ਟਾਪਦੇਸ਼-ਵਿਦੇਸ਼

 ਸਿਮਰਨਜੀਤ ਸਿੰਘ ਮਾਨ ਭੜਕਾਊ ਅਤੇ ਬੇਬੁਨਿਆਦ ਬਿਆਨਬਾਜ਼ੀ ਤੋਂ ਗੁਰੇਜ਼ ਕਰਨ — ਪ੍ਰੋ. ਸਰਚਾਂਦ ਸਿੰਘ ਖਿਆਲਾ।

ਪ੍ਰੋ. ਸਰਚਾਂਦ ਸਿੰਘ ਖਿਆਲਾ , ਬੁਲਾਰਾ ਪੰਜਾਬ ਭਾਜਪਾ।

ਅੰਮ੍ਰਿਤਸਰ: ਪੰਜਾਬ ਭਾਜਪਾ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਯੂਕੇ ਦੌਰੇ ਤੋਂ ਬਾਅਦ ਦਿੱਤਾ ਗਿਆ ਬਿਆਨ ਨਾ ਸਿਰਫ਼ ਬੇਹੱਦ ਗੈਰ-ਜ਼ਿੰਮੇਵਾਰਾਨਾ ਹੈ,  ਲੋਕਤੰਤਰੀ ਮਰਿਆਦਾਵਾਂ, ਦੇਸ਼ ਦੇ ਸੰਵਿਧਾਨਕ ਅਦਾਰਿਆਂ ਦੀ ਸਾਖ ਅਤੇ ਭਾਰਤ ਦੀ ਪ੍ਰਭੂਸੱਤਾ ਨੂੰ ਠੇਸ ਪਹੁੰਚਾਉਣ ਵਾਲਾ ਹੈ ਸਗੋਂ ਇਹ ਸਿੱਖ ਪਰੰਪਰਾ ਅਤੇ ਗੁਰਮਤਿ ਦੀ ਭਾਵਨਾ ਦੇ ਉਲਟ ਵੀ ਹੈ। ਕਿਸੇ ਅਦਾਲਤੀ ਫ਼ੈਸਲੇ ਜਾਂ ਪ੍ਰਮਾਣਿਤ ਸਬੂਤ ਤੋਂ ਬਿਨਾਂ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀਆਂ ਅਤੇ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ‘ਤੇ ਕਤਲ ਵਰਗੇ ਸੰਗੀਨ ਦੋਸ਼ ਲਗਾਉਣਾ ਸਿਰਫ਼ ਰਾਜਨੀਤਿਕ ਗਿਰਾਵਟ ਹੀ ਨਹੀਂ, ਸਗੋਂ ਵਿਦੇਸ਼ੀ ਤਾਕਤਾਂ ਦੀ ਸ਼ਹਿ ’ਤੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਰਾਜਨੀਤੀ ਲੰਬੇ ਸਮੇਂ ਤੋਂ ਅਜਿਹੇ ਬਿਆਨਾਂ ‘ਤੇ ਆਧਾਰਿਤ ਰਹੀ ਹੈ ਜੋ ਪੰਜਾਬ ਦੇ ਅਸਲ ਮੁੱਦਿਆਂ ਦਾ ਹੱਲ ਲੱਭਣ ਦੀ ਬਜਾਏ ਵਿਵਾਦ, ਭਰਮ ਅਤੇ ਵੰਡ ਦੀ ਰਾਜਨੀਤੀ ਨੂੰ ਹਵਾ ਦਿੰਦੇ ਹਨ। ਪੰਜਾਬ ਦੇ ਨੌਜਵਾਨ ਰੋਜ਼ਗਾਰ, ਨਸ਼ਿਆਂ, ਸਿੱਖਿਆ, ਉਦਯੋਗ ਅਤੇ ਕਿਸਾਨੀ ਵਰਗੀਆਂ ਚੁਣੌਤੀਆਂ ਨਾਲ ਜੂਝ ਰਹੇ ਹਨ, ਪਰ ਮਾਨ ਲੋਕਾਂ ਦਾ ਧਿਆਨ ਇਨ੍ਹਾਂ ਗੰਭੀਰ ਮੁੱਦਿਆਂ ਤੋਂ ਹਟਾ ਕੇ ਭੜਕਾਊ ਬਿਆਨਬਾਜ਼ੀ ਰਾਹੀਂ ਸੁਰਖੀਆਂ ਬਟੋਰਣ ਵਿੱਚ ਰੁੱਝੇ ਹੋਏ ਹਨ।
ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ‘ਤੇ ਖੜ੍ਹ ਕੇ ਭਾਰਤ ਦੀਆਂ ਸੰਸਥਾਵਾਂ ਅਤੇ ਸੁਰੱਖਿਆ ਏਜੰਸੀਆਂ ਵਿਰੁੱਧ ਬੇਬੁਨਿਆਦ ਦੋਸ਼ ਲਗਾਉਣਾ ਬਹੁਤ ਹੀ ਮੰਦਭਾਗਾ ਹੈ। ਜੇਕਰ ਉਨ੍ਹਾਂ ਕੋਲ ਕੋਈ ਭਰੋਸੇਯੋਗ ਸਬੂਤ ਹਨ ਤਾਂ ਉਹ ਸੰਵਿਧਾਨਕ ਅਤੇ ਕਾਨੂੰਨੀ ਮੰਚਾਂ ‘ਤੇ ਪੇਸ਼ ਕਰਨ। ਵਿਦੇਸ਼ੀ ਮੰਚਾਂ ਤੋਂ ਭਾਰਤ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਕੋਸ਼ਿਸ਼ ਨਾਲ ਦੇਸ਼ ਦਾ ਅਕਸ ਖ਼ਰਾਬ ਹੁੰਦਾ ਹੈ ਅਤੇ ਭਾਰਤ ਵਿਰੋਧੀ ਤੱਤਾਂ ਨੂੰ ਪ੍ਰਚਾਰ ਦਾ ਮੌਕਾ ਮਿਲਦਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਸਿੱਖੀ ਦਾ ਮੂਲ ਸਿਧਾਂਤ ਸੱਚ, ਨਿਆਂ, ਨਿਮਰਤਾ, ਸੰਯਮ ਅਤੇ ‘ਸਰਬੱਤ ਦੇ ਭਲੇ’ ਦਾ ਹੈ। ਗੁਰੂ ਸਾਹਿਬਾਨ ਨੇ ਕਦੇ ਵੀ ਨਫ਼ਰਤ, ਵੱਖਵਾਦ ਜਾਂ ਬੇਬੁਨਿਆਦ ਇਲਜ਼ਾਮਾਂ ਦੀ ਸਿੱਖਿਆ ਨਹੀਂ ਦਿੱਤੀ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਆ ਗਿਆ ਸੰਤ-ਸਿਪਾਹੀ ਦਾ ਆਦਰਸ਼ ਜ਼ੁਲਮ ਦਾ ਟਾਕਰਾ ਕਰਨ ਲਈ ਹੈ, ਨਾ ਕਿ ਸਮਾਜ ਵਿੱਚ ਵੰਡ ਅਤੇ ਟਕਰਾਅ ਪੈਦਾ ਕਰਨ ਲਈ। ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਰਾਜਨੀਤਿਕ ਲਾਭ ਲਈ ਤੋੜ-ਮਰੋੜ ਕੇ ਪੇਸ਼ ਕਰਨਾ ਗੁਰਮਤਿ ਦੀ ਭਾਵਨਾ ਦੇ ਉਲਟ ਹੈ।
ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਭਾਰਤ ਦੀ ਏਕਤਾ, ਮਨੁੱਖਤਾ ਦੀ ਰੱਖਿਆ ਅਤੇ ਧਾਰਮਿਕ ਆਜ਼ਾਦੀ ਲਈ ਦਿੱਤੀਆਂ ਅਦੁੱਤੀ ਕੁਰਬਾਨੀਆਂ ਦਾ ਇਤਿਹਾਸ ਹੈ। ਗੁਰੂ ਤੇਗ ਬਹਾਦਰ ਸਾਹਿਬ, ਸਾਹਿਬਜ਼ਾਦਿਆਂ ਅਤੇ ਅਣਗਿਣਤ ਸ਼ਹੀਦਾਂ ਦੀ ਵਿਰਾਸਤ ਨੂੰ ਕਿਸੇ ਵੀ ਤਰ੍ਹਾਂ ਦੇ ਵੰਡਕਾਰੀ ਜਾਂ ਭਾਰਤ ਵਿਰੋਧੀ ਬਿਰਤਾਂਤ ਨਾਲ ਜੋੜਨਾ ਨਾ ਸਿਰਫ਼ ਇਤਿਹਾਸ ਨਾਲ ਬੇਇਨਸਾਫ਼ੀ ਹੈ, ਸਗੋਂ ਸਮੁੱਚੇ ਸਿੱਖ ਪੰਥ ਦਾ ਵੀ ਅਪਮਾਨ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ, ਰਾਸ਼ਟਰੀ ਏਕਤਾ ਅਤੇ ਦੇਸ਼ ਦੀਆਂ ਸੁਰੱਖਿਆ ਸੰਸਥਾਵਾਂ ਸਾਡੇ ਲੋਕਤੰਤਰ ਦੀ ਮਜ਼ਬੂਤ ਨੀਂਹ ਹਨ। ਰਾਜਨੀਤਿਕ ਲਾਭ ਲਈ ਇਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਕਿਸੇ ਵੀ ਜ਼ਿੰਮੇਵਾਰ ਜਨਤਕ ਆਗੂ ਨੂੰ ਸ਼ੋਭਾ ਨਹੀਂ ਦਿੰਦਾ।
ਉਨ੍ਹਾਂ ਕਿਹਾ ਸਿਮਰਨਜੀਤ ਸਿੰਘ ਮਾਨ ਭੜਕਾਊ ਅਤੇ ਬੇਬੁਨਿਆਦ ਬਿਆਨਬਾਜ਼ੀ ਤੋਂ ਗੁਰੇਜ਼ ਕਰਨ, ਸਿੱਖ ਨੌਜਵਾਨਾਂ ਨੂੰ ਭਟਕਾਉਣ ਦੀ ਬਜਾਏ ਉਨ੍ਹਾਂ ਨੂੰ ਗੁਰਮਤਿ, ਸੰਵਿਧਾਨ, ਲੋਕਤੰਤਰ, ਰਾਸ਼ਟਰ ਨਿਰਮਾਣ ਅਤੇ ਸਮਾਜ ਸੇਵਾ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਨ। ਪੰਜਾਬ ਨੂੰ ਅੱਜ ਸ਼ਾਂਤੀ, ਨਿਵੇਸ਼, ਵਿਕਾਸ, ਸਦਭਾਵਨਾ ਅਤੇ ਸਥਿਰਤਾ ਦੀ ਲੋੜ ਹੈ, ਨਾ ਕਿ ਅਜਿਹੀ ਰਾਜਨੀਤੀ ਦੀ ਜੋ ਸਮਾਜ ਵਿੱਚ ਅਵਿਸ਼ਵਾਸ, ਵੰਡ ਅਤੇ ਟਕਰਾਅ ਨੂੰ ਵਧਾਵੇ।

Leave a Reply

Your email address will not be published. Required fields are marked *

Share via
Copy link