾ) ਦੇ ਸ਼ਹਿਰ ਵਿੱਚ ਬਸੰਤ ਦੇ ਖੁਸ਼ਗਵਾਰ ਮੌਸਮ ਦੀ ਰੁਪਹਿਲੀ ਦੁਪਹਿਰ ਸੁਨਿਹਰੀ ਸ਼ਾਮ ਵਿੱਚ ਢਲ ਰਹੀ ਸੀ, ਜਿੱਥੇ ਨਿਊ ਇੰਗਲੈਂਡ ਪੰਜਾਬੀ ਐਸੋਸੀਏਸ਼ਨ ਵਲੋਂ ਆਯੋਜਿਤ ਸੂਫ਼ੀ ਕਾਵਿ ਨੂੰ ਸਮਰਪਿਤ ਕਵੀ ਦਰਬਾਰ ਤੇ ਗੀਤ-ਸੰਗੀਤ ਦਾ ਪ੍ਰੋਗਰਾਮ ਰੂਹਾਨੀਅਤ ਦੀ ਮਹਿਕ ਬਿਖੇਰ ਰਿਹਾ ਸੀ।ਸਾਦਗੀ, ਫ਼ਕੀਰੀ ਤੇ ਪਾਕੀਜ਼ਗੀ ਦਾ ਮੁਜੱਸਮਾ, ਰੂਹ ਨੂੰ ਸਕੂਨ ਦੇਣ ਵਾਲਾ, ਮੈਂ ਨੂੰ ਪਛਾਣਨ ਵਾਲਾ, ਮੈਂ-ਤੇ-ਤੂੰ ਦੇ ਭੇਦ ਮਿਟਾਉਣ ਵਾਲਾ, ਪ੍ਰੇਮ, ਮਸਤੀ ਤੇ ਇਸ਼ਕ ਦੇ ਰਾਹੀਂ ਰੱਬ ਨਾਲ਼ ਇਕਮਿਕ ਹੋਣ ਦਾ ਮਾਰਗ ਦੱਸਣ ਵਾਲਾ ਕਾਵਿ ਸੂਫ਼ੀ-ਕਾਵਿ ਹੈ।

ਸੂਫ਼ੀ ਸ਼ਬਦ ਅਰਬੀ ਭਾਸ਼ਾ ਦਾ ਹੈ ਜਿਸਦਾ ਮਤਲਬ ਉੱਨ ਹੈ, ਪੁਰਾਣੇ ਜ਼ਮਾਨੇ ਵਿੱਚ ਇਸਲਾਮ ਧਰਮ ਨੂੰ ਮੰਨਣ ਵਾਲ਼ੇ ਫਕੀਰ ਤੇ ਦਰਵੇਸ਼ ਉੱਨ ਦੇ ਬਣੇ ਲਿਬਾਸ ਪਹਿਨਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਸੂਫ਼ੀ ਕਿਹਾ ਜਾਣ ਲੱਗਿਆ, ਪਰ ਸੂਫ਼ੀਵਾਦ ਇੱਕ ਪਹਿਰਾਵਾ ਹੀ ਨਹੀਂ ਸਗੋਂ ਰੂਹਾਨੀਅਤ ਦਾ ਇੱਕ ਫ਼ਲਸਫ਼ਾ ਹੈ, ਜੋ ਰਹੱਸਵਾਦ (Mysticism) ਨਾਲ਼ ਮੇਲ਼ ਖਾਂਦਾ ਹੈ, ਜਿਸ ਵਿੱਚ ਇਹ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਰੱਬ ਦੇ ਨਾਲ ਮਿਲਾਪ, ਗਿਆਨ ਤੇ ਅਧਿਆਤਮਿਕ ਅਵਸਥਾ ਜੋ ਮਨੁੱਖੀ ਬੌਧਿਕਤਾ ਦੀ ਪਹੁੰਚ ਤੋਂ ਬਾਹਰ ਹੈ, ਚਿੰਤਨ ਅਤੇ ਸਵੈ-ਸਮਰਪਣ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਪ੍ਰੋਗਰਾਮ ਦੀ ਸ਼ੁਰੂਆਤ ਰੂਪ ਜਿਓਤ ਕੌਰ ਨੇ ਸੂਫ਼ੀ-ਕਾਵਿ ਬਾਰੇ ਜਾਣਕਾਰੀ ਦਿੰਦਾ ਪੇਪਰ ਪੜ੍ਹ ਕੇ ਸ਼ੁਰੂ ਕੀਤੀ ਤੇ ਦੱਸਿਆ ਕਿ ਸੂਫ਼ੀ-ਕਾਵਿ ਇੱਕੋ ਵੇਲੇ ਗੰਭੀਰ ਤੇ ਸਰਲ ਹੈ। ਸੂਫ਼ੀ ਫਕੀਰ ਧਾਰਮਿਕ ਕੱਟੜਪੁਣੇ ਨੂੰ ਨਹੀਂ ਸੀ ਮੰਨਦੇ, ਇਸ ਲਈ ਉਨ੍ਹਾਂ ਨੇ ਆਪਣੇ ਵਿੱਚਾਰਾਂ ਨੂੰ ਲੋਕ ਬੋਲੀ ਵਿੱਚ ਪ੍ਰਚਲਿਤ ਬਿੰਬਾਂ, ਪ੍ਰਤੀਕਾਂ ਅਤੇ ਸਥਾਨਕ ਕਾਵਿ-ਰੂਪਾਂ, ਸਲੋਕਾਂ, ਛੰਦਾਂ ਤੇ ਕਾਫ਼ੀਆਂ ਆਦਿ ਵਿੱਚ ਪ੍ਰਗਟਾਇਆ, ਜੋ ਕਿ ਹਰ ਇੱਕ ਦਿਲ ਨੂੰ ਟੁੰਬਦੇ ਹਨ। ਇਹੀ ਕਾਰਨ ਹੈ ਕਿ ਸਦੀਆਂ ਬਾਅਦ ਵੀ ਸੂਫ਼ੀ ਕਾਫ਼ੀਆਂ ਤੇ ਗੀਤ ਅੱਜ ਵੀ ਸਾਡੀ ਜ਼ੁਬਾਨ ‘ਤੇ ਹਨ। ਸੂਫ਼ੀ ਕਲਾਮ ਰੱਬ ਦੇ ਪਿਆਰ ਵਿੱਚ ਡੁੱਬ ਕੇ ਤਰਨ ਦਾ ਨਾਮ ਹੈ, ਜਿਸ ਨੇ ਇਸ਼ਕ ਨੂੰ ਰੂਹਾਨੀਅਤ ਦਾ ਦਰਜ ਦੇ ਕੇ “ਇਸ਼ਕ ਹਕੀਕੀ” ਨੂੰ ਲੋਕਾਂ ਦੇ ਦਿਲਾਂ ਵਿੱਚ ਧੁਰ-ਅੰਦਰ ਤੱਕ ਵਸਾਇਆ।

ਸੂਫ਼ੀ-ਕਾਵਿ ਮੱਧ-ਕਾਲ ਦੇ ਪੰਜਾਬੀ ਸਾਹਿਤ ਦੀ ਗੌਰਵਮਈ ਧਾਰਾ ਹੈ। ਇਸੇ ਕਰਕੇ ਇਹ ਇੱਕ ਤਰ੍ਹਾਂ ਨਾਲ ਬਗ਼ਾਵਤੀ ਤੇ ਇਨਕਲਾਬੀ ਕਾਵਿ ਹੈ ਤੇ ਸੂਫ਼ੀ ਹੋਣਾ ਅਸਲ ਵਿੱਚ ਸੂਰਮਾ ਹੋਣਾ ਹੈ। ਧਾਰਮਿਕ ਕੱਟੜਤਾ ਦਾ ਬਾਈਕਾਟ ਕਰਕੇ, ਜਾਨ ਦੀ ਬਾਜ਼ੀ ਲਗਾ ਕੇ ਸੂਫ਼ੀਆਂ ਨੇ ਸਭ ਨੂੰ ਇੱਕ ਹੋਣ ਦਾ ਹੋਕਾ ਦਿੱਤਾ ਹੈ – ਜਿਸ ਦੀ ਅੱਜ-ਕੱਲ ਸਾਨੂੰ ਬਹੁਤ ਲੋੜ ਹੈ।

ਬੁੱਲ੍ਹੇ ਸ਼ਾਹ ਲਿਖਦਾ ਹੈ –

“ਬੰਸੀ ਵਾਲਿਆ ਕਾਨਾ ਰਾਂਝਾ, ਤੇਰਾ ਸੁਰ ਹੈ ਸਭ ਦਾ ਸਾਂਝਾ।”
“ਹਿੰਦੂ ਨਾ ਨਹੀਂ ਮੁਸਲਮਾਨ। ਬਹੀਏ ਤ੍ਰਿੰਜਣ ਤਜ ਅਭਿਮਾਨ।”
ਸੂਫ਼ੀ-ਕਾਵਿ ਵਿੱਚ ਸ਼ਹਾਦਤ ਨੂੰ ਉੱਚਾ ਦਰਜ ਦਿੱਤਾ ਗਿਆ ਹੈ। ਤਾਂਹੀਓਂ ਤਾਂ ਵਾਰਿਸ ਸ਼ਾਹ ਲਿਖਦਾ ਹੈ –
“ਸਿਰ ਦਿੱਤਿਆਂ ਬਾਝ ਨਾ ਇਸ਼ਕ ਪੱਕੇ ਇਹ ਨਹੀਂ ਸੁਖਾਲੀਆਂ ਯਾਰੀਆਂ ਵੇ!”
ਅਤੇ ਸੁਲਤਾਨ ਬਾਹੂ ਵੀ ਇਸ ਦੀ ਹਾਮੀ ਭਰਦਾ ਹੈ –
“ਆਸ਼ਿਕ ਹੋਵੇ ਤਾਂ ਇਸ਼ਕ ਕਮਾਵੇ , ਰਾਹ ਇਸ਼ਕ ਦਾ ਸੂਈ ਦਾ ਨੱਕਾ, ਧਾਗਾ ਹੋਵੇ ਤਾਂ ਜਾਵੇ।”

ਪੰਜਾਬੀ ਬੋਲੀ ਦੀ ਮਹਾਨਤਾ ਦਾ ਅੰਦਾਜ਼ਾ ਅਸੀਂ ਇਸ ਤੋਂ ਲਗਾ ਸਕਦੇ ਹਾਂ ਕਿ ਸੂਫ਼ੀ ਕਵੀ ਤੇ ਪੀਰ, ਗੰਜੇ-ਸ਼ੱਕਰ ਬਾਬਾ ਸ਼ੇਖ਼ ਫ਼ਰੀਦ ਜੀ ਤੇ ਹੋਰ ਸੂਫ਼ੀ ਕਵੀਆਂ ਨੇ ਮਾਖਿਓਂ ਮਿੱਠੀ ਮਾਂ-ਬੋਲੀ ਪੰਜਾਬੀ ਵਿੱਚ ਮਨੁੱਖੀ ਪਿਆਰ, ਦੁੱਖ-ਦਰਦ, ਬਿਰਹਾ ਦੀਆਂ ਭਾਵਨਾਵਾਂ ਨੂੰ ਦਰਸਾਉਂਦੇ ਕਾਵਿ ਦੀ ਰਚਨਾ ਕੀਤੀ। ਇਸੇ ਗੱਲ ਨੂੰ ਅੱਗੇ ਤੋਰਦਿਆਂ, ਡਾ. ਹਰਪ੍ਰੀਤ ਸਿੰਘ, ਜੋ ਕਿ ਦੱਖਣੀ ਏਸ਼ੀਆਈ ਰਵਾਇਤਾਂ ਤੇ ਭਾਸ਼ਾਵਾਂ ਦੇ ਹਾਰਵਰਡ ਸਕਾਲਰ ਹਨ, ਨੇ ਹਿੰਦੁਸਤਾਨ ਵਿੱਚ ਭਾਸ਼ਾਵਾਂ ਦੇ ਦੇਸੀਕਰਣ (Vernacularization) ‘ਤੇ ਚਾਨਣਾ ਪਾਉਂਦਿਆ ਦੱਸਿਆ ਕਿ ਜਦੋਂ ਕਿ ਹਿੰਦੁਸਤਾਨ ਵਿੱਚ ਭਾਸ਼ਾ ਦੇ ਦੇਸੀਕਰਣ ਦਾ ਸਾਧਨ ਰਾਜ-ਦਰਬਾਰ ਸੀ, ਪਰ ਪੰਜਾਬ ਵਿੱਚ ਧਰਮ ਇਹ ਸਾਧਨ ਬਣਿਆ। ਵੈਸ਼ਨਵ, ਜੋਗੀ, ਸੂਫ਼ੀ ਕਵੀਆਂ ਤੇ ਸਿੱਖ ਗੁਰੂਆਂ ਨੇ ਲੋਕਾਂ ਦੀ ਸਾਂਝੀ ਬੋਲੀ ਪੰਜਾਬੀ ਵਿੱਚ ਹੀ ਆਪਣੇ ਵਿੱਚਾਰ ਪ੍ਰਗਟ ਕੀਤੇ।

ਬੋਸਟਨ ਦੇ ਸਥਾਨਕ ਕਵੀਆਂ ਰੂਪ ਜਿਓਤ ਕੌਰ, ਡਾ. ਹਰਪ੍ਰੀਤ ਸਿੰਘ, ਪ੍ਰੋ: ਸੁਭਾਸ਼ ਚੰਦਰ ਤੇ ਪ੍ਰੀਤਪਾਲ ਸਿੰਘ ਮਿਰਜ਼ਪੁਰੀ ਨੇ ਬਾਬਾ ਸ਼ੇਖ਼ ਫ਼ਰੀਦ ਜੀ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬਾਬਾ ਬੁਲ੍ਹੇ ਸ਼ਾਹ, ਮੀਆਂ ਮੁਹੰਮਦ ਬਖ਼ਸ਼ ਅਤੇ ਆਪਣੇ ਕਲਾਮ ਪੜ੍ਹ ਕੇ ਖੂਬ ਰੰਗ ਬੰਨ੍ਹਿਆ। ਕਵੀ ਦਰਬਾਰ ਤੋਂ ਬਾਅਦ ਬੋਸਟਨ ਦੇ ਮਸ਼ਹੂਰ ਸੰਗੀਤ ਉਸਤਾਦ, ਹਰਮੋਨੀਅਮ ਮਾਸਟਰ ਤੇ ਆਲ ਇੰਡੀਆ ਰੇਡੀਓ ਆਰਟਿਸਟ ਪ੍ਰੋ: ਐਮ. ਰਾਮਾ ਰਾਓ, ਜਿਨ੍ਹਾਂ ਨੇ ਆਪਣਾ ਜੀਵਨ ਸੰਗੀਤ ਤੇ ਸੰਗੀਤ ਸਿੱਖਿਆ ਨੂੰ ਸਮਰਪਿਤ ਕੀਤਾ ਹੋਇਆ ਹੈ, ਨੇ ਅਤੇ ਉਨ੍ਹਾਂ ਦੇ ਸ਼ਗਿਰਦਾਂ ਅਮਨਦੀਪ ਸਿੰਘ, ਹਰਮਨ ਦੀਪ ਸਿੰਘ, ਨਰੇਸ਼ ਅਗਰਵਾਲ, ਕਮਲ ਚੱਢਾ, ਕ੍ਰਿਸ਼ਨਾ ਭਾਸਕਰਨ, ਗਿਰੀਸ਼ ਸਤਪੁਤੇ ਤੇ ਅਮਾਰਾ ਨਵਾਜ਼ ਖ਼ਾਨ ਨੇ ਸੂਫ਼ੀ ਗੀਤਾਂ, ਕਾਫ਼ੀਆ, ਕਵਾਲੀਆਂ ਤੇ ਗ਼ਜ਼ਲਾਂ ਨਾਲ਼ ਸਰੋਤਿਆਂ ਦਾ ਮਨ ਮੋਹ ਲਿਆ। ਸ਼੍ਰੀ ਰਾਜੇਸ਼ ਪਾਈ ਨੇ ਤਬਲੇ ਤੇ ਸੰਗਤ ਕੀਤੀ। ਮੀਜ਼ਬਾਨ ਰੂਪਜਿਓਤ ਕੌਰ ਤੇ ਵਿਕਰਮ ਸਿੰਘ ਤੇ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ।  ਇਸ ਸੂਫ਼ੀ ਸ਼ਾਮ ਵਿੱਚ ਭਾਗ ਲੈਣ ਵਾਲੇ ਕਵੀ ਤੇ ਗਾਇਕ ਭਾਰਤ ਦੇ ਹਰ ਕੋਨੇ ਤੋਂ ਤੇ ਪਾਕਿਸਤਾਨ ਤੋਂ ਸਨ, ਜੋ ਕਿ ਪੰਜਾਬੀ ਸੂਫ਼ੀ-ਕਾਵਿ ਦੀ ਸਾਂਝੀਵਾਲਤਾ ਤੇ ਪ੍ਰਸਿੱਧੀ ਦਾ ਪ੍ਰਤੱਖ ਸਬੂਤ ਹੈ। ਇਸ ਤਰ੍ਹਾਂ ਸੂਫ਼ੀ-ਕਾਵਿ ਨੂੰ ਸਮਰਪਿਤ ਇਹ ਨਿਵੇਕਲੀ ਸ਼ਾਮ ਯਾਦਗਾਰੀ ਹੋ ਨਿੱਬੜੀ।

ਸੰਪਰਕ: +1-508-243-8846

Leave a Reply

Your email address will not be published. Required fields are marked *

Share via
Copy link