ਟਾਪਫ਼ੁਟਕਲ

ਮਤਲਬੀ ਕਿਉਂ ਹੋ ਰਹੇ ਲੋਕ- ਅੰਗਰੇਜ ਸਿੰਘ ਹੁੰਦਲ 9876785672

ਅੱਜ ਤੋਂ ਕੁਝ ਸਮਾਂ ਪਹਿਲਾਂ ਲੋਕਾਂ ਵਿਚ ਇਤਫਾਕ, ਮਿਲਣ ਵਰਤਣ ਬੜੇ ਚਾਅ ਨਾਲ ਮਿਲਣਾ ਜੁਲਣਾ ਹੁੰਦਾ ਸੀ।ਪੁਰਾਣੇ ਲੋਕ ਸੱਥਾਂ ਵਿਚ ਬੈਠ ਕੇ ਵਿਚਾਰਾਂ ਕਰਦੇ ਸਨ, ਅਤੇ ਬਹੁਤ ਮਜ਼ਬੂਤ ਆਪਸ ਵਿਚ ਭਾਈਚਾਰਕ ਸਾਂਝ ਹੁੰਦੀ ਸੀ। ਪਦਾਰਥਵਾਦੀ ਬਦਲੇ ਸਮੇਂ ਨਾਲ ਅੱਜਕੋ ਸਮੇਂ ਅਜਿਹੀ ਤਬਦੀਲੀ ਆਈ ਹੈ ਕਿ ਲੋਕ ਆਪੋ ਆਪਣੇ ਕੰਮਾਂ ਵਿਚ ਵਿਅਸਤ ਹੋ ਚੁੱਕੇ ਹਨ, ਜਾ ਸਮਾਂ ਹੁੰਦੇ ਹੋਏ ਵੀ ਮੋਬਾਇਲਾਂ ਵਿਚ ਬਿਜੀ ਹੋ ਚੁੱਕੇ ਹਨ। ਜਿੱਥੇ ਤਕਨੋਲਜੀ ਨੇ ਪ੍ਰਾਪਤੀਆਂ ਕੀਤੀਆਂ ਹਨ ਉਥੇ ਇਸਦੇ ਨੁਕਸਾਨ ਵੀ ਕਾਫੀ ਦੇਖਣ ਨੂੰ ਮਿਲਦੇ ਹਨ । ਕਈ ਲੋਕ ਵਹਿਲੇ ਹੁੰਦੇ ਹੋਏ ਵੀ ਮੋਬਾਇਲ ਵਿਚ ਬਹੁਤ ਰੁੱਝੇ ਰਹਿੰਦੇ ਹਨ। ਅੱਜ ਲੋਕਾਂ ਕੋਲ ਆਪਣੇ ਤੋਂ ਇਲਾਵਾ ਕਿਸੇ ਹੋਰ ਲਈ ਸਮਾਂ ਨਹੀਂ ਬੱਸ ਉਨ੍ਹਾਂ ਨਾਲ ਸਾਂਝ ਰੱਖਣਾ ਜ਼ਰੂਰੀ ਸਮਝਦੇ ਹਨ, ਜਿੰਨਾਂ ਨਾਲ ਮਤਲਬ ਹੁੰਦਾ ਹੈ । ਲੋਕਾਂ ਨੇ ਆਪਣਾ ਘੇਰਾ ਵਿਸ਼ਾਲ ਕਰਨ ਦੀ ਥਾਂ ਤੇ ਸੀਮਤ ਜਿਹਾ ਕਰ ਲਿਆ ਹੈ। ਮਾਇਆ ਦੀ ਦੌੜ ਵਿਚ ਹਰ ਵਿਅਕਤੀ ਭੱਜਦਾ ਹੋਇਆ ਨਜ਼ਰ ਆਉਂਦਾ ਹੈ ਇਹ ਦੌੜ ਏਨੀ ਤੇਜ਼ ਹੋ ਚੁੱਕੀ ਹੈ ਕਿ ਇਸ ਪੈਸੇ ਨੇ ਆਪਣੇ ਵੀ ਬੇਗਾਨੇ ਕਰ ਦਿੱਤੇ ਹਨ ਅਤੇ ਲੋਕਾਂ ਦਾ ਖੁਨ ਵੀ ਸਫੈਦ ਕਰ ਦਿੱਤਾ ਹੈ। ਪੈਸੇ, ਜ਼ਾਇਦਾਦ ਕਾਰੋਬਾਰ ਆਦਿ ਪਿੱਛੇ ਲੜਾਈ ਕਤਲ ਵੀ ਆਪਣੇ ਹੀ ਕਰੀ ਜਾਂਦੇ ਹਨ ਫਿਰ ਭਾਵੇਂ ਸਾਰੀ ਜ਼ਿੰਦਗੀ ਜੇਲ ਸੜਦੀ ਰਹੇ। ਹਰ ਕੋਈ ਇਨਸਾਨ ਆਪਣੇ ਆਪ ਅਮੀਰ ਬਣਾਉਣ ਖਾਤਰ ਦਿਨ ਰਾਤ ਸੋਚਦਾ ਰਹਿੰਦਾ ਹੈ। ਕਈ ਇਨਸਾਨ ਮਤਲਬ ਲਈ ਅਮੀਰ ਵਿਅਕਤੀ ਭਾਵੇਂ ਕੋਈ ਬਹੁਤ ਦੂਰ ਦਾ ਰਿਸ਼ਤੇਦਾਰ ਹੋਵੇ ਉਸਦੇ ਬਹੁਤ ਕਰੀਬ ਨੇੜੇ ਲੱਗਦੇ ਹਨ ਤੇ ਕੋਈ ਆਪਣਾ ਭਾਵੇਂ ਜਿੰਨਾਂ ਮਰਜ਼ੀ ਨੇੜੇ ਦਾ ਰਿਸ਼ਤੇਦਾਰ ਸਾਕ ਸਬੰਧੀ ਹੋਵੇ ਜੇਕਰ ਉਹ ਮੱਧ ਵਰਗੀ ਜਾ ਗਰੀਬ ਹੈ ਉਸ ਨੂੰ ਬੁਲਾਉਣ ਤੋਂ ਗੁਰਜ਼ੇ ਕਰਦੇ ਹਨ ਕਿ ਕਿਤੇ ਹੋਈ ਸਹਾਇਤਾ ਨਾ ਮੰਗ ਲਵੇ। ਜੇਕਰ ਜ਼ਿਮੀਦਾਰਾਂ ਦੀ ਗੱਲ ਕਰੀਏ ਤਾਂ ਵਿਆਹ ਤੋਂ ਪਹਿਲਾਂ ਸਕੇ ਭਰਾ ਬਹੁਤ ਵਧੀਆ ਰਹਿੰਦੇ ਹੁੰਦੇ ਹਨ ਜਦੋਂ ਵਿਆਹ ਹੋ ਜਾਂਦਾ ਹੈ ਬੱਚੇ ਹੋ ਜਾਂਦੇ ਤਾਂ ਫਿਰ ਆਪਣੇ ਪ੍ਰਤੀ ਸੋਚਣਾ ਸ਼ੁਰੂ ਕਰ ਦਿੰਦੇ ਹਨ ਘਰ ਵਿਚੋਂ ਆਹ-ਆਹ ਵਸਤੂ ਮੈਨੂੰ ਮਿਲ ਜਾਵੇ ਕਿ ਸਿਰਫ ਆਪਣੇ ਤੱਕ ਸੋਚ ਸੀਮਤ ਰੱਖਣੀ ਸ਼ੁਰੂ ਹੋ ਜਾਂਦੀ ਹੈ। ਕਈ ਵਿਅਕਤੀ ਆਪਣੇ ਬੁਜ਼ਰਗ ਮਾਤਾ ਪਿਤਾ ਕੋਲੋ ਜ਼ਾਇਦਾਦ ਆਪਣੇ ਨਾਮ ਤੇ ਕਰਵਾਉਣ ਉਪਰੰਤ ਉਨ੍ਹਾਂ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਤਾਂ ਦੋ ਭਰਾ ਆਪਣੇ ਮਾਤਾ ਪਿਤਾ ਨੂੰ ਇਸ ਨਹੀਂ ਸਾਂਭਦੇ ਕਿ ਬੁਜ਼ਰਗਾਂ ਨੇ ਆਪਣੀ ਹਿੱਸੇ ਦੀ ਜ਼ਾਇਦਾਦ ਦੂਜੇ ਭਰਾ ਨੂੰ ਖੇਤੀ ਕਰਨ ਲਈ ਦਿੱਤੀ ਹੈ ਉਸ ਵੱਲ ਜਾ ਕੇ ਰਹੋ ਸਾਡੇ ਵੱਲ ਕਿਉਂ ਆਇਆ ਹੈ। ਹਰ ਗੱਲ ਵਿਚ ਮਤਲਬ ਤੇ ਲਾਲਸਾ ਹੀ ਦਿਖਾਈ ਦਿੰਦਾ ਹੈ। ਤਨੋ ਮਨੋ ਰਿਸ਼ਤੇ, ਸਾਂਝ ਘੱਟ ਹੀ ਨਜ਼ਰ ਆਉਂਦੀ ਹੈ।ਏਥੇ ਮਤਲਬ ਪ੍ਰਸਤ ਹੋ ਰਹੇ ਲੋਕਾਂ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਏਥੇ ਤਾਂ ਵੱਡੇ-ਵੱਡੇ ਲੋਕ ਜ਼ਮੀਨ, ਜ਼ਾਇਦਾਦ ਵਾਲੇ ਮਰਨ ਉਪਰੰਤ ਛੱਡ ਜਾਂਦੇ ਹਨ ।ਲੋਕਾਂ ਦੀ ਇਹ ਮਾਨਸਿਕਤਾ ਕਿਉਂ ਬਦਲ ਰਹੀ ਹੈ ਸਿਰਫ ਮਤਲਬ ਵਾਸਤੇ ਹੀ ਸਾਂਝ ਰੱਖੀ ਜਾਵੇ।
ਏਥੇ ਇੱਕ ਮਤਲਬੀ ਰਾਹਗੀਰ ਦੀ ਮਿਸਾਲ ਦੇਣੀ ਜ਼ਰੂਰੀ ਜਾਪਦੀ ਹੈ ਕਿ ਜੰਡਿਆਲਾ ਗੁਰੂ ਤਰਨ ਤਾਰਨ ਨੂੰ ਜਾਂਦੀ ਸੜਕ ਵਿਚ ਇੱਕ ਪਿੰਡ ਲਾਗੇ ਬਹੁਤ ਡੂੰਘਾ ਟੋਇਆ ਪਿਆ ਹੋਇਆ ਸੀ ਅਤੇ ਬਰਸਾਤ ਵੀ ਹੋ ਰਹੀ ਸੀ ਅਤੇ ਇੱਕ ਸਿਆਣਾ ਜਿਹਾ ਜੋੜਾ ਕਾਰ ਵਿਚ ਬੈਠਾ ਸੀ ਕਿਸੇ ਪਾਸੇ ਵੀ ਉਤਰ ਨਹੀ ਸਨ ਸਕਦੇ ਜੇਕਰ ਉਤਰਦੇ ਸਨ ਤਾਂ ਇੱਕ ਉਨ੍ਹਾਂ ਦੇ ਕੱਪੜੇ ਖਰਾਬ ਹੋਣੇ ਸਨ ਤੇ ਦੂਜਾ ਇੱਕ ਕਾਰ ਨੂੰ ਧੱਕਾ ਔਰਤ ਨਹੀਂ ਸੀ ਲਗਾ ਸਕਦੀ। ਕਾਰ ਵਿਚ ਆਦਮੀ ਦਾ ਬੈਠਣਾ ਜ਼ਰੂਰੀ ਸੀ। ਮੈਂ ਉਥੌਂ ਲੰਘ ਕੇ ਆਪਣੇ ਪਿੰਡ ਆ ਰਿਹਾ ਸੀ ਮੈਂ ਸੋਚਿਆਂ ਕੇ ਇੰਨਾਂ ਦੀ ਮਦਦ ਕੀਤੀ ਜਾਵੇ ਲੋਕ ਲਾਗੋ ਆਪਣੇ ਵਾਹਨਾਂ ਤੇ ਲੰਘੀ ਜਾ ਰਹੇ ਸਨ। ਚਲੋਂ ਮੈਂ ਆਸੇ ਪਾਸੇ ਤੋਂ ਇੱਟਾਂ ਇਕੱਠੀਆਂ ਕਰਕੇ ਟੋਏ ਵਿਚ ਸੁੱਟੀਆਂ ਅਤੇ ਧੱਕਾ ਲਗਾਇਆ ਮੇਰੇ ਸਾਰੇ ਕੱਪੜੇ ਪਾਣੀ ਨਾਲ ਗਿੱਲੇ ਹੋ ਚੁੱਕੇ ਸਨ ਅਤੇ ਚਿੱਕੜ ਨਾਲ ਖਰਾਬ। ਸੇਵਾ ਭਾਵਨਾਂ ਕਰਕੇ ਉਸ ਦੀ ਮਦਦ ਕੀਤੀ ਪਰ ਜਦੋਂ ਉਸ ਦੀ ਗੱਡੀ ਨਿਕਲ ਗਈ ਤਾਂ ਉਸਨੇ ਇਹ ਵੀ ਜ਼ਰੂਰੀ ਨਹੀਂ ਸਮਝਿਆਂ ਕਿ ਧੰਨਵਾਦ ਕਰ ਦੇਵਾ ਜਾਂ ਗੱਡੀ ਵਿਚੋਂ ਹੱਥ ਹੀ ਹਿਲਾ ਦੇਵਾ ਉਹ ਆਪਣੀ ਮੰਜ਼ਿਲ ਵੱਲ ਚਲੇ ਗਿਆ। ਕਹਿਣ ਦਾ ਭਾਵ ਕੇ ਮਤਲਬ ਨਿਕਲ ਗਿਆ ਤਾਂ ਤੂੰ ਕੌਣ?
ਮਤਲਬੀ ਵਿਅਕਤੀ ਜ਼ਿਆਦਾ ਸਮਾਂ ਸਮਾਜ ਵਿਚ ਕਾਮਯਾਬ ਨਹੀਂ ਹੋ ਸਕਦਾ।ਸਮਾਜ ਵਿਚ ਚੰਗਾ ਵਿਚਰਿਆ, ਸੇਵਾ ਭਾਵਨਾ ਰੱਖੀ, ਲੋਕਾ ਨਾਲ ਮੇਲ ਜੋਲ ਰੱਖਿਆ, ਨਿੱਜੀ ਮੁਫਾਦਾਂ ਨੂੰ ਛੱਡ ਸਮਾਜ ਭਲਾਈ ਦੇ ਕੰਮ ਕੀਤੇ ਜਾਣ ਤਾਂ ਹਮੇਸ਼ਾਂ ਹੀ ਉਸ ਵਿਅਕਤੀ ਦੀ ਲੋਕ ਸੋਭਾ ਕਰਦੇ ਦਿਖਾਈ ਦਿੰਦੇ ਹਨ।

Leave a Reply

Your email address will not be published. Required fields are marked *