ਟਾਪਪੰਜਾਬ

ਬੁੱਧ ਚਿੰਤਨ/ ਆਓ ! ਪੰਜਾਬੀ ਭਾਸ਼ਾ ਦਾ ਕਤਲ ਕਰੀਏ !

ਮੁਆਫ਼ ਕਰਨਾ ਮੈਂ ਪੰਜਾਬੀ ਬੰਦੇ ਦੇ ਕਤਲ ਦੀ ਗੱਲ ਨਹੀਂ ਕਰਦਾ ਜੀ। ਗੱਲ ਤਾਂ ਮਾਂ ਬੋਲੀ ਪੰਜਾਬੀ ਦੀ ਹੈ ਤੇ ਭਾਸ਼ਾ ਦੀ। ਮਾਂ ਬੋਲੀ ਪੰਜਾਬੀ ਨੂੰ ਭੁੱਲਣਾ, ਇਹ ਕਤਲ ਨਾਲੋਂ ਵੀ ਵੱਡਾ ਅਪਰਾਧ ਹੈ ਕਿ ਅਸੀਂ ਪੰਜਾਬੀ ਮਾਂ ਬੋਲੀ ਦਾ ਕਤਲ ਕਰ ਦਿੱਤਾ ਹੈ ਤੇ ਉਹ ਜਿਉਂਦੇ ਜੀਅ ਘਰੋਂ ਬੇਘਰ ਹੋਈ ਫਿਰਦੀ ਹੈ, ਜਿਵੇਂ ਬਹੁਤੇ ਅਮੀਰਾਂ ਨੇ ਆਪਣੇ ਮਾਪਿਆਂ ਨੂੰ ਬੇਘਰ ਕੀਤਾ ਹੋਇਆ ਹੈ। ਉਹ ਬਿਰਧ ਆਸ਼ਰਮਾਂ ਵਿੱਚ ਦਿਨ ਕਟੀ ਕਰਦੇ ਹਨ। ਇਹੋ ਹਾਲ ਪੰਜਾਬੀ ਦਾ ਕਰ ਦਿੱਤਾ ਹੈ । ਇਕ ਪਾਸੇ ਅਸੀਂ ਪੰਜਾਬੀ ਹੋਣ ਦੀਆਂ ਚਾਂਗਰਾਂ ਮਾਰਦੇ ਨੀ ਥੱਕਦੇ ਤੇ ਦੂਜੇ ਬੰਨੇਂ ਅਸੀਂ ਮਾਤ ਭਾਸ਼ਾ ਨੂੰ ਵਸਾਰੀ ਜਾ ਰਹੇ ਹਾਂ। ਸਾਡੇ ਦੋਹਰੇ ਤੇ ਚੌਹਰੇ ਕਿਰਦਾਰ ਨੰਗੇ ਹੋ ਰਹੇ ਹਨ। ਕਹਾਉਂਦੇ ਅਸੀਂ ਗੁਰੂ ਦੇ ਸਿੱਖ ਹਾਂ। ਇਨਸਾਨ ਅਸੀਂ ਬਣਦੇ ਨਹੀਂ। ਅਜੋਕੇ ਦੌਰ ਵਿੱਚ ਅਸੀਂ ਘਰਾਂ ਦੇ ਵਿੱਚੋ ” ਊੜਾ ਤੇ ਜੂੜਾ ” ਦੋਵੇਂ ਬੇਦਖਲ ਕਰ ਦਿੱਤੇ। ਫੋਕੀ ਸ਼ੋਹਰਤ ਵਾਸਤੇ । ਮੈਨੂੰ ਸਾਵਲ ਧਾਮੀ ਦੀ ਉਹ ਗੱਲ ਚੇਤੇ ਆਉਦੀ ਹੈ ; ਜਿਹੜੀ ਉਸਨੂੰ ਦੇਸ਼ ਵੰਡ ਵੇਲੇ ਬਚੇ ਇਕ ਪਾਕਿਸਤਾਨੀ ਬਜ਼ੁਰਗ ਨੇ ਕਹੀ। ਕਹਿੰਦਾ ਪਾਕਿਸਤਾਨ ਦੇ ਵਿੱਚ ਰਹਿੰਦਾ ਤਾਇਆ ਅਬਦੁੱਲ ਮੇਰਾ ਘੋਨ ਮੋਨ ਸਿਰ ਦੇਖ ਕੇ ਅੱਖਾਂ ਭਰਦਾ ਬੋਲਿਆ ; ” ਪੁੱਤਰਾ ਜੇ ਘੋਨਮੋਨ ਹੀ ਹੋਣਾ ਸੀ, ਫੇਰ ਪਾਕਿਸਤਾਨ ਕਿਉਂ ਛੱਡਕੇ ਗਏ….ਆ ਕੰਮ ਤੇ ਇਥੇ ਵੀ ਹੋ ਜਾਣਾ ਸੀ…ਤੁਸੀਂ ਨਾ ਸਿੱਖੀ ਸੰਭਾਲ ਸਕੇ ਤੇ ਨਾ ਮਾਂ ਬੋਲੀ ਪੰਜਾਬੀ …ਤੇਰੀਆਂ ਅੱਧੀਆਂ ਗੱਲਾਂ ਮੇਰੇ ਸਿਰ ਤੋਂ ਲੰਘ ਜਾਂਦੀਆਂ ਨੇ….ਨਾ ਸ਼ੁੱਧ ਪੰਜਾਬੀ ਬੋਲਦੇ ਹੋ…ਤੇ…!” ਉਹਦਾ ਗ਼ਲ ਭਰ ਆਇਆ । ਕਦੇ ਤੁਹਾਡਾ ਗਲ ਭਰਿਆ ਜਦ ਪੰਜਾਬੀ ਦੀ ਵਜਾਏ ਪਸਤੋ ਬੋਲਦੇ ਹੋ ? ਕਦੇ ਨਹੀਂ ਭਰਦਾ ਕਿਉਂਕਿ ਅਸੀਂ ਲਾਸ਼ ਬਣ ਗਏ ਹਾਂ । ਲਾਸ਼ਾਂ ਭਾਵੁਕ ਤੇ ਜੁੰਮੇਵਾਰ ਨਹੀਂ ਹੁੰਦੀਆਂ । ਮੂੰਹ ਤੇ ਹੱਥ ਫੇਰ ਕੇ ਦੇਖੋ ਕੀ ਅਸੀਂ ਜਿਉਂਦੇ ਵੀ ਹਾਂ ?
ਹੁਣ ਅਸੀਂ ( ਅਖੌਤੀ ਅਮੀਰ ) ਘਰ, ਬਾਹਰ ਤੇ ਬਜ਼ਾਰ ਦੇ ਵਿੱਚ ਪੰਜਾਬੀ ਦੇ ਨਾਲੋਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲਬਾਤ ਕਰਨੀ ਪਸੰਦ ਕਰਦੇ ਹਾਂ। ਕਈ ਵਾਰ ਤੇ ਪਤਾ ਹੀ ਨਹੀ ਲੱਗਦਾ ਕਿਹੜੀ ਪਸਤੋ ਬੋਲਦੇ ਹਾਂ। ਇਹ ਉਹ ਕਰਦੇ ਹਨ, ਜਿਹੜੇ ਮਾਂ ਬੋਲੀ ਦੇ ਨਾਮ ਉਤੇ ਰੋਟੀਆਂ ਵੀ ਤੇ ਹੱਡ ਵੀ ਸੇਕਦੇ ਹਨ । ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੇ ਵਿੱਚ ਅਜੇ ਤੱਕ ਭਾਸ਼ਾ ਕਾਨੂੰਨ ਲਾਗੂ ਨਹੀਂ ਹੋਇਆ । ਕਈ ਕੌਨਵੈਟ ਸਕੂਲਾਂ ਨੇ ਪੰਜਾਬੀ ਬੋਲੀ ਵਿੱਚ ਘਰ ਤੇ ਸਕੂਲਾਂ ਦੇ ਵਿੱਚ ਗੱਲਬਾਤ ਕਰਨ ਉਤੇ ਪਾਬੰਦੀ ਲਾ ਦਿੱਤੀ ਹੈ। ਇਸ ਗੱਲ ਦਾ ਕਿਸੇ ਨੇ ਕੋਈ ਉਜਰ ਨਹੀ ਕੀਤਾ । ਸਭ ਨੇ ਆਪੋ ਆਪਣਾ ਮੂੰਹ ਸੀਤਾ ਹੋਇਆ ਹੈ। ਲੇਖਕ ਤੇ ਵਿਦਵਾਨ ਪੁਰਸਕਾਰ ਵੰਡਣ ਤੇ ਖੋਹਣ ਵਿੱਚ ਮਸ਼ਰੂਫ ਹਨ। ਸਮਾਗਮ ਕਰਦੇ ਹਨ, ਊਈਂ ਮਿੱਟੀ ਲੜਦੇ ਹਨ, ਫੇਰ ਸ਼ਾਮ ਨੂੰ ਬਹਿ ਖਰੀ ਕਰਦੇ ਹਨ। ਪੰਜਾਬ ਦੇ ਬਜ਼ਾਰਾਂ ਦੇ ਵਿੱਚ ਬਹੁਗਿਣਤੀ ਦੁਕਾਨਾਂ ਦੇ ਬੋਰਡ ਅੰਗਰੇਜ਼ੀ ਵਿੱਚ ਹਨ। ਸਾਹਿਤ ਦੇ ਜੱਥੇਦਾਰ ਇਸ ਬਾਰੇ ਵੀ ਚੁੱਪ ਹਨ । ਕਾਨੂੰਨ ਦੇ ਕਾਗਜ਼ਾਂ ਦੇ ਵਿੱਚ ਤਾਂ ਪੰਜਾਬ ਦੇ ਸਾਰੇ ਹੀ ਅਦਾਰਿਆਂ ਨੂੰ ਹਿਦਾਇਤ ਹੈ ਕਿ ਪੰਜਾਬੀ ਵਿੱਚ ਚਿੱਠੀ ਪੱਤਰ ਕਰੋ ਪਰ ਹੁੰਦਾ ਨਹੀਂ। ਇਹ ਕਿਉਂ ਨਹੀਂ ਹੁੰਦਾ?
ਮੈਨੂੰ ਕਹਾਵਤ ਯਾਦ ਆ ਗਈ.” ਮਾਂ ਪਰ ਧੀ, ਬਾਪ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ !”” ਗੱਲ ਸਮਝੋ ਵਿੱਚੋਂ ਕੀ ਹੈ ?
ਜਦ ਕਿਸੇ ਦੇ ਘਰ ਜੁਆਕ ਜਨਮ ਲੈਦਾ ਤਾਂ ਉਸਦੇ ਨੈਣ ਨਕਸ਼ ਦੇਖ ਕੇ ਪਛਾਣੇ ਜਾਂਦੇ ਹਨ । ਜੇ ਤਾਂ ਜੁਆਕ ਦੇ ਘਰਦਿਆਂ ਨਾਲ ਨੈਣ ਨਕਸ਼ ਮਿਲਦੇ ਹੋਣ, ਪਿਓ ਤੇ ਜਾਂ ਚਾਚੇ ‘ਤੇ ਮਾਮਿਆਂ ‘ ਤੇ ਗਿਆ ਆਖਿਆ ਜਾਂਦਾ । ਜੇ ਫੇਰ ਦੋਹਾਂ ਨਾਲ ਨੈਣ ਨਕਸ਼ ਨਾ ਮਿਲਦੇ ਹੋਣ… ਫੇਰ….ਬੇਬੇ ਮੋਟੀ ਜਿਹੀ ਗਾਲ ਕੱਢ ਕੇ..ਬੇਬੇ ਆਖਦੀ ਹੈ…””..ਜੈ ਖਾਣਾ ਪਤਾ ਨੀ ਕੀਹਦੇ ‘ ਤੇ ਗਿਆ ? ਨਾਲੇ ਆਪਣੀ ਨੂੰਹ ਦੇ ਵੱਲ ਘੂਰੀ ਵੱਟ ਕੇ ਝਾਕਦੀ ! ਹੁਣ ਹੋਰ ਵਿਚਲੀ ਗੱਲ ਸਮਝਣ ਦੇ ਲਈ ਲੋਕ ਬੋਲੀ ਦੇ ਅਰਥ ਸਮਝੋ ਕਿ ਅਸਲ ਗੱਲ ਕੀ ਹੁੰਦੀ ਹੈ ? ਪਰ ਇਹ ਸਭ ਉਤੇ ਲਾਗੂ ਨਹੀਂ ।
” ਪਹਿਲਾ ਮੁੰਡਾ ਮਿੱਤਰਾਂ ਦਾ
ਲਾਵਾਂ ਵਾਲੇ ਦਾ ਉਜਰ ਨਾ ਕੋਈ …!””
ਖੈਰ ਆਪਾਂ ਤੇ ਪੰਜਾਬੀ ਭਾਸ਼ਾ ਦੇ ਕਤਲ ਦੀਆਂ ਗੱਲਾਂ ਕਰਦੇ ਹਾਂ । ਜਿਵੇਂ ਕਿਸੇ ਦੇ ਮਰਨ ਤੋਂ ਬਾਅਦ ਉਸ ਨਾਲ ਜੁੜੀਆਂ ਯਾਦਾਂ ਨੂੰ ਅੰਤਮ ਅਰਦਾਸ ਵੇਲੇ ਯਾਦ ਕਰਦੇ ਹਾਂ। ਭਾਸ਼ਾ ਕੋਈ ਵੀ ਬੁਰੀ ਨਹੀਂ ਹੁੰਦੀ । ਸਭ ਭਾਸ਼ਾਵਾਂ ਦਾ ਸਤਿਕਾਰ ਕਰੋ ਪਰ ਮਾਂ ਬੋਲੀ ਨਾਲ ਪਿਆਰ ਕਰੋ। ਹੋਰ ਸਮਝਣ ਲਈ ਹੈ…ਕਹਾਵਤ ਦਾ ਸਹਾਰਾ ਲਵੋ ; ਕਿਉਂਕਿ ਸਾਨੂੰ ਫੌੜੀਆਂ ਤੇ ਪੌੜੀਆਂ ਲਾਉਣ ਦੀ ਆਦਤ ਪੈ ਗਈ ਹੈ । ਇਹ ਕਿਸੇ ਵੀ ਰੂਪ ਤੇ ਕਰੂਪ ਵਿੱਚ ਹੋ ਸਕਦੀ ਹੈ । ਸਾਨੂੰ ਆਪਣੇ ਕੰਮ ਨਾਲ ਕੰਮ ਹੈ ।
ਸੌ ਨਿਆਮਤਾਂ ਇਕ ਘਿਓ
ਲੱਖ ਚਾਚੇ ਤੇ ਇਕ ਪਿਓ.!
….
ਪੰਜਾਬੀ ਦਾ ਕਤਲ ਆਪਣੇ ਹੱਥੀਂ ਕਰਨ ਵਾਲਿਆਂ ਵਿੱਚ ਡਿਗਰੀਆਂ ਵਾਲੇ ਆਪੇ ਬਣੇ ਉਹ ਵਿਦਵਾਨ ਹਨ, ਜਿਹੜੇ ਪਤਾ ਹੀ ਨਹੀਂ ਕਿਹੜੀ ਭਾਸ਼ਾ ਦੇ ਵਿੱਚ ਕੀਹਨਾਂ ਦੇ ਵਾਸਤੇ ਕਿਤਾਬਾਂ ਲਿਖ ਰਹੇ ਹਨ ? ਕਈ ਵਿਦਵਾਨਾਂ ਦੀਆਂ ਲਿਖਤਾਂ ਪੜ੍ਹਨ ਵੇਲੇ ਹਿੰਦੀ, ਅੰਗਰੇਜ਼ੀ ਤੇ ਸੰਸਕ੍ਰਿਤ ਤੇ ਹੋਰ ਭਾਸ਼ਾਵਾਂ ਦੇ ਸ਼ਬਦਕੋਸ਼ ਕੋਲ ਰੱਖਣੇ ਪੈਦੇ ਹਨ। ਪੁੱਛਿਆ ਜਾ ਸਕਦਾ ਕਿ ਉਹ ਕਿਸਦੇ ਲਈ ਲਿਖਦੇ ਹਨ ? ਨੌਕਰੀ ਤੇ ਪੁਰਸਕਾਰ ਵਾਸਤੇ, ਪਰ ਪੰਜਾਬੀ ਕੋਈ ਨਹੀਂ ਬੋਲਦਾ ! ਵਿਦਵਾਨ ਤੇ ਲੇਖਕ ਹਰ ਮਹੀਨੇ ਕੋਈ ਫੰਡ ਛਕਣ ਦੇ ਚੀਕਦੇ ਹਨ ਤੇ ਸੈਮੀਨਾਰ ਕਰਦੇ ਹਨ। ਕੀਰਨੇ ਪਾਉਦੇ ਹਨ ਕਿ ਭਾਸ਼ਾ ਮਾਂ ਬੋਲੀ ਮਰ ਰਹੀ ਹੈ । ਹਿੰਦੀ ਤੇ ਅੰਗਰੇਜ਼ੀ ਪੰਜਾਬੀ ਨੂੰ ਚਰ ਰਹੀ ਹੈ ; ਇਹਨਾਂ ਗੱਪੀਆਂ ਦੇ ਘਰਾਂ ਕੋਈ ਪੰਜਾਬੀ ਬੋਲਦਾ ਨਹੀਂ ਸਭ ਦੇ ਬੱਚੇ ਕੌਨਵੈਟ ਸਕੂਲਾਂ ਵਿੱਚ ਪੜ੍ਹ ਕੇ ਵਿਦੇਸ਼ਾਂ ਵਿੱਚ ਚਲੇ ਗਏ। ਪੰਜਾਬੀ ਹੁਣ ਆਮ ਲੋਕਾਂ ਦੀ ਰਹਿ ਗਈ ਪਰ ਇਹ ਵਿਦਵਾਨ ਤੇ ਯੂਨੀਵਰਸਿਟੀਆਂ ਵਾਲੇ ਕਦੇ ਕਦੇ ਰੌਲਾ ਪਾਉਦੇ ਹਨ ਕਿ ਪੰਜਾਬੀ ਭਾਸ਼ਾ ਹਰ ਪੱਧਰ ਉਤੇ ਲਾਗੂ ਕਰੋ । ਨਹੀਂ ਇਹ ਕਿਸਾਨ ਅੰਦੋਲਨ ਵਿੱਚ ਰਾਸ਼ਨ ਭੇਜਦੇ ਰਹੇ ਹਨ ਤੇ ਕਦੇ ਕਦੇ ਸ਼ਬਦ ਜੁਗਾਲੀ ਕਰ ਆਉਦੇ ਸੀ। ਹੁਣ ਪੰਜਾਬ, ਪੰਜਾਬੀ ਤੇ ਪੰਜਾਬੀਅਤ ਖਤਰੇ ਵਿੱਚ ਹੈ ! ਪਰ ਪੰਜਾਬੀ ਨੂੰ ਖਤਰਾ ਕਿਸੇ ਹੋਰ ਬਦੇਸ਼ੀ ਤੋਂ ਨਹੀਂ ਸਗੋਂ ਖਤਰਾ ਹੋਰ ਭਾਸ਼ਵਾਂ ਤੋਂ ਨਹੀ ਸਗੋਂ ਅਖੌਤੀ ਪੰਜਾਬੀਆਂ ਤੋਂ ਹੈ। ਜਿਹੜੇ ਉਸਦਾ ਗਲਾ ਘੁੱਟ ਰਹੇ ਹਨ ਪਰ ਕਾਤਲ ਨਹੀਂ ਅਖਵਾਉਦੇ…..!
ਆਓ ! ਆਪਾਂ ਆਪਣੇ ਹੱਥੀਂ ਪੰਜਾਬੀ ਦਾ ਗਲ਼ਾ ਘੁੱਟ ਕੇ …ਬੇਦਾਵਾ..ਦੇਈਏ.! ਬੇਗਾਨੀ ਤੇ ਮਤਰੇਈ ਦੇ ਛਿੱਤਰ ਖਾਈਏ ! ਮਤਰੇਈ ਮਾਂ ਵੱਲੋ ਬੇਗਾਨੇ ਧੀਆਂ ਪੁੱਤਾਂ ਬਾਰੇ ਵਿਵਹਾਰ ਦੀਆਂ ਤੁਸੀਂ ਰੋਜ਼ ਖਬਰਾਂ ਪੜ੍ਹ ਦੇ ਹੀ ਹੋ…!
ਪਤਾ ਨਹੀਂ ਸਾਡੇ ਸੁਭਾਅ ਨੂੰ ਕੀ ਹੋ ਗਿਆ , ਹੁਣ ਸਾਨੂੰ ਆਪਣੇ ਘਰਦੇ ਚੰਗੇ ਨਹੀਂ ਲੱਗਦੇ ਸਗੋਂ, ਬੇਗਾਨੇ ਚੰਗੇ ਲੱਗਦੇ ਹਨ! ਬੇਗਾਨਗੀ ਦਾ ਦਰਦ ਬਦੇਸ਼ੀ ਨੇ ਭੁਗਤਿਆ ਹੈ..ਅਸੀਂ ਨਹੀਂ ! ਹੁਣ ਸਾਡੀ ਹਾਲਤ ਧੋਬੀ ਦੇ ਕੁੱਤੇ ਵਰਗੀ ਹੈ….ਨਾ ਘਰਦੇ ਤੇ ਘਾਟ ਦੇ ਰਹੇ ਹਾਂ । ਸਾਡੇ ਨਾਲੋਂ ਤੇ ਉਹ ਚੰਗੇ ਹਨ ਜਿਹਨਾਂ ਦੀ ਮਾਂ ਬੋਲੀ ਹੋਰ ਹੈ ਤੇ ਪੰਜਾਬੀ ਨੂੰ ਗਲੇ ਲਗਾ ਰਹੇ ਹਨ । ਅਸੀਂ ਅੰਗਰੇਜ਼ੀ ਦੇ ਮਗਰ ਹਰਲ ਹਰਲ ਕਰਦੇ ਫਿਰਦੇ ਹਾਂ !
ਇਹ ਵੀ ਸੱਚ ਹੈ :- ਕਿਸੇ ਕੌਨਵੈਟ ਸਕੂਲ ਦਾ ਟੂਰ ਸੀ…ਉਹ ਸ਼ਹਿਰ ਦੇ ਕਿਸੇ ਬਿਰਧ ਆਸ਼ਰਮ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਗਏ ਤਾਂ ਉਥੇ ਕੀ ਭਾਣਾ ਵਾਪਰਿਆ ਬਿਰਧ ਆਸ਼ਰਮ ਦੇ ਵਿੱਚ ਕਿਸੇ ਬੱਚੇ ਦੀ ਦਾਦੀ ਤੇ ਕਿਸੇ ਦਾ ਦਾਦਾ ਸੀ। ਉਥੋਂ ਆਪਣੀ ਦਾਦੀ ਦੇਖ ਕੇ ਇਕ ਬੱਚੇ ਨੇ ਸਵਾਲ ਕੀਤਾ ਕਿ ” ਦਾਦੀ ਮਾਂ ..ਇਹ ਆਪਣੇ ਕਿਹੜੇ ਰਿਸ਼ਤੇਦਾਰ ਦਾ ਘਰ ਹੈ ?
ਦਾਦੀ ਦੇ ਨੈਣ ਭਰ ਆਏ…ਦੋਵੇਂ ਬਹੁਤ ਰੋਣ ਲੱਗੀਆਂ । ਬੱਚੇ ਨੇ ਦੱਸਿਆ ਕਿ ਸਾਨੂੰ ਤੇ ਕਿਹਾ ਹੈ ਕਿ ਦਾਦੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਹਨ ਪਰ ਇਹ ਤੇ ਬਿਰਧ ਅਸ਼ਰਮ ਹੈ! ਬੱਚੇ ਦੀ ਇਹ ਗੱਲ ਸੁਣ ਕੇ ਮਹੌਲ ਗ਼ਮਗੀਨ ਹੋ ਗਿਆ । ਪੰਜਾਬੀ ਭਾਸ਼ਾ ਦੀ ਵੀ ਹਾਲਤ ਇਹੋ ਬਣੀ ਹੈ। ਜੋ ਅਪਣਾਇਆ ਦੇ ਜਿਉਂਦੇ ਜੀਅ ਬੇਗਾਨੀ ਹੋ ਕੇ ਬਿਰਧ ਆਸ਼ਰਮਾਂ ਦੇ ਵਿੱਚ ਰੁਲ ਰਹੀ ਹੈ। ਅਸੀਂ ਪੰਜਾਬੀ ਤੇ ਮਨੁੱਖ ਹੋਣ ਦਾ ਮਾਣ ਕਰਦੇ ਹਾਂ । ਇਹ ਬੋਲ ਸਾਨੂੰ ਸੋਚਣ ਲਈ ਮਜਬੂਰ ਕਿਉ ਨਹੀਂ ਕਰਦੇ ?
” ਮਾਂ ਬੋਲੀ ਨੂੰ ਭੁੱਲ ਜਾਓਗੇ,
ਕੱਖਾਂ ਵਾਂਗੂੰ ਰੁਲ ਜਾਓਗੇ ! “
₹₹₹
ਆਓ ! ਪੰਜਾਬੀਓ….ਆਪਾਂ ਪੰਜਾਬੀ ਮਾਤ ਭਾਸ਼ਾ ਦਾ ਸਤਿਕਾਰ ਕਰੀਏ ਤੇ ਨਾ ਕਿ ਬੇਗਾਨੀ ਦਾ ਅਨੰਦ ਮਾਣੀਏ। ਜੇ ਨਹੀਂ ਸਰਦਾ ਜਰੂਰ ਅਨੰਦ ਲਵੋ ਪਰ ਮਾਂ ਬੋਲੀ ਨਾ ਵਿਸਾਰੋ । ਕੀਹਨੇ ਕੀਹਨੇ ਆਪਣੇ ਘਰਾਂ ਦੇ ਵਿੱਚ ਵਿਸਾਰਿਆ ਹੈ..ਤੁਸੀਂ ਸਭ ਜਾਣਦੇ ਹੀ ਹੋ…ਪੰਜਾਬੀਓ ! ਦੇਖੋ ਤਾਂ ਆਪੋ ਆਪਣੇ ਗਿਰੇਵਾਨ ਵਿੱਚ ਝਾਕ ਕੇ…?
ਸਰਮ ਧਰਮ ਦਾ ਡੇਰਾ ਦੂਰਿ….ਹੋਇਆ ਕਿ ਨਹੀ ? ਆਓ ਪੰਜਾਬੀ ਨੂੰ ਦਫਨਾ ਕੇ ਜਸ਼ਨ ਮਨਾਈਏ ਤੇ ਸੁਰਮਈ ਸ਼ਾਮ ਵਿੱਚ ਸਾਊ ਕਵੀਆਂ ਦੀਆਂ ਗ਼ਜ਼ਲਾਂ ਤੇ ਗੀਤ ਸੁਣੀਏ ਤੇ ਠੰਡ ਹਟਾਈਏ !
₹₹₹
ਬੁੱਧ ਸਿੰਘ ਨੀਲੋੰ
9464370823

Leave a Reply

Your email address will not be published. Required fields are marked *