1947 ਵੇਲੇ ਸਿੱਖ ਵੱਸੋਂ ਦੇ ਹਿਸਾਬ ਨਾਲ ਸਿੱਖ ਸਟੇਟ ?-—ਸਰਬਜੀਤ ਸੋਹੀ, ਆਸਟ੍ਰੇਲੀਆ
ਜਨਤਕ ਮੀਡੀਆ ਤੇ ਵਿਚਰਨ ਵਾਲੀ ਬਹੁਗਿਣਤੀ ਪੁਸ਼ਤ 1980 ਤੋਂ ਬਾਅਦ ਜੰਮੀ, ਪਲੀ ਅਤੇ ਦਿਮਾਗੀ ਤੌਰ ਤੇ ਤਰਾਸ਼ੀ ਗਈ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਨੇ ਨਾ ਤਾਂ ਉਸ ਖ਼ੌਫ਼ਨਾਕ ਦੌਰ ਦਾ ਸੇਕ ਝੱਲਿਆ ਹੈ ਤੇ ਨਾ ਹੀ ਨਿਰੰਕਾਰੀ/ਸਿੱਖ ਵਿਵਾਦ ਨੂੰ ਹਿੰਦੂ ਵਿਰੋਧੀ ਮਾਹੌਲ ਵਿਚ ਢਲਦਿਆਂ ਵੇਖਿਆ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਨੇ ਜਨਤਕ ਮੀਡੀਆ ਦਾ ਇਕਪਾਸੜ ਬਿਰਤਾਂਤ ਹੀ ਪੜ੍ਹਿਆ/ਸੁਣਿਆ ਹੈ। ਪੰਜਾਬ ਵਿਚ ਜੋ ਸਿੱਖ ਬਹੁਗਿਣਤੀ ਹੁਣ ਨਜ਼ਰ ਆ ਰਹੀ ਹੈ, ਇਹ ਵੀ ਲਹਿੰਦੇ ਪੰਜਾਬ ਦੇ ਪਾਕਿਸਤਾਨ ਵਿਚ ਚਲੇ ਜਾਣ ਕਰਕੇ ਪੈਦਾ ਹੋਈ ਹੈ। ਵਰਨਾ ਸਿੱਖ ਤਕਰੀਬਨ ਪੂਰੇ ਖ਼ਿੱਤੇ ਵਿਚ ਹੀ ਘੱਟਗਿਣਤੀ ਵਿਚ ਸਨ। ਪੰਜ ਦਰਿਆਵਾਂ ਦੀ ਧਰਤੀ ਪੰਜਾਬੀ ਹੋਣ ਦੀ ਸਾਂਝ ਨਾਲ ਹੀ ਵੱਸਦੀ, ਵੰਗਾਰਦੀ ਅਤੇ ਵਿਪਰੀਤ ਹਾਲਤਾਂ ਵਿਚ ਵੀ ਚੜ੍ਹਦੀ ਕਲਾ ਵਿਚ ਰਹੀ ਹੈ। ਪਿਛਲੇ ਕੁਝ ਅਰਸੇ ਤੋਂ ਕੱਟੜਵਾਦੀ ਸੋਚ ਤਹਿਤ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਮਾਸਟਰ ਤਾਰਾ ਸਿੰਘ, ਸਰਦਾਰ ਬਲਦੇਵ ਸਿੰਘ ਅਤੇ ਹੋਰ ਸਿੱਖ ਆਗੂਆਂ ਕਾਰਨ ਅਸੀਂ 1947 ਵੇਲੇ ਨਿਰੋਲ ਸਿੱਖ ਰਾਜ ਭਾਵ ਖ਼ਾਲਸਤਾਨ ਲੈਣ ਤੋਂ ਵਾਂਝੇ ਰਹਿ ਗਏ ਹਾਂ। ਕੀ ਸਿੱਖ ਉਦੋਂ ਆਪਣਾ ਆਜ਼ਾਦ ਦੇਸ਼ ਪ੍ਰਾਪਤ ਕਰ ਲੈਣ ਦੀ ਸਥਿਤੀ ਵਿਚ ਸਨ ? ਪੰਜਾਬ ਦੀ ਤਕਸੀਮ ਦਾ ਆਧਾਰ ਮੁਸਲਮਾਨ ਧਰਮ ਦੇ ਮੁਕਾਬਲੇ ਹਿੰਦੂ/ਸਿੱਖਾਂ ਦੀ ਸਾਂਝੀ ਗਿਣਤੀ ਸੀ। ਵੰਡ ਤੋਂ ਬਾਅਦ ਜੋ ਹਿੱਸਾ ਸਾਡੇ ਕੋਲ ਆਇਆ ਹੈ, ਇਹ ਵੀ ਸਾਡੇ ਅੰਕੜਿਆਂ ਨਾਲ਼ੋਂ ਕਿਤੇ ਜ਼ਿਆਦਾ ਹੈ।
ਦੇਸ਼ ਨੂੰ 1947 ਵਿਚ ਮਿਲੀ ਆਜ਼ਾਦੀ ਸਮੇਂ ਪੰਜਾਬ ਦੀ ਤਕਸੀਮ ਵੱਸੋਂ ਦੇ ਅਨੁਸਾਰ ਹੋਈ ਸੀ। ਪੰਜਾਬ ਦਾ ਬਹੁਤਾ ਹਿੱਸਾ ਜ਼ਿਲ੍ਹਾ ਪ੍ਰਣਾਲੀ ਤਹਿਤ ਸਿੱਧਾ ਬਰਤਾਨਵੀ ਸ਼ਾਸਨ ਦੇ ਹੇਠ ਸੀ ਅਤੇ ਕੁਝ ਹਿੱਸਾ ਬਰਤਾਨਵੀ ਸਰਪ੍ਰਸਤੀ ਤਹਿਤ ਕਈ ਦੇਸੀ ਰਿਆਸਤਾਂ ਦੇ ਪ੍ਰਬੰਧ ਹੇਠ ਆਉਂਦਾ ਸੀ। ਪੰਜਾਬ ਅਤੇ ਬੰਗਾਲ ਦੀ ਵੰਡ ਦਾ ਆਧਾਰ 1941 ਦੀ ਮਰਦਮਸ਼ੁਮਾਰੀ ਸੀ। ਅਗਰ ਸਿੱਖ ਮੁਸਲਿਮ ਧਰਮ ਦੇ ਮੁਕਾਬਲੇ ਹਿੰਦੂਆਂ ਦੀ ਗਿਣਤੀ ਤੋਂ ਬਿਨਾ ਦਾਅਵਾ ਰੱਖਦੇ ਤਾਂ ਨਿਰੋਲ ਸਿੱਖ ਰਾਜ ਕਿੱਡਾ ਕੁ ਹੋ ਸਕਦਾ ਸੀ ? ਨਿਰਸੰਦੇਹ ਇਸ ਨਾਲ ਮੁਸਲਮਾਨਾਂ ਨੂੰ ਅੰਮ੍ਰਿਤਸਰ ਸਮੇਤ ਹੋਰ ਬਹੁਤ ਸਾਰੇ ਇਲਾਕੇ ਮਿਲ ਜਾਂਦੇ। ਉਸ ਵੇਲੇ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਵਿਚੋਂ ਸਿੱਖ ਖਰੜ੍ਹ, ਰੋਪੜ, ਫਿਲੌਰ, ਸਮਰਾਲਾ, ਜਗਰਾਂਓ, ਮੋਗਾ, ਤਰਨ ਤਾਰਨ ਸਮੇਤ ਕੁੱਲ 7 ਤਹਿਸੀਲਾਂ ਵਿਚ ਹੀ ਹਿੰਦੂਆਂ ਤੋਂ ਬਿਨਾ ਮੁਸਲਮਾਨਾਂ ਦੇ ਮਕਾਬਲੇ ਬਹੁਗਿਣਤੀ ਵਿਚ ਸਨ। ਰਿਆਸਤਾਂ ਵਿੱਚੋਂ ਪਟਿਆਲਾ ਅਤੇ ਫਰੀਦਕੋਟ ਵਿਚ ਸਿੱਖ ਬਹੁਗਿਣਤੀ ਵਿਚ ਸਨ। ਹਿੰਦੂ ਕਈ ਤਹਿਸੀਲਾਂ ਅਤੇ ਕਸਬਿਆਂ ਵਿਚ ਮੁਸਲਮਾਨਾਂ ਅਤੇ ਸਿੱਖਾਂ ਦੇ ਮੁਕਾਬਲੇ ਇਕੱਲੇ ਹੀ ਬਹੁਗਿਣਤੀ ਵਿਚ ਸਨ। ਉਸ ਵੇਲੇ ਪੰਜਾਬ ਵਿਚ 115 ਦੇ ਕਰੀਬ ਕਸਬੇ ਅਤੇ ਵੱਡੇ ਸ਼ਹਿਰ ਸਨ, ਜਿਨ੍ਹਾਂ ਵਿੱਚੋਂ ਸਿਰਫ 2 ਧਨੌਲਾ ਅਤੇ ਨਨਕਾਣਾ ਸਾਹਿਬ ਵਿਚ ਸਿੱਖ ਇਕੱਲੇ ਬਹੁਗਿਣਤੀ ਵਿਚ ਸਨ। ਜੇਕਰ ਸਿੱਖ ਆਪਣੀ ਵੱਸੋਂ ਦੇ ਆਧਾਰ ਤੇ ਅਲੱਗ ਰਾਜ ਦੀ ਮੰਗ ਕਰਦੇ ਤਾਂ ਤਸੱਵਰ ਕਰ ਲਵੋ ਕਿ ਸਰਹੱਦ ਦੇ ਦੋਵੇਂ ਪਾਸੇ ਆਪਣੇ ਕੋਲ ਕਿੰਨਾ ਕੁ ਖੇਤਰ ਸਿੱਖ ਰਾਜ ਵਜੋਂ ਹੋ ਸਕਦਾ ਸੀ ! ਧਰਮ ਅਨੁਸਾਰ ਵੱਸੋਂ ਵੰਡ ਅਤੇ ਹੋਰ ਅੰਕੜਿਆਂ ਦੀ ਤਫ਼ਸੀਲ ਲਈ ਹੇਠਾਂ ਦਿੱਤਾ ਲਿੰਕ ਪੜ੍ਹਿਆ ਜਾ ਸਕਦਾ ਹੈ।
