ਫਰੀਦਾ ਜਿਨ੍ਹਾਂ ਖਾਧੀਆਂ ਚੋਪੜੀਆਂ ਘਣੇ ਸਹਿਣਗੇ ਦੁੱਖ-ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਬਾਬਾ ਫ਼ਰੀਦ ਜੀ ਨੇ ਆਪਣੀ ਪਵਿੱਤਰ ਪਾਵਨ ਬਾਣੀ ਵਿੱਚ ਸਾਨੂੰ ਝੂਠੇ ਦਿਖਾਵਿਆਂ ਤੇ ਫੋਕੀਆਂ ਸ਼ੌਹਰਤਾਂ ਤੋਂ ਗੁਰੇਜ਼ ਕਰਨ ਲਈ ਸੁਚੇਤ ਕੀਤਾ ਅਤੇ ਸਾਦਗੀ ਵੱਲ ਪ੍ਰੇਰਿਤ ਕੀਤਾ ਹੈ। ਅੱਜ ਜੇਕਰ ਮਨੁੱਖ ਬੇਲੋੜੀਆਂ ਵਸਤੂਆਂ ਦੇ ਸੰਗ੍ਰਹਿ ਤੋਂ ਬਚ ਸਕੇ ਤਾਂ ਬਹੁਤ ਹੀ ਚੰਗਾ ਅਤੇ ਸਹੀ ਉਪਰਾਲਾ ਹੋ ਸਕਦਾ ਹੈ ; ਕਿਉਂਕਿ ਭੌਤਿਕ ਵਸਤੂਆਂ ਦੀ ਚਾਹਤ , ਭਰਮਾਰ ਦੀ ਇੱਛਾ ਦੀ ਗਲਤਾਨ ਵਿੱਚ ਫਸਿਆ ਹੋਇਆ ਮਨੁੱਖ ਦੁੱਖਾਂ ਰੂਪੀ ਦਲਦਲ ਦੇ ਵਿੱਚ ਧੱਸਦਾ ਹੀ ਜਾਂਦਾ ਹੈ , ਜੋ ਕਿ ਉਸ ਦੀ ਜ਼ਿੰਦਗੀ ਦੀ ਸ਼ਾਂਤੀ , ਸਕੂਨ , ਖ਼ੁਸ਼ੀ , ਖੇੜੇ , ਮਾਨਸਿਕ ਤੰਦਰੁਸਤੀ ਅਤੇ ਰੂਹਾਨੀਅਤ ਤੋਂ ਉਸ ਨੂੰ ਦੂਰ ਕਰ ਦਿੰਦੇ ਹਨ। ਅਜੋਕਾ ਮਨੁੱਖ ਜੇਕਰ ਸਾਦਗੀ ਦਾ ਪੱਲਾ ਫੜ ਲਵੇ ਤਾਂ ਕਿਤੇ ਨਾ ਕਿਤੇ ਕੁਦਰਤੀ ਵਰਤਾਰੇ ਤੇ ਸਾਡੇ ਵਾਤਾਵਰਨ ਵਿੱਚ ਵੀ ਆਈ ਹੋਈ ਗਿਰਾਵਟ ਦੂਰ ਹੋ ਸਕਦੀ ਹੈ ਅਤੇ ਮਨੁੱਖ , ਪੰਛੀ – ਪ੍ਰਾਣੀ ਤੇ ਕਾਇਨਾਤ ਦੇ ਜੀਵ – ਜੰਤੂ ਖੁਸ਼ਨੁਮਾ ਮਾਹੌਲ ਵਿੱਚ ਵਿਚਰ ਸਕਦੇ ਹਨ। ਅੱਜ ਮਨੁੱਖਤਾ ਵਿੱਚ ਜਿੰਨੀਆਂ ਸਮੱਸਿਆਵਾਂ ਪ੍ਰੇਸ਼ਾਨੀਆਂ ਵੱਧ ਰਹੀਆਂ ਹਨ ਉਨ੍ਹਾਂ ਦੇ ਪਿੱਛੇ ਕਿਤੇ ਨਾ ਕਿਤੇ ਅਸੀਂ ਸਾਦਗੀ ਤੋਂ ਵਿਮੁੱਖ ਹੋ ਕੇ ਖੁਦ ਹੀ ਇਨ੍ਹਾਂ ਪ੍ਰੇਸ਼ਾਨੀਆਂ ਦਾ ਕਾਰਨ ਬਣੇ ਹੋਏ ਹਾਂ। ਸਾਦੇ ਵਿਆਹ , ਸਾਦੇ ਭੋਗ , ਸਾਦੇ ਦਿਨ – ਤਿਉਹਾਰ , ਸਾਦੇ ਰਸਮਾਂ – ਰਿਵਾਜ , ਸਾਦੇ ਜਨਮ ਦਿਨ ਆਦਿ ਬੜੀ ਸਾਦਗੀ ਦੇ ਨਾਲ਼ ਮਨਾਉਣੇ ਅਤੇ ਨਿਭਾਉਣੇ ਕਦੇ ਨਾ ਕਦੇ ਕਿਤੇ ਨਾ ਕਿਤੇ ਸਾਡੇ ਹਿੱਤ ਵਿੱਚ ਹੀ ਹੁੰਦੇ ਹਨ। ਸਾਦਾ ਪਹਿਰਾਵਾ , ਸਾਦਾ ਰਹਿਣ – ਸਹਿਣ , ਸਾਦਾ ਬੋਲਬਾਣੀ ਤੇ ਸਾਦਾ ਖਾਣ – ਪੀਣ ਸਾਡੇ ਲਈ ਖੁਸ਼ੀ ਅਤੇ ਸ਼ਾਂਤੀ ਦਾ ਸਾਧਨ ਬਣਦਾ ਹੈ। ਸਾਦਗੀ ਦਾ ਗਹਿਣਾ ਪਾਉਣ ਤੇ ਅਪਣਾਉਣ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਸਾਡੀ ਸੋਚ ਵਿਸ਼ਾਲ ਹੋਵੇ ਅਤੇ ਸਾਨੂੰ ਆਪਣੇ ਆਪ ਨੂੰ ਖੁਦ ਨੂੰ ਦੁਨੀਆਂ ਦੇ ਨਜ਼ਰੀਏ ਤੋਂ ਦੇਖਣਾ ਨਹੀਂ ਚਾਹੀਦਾ ਅਤੇ ” ਦੁਨੀਆ ਕੀ ਕਹੇਗੀ ? ” ਵਾਲੀ ਸੋਚ ਤੋਂ ਗੁਰੇਜ਼ ਕਰਨਾ ਸਹੀ ਹੋ ਸਕਦਾ। ਸਾਦਗੀ ਸਬੰਧੀ ਬਜ਼ੁਰਗਾਂ ਦਾ ਕਥਨ ਹੈ , ” ਦੂਜਿਆਂ ਦੇ ਮਹਿਲ ਮੁਨਾਰੇ ਦੇਖ ਕੇ ਆਪਣੀ ਝੁੱਗੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ” ਅਤੇ ” ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ ” । ਸੱਚਮੁੱਚ ਸਾਦਗ਼ੀ ਸੱਚ ਦਾ ਉਹ ਬੂਹਾ ਹੈ ਜੋ ਸਾਨੂੰ ਦੁੱਖਾਂ – ਤਕਲੀਫ਼ਾਂ ਤੋਂ ਤਾਂ ਬਚਾਉਂਦਾ ਹੀ ਹੈ , ਸਗੋਂ ਸਾਨੂੰ ਪਾਪ – ਕਰਮਾਂ ਤੋਂ ਵੀ ਬਚਾ ਕੇ ਰੱਖਦਾ ਹੈ। ਇਨਸਾਨ ਅਤੇ ਇਨਸਾਨੀਅਤ ਦੇ ਲਈ ਸਾਦਗੀ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ , ਤਦ ਹੀ ਅਸੀਂ ਮਹਾਂਪੁਰਖਾਂ ਦੇ ਕਥਨ ” ਸਾਦਾ ਜੀਵਨ – ਉੱਚ ਵਿਚਾਰ” ‘ਤੇ ਪਹਿਰਾ ਦੇ ਸਕਦੇ ਹਾਂ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
( ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਦੇ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ਼ ਹੈ )
9478561356