ਟਾਪਪੰਜਾਬ

ਖ਼ਤਰੇ ਦੀ ਘੰਟੀ ਅਪਰੈਲ ਦੀ ਕਮਾਈ, ਸਹਿਮ ਨੇ ਘਟਾਈ- ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ ਸਰਕਾਰ ਦੀ ਆਮਦਨ ਵਿੱਤੀ ਵਰ੍ਹੇ 2025-26 ਦੇ ਪਹਿਲੇ ਮਹੀਨੇ ਅਪਰੈਲ ਵਿੱਚ ਹੀ ਹੇਠਾਂ ਡਿੱਗ ਪਈ ਹੈ। ਮਾਲੀ ਸੰਕਟ ਝੱਲ ਰਹੇ ਪੰਜਾਬ ਲਈ ਇਹ ਖ਼ਤਰੇ ਦੀ ਘੰਟੀ ਹੈ। ਸੂਬਾ ਸਰਕਾਰ ਦੀ ਅਪਰੈਲ ਮਹੀਨੇ ’ਚ ਆਮਦਨੀ 525 ਕਰੋੜ ਰੁਪਏ ਘਟੀ ਹੈ। ਮਈ ਮਹੀਨੇ ਵੀ ਆਮਦਨੀ ਨੂੰ ਸੱਟ ਵੱਜਣ ਦੀ ਸੰਭਾਵਨਾ ਹੈ ਕਿਉਂਕਿ ਮਈ ’ਚ ਹੀ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਬਣਿਆ ਸੀ।ਸੂਬਾ ਸਰਕਾਰ ਅਪਰੈਲ ਮਹੀਨੇ ਦੀ ਗਿਰਾਵਟ ਵੀ ਪਹਿਲਗਾਮ ਘਟਨਾ ਮਗਰੋਂ ਬਣੇ ਸਹਿਮ ਦੇ ਮਾਹੌਲ ਦੇ ਖਾਤੇ ਪਾ ਰਹੀ ਹੈ। ਸੂਬਾ ਸਰਕਾਰ ਨੂੰ ਖ਼ਦਸ਼ਾ ਹੈ ਕਿ ਗੋਲੀਬੰਦੀ ਦੇ ਬਾਵਜੂਦ ਅਗਲੇ ਦਿਨਾਂ ਵਿੱਚ ਆਮਦਨੀ ਨੂੰ ਸੱਟ ਵੱਜ ਸਕਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੂੰ ਟੈਕਸ ਵਸੂਲੀ ਤੋਂ ਅਪਰੈਲ ਮਹੀਨੇ ਵਿੱਚ 3977 ਕਰੋੜ ਰੁਪਏ ਪ੍ਰਾਪਤ ਹੋਏ ਹਨ, ਜਦਕਿ ਲੰਘੇ ਵਿੱਤੀ ਸਾਲ ਦੇ ਅਪਰੈਲ ’ਚ ਇਹੀ ਆਮਦਨੀ 4534 ਕਰੋੜ ਰੁਪਏ ਰਹੀ ਸੀ।
ਇਸੇ ਤਰ੍ਹਾਂ ਆਬਕਾਰੀ ਤੋਂ ਕਮਾਈ ਵਿੱਚ ਵੀ ਕਮੀ ਦੇਖਣ ਨੂੰ ਮਿਲੀ ਹੈ। ਇਸ ਵਿੱਤੀ ਸਾਲ ਦੇ ਅਪਰੈਲ ਮਹੀਨੇ ਵਿੱਚ ਆਬਕਾਰੀ ਤੋਂ 865 ਕਰੋੜ ਰੁਪਏ ਪ੍ਰਾਪਤ ਹੋਏ ਹਨ, ਜਦਕਿ ਪਿਛਲੇ ਸਾਲ ਅਪਰੈਲ ਮਹੀਨੇ ’ਚ ਆਬਕਾਰੀ ਤੋਂ 1093 ਕਰੋੜ ਦੀ ਆਮਦਨ ਹੋਈ ਸੀ। ਵੈਟ ਵਸੂਲੀ ’ਚ ਵੀ ਅਪਰੈਲ ’ਚ 34 ਕਰੋੜ ਦੀ ਕਟੌਤੀ ਹੋਈ ਹੈ। ਆਬਕਾਰੀ ਤੋਂ ਐਤਕੀਂ ਲਾਇਸੈਂਸ ਫ਼ੀਸ ਵਜੋਂ ਆਮਦਨ 89.66 ਕਰੋੜ ਹੈ, ਜਦਕਿ ਪਿਛਲੇ ਵਿੱਤੀ ਸਾਲ ’ਚ ਲਾਇਸੈਂਸ ਫ਼ੀਸ ਤੋਂ 329 ਕਰੋੜ ਰੁਪਏ ਪ੍ਰਾਪਤ ਹੋਏ ਸਨ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਆਈਜੀਐੱਸਟੀ ’ਚੋਂ ਪਿਛਲੇ ਵਰ੍ਹਿਆਂ ਦੌਰਾਨ ਸੂਬਿਆਂ ਨੂੰ ਕੀਤੀ ਵਾਧੂ ਅਦਾਇਗੀ ਦਾ ਤਰਕ ਦੇ ਕੇ ਪੰਜਾਬ ਦੇ ਹਿੱਸੇ ’ਚੋਂ 860 ਕਰੋੜ ਰੁਪਏ ਕੱਟ ਲਏ ਹਨ ਅਤੇ ਇਸ ਨੂੰ ਵੀ ਆਮਦਨ ’ਚ ਕਮੀ ਦਾ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ।
ਕੇਂਦਰ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਵਿੱਚ ਸੂਬਿਆਂ ਨੂੰ ਆਈਜੀਐੱਸਟੀ ’ਚੋਂ ਕਰੀਬ 46 ਹਜ਼ਾਰ ਕਰੋੜ ਰੁਪਏ ਦੀ ਵਾਧੂ ਅਦਾਇਗੀ ਹੋ ਗਈ ਸੀ, ਜਿਸ ’ਚ ਹੁਣ ਕਟੌਤੀ ਕੀਤੀ ਜਾ ਰਹੀ ਹੈ।ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਤੋਂ ਅਪਰੈਲ ਮਹੀਨੇ ਵਿੱਚ ਆਮਦਨ 13 ਫ਼ੀਸਦੀ ਵਧੀ ਹੈ। ਪਿਛਲੇ ਸਾਲ ਅਪਰੈਲ ਮਹੀਨੇ ਸਟੈਂਪ ਡਿਊਟੀ ਤੇ ਰਜਿਸਟ੍ਰੇਸ਼ਨ ਤੋਂ 432 ਕਰੋੜ ਕਮਾਏ ਸਨ, ਜਦਕਿ ਐਤਕੀਂ ਇਹੀ ਆਮਦਨੀ 490 ਕਰੋੜ ਰੁਪਏ ਹੋ ਗਈ ਹੈ। ਅਪਰੈਲ ਮਹੀਨੇ ’ਚ ਵਾਹਨਾਂ ਦੀ ਰਜਿਸਟ੍ਰੇਸ਼ਨ ਤੋਂ ਆਮਦਨ 102 ਕਰੋੜ ਰੁਪਏ ਵਧੀ ਹੈ। ਪਿਛਲੇ ਸਾਲ ਅਪਰੈਲ ’ਚ ਜੋ ਆਮਦਨ 292 ਕਰੋੜ ਰੁਪਏ ਸੀ, ਹੁਣ ਉਹ ਵਧ ਕੇ 490 ਕਰੋੜ ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਪ੍ਰੋਫੈਸ਼ਨਲ ਟੈਕਸ ’ਚ ਦੋ ਕਰੋੜ ਦਾ ਵਾਧਾ ਹੋਇਆ ਹੈ। ਇਸ ਵਾਰ ਪ੍ਰੋਫੈਸ਼ਨਲ ਟੈਕਸ ਤੋਂ ਅਪਰੈਲ ’ਚ 20 ਕਰੋੜ ਵਸੂਲੇ ਗਏ ਹਨ।

Leave a Reply

Your email address will not be published. Required fields are marked *