ਸਕੂਲੀ ਬੱਚਿਆਂ ਵਿੱਚ ਹਉਮੈ ? ….. ਇਕ ਨਜ਼ਰੀਆ ਇਹ ਵੀ-ਸੁਖਜਿੰਦਰ ਸਿੰਘ
ਪਿਛਲੇ ਕੁੱਝ ਸਾਲਾਂ ਤੋਂ ਦੀਵਾਲੀ ਵਾਲੇ ਦਿਨ ਚਾਹ ਦਾ ਪਹਿਲਾਂ ਕੱਪ ਮੈਂ ਸ਼੍ਰੀ ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਨਾਲ
ਸਾਂਝਾ ਕਰਦਾ ਹਾਂ। ਕੁੱਝ ਦਿਨ ਪਹਿਲਾਂ ਇਸੇ ਲਗਾਤਾਰਤਾ ਵਿੱਚ ਮੈਂ ਸਵੇਰੇ ਸਵਾ-ਛੇ ਵਜੇ ਇਸੇ ਤਿਉਹਾਰ ਦੇ ਦਿਨ ਉਹਨਾਂ ਦੇ ਘਰ ਦੀ
ਬੈੱਲ ਜਾ ਬਜਾਈ । ਉਹਨਾਂ ਦੀ ਸਿਹਤ ਕੁੱਝ ਮੱਠੀ ਜਾਪਦੀ ਸੀ । ਖੈਰ, ਅਸੀਂ ਚਾਹ ਦਾ ਕੱਪ ਸਾਂਝਾ ਕਰਨ ਲੱਗੇ ਤੇ ਦੀਵਾਲੀ ਦੀਆਂ
ਮੁਬਾਰਕਾਂ ਦੀ ਸਾਂਝ ਵੀ ਪਾਈ । ਸ਼੍ਰੀ ਖੰਨਾ ਬਹੁਤ ਨੇਕ ਇਨਸਾਨ ਹਨ । ਸੱਭ ਦਾ ਭਲਾ ਚਾਹੁਣ ਵਾਲੇ , ਖਾਸ ਕਰ ਕੇ ਗਰੀਬ ਵਰਗ ਦੇ
ਲੋਕਾਂ ਦੇ ਬੱਚਿਆਂ ਦੇ ਪ੍ਰਤੀ, ਉਹਨਾਂ ਦੇ ਸੋਹਣੇ ਜੀਵਨ ਦੀ ਕਾਮਨਾ ਕਰਨ ਵਾਲੇ ਹੀ ਨਹੀਂ ਸਗੋਂ ਉਹਨਾਂ ਲਈ ਲਗਾਤਾਰ ਕੰਮ ਕਰਦੇ
ਰਹਿਣ ਵਾਲੇ । ਅਕਸਰ ਉਹ ਸਮਾਜ ਵਿੱਚ ਵਿਚਰਦੇ ਹੋਏ ਕਿੰਨੇ ਸਵਾਲਾਂ – ਜਵਾਬਾਂ ਵਿੱਚ ਘਿਰੇ ਰਹਿੰਦੇ ਹਨ। ਉਹਨਾਂ ਨੇ ਕੁੱਝ ਸਵਾਲ
ਮੇਰੇ ਲਈ ਵੀ ਰੱਖੇ ਹੁੰਦੇ ਹਨ । ਇਸ ਲਈ ਨਹੀਂ ਕਿ ਮੈਂ ਬਹੁਤ ਸਮਝਦਾਰ ਹਾਂ ? ਸਗੋਂ ਇਹ ਜਾਨਣ ਲਈ ਕਿ ਉਹਨਾਂ ਸਵਾਲਾਂ ਦੇ ਪ੍ਰਤੀ
ਮੇਰਾ ਕੀ ਨਜ਼ਰੀਆ ਹੈ ? ਉਹਨਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹਨਾਂ ਦੇ ਕੋਈ ਮਿੱਤਰ ਉਹਨਾਂ ਨੂੰ ਮਿਲਣ ਆਏ ਸਨ, ਜਿਹਨਾਂ ਦੇ
ਬਹੁਤ ਸਾਰੇ ਸਕੂਲ ਹਨ ,ਤੇ ਚੰਗੇ ਰੱਜੇ – ਪੁੱਜੇ ਘਰਾਂ ਦੇ ਬੱਚੇ ਉਹਨਾਂ ਦੇ ਹਾਈ – ਫਾਈ ਸਕੂਲਾਂ ਵਿਚ ਪੜਦੇ ਹਨ । ਗੱਲਾਂ – ਗੱਲਾਂ ਵਿਚ
ਉਹਨਾਂ ਦੇ ਦੋਸਤ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜਦੇ ਕਿਸੇ ਬੱਚੇ ਦੀਆਂ ਕਾਫੀ ਸਾਰੀਆਂ ਸ਼ਿਕਾਇਤਾਂ
ਉਹਨਾਂ ਦੇ ਦਫ਼ਤਰ ਤੱਕ ਪਹੁੰਚੀਆਂ । ਸਕੂਲ ਦੇ ਪ੍ਰਿੰਸੀਪਲ ਨੂੰ ਉਸ ਬੱਚੇ ਨੂੰ ਸਮਝਾਉਣ ਲਈ ਕਿਹਾ ਗਿਆ । ਪ੍ਰਿੰਸੀਪਲ ਨੇ ਆਪ
ਕਲਾਸ ਵਿੱਚ ਆ ਕੇ ਉਸ ਬੱਚੇ ਨੂੰ ਸਮਝਾਉਣ ਦਾ ਯਤਨ ਕੀਤਾ ਤੇ ਅਖ਼ੀਰ ਵਿੱਚ ਉਸ ਦੀ ਮੇਜ ਦੇ ਉੱਪਰ ਦੋ – ਤਿੰਨ ਵਾਰ ਹੱਥ ਮਾਰ
ਕੇ ਉਸਨੂੰ ਥੋੜੀ ਤਾੜਨਾ ਕਰਦੇ ਹੋਏ ਕਿਹਾ ਕੇ ਪੜਣ ਵੱਲ ਧਿਆਨ ਦਿਓ ਫਜ਼ੂਲ ਗੱਲਾਂ ਵੱਲ ਨਹੀਂ । ਉਸ ਬੱਚੇ ਨੇ ਘਰ ਜਾ ਕੇ ਆਪਣੇ
ਪਿਤਾ ਨੂੰ ਸ਼ਿਕਾਇਤ ਲਗਾਈ ਕਿ ਉਸਦੀ ਬੇਇਜ਼ਤੀ ਕੀਤੀ ਗਈ ਹੈ ।ਸਾਰੀ ਕਲਾਸ ਸਾਹਮਣੇ ਉਸਦੀ ਮੇਜ ਥਪ-ਥਪਾਈ ਗਈ ਹੈ ਅਤੇ
ਤਾੜਨਾ ਕੀਤੀ ਗਈ ਹੈ । ਮਾਪੇ ਸਕੂਲ ਪਹੁੰਚੇ ਤੇ ਆਪਣੇ ਬੱਚੇ ਦੀ ਹੋਈ ਬੇਇਜ਼ਤੀ ਦਾ ਜ਼ਿਕਰ ਕੀਤਾ ਤੇ ਮਾਮਲਾ ਆਖਿਰ ਬੱਚੇ ਨੂੰ
‘ਸੋਰੀ’ ਕਹਿ ਕੇ ਨਿਬੜਿਆ । ਖੰਨਾ ਸਾਹਬ ਦਾ ਸਵਾਲ ਸੀ ਕਿ ਇਹ ਹਉਮੈ ਜਿਹੜੀ ਦੂਜੀ ਜਮਾਤ ਦੇ ਬੱਚੇ ਦੇ ਜਿਹਨ ਤੱਕ ਜਾ ਪਹੁੰਚੀ
ਹੈ ,ਇਸਦੇ ਹਸ਼ਰ ਕੀ ਹੋਣਗੇ ?
ਮੇਰਾ ਜਵਾਬ ਸੀ I ਅੰਗਰੇਜ਼ ਭਾਰਤ ਵਿਚ ਆਏ । ਜਿਓਂ – ਜਿਓਂ ਉਹ ਸਾਡੇ ਲੋਕਾਂ ਵਿਚ ਵਿਚਰੇ ਤਾਂ ਲੋਕਾਂ ਵਿੱਚ ਵਧੀਆਂ ਪਹਿਰਾਵੇ ,
ਮੇਜ – ਕੁਰਸੀ ਦੀ ਵਰਤੋਂ ਅਤੇ ਹੌਰ ਸ਼ਾਹੀ ਜੀਵਨ ਜਿਉਣ ਦੀ ਲਾਲਸਾ ਬਣੀ । ਅਜਿਹਾ ਜੀਵਨ ਜਿਓਣ ਲਈ ਪੈਸੇ ਚਾਹੀਦੇ ਸਨ ਸੋ
ਸਾਡੇ ਲੋਕਾਂ ਨੇ ਪੈਸੇ ਕਮਾਉਣ ਹਿੱਤ ਕੀਨੀਆ , ਯੁਗੰਡਾ ਅਤੇ ਇੰਗਲੈਂਡ ਵਿੱਚ ਜਾ ਕੇ ਕੰਮ ਕਰਨ ਦਾ ਮਨ ਬਣਾਇਆ ਅਤੇ ਰੱਜ ਕੇ ਕੰਮ
ਕੀਤਾ ਵੀ । ਸੰਨ 1950 ਤੋਂ ਲੈ ਕੇ ਹੁਣ ਤੱਕ ਸਾਡੇ ਲੋਕਾਂ ਨੇ ਦੇਸ਼ ਵਿੱਚ ਵੀ ਅਤੇ ਪ੍ਰਦੇਸ਼ ਵਿੱਚ ਵੀ ਰੱਜ ਕੇ ਕੰਮ ਕੀਤਾ ਤੇ ਰਹਿਣ –
ਸਹਿਣ ਦਾ ਪਦਾਰਥਕ ਰੁਤਬਾ ਬਣਾਇਆ । ਜੋ ਅੱਜ ਦਾ ਬੱਚਾ ਹੈ ਉਸਨੇ ਆਪਣੇ ਮਾਤਾ- ਪਿਤਾ ਦਾ ਦਿੱਤਾ ਪਦਾਰਥ ਰੱਜ ਕੇ ਮਾਣ
ਲਿਆ ਤੇ ਮਾਣ ਰਿਹਾ ਹੈ । ਉਸਦੀ ਮਾਨਸਿਕਤਾ ਵਿੱਚ ਉੱਠਦੇ ਸਵਾਲ ਆਰਥਿਕਤਾ ਨਾਲ ਸੰਬੰਧਿਤ ਨਹੀਂ ਹਨ । ਉਸਦੇ ਸਵਾਲ ਸਗੋਂ
ਉਲਝੇ ਪਏ ਹਨ ਤੇ ਉਹ ਆਪ ਵੀ ਹਮੇਸ਼ਾ ਉਲਝਣਾ ਵਿੱਚ ਰਹਿੰਦਾ ਹੈ , ਜਿਸਦਾ ਉਸਦੇ ਪਿਤਾ ਪਰਿਵਾਰ ਨੇ ਕਦੇ ਖਿਆਲ ਨਹੀ
ਕੀਤਾ । ਅਸਲ ਵਿੱਚ ਜ਼ਿੰਦਗੀ ਦੀ ਪਰਿਭਾਸ਼ਾ ਉਸੰਨੂ ਕਿਸੇ ਪਾਸੋਂ ਵੀ ਨਹੀਂ ਮਿਲ ਰਹੀ । ਪਦਾਰਥ ਇਕੱਠਾ ਕਰਨ ਦੀ ਦੌੜ ਵਿੱਚ ਲੱਗੇ
ਜਦੋਂ ਉਹ ਆਪਣੇ ਪਿਤਾ ਵੱਲ ਵੇਖਦਾ ਹੈ ਤਾਂ ਉਸਨੂੰ ਸਮਝ ਨਹੀਂ ਆਉਦੀਂ ਕੀ ਇਸ ਕਿਰਿਆ ਦੀ ਆਖ਼ਰੀ ਕੜੀ ਕੀ ਹੈ ? ਉਸਨੂੰ ਅੱਠੇ
ਪਹਿਰ ਜਮੀਨਾਂ , ਜਾਇਦਾਦਾਂ ਅਤੇ ਪੈਸਿਆਂ ਦੀਆਂ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਹਨ । ਇਸੇ ਤਰਾਂ ਉਸਦੇ ਚਾਚੇ – ਤਾਏ , ਮਾਮੇ
ਆਦਿਕ ਵੀ । ਉਸਦੇ ਵੱਡੇ – ਵਡੇਰੇ ਦਾਦਾ-ਦਾਦੀ , ਨਾਨਾ-ਨਾਨੀ ਆਦਿਕ ਵੀ ਉਹੀ ਗੱਲਾਂ ਕਰਦੇ ਹਨ । ਜਿੱਥੇ ਵੀ ਬੱਚਾ ਜਾਦਾਂ ਹੈ
ਸਿਰਫ ਪਦਾਰਥ ਬਾਰੇ ਹੀ ਜ਼ਿਕਰ ਹੁੰਦਾ ਮਿਲਦਾ ਹੈ । ਬੱਚਾ ਗੁਰੁਦ੍ਵਾਰੇ ਮੰਦਿਰ ਜਾਂਦਾ ਹੈ ਉੱਥੇ ਵੀ ਕੀਤੇ – ਨਾ ਕੀਤੇ ਗੱਲ ਪਦਾਰਥ ਤੇ
ਮੁੱਕਦੀ ਹੈ । ਬੱਚਾ ਸਕੂਲ ਵਿੱਚ ਆਉਂਦਾ ਹੈ ਉੱਥੇ ਵੀ ਸਾਰੀ ਵਾਰਤਾਲਾਪ ਪੜ-ਪੜਾਈ ਪਦਾਰਥ ਦੇ ਦੁਆਲੇ ਹੀ ਘੁੰਮਦੀ ਹੈ ਤੇ ਸਕੂਲ
ਦਾ ਮਾਹੌਲ ਵੀ ।
ਪਦਾਰਥ ਹਉਮੈ ਪੈਦਾ ਕਰਦਾ ਹੈ , ਤੇ ਪਦਾਰਥਾਂ ਦੀ ਦੁਨੀਆ ਵਿੱਚ ਵਸਦੇ ਲੋਕ ਅਕਸਰ ਹਰ ਗੱਲ ਵਿਚ ਬੇਇਜ਼ੱਤੀ ਮਹਿਸੂਸ ਕਰਦੇ
ਹਨ । ਸੋ ਉਸ ਬੱਚੇ ਨੇ ਵੀ ਆਪਣੇ ਘਰ ਅਤੇ ਆਲੇ – ਦੁਆਲੇ ਪਸਰੇ ਸਮਾਜ ਤੋਂ ਹੀ ਇਹ ਸੱਭ ਕੁੱਝ ਸਿੱਖਿਆ ਹੈ ।
ਸੰਪੰਨ ਸਕੂਲ , ਹਾਈ-ਫਾਈ ਮਾਪਿਆਂ ਅਤੇ ਉੱਥੇ ਪੜ੍ਹਨ ਵਾਲੇ ਬੱਚਿਆਂ ਦਾ ਆਪਣਾ ਇੱਕ ਸੰਸਾਰ ਹੈ I ਸਵੇਰੇ ਸਕੂਲ ਛੱਡਣ-
ਆਉਣ ਵੇਲੇ ਮਹਿੰਗੀਆਂ ਕਾਰਾਂ ਦਾ ਅਦਿੱਖ ਮੁਕਾਬਲਾ ਹੈ I ਦੁਪਹਿਰ ਬਾਅਦ ਬੱਚਿਆਂ ਨੂੰ ਘਰ ਲੈ ਕੇ ਜਾਣ ਵੇਲੇ ਸਕੂਲ ਦੇ ਅੱਗੇ
ਮਹਿੰਗੀਆਂ ਕਾਰਾਂ ਦੇ ਨਾਲ- ਨਾਲ ਮਹਿੰਗੇ ਲਿਵਾਸ ਅਤੇ ਮਹਿੰਗੇ ਮੇਕਅਪ ਦੇ ਵਿੱਚ ਆਈਆਂ ਉਹਨਾਂ ਦੀਆਂ ਮਾਤਾਵਾਂ ਦਾ ਵੀ ਅਦਿੱਖ
ਮੁਕਾਬਲਾ ਹੈ ਤੇ ਇਹਨਾਂ ਦੇ ਬੱਚੇ ਆਪਸ ਵਿੱਚ ਆਪਣੇ ਮਾਤਾ – ਪਿਤਾ ਦੇ ਸਿਰਜੇ ਪਦਾਰਥਕ ਸੰਸਾਰ ਦੀਆਂ ਹੀ ਗੱਲਾਂ ਕਰਦੇ ਹਨ
,ਜਿਸਦੇ ਮੁਕਾਬਲੇ ਦੇ ਦਿਸ-ਹੱਦੇ ਦੀ ਕੋਈ ਹੱਦ ਨਹੀਂ । ਸੋ ਇਹਨਾਂ ਦਾ ਇਹ ਹੀ ਜੀਵਨ ਹੈ I ਜਦੋਂ ਇਹੋ ਜਿਹੇ ਮਾਹੋਲ ਵਿੱਚ ਬੱਚੇ ਵੱਡੇ
ਹੁੰਦੇ ਹਨ , ਉਹਨਾਂ ਦਾ ਤੁਰਨਾ – ਫਿਰਨਾ ਅਕਸਰ ਗੈਂਗਸਟਰਾਂ ਵਰਗਾ ਬਣ ਜਾਂਦਾ ਹੈ I ਇਹ ਕਾਲਜ ਜਾਂ ਯੂਨੀਵਰਸਿਟੀ ਵਿੱਚ ਵੀ
ਇਹ ਆਪਣੇ ਪਦਾਰਥਕ ਜੀਵਨ ਦਾ ਦਿਖਾਵਾ ਕਰਨ ਹੀ ਜਾਂਦੇ ਹਨ I ਇਹਨਾਂ ਵਿੱਚੋਂ ਬਹੁਤ ਸਾਰੇ ਅਕਸਰ ਲੜਾਈਆਂ ਕਰਦੇ ਜਾਂ
ਮਹਿੰਗੀਆਂ ਕਾਰਾਂ ਦੀਆਂ ਰੇਸਾਂ ਲਗਾਉਂਦੇ ਮਰ ਜਾਂਦੇ ਹਨ I
ਦੂਜੇ ਪਾਸੇ ਇਕ ਹੌਰ ਸੰਸਾਰ ਵੀ ਹੈ , ਤੰਗੀਆਂ-ਤਰੁਟੀਆਂ ਦਾ ਸੰਸਾਰ, ਜਿੱਥੇ ਮਾਤਾ -ਪਿਤਾ ਮਜ਼ਦੂਰ ਹਨ, ਜਾਂ ਜਿੰਦਗੀ ਦੀ ਚਾਦਰ
ਵਿੱਚ ਆਪਣੀ ਇੱਜ਼ਤ ਆਬਰੂ ਲਕੋ ਕੇ ਰੱਖਣ ਦੀ ਘਾਲਣਾ ਵਿੱਚ ਵਿਅਸਤ I ਉਹ ਸ਼ਾਮ ਨੂੰ ਐਨੇ ਥੱਕੇ-ਟੁੱਟੇ ਘਰ ਆਉਦੇਂ ਹਨ, ਕਿ
ਆਪਣੇ ਬੱਚਿਆਂ ਨਾਲ ਗੱਲ ਵੀ ਨਹੀਂ ਕਰ ਪਾਉਂਦੇ I ਉਹਨਾ ਦੇ ਬੱਚੇ ਆਪਣੇ ਆਪ ਨੂੰ ਟਾਹਣੀ ਨਾਲੋਂ ਟੁੱਟਿਆ ਮਹਿਸੂਸ ਕਰਦੇ ਹਨ,
ਤੇ ਜੁਰਮ ਦੀ ਦੁਨੀਆਂ ਵਿੱਚ ਜਾਂ ਉਤਰਦੇ ਹਨ ਜਾਂ ਫਿਰ ਸ਼ਾਤਰ ਲੋਕਾਂ ਦੁਆਰਾ ਵਰਤ ਲਏ ਜਾਂਦੇ ਹਨ I ਜਿਵੇਂ ਕਿ ਨਸ਼ਿਆਂ ਦੇ
ਸੋਦਾਗਰ ਅੱਜ ਕੱਲ ਉਹਨਾਂ ਨੂੰ ਵਰਤ ਰਹੇ ਹਨ । ਦੋਵਾਂ ਪਾਸੇ ਗੱਲ ਮਰਨ ਤੇ ਹੀ ਮੁਕਦੀ ਹੈ I ਇਸੇ ਧਰਤੀ ਤੇ ਸੰਨ 1969-70 ਵਿਚ
ਨਕਸਲਵਾਦੀ ਲਹਿਰ ਚੱਲੀ , ਉਦੋਂ ਵੀ ਬਹੁਤ ਨੌਜਵਾਨ ਵਰਤੇ ਗਏ ਤੇ ਮਾਰੇ ਗਏ I ਉਸਤੋਂ ਬਾਅਦ ਅੱਤਵਾਦ ਦਾ ਦੌਰ ਆਇਆ ,
ਜਿਹੜਾ ਕਿ ਆਮੁਨਨ ਸਿਆਸੀ ਲੋਕਾਂ ਦੇ ਸਿਰ ਦੀ ਉਪੱਜ ਸੀ । ਇਸ ਦੌਰਾਨ ਵੀ ਨੌਜਵਾਨਾਂ ਦਾ ਰੱਜ ਕੇ ਘਾਣ ਕੀਤਾ ਗਿਆ I
ਵਿਚਾਰਣ ਵਾਲੀ ਗੱਲ ਇਹ ਹੈ ਕਿ ਦੋਵਾਂ ਪਾਸੇ ਜੀਵਨ ਕਿੱਥੇ ਹੈ? ਅਸੀਂ ਕੀ ਕਰ ਰਹੇ ਹਾਂ? ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਸਾਡੇ
ਪਰਿਵਾਰਾ ਦਾ ਤੇ ਸਮਾਜ ਦਾ ਭਵਿੱਖ ਕੀ ਹੈ? ਹਰ ਮਾਪੇ ਲਈ, ਹਰ ਅਧਿਆਪਕ ਲਈ, ਹਰ ਸਕੂਲ ਲਈ, ਹਰ ਕਾਲਜ ਲਈ, ਹਰ
ਯੂਨੀਵਰਸਿਟੀ ਲਈ ਤੇ ਸਮਾਜ ਦੇ ਚਿੰਤਕ ਲੋਕਾਂ ਲਈ ਇਹ ਬਹੁਤ ਜਰੂਰੀ ਹੈ ਕਿ ਨਵੀਂ ਪੀੜੀ ਨੂੰ ਸਮਾਂ ਦਿੱਤਾ ਜਾਵੇ, ਉਹਨਾਂ ਨੂੰ
ਸਮਝਿਆ ਜਾਵੇ ਤੇ ਉਂਗਲ ਪਕੜ ਕੇ ਉਹਨਾਂ ਨੂੰ ਅਪਣਤ ਦਾ ਅਹਿਸਾਸ ਕਰਵਾਇਆ ਜਾਵੇ ਤਾਂ ਜੋ ਉਹ ਅਸਲ ਜਿੰਦਗੀ ਦੇ 'ਪਿੜ'
ਵਿੱਚ ਆਉਣ । ਪਰੰਤੂ ਸਮਾਜ ਵਿੱਚ ਤਾਂ ਹਰ ਕੋਈ ‘ਰਾਜਾ’ ਬਣਨ ਲਈ ਤੁਰਿਆ ਹੋਇਆ ਹੈ , ਤੇ ‘ਰਾਜੇ’ ਬਣਾਉਣ ਵਾਲਾ ਕਿਤੇ –
ਕਿਤੇ ਹੀ ਕੋਈ ਨਜ਼ਰ ਆਉਦਾਂ ਹੈ I ਅੱਜ ਸਮਾਜ ਨੂੰ ਜਰੂਰਤ ਹੈ ਰਾਜੇ ਬਣਾਉਣ ਵਾਲਿਆਂ ਦੀ I ਆਉ ਰਾਜੇ ਬਣਾਉਣ ਵਾਲੇ ਬਣ ਕੇ
ਆਪਣੇ ਜਾਨਸ਼ੀਨਾਂ ਨੂੰ ਸੰਭਾਲੀਏ । ਜਿਹੜੀ ਕਿ ਸਾਡੀ ਸੱਭ ਦੀ ਜ਼ਿੰਮੇਵਾਰੀ ਹੈ।
ਸੁਖਜਿੰਦਰ ਸਿੰਘ
ਫਾਉਡਰ-ਕਮ-ਡਾਇਰੈਕਟਰ
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ , ਰੂਪਨਗਰ , ਪੰਜਾਬ
