ਟਾਪਪੰਜਾਬ

ਅਸਾਂ ਨੂੰ ਸਹੁੰ ਲੱਗੇ…! ਚਰਨਜੀਤ ਭੁੱਲਰ

ਚੰਡੀਗੜ੍ਹ : ਵੈਲ ਤਾਂ ਚਾਹ ਦਾ ਵੀ ਮਾੜੈ। ਦੌਲਤ ਦਾ ਨਸ਼ਾ ਤੌਬਾ ਕਰਵਾ ਦਿੰਦੈ। ਸੱਤਾ ਦਾ ਨਸ਼ਾ ਕਿਸੇ ਪਾਸੇ ਦਾ ਨੀ ਛੱਡਦਾ। ਇਸ਼ਕੇ ਦਾ ਨਸ਼ਾ ‘ਦੇਵਦਾਸ’ ਬਣਾ ਦਿੰਦੈ। ਅਕਲ ਦਾ ਨਸ਼ਾ ਸਿਰ ਚੜ੍ਹ ਜਾਏ, ਬੰਦਾ ਖਾਂਸੀ ਤੱਕ ਦੀ ਪ੍ਰਵਾਹ ਨੀ ਕਰਦਾ। ਏਦਾਂ ਦੇ ਸੱਜਣਾਂ ਨੂੰ ਕੁਤਬ ਮੀਨਾਰ ਤੱਕ ਨੀ ਦੀਂਹਦੀ, ਪੰਜਾਬ ਦੀ ਕੰਧ ’ਤੇ ਲਿਖਿਆ, ਭਲਾ ਉਹ ਕਿਥੋਂ ਪੜ੍ਹਨਗੇ। ਸਰਦਾਰ ਪੰਛੀ ਸੱਚ ਆਖਦੈ, ‘ਜੋ ਭੀ ਨਸ਼ੇ ਮੇ ਚੂਰ ਹੋਤਾ ਹੈ, ਰੂਹ ਆਪਣੀ ਸੇ ਦੂਰ ਹੋਤਾ ਹੈ।’ ਪੰਜਾਬ ’ਚੋਂ ਗੂੰਜ ਪਈ, ਆਹ ਚੁੱਕੋ ਬਰੈਂਡ ਨਿਊ ਗਾਰੰਟੀ, ‘ਪੂਰੀ ਪੰਜਾਬ ਕੈਬਨਿਟ ਸੋਫ਼ੀ ਹੈ, ਮਜ਼ਾਲ ਐ ਕੋਈ ਦਾਰੂ ਨੂੰ ਹੱਥ ਲਾ’ਜੇ ।’
ਸਰਦੂਲ ਸਿਕੰਦਰ ਕੰਨ ’ਤੇ ਹੱਥ ਰੱਖ ਹੇਕ ਲਾ ਰਿਹੈ, ‘ਜੇ ਉਂਜ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਚੋਂ ਗਿਰ ਗਈ, ਕੀ ਕਰੀਏ..। ਉਹ ਵੇਲੇ ਭਲੇ ਸਨ, ਜਦ ਬੰਦੇ ਨੇਕ ਸਨ, ਵਚਨਾਂ ’ਤੇ ਉਮਰਾਂ ਪੁਗਾ ਜਾਂਦੇ। ‘ਜਾਨ ਜਾਏ ਪਰ ਵਚਨ ਨਾ ਜਾਏ’। ਮਾਮਲਾ ਚੋਰੀ ਦਾ ਹੁੰਦਾ ਜਾਂ ਕੋਈ ਘਰਾਂ ਦਾ ਰੌਲਾ ਰੱਪਾ। ਕੋਈ ਪਿੱਪਲ ਦਾ ਪੱਤਾ ਤੋੜ ਸਹੁੰ ਖਾਂਦਾ, ਕੋਈ ਗਊ ਦੀ ਪੂਛ ਫੜ੍ਹ। ਪਾਣੀ ਸਿਰੋਂ ਲੰਘ ਜਾਂਦਾ ਤਾਂ ਗੁਰੂ ਘਰ ਵੱਲ ਹੱਥ ਕਰਾਏ ਜਾਂਦੇ। ਗੱਲ ਸਹੁੰ ਨਾਲ ਨਿੱਬੜ ਜਾਂਦੀ। ਸੱਚ ਜਾਣਿਓਂ, ਸਹੁੰ ਦੀ ਪਿਉਂਦ ਤਾਂ ਵੈਦਿਕ ਕਾਲ ਤੋਂ ਚੜ੍ਹੀ ਹੋਈ ਹੈ।
ਸ਼ਰਾਬੀ ਬੰਦਾ, ਸਭ ਤੋਂ ਵੱਧ ਕੁੱਤੇ-ਖਾਣੀ ਸਹੁੰ ਨਾਲ ਕਰਦੈ। ਸਪੀਕਰਾਂ ’ਚ ਗਾਣਾ ਵੱਜਦਾ ਹੁੰਦਾ ਸੀ, ‘ਕਦੇ ਬੰਦੇ ਦੀ ਮਾਣਕਾ ਆਦਤ ਨਾ ਜਾਵੇ।’ ਫੈਮਿਲੀ ਪਲੈਨਿੰਗ ਦੇ ਯੁੱਗ ’ਚ ਨੇਤਾ ਚਾਹੇ ਪੰਜ ਪੰਜ ਵਾਰ ਮੁੱਖ ਮੰਤਰੀ ਸਜ ਜਾਣ, ਸੱਤਾ ਦਾ ਲੋਭ ਘਟਦਾ ਨਹੀਂ। ਲੋਭ ਖ਼ਾਤਰ ਤਾਂ ਅਮਰਿੰਦਰ ਨੇ ਹੱਥ ’ਚ ਗੁਟਕਾ ਸਾਹਿਬ ਫੜ ਸਹੁੰ ਖਾ ਲਈ ਸੀ। ਸੱਤਾ ਦਾ ਪਟਿਆਲਾ ਪੈੱਗ ਲਾ ਮਹਾਰਾਜਾ ਪੌਣੇ ਪੰਜ ਸਾਲ ਗਲਾਸੀਕਲ ਗਾਣ ’ਚ ਡੁੱਬੇ ਰਹੇ। ਮਗਰੋਂ ਬੀਬੀਆਂ ਗਾਉਣੋਂ ਨਾ ਹਟਣ, ‘ਵੱਸ ਨੀ ਰਾਜਿਆ ਤੇਰੇ, ਸਹੁੰਆਂ ਖਾ ਕੇ ਮੁੱਕਰ ਗਿਆ।’
ਸੱਤਾ ਦਾ ਨਸ਼ਾ ਅਫ਼ੀਮ ਤੋਂ ਭੈੜਾ। ਤਾਹੀਂ ਚੋਣਾਂ ’ਚ ਸਭ ਜਾਇਜ਼ ਹੁੰਦੈ। ਨੇਤਾ ਜੀ ਨੇ ਅਮਲੀ ਅੱਗੇ ਝੁਕਦਿਆਂ ਹੱਥ ਜੋੜੇ, ਬਾਬਿਓ! ਵੋਟ ਜ਼ਰੂਰ ਪਾਇਓ। ਬਿਨਾਂ ਅੱਖ ਖੋਲ੍ਹੇ ਅਮਲੀ ਨੇ ਬੁੱਲ੍ਹ ਹਿਲਾਏ, ‘ਪਹਿਲਾਂ ਵੋਟ ਪਾਉਣ ਜੋਗਾ ਕਰ ਤਾਂ ਦਿਓ।’ ਕੁਰਸੀ ’ਤੇ ਸਜਣ ਮਗਰੋਂ ਹਰ ਨੇਤਾ ਆਖਦੈ, ‘ਸੁੱਖ ਦੇਣੀ ਨੀ, ਖਜੂਰ ’ਤੇ ਚੜ੍ਹਨਾ ਨੀ’, ਪੰਜਾਬ ਜ਼ਰੂਰ ਟਿੰਡੀਂ ਦੇ ਬੀਅ ’ਤੇ ਚੜਿਆ। ਇੱਕ ਲੰਮ ਸਲੰਮਾ ਗੱਭਰੂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਸਹੁੰ ਖਾ ਆਇਆ ਸੀ। ਯੋਗਰਾਜ ਦਾ ਡਾਇਲਾਗ ਹੈ, ‘ਤਾਕਤ ਤੇ ਸਿਆਸਤ ਦਾ ਨਸ਼ਾ ਅਫ਼ੀਮ ਵਰਗਾ ਹੁੰਦਾ ਹੈ।’
‘ਇਨਕਲਾਬ’ ਅਤੇ ‘ਬਦਲਾਅ’ ਦੋਵੇਂ ਜੌੜੇ ਭਰਾ ਨੇ, ਜਿਹੜੇ ਬੋਹੜ ਥੱਲੇ ਵਰਿ੍ਹਆਂ ਤੋਂ ਘੂਕ ਸੁੱਤੇ ਪਏ ਨੇ, ਜਦੋਂ ਚੋਣਾਂ ਆਉਂਦੀਆਂ ਹਨ, ਨੇਤਾ ਲੋਕ ਇਨ੍ਹਾਂ ਨੂੰ ਹੁੱਝਾਂ ਮਾਰਨੋਂ ਨੀ ਹਟਦੇ। ਜਿਵੇਂ ਬੇਬੀ ਨੂੰ ਬੇਸ ਪਸੰਦ ਐ, ਉਵੇਂ ਦਿੱਲੀ ਆਲੇ ਸੱਜਣਾਂ ਨੂੰ ਪੰਜਾਬ ਪਸੰਦ ਐ। ਮੰਤਰੀ ਜਣ ਭੋਲੂ ਪ੍ਰਸ਼ਾਦ ਬਣੇ ਨੇ, ਜਿਨ੍ਹਾਂ ਪੱਲੇ ਇਕੱਲੀ ਝੰਡੀ ਵਾਲੀ ਕਾਰ ਐ ਜਾਂ ਦੋ ਚਾਰ ਕਿੱਲੋ ਬਦਨਾਮੀ ਦੀਆਂ ਮੀਂਗਣਾਂ। ਵਿਧਾਤਾ ਸਿੰਘ ਤੀਰ ਸੱਚ ਸੁਣਾ ਰਿਹੈ, ‘ਮੈਂ ਗੂੰਗਾ, ਮੇਰੀ ਦੁਨੀਆ ਗੂੰਗੀ, ਤਾਹੀਓਂ ਗਾਏ ਗੂੰਗੇ ਗੀਤ।’ ਵਜ਼ੀਰਾਂ ਦੀ ਦੁਖਦੀ ਰਗ ’ਤੇ ਹੱਥ ਰੱਖੋਗੇ, ਅੱਗਿਓ ਮਰਫੀ ਦੇ ਰੇਡੀਓ ਵਾਂਗੂ ਟੁਣਕਦੇ ਨੇ, ‘ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ..।’
ਵੈਸੇ ਵਜ਼ੀਰਾਂ ਦੀ ਦਾਦ ਦੇਣੀ ਬਣਦੀ ਹੈ। ਏਨੇ ਸਾਊ ਪੁੱਤ ਕਿਤੇ ਲੱਭਦੇ ਨੇ। ਮੰਤਰੀ ਜਣ ਧੁੱਪਾਂ ’ਚ ਕਬਾੜੀਆਂ ਵਾਂਗੂ ਪਿੰਡੋਂ ਪਿੰਡ ਘੁੰਮਦੇ ਪਏ ਨੇ, ਸਹੁੰਆਂ ਚੁਕਾ ਰਹੇ ਨੇ। ‘ਜਿਹੜੇ ਸੱਚ ਦੀ ਸਲੀਬ ਚੁੱਕਦੇ ਨੇ, ਉਨ੍ਹਾਂ ਨੂੰ ਸਹੁੰ ਚੁੱਕਣ ਦੀ ਲੋੜ ਨਹੀਂਓ ਰਹਿੰਦੀ।’ ਇੱਕ ਪਿੰਡ ਦਾ ਕਿੱਸਾ ਅਰਜ਼ ਹੈ। ਮੰਤਰੀ ਜੀ ਜਦ ਰਾਤ ਦੇ ਸੱਤ ਵਜੇ ਤੱਕ ਸਹੁੰ ਚੁਕਾਉਣ ਲਈ ਤਸ਼ਰੀਫ਼ ਨਾ ਲਿਆਏ ਤਾਂ ਪਿੰਡ ਦੇ ਅੱਕੇ ਹੋਏ ਸਰਪੰਚ ਨੇ ਮੰਤਰੀ ਨੂੰ ਫ਼ੋਨ ਖੜਕਾ ਦਿੱਤਾ, ਜਨਾਬ! ਆਉਣਾ ਹੈ ਤਾਂ ਦਸ ਮਿੰਟ ’ਚ ਆਜੋ, ਨਹੀਂ ਫਿਰ ਇੱਥੇ ਕੋਈ ਸਹੁੰ ਚੁੱਕਣ ਜੋਗਾ ਨੀ ਰਹਿਣਾ। ਗੱਲ ਸੌ ਫ਼ੀਸਦੀ ਸੱਚੀ ਹੈ, ਤਸਦੀਕ ਹਰਭਜਨ ਮਾਨ ਕਰ ਰਿਹੈ..‘ਆਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ਏ..।’
ਜਿਵੇਂ ਪੰਜਾਬੀ ਅੱਜ ਕੱਲ੍ਹ ਥੋਕ ’ਚ ਸਹੁੰਆਂ ਚੁੱਕ ਰਹੇ ਨੇ, ਉਸ ਲਿਹਾਜ਼ ਨਾਲ ਤਾਂ ਰੱਬ ਨੂੰ ਵੀ ਆਪਣੀ ਲੇਖਾ ਬਰਾਂਚ ’ਚ ਹਜ਼ਾਰਾਂ ਮੁਨਸ਼ੀ ਭਰਤੀ ਕਰਨੇ ਪੈਣਗੇ। ਭਮੱਕੜ ਦਾਸੋ! ਮੁਨਸ਼ੀ ਲੱਗਣੈ ਤਾਂ ਦੱਸੋ, ਫਿਰ ਨਾ ਉਲਾਂਭਾ ਦੇਣਾ ਕਿ ਰੱਬ ਨੇ ਗੈਰ ਪੰਜਾਬੀ ਭਰਤੀ ਕਰ ਲਏ। ਸਿਆਣੇ ਆਖਦੇ ਨੇ,‘ਜਿਹੜੀ ਸਰਕਾਰ ਪਰਜਾ ਨੂੰ ਜੁਆਬ ਦੇਣਾ, ਹਿਸਾਬ ਦੇਣਾ ਮੁਨਾਸਬ ਨਾ ਸਮਝੇ, ਉਹ ਸਭ ਤੋਂ ਭੈੜੀ ਹੁੰਦੀ ਹੈ।’ ਸੱਤਾ ਦਾ ਨਸ਼ਾ ਪਹਿਲੇ ਤੋੜ ਦੀ ਦਾਰੂ ਵਰਗਾ ਹੁੰਦੈ। ਕਿਤੇ ਨੇਤਾ ਦੇ ਦੋ ਹਾੜੇ ਲੱਗੇ ਹੋਣ, ਉੱਪਰੋਂ ਮੱਛਰ ਲੜ ਜਾਏ ਤਾਂ ਮੱਛਰ ਵੀ ਟੱਲੀ ਹੋ ਜਾਂਦੈ, ਉਹੀ ਮੱਛਰ ਫਿਰ ਮੁੜ ਘਿੜ ਕੁਰਸੀ ’ਤੇ ਬੈਠਣ ਲੱਗਦੈ।
ਅਮਰਿੰਦਰੀ ਹਕੂਮਤ ਵੇਲੇ ਸੱਤਾ ਦੇ ਨਸ਼ੇ ’ਚ ਟੁੰਨ ਭੂਸ਼ਣ ਲੁਧਿਆਣਵੀ ਇੱਕ ਡੀਐੱਸਪੀ ’ਤੇ ਇੰਜ ਗੱਜੇ ਸਨ, ‘ਮਿੱਧ ਕੇ ਰੱਖ ਦਿਆਂਗੇ’। ਅਮਰਿੰਦਰ ਦਾ ਦਵਿੰਦਰ ਵੀ ਥਾਣੇਦਾਰ ਬੀਬੀ ਨੂੰ ਪੈ ਨਿੱਕਲਿਆ ਸੀ, ‘ਆਪਣਾ ਜੁੱਲੀ ਬਿਸਤਰਾ ਬੰਨ੍ਹ ਲਓ।’ ਅਸਲ ’ਚ ਧਰਤੀ ਗੋਲ ਹੈ, ਲੋਕ ਜਲਦ ਬਿਸਤਰਾ ਬੰਨ੍ਹ ਦਿੰਦੇ ਨੇ। ਪੰਝੀ ਸਾਲ ਰਾਜ ਦਾ ਨਾਅਰਾ ਦੇਣ ਵਾਲੇ ਹੁਣ ਸਹੁੰ ਚੁੱਕਣ ਨੂੰ ਤਰਸੇ ਪਏ ਨੇ। ਅਖਾਣ ਐਵੇਂ ਨੀ ਬਣਦੇ, ‘ਅੰਨ੍ਹੇ ਨੂੰ ਨਜ਼ਰ ਨੀ ਆਉਂਦਾ, ਹੰਕਾਰੀ ਵੇਖਣਾ ਨੀ ਚਾਹੁੰਦਾ।’
ਪੰਜਾਬ ਤਾਂ ਚਾਹੁੰਦੈ ਕਿ ਸੁੱਖ ਦਾ ਸਾਹ ਆਵੇ ਜਿਨ੍ਹਾਂ ਦੀ ਸੰਦੂਕੜੀ ਭਰ ਕੇ ਸੰਵਿਧਾਨ ਦੀ ਸਹੁੰ ਚੁਕਾਈ, ਹੁਣ ਉਹੀ ਮੁੜ ਲੋਕਾਂ ਨੂੰ ਸਹੁੰਆਂ ਪਰੋਸ ਰਹੇ ਨੇ। ਪੰਜਾਬ ਤਾਂ ਬੋਦੇ ਕੱਪੜੇ ਵਰਗਾ ਹੋਇਐ। ‘ਬਦਲਾਅ’ ਦੇ ਟਰੇਲਰ ’ਚੋਂ ਸਵਰਗ ਦਿਖਿਆ, ਅੰਦਰ ਦੀਦਾਰ-ਏ-ਨਰਕ ਹੋਇਆ। ਘਰ ਬਾਰ ਛੱਡ, ਦਿੱਲੀ ਦੇ ਜਾਏ, ਪੰਜਾਬ ਦੀ ਸੇਵਾ ’ਚ ਆਏ। ਵਿਰੋਧ ਮੱਲ ਨਿਮਾਣਾ ਤੋਂ ‘ਰੰਗਲਾ ਪੰਜਾਬ’ ਝੱਲ ਨਹੀਂ ਹੋ ਰਿਹੈ। ਤਾਹੀਂ ਤੂੰਬੀ ’ਤੇ ਗਾਉਂਦਾ ਪਿਐ, ‘ਤੇਰੀ ਫੀਏਟ ’ਤੇ ਜੇਠ ਨਜ਼ਾਰੇ ਲੈਂਦਾ।’ ਪ੍ਰਤਾਪ ਸਿੰਘ ਕੈਰੋਂ ਆਖਦਾ ਹੁੰਦਾ ਸੀ, ‘ਜੱਟ ਤਾਂ ਸੁਹਾਗੇ ’ਤੇ ਚੜਿਆ ਮਾਣ ਨੀ ਹੁੰਦਾ।’
ਧੰਨੇ ਭਗਤ ਨੇ ਸਹੁੰ ਖਾਧੀ, ਪੱਥਰਾਂ ’ਚੋਂ ਰੱਬ ਪਾਇਆ। ਪਿੰਡਾਂ ਵਾਲੇ ਸਹੁੰ ਚੁੱਕੀਏ ਵੀ ਥੋੜ੍ਹਾ ਧੀਰਜ ਰੱਖਣ। ਜ਼ਮਾਨਾ ਕੇਹਾ ਹੈ, ਦਾਨਸ਼ਮੰਦ ਲੱਭਦੇ ਨਹੀਂ ਪਏ, ਕਾਲੇ ਕੱਛੇ ਆਲਿਆਂ ਵਾਂਗੂ ਲੀਡਰ ਹਰ ਮੋੜ ’ਤੇ ਖੜ੍ਹੇ ਨੇ। ਆਖਦੇ ਨੇ ..‘ਦਿਲ ਮਾਂਗੇ ਮੋਰ’, ਸੱਤਾ ਦੇ ਨਸ਼ੇ ਦਾ ਰੋਗ ਭੈੜਾ। ਵੋਟਰ ਪਾਤਸ਼ਾਹ ਵੀ ਖ਼ਾਨਦਾਨੀ ਵੈਦਾਂ ਤੋਂ ਘੱਟ ਨੀ ਹੁੰਦੇ, ਇੱਕੋ ਦਿਨ ’ਚ ਪੀੜਤਾਂ ਦਾ ਕੁਰਸੀ ਰੋਗ ਕੱਟ ਦਿੰਦੇ ਨੇ। ਕਿਸੇ ਭਲੇ ਪੁਰਸ਼ ਨੇ ਠੀਕ ਕਿਹੈ, ਰਿਟਾਇਰੀ ਬੰਦੇ ਆਲਾ ਮਿਜ਼ਾਜ ਰੱਖਣ ਵਾਲੇ ਨੇਤਾ ਕਦੇ ਰਿਟਾਇਰ ਨਹੀਂ ਹੁੰਦੇ। ਜਿਵੇਂ ਜਯੋਤੀ ਬਾਸੂ ਆਖਦੇ ਹੁੰਦੇ ਸਨ ਕਿ ਕਾਮਰੇਡ ਕਦੇ ਰਿਟਾਇਰ ਨੀਂ ਹੁੰਦਾ।
ਨੈਲਸਨ ਮੰਡੇਲਾ ਨੂੰ ਜਦੋਂ ਲੋਕਾਂ ਨੇ ਦੁਬਾਰਾ ਗੱਦੀ ਦੇਣੀ ਚਾਹੀ, ਉਸ ਨੇ ਨਾਂਹ ਕਰਤੀ। ਕਾਮਰਾਜ ਤਾਮਿਲਨਾਡੂ ’ਚ ਮੁੱਖ ਮੰਤਰੀ ਦੀ ਟਰਮ ਪੂਰੀ ਕਰਕੇ ਸਿੱਧਾ ਨਹਿਰੂ ਕੋਲ ਗਿਆ, ‘ਜੋ ਕਰਨਾ ਸੀ, ਉਹ ਪੰਜ ਸਾਲ ’ਚ ਕਰ’ਤਾ, ਦੁਬਾਰਾ ਮੁੱਖ ਮੰਤਰੀ ਨੀ ਬਣਨਾ।’ ‘ਤੈਨੂੰ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ’, ਹੁਣ ਇਨਕਲਾਬ ਪੰਜਾਬ ਦੀ ਬਾਂਹ ਨਹੀਂ ਛੱਡ ਰਿਹਾ। ‘ਧੇਲਾ ਨਹੀਂ ਪੱਲੇ, ਸੈਰ ਬਾਗ਼ ਦੀ ਚੱਲੇ।’
ਸ਼ਾਇਦ ਗੱਲ ਸਹੁੰ ਤੋਂ ਤੁਰੀ ਸੀ। ਗਵਾਹੀ ਦੇਣ ਆਏ ਅਮਲੀ ਨੂੰ ਜੱਜ ਸਾਹਿਬ ਨੇ ਪੁੱਛਿਆ, ਕੀ ਸਹੁੰ ਖਾਉਗੇ। ਨਿਮਰਤਾ ਦੇ ਮੁਜੱਸਮੇ ਅਮਲੀ ਸਿੰਘ ਨੇ ਕਿਹਾ ਕਿ,‘ ਜਨਾਬ ! ਤੁਸੀਂ ਕਹਿੰਦੇ ਹੋ ਤਾਂ ਛਕ ਲਵਾਂਗੇ ।’ ਹੂਟਰਾਂ ਆਲੇ ਵਜ਼ੀਰ ਥੋਕ ਦੇ ਭਾਅ ਸਹੁੰਆਂ ਛਕਾ ਰਹੇ ਨੇ। ‘ਰੰਗਲਾ ਪੰਜਾਬ’ ਬਣਾਉਣ ਲਈ ਦਿੱਲੀ ਦੇ ਮਸ਼ਹੂਰ ਪੇਂਟਰ ਲੱਗੇ ਹੋਏ ਨੇ। ਬਾਕੀ ਲੱਛੀ ਦੇ ਭਾਗ। ਪੁਰਾਣੇ ਦਾਗ਼ ਹੌਲੀ ਹੌਲੀ ਲਹਿਣਗੇ। ਪੰਜਾਬ ਦੋਖੀ ਨਿੰਦਣੋਂ ਨੀ ਹਟ ਰਹੇ। ਪੰਜਾਬੀਓ! ਸੰਤ ਕਬੀਰ ਨੂੰ ਧਿਆਓ, ..ਨਦੀ ਨਾ ਘੱਟਿਓਂ ਨੀਰ। ਪੁਰਾਣੀ ਰੀਤ ਐ, ਬਾਦਸ਼ਾਹ ਹੁਕਮ ਦਿੰਦੈ, ਵਜ਼ੀਰ ਸੱਤ ਵਚਨ ਆਖਦੇ ਨੇ। ਤੁਸੀਂ ਆਖਦੇ ਪਏ ਹੋ..‘ਬੁਲੇਟ ਤਾਂ ਰੱਖਿਐ ਪਟਾਕੇ ਪਾਉਣ ਨੂੰ ।’
ਅਖੀਰ ’ਚ ਵਾਇਆ ਵਰਿਆਮ ਸੰਧੂ ਪੁੱਜੀ ਗੱਲ, ਕੇਰਾਂ ਪ੍ਰੋ. ਮੋਹਨ ਸਿੰਘ ਟੱਲੀ ਹੋਏ ਘਰ ਪਰਤੇ, ਬੀਵੀ ਨੇ ਪੁੱਛਿਆ, ਮੀਆਂ ਜੀ ਇਹ ਕੀ? ਪ੍ਰੋਫੈਸਰ ਸਾਹਿਬ ਦੇ ਅੱਖਾਂ ’ਚ ਅੱਥਰੂ, ਭਰੇ ਮਨ ਨਾਲ ਆਖਣ ਲੱਗੇ, ‘ਬੱਸ ਅੱਜ ਬੈਡ ਕੰਪਨੀ ਨੇ ਮਰਵਾ’ਤਾ।’ ਉਹ ਕਿਵੇਂ? ਪ੍ਰੋ. ਮੋਹਨ ਸਿੰਘ ਦਾ ਜੁਆਬ ਸੁਣੋ, ‘ਅੱਜ ਦੋ ਦੋਸਤ ਤਸ਼ਰੀਫ਼ ਲਿਆਏ, ਦਾਸ ਸੇਵਾ-ਪਾਣੀ ਲਈ ਬੋਤਲ ਲੈ ਆਇਆ, ਅੱਗਿਓ ਉਹ ਦੋਵੇਂ ਸੋਫ਼ੀ ਨਿਕਲੇ, ਬੱਸ ਕਸ਼ਟ ’ਕੱਲੇ ਨੂੰ ਝੱਲਣਾ ਪਿਆ।’
(11 ਜੂਨ 2025)

Leave a Reply

Your email address will not be published. Required fields are marked *