ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ ਵਲੋਂ ਸਵਰਨ ਭੰਗੂ ਅਤੇ ਬਸ਼ੀਰ ਬਦਰ ਨੂੰ ਸ਼ਰਧਾਂਜ਼ਲੀ
ਟਰਾਂਟੋ-ਉਂਕਾਰਪ੍ਰੀਤ-ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਜੂਨ 2026 ਦੀ ਮੀਟਿੰਗ ਨਾਮਵਰ ਸ਼ਾਇਰ ਡਾਕਟਰ ਬਸ਼ੀਰ ਬਦਰ ਅਤੇ ਉੱਘੇ ਸਮਾਜ ਸੇਵੀ
ਸਵਰਨ ਸਿੰਘ ਭੰਗੂ ਹੁਰਾਂ ਨੂੰ ਸਮਰਪਿਤ ਰਹੀ।
ਮੀਟਿੰਗ ਦੀ ਸ਼ੁਰੂਆਤ ਉੱਘੀ ਖੋਜਾਰਥੀ ਅਤੇ ਸ਼ਾਇਰਾ ਡਾਕਟਰ ਜਗਦੀਪ ਕੌਰ ਆਹੂਜਾ ਦੇ ਰੂ-ਬ-ਰੂ ਨਾਲ ਹੋਈ। ਜਗਦੀਪ ਕੌਰ ਆਹੂਜਾ ਜਿਹਨਾਂ ਨੇ ਖੋਜ, ਗੀਤ,
ਗ਼ਜ਼ਲ ਅਤੇ ਛੰਦ ਬਾਰੇ ਇੱਕ ਦਰਜਨ ਕਿਤਾਬਾਂ ਲਿਖੀਆਂ ਹਨ, ਵਲੋਂ ਇਸ ਮੌਕੇ ਅਪਣੀ ਨਵੀਂ ਖੋਜ ਪੁਸਤਕ, ‘ਆਸਾ ਦੀ ਵਾਰ ਦਾ ਸੁਹਜਾਤਮਿਕ ਗੌਰਵ’ ਵੀ
ਰਿਲੀਜ਼ ਕੀਤੀ। ਉਹਨਾਂ ਇਸ ਮੌਕੇ ਅਪਣੇ ਮਹਾਂ-ਕਾਵਿ ‘ਕਲਯੁੱਗ ਪ੍ਰਮਾਣ ਨਾਨਕ ਗੁਰੁ’ ਚੋਂ ਚੋਣਵਾਂ ਕਵਿਤਾ ਪਾਠ ਵੀ ਕੀਤਾ।
ਕਾਫ਼ਲਾ ਮਿਲਣੀ ‘ਚ ਅਗਲਾ ਰੂ-ਬ-ਰੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਊਚੇਚਾ ਪੁੱਜੇ ਖੋਜਾਰਥੀ ਡਾਕਟਰ ਜਗਦੀਪ ਕੌਰ ਜੀ ਨਾਲ ਹੋਇਆ। ਡਾਕਟਰ
ਜਗਦੀਪ ਕੌਰ ਜੀ ਨੇ ਡਾਕਟਰ ਨਾਹਰ ਸਿੰਘ ਹੁਰਾਂ ਦੀ ਨਿਗਰਾਨੀ ਅਤੇ ਅਗਵਾਈ ਵਿੱਚ ਪੰਜਾਬੀ ਪੇਂਡੂ ਸਮਾਜ ਸਭਿਆਚਾਰ ਅਤੇ ਫੋਕਲੋਰ ਬਾਰੇ ਅਹਿਮ ਖੋਜ
ਕਾਰਜ ਕੀਤੇ ਹਨ। ਪੰਜਾਬੀ ਲੋਕ ਕਹਾਣੀਆਂ, ਖੇਤੀ ਨਾਲ ਜੁੜੇ ਆਖਾਣਾਂ ਦਾ ਕੋਸ਼ ਅਤੇ ਪੇਂਡੂ ਸਭਿਆਚਾਰ ਵਿੱਚਲਾ ਦਰੀਆਂ ਦਾ ਕਲਚਰ, ਉਹਨਾਂ ਦੇ ਕੁਝ
ਅਹਿਮ ਖੌਜ ਕਾਰਜ ਹਨ। ਉਹਨਾਂ ਅਪਣੇ ਅਕਾਦਮਿਕ ਅਤੇ ਖੋਜ ਸਫ਼ਰ ਬਾਰੇ ਅਹਿਮ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ।
ਭਾਰਤ ਤੋਂ ਪੁੱਜੇ ਉੱਘੇ ਸ਼ਾਇਰ ਜਨਾਬ ਸੁਰਿੰਦਰ ਮਕਸੂਦਪੁਰੀ ਹੁਰਾਂ ਨੇ ਇਸ ਮੌਕੇ ਅਪਣੀ ਸੰਪਾਦਿਤ ਕਾਵਿ-ਪੁਸਤਕ ‘ਹਰਫ਼ਾਂ ਦੇ ਹਾਣੀ’ ਲੋਕ ਅਰਪਨ ਕੀਤੀ।
ਸੁਰਿੰਦਰ ਮਕਸੂਦਪੁਰੀ ਹੁਰਾਂ ਵਲੌਂ ਸੰਪਾਦਤ ਇਸ ਪੁਸਤਕ ‘ਚ ਭਾਈ ਵੀਰ ਸਿੰਘ ਤੋਂ ਲੈ ਕੇ ਹੁਣ ਤੀਕ ਦੇ ਨੱਬੇ ਚੋਣਵੇਂ ਸ਼ਾਇਰਾਂ ਦਾ ਕਲਾਮ ਸ਼ਾਮਿਲ ਹੈ।
ਮਕਸੂਦਪੁਰੀ ਹੁਰਾਂ ਦਾ ਇਹ ਸੰਗ੍ਰਹਿ ਆਧੁਨਿਕ ਅਤੇ ਉੱਤਰ ਆਧੁਨਿਕ ਕਵਿਤਾ ਦੇ ਸੁਭਾਅ, ਝੁਕਾਅ, ਨਕਸ਼-ਨੁਹਾਰ ਅਤੇ ਰੰਗਾਂ ਨੂੰ ਬਾਖੂਬੀ ਪੇਸ਼ ਕਰਦਾ ਹੈ। ਇਸ
ਮੌਕੇ ਊਹਨਾਂ ਨੇ ਅਪਣੀਆਂ ਕੁਝ ਚੋਣਵੀਆਂ ਕਵਿਤਾਵਾਂ ਦਾ ਪਾਠ ਵੀ ਕੀਤਾ ਜਿਹਨਾਂ ਵਿੱਚੋਂ ਪੰਜਾਬ ‘ਚ ਪੰਜਾਬੀ ਭਾਸ਼ਾ, ਜ਼ੁਬਾਨ ਅਤੇ ਸਭਿਆਚਾਰ ਪ੍ਰਤੀ ਉਦਾਸੀ
ਦਾ ਪ੍ਰਗਟਾਅ ਮਹਿਸੂਸ ਕੀਤਾ ਜਾ ਸਕਦਾ ਸੀ। ਇਸਦੇ ਨਾਲ ਨਾਲ ਊਹਨਾਂ ਕੁਝ ਕਵਿਤਾਵਾਂ ਪ੍ਰਵਾਸੀ ਵਿਦਿਆਰਥੀਆਂ ਦੀ ਮਨੋਬਿਰਤੀ ਬਾਰੇ ਵੀ ਪੇਸ਼ ਕੀਤੀਆਂ।
ਇਸ ਕਾਫ਼ਲਾ ਮਿਲਣੀ ਦੇ ਸਵਰਨ ਸਿੰਘ ਭੰਗੂ ਸ਼ਰਧਾਂਜਲੀ ਭਾਗ ਵਿੱਚ ਕੁਲਵਿੰਦਰ ਖਹਿਰਾ, ਬਲਦੇਵ ਰਹਿਪਾ, ਸੁਮੇਲ ਕੌਰ, ਸ਼ਰਨਪ੍ਰੀਤ ਕੌਰ ਕੰਗ, ਕਮਲਜੀਤ
ਕੌਰ ਢਿੱਲੋਂ ਅਤੇ ਡਾਕਟਰ ਨਾਹਰ ਸਿੰਘ ਨੇ ਅਪਣੇ ਭਾਵਪੂਰਤ ਵਿਚਾਰ ਪੇਸ਼ ਕੀਤੇ।
ਕੁਲਵਿੰਦਰ ਖਹਿਰਾ ਨੇ ਸਵਰਨ ਭੰਗੂ ਹੁਰਾਂ ਦੇ ਕਰਮਯੋਗੀ ਜੀਵਨ ਅਤੇ ਉਸ ਵਿਚਲੇ ਸਮਾਜ ਸੁਧਾਰ ਦਰਸ਼ਨ ਬਾਰੇ ਅਹਿਮ ਗੱਲਾਂ ਕੀਤੀਆਂ। ਉਹਨਾਂ ਕਿਹਾ ਕਿ
ਨੈਕਸਲਾਈਟ ਮੂਵਮੈਂਟ ਨਾਲ ਜੁੜੇ ਬਹੁਤੇ ਕਾਰਕੁੰਨਾਂ ਦੇ ਉਲਟ ਸਵਰਨ ਭੰਗੂ ਇਸਦੀ ਅਸਫਲਤਾ ਤੋਂ ਨਿਰਾਸ਼ ਹੋ ਕੇ ਸਕਤੇ ‘ਚ ਨਹੀਂ ਆਏ ਸਗੋਂ ਉਹਨਾਂ ਨੇ ਗਰੀਬ
ਪਰਿਵਾਰਾਂ ਦੇ ਬੱਚਿਆਂ ਨੂੰ ਹਰ ਉਹ ਸਿੱਖਿਆ ਸਹੂਲਤ ਤੇ ਮੰਚ ਮੁਹੱਈਆ ਕਰਵਾਇਆ ਜੋ ਅੱਜ ਦੇ ਸਰਮਾਏਦਾਰੀ ਸੰਚਾਲਿਤ ਸਿੱਖਿਆ ਨਿਜਾਮ ‘ਚ ਆਮ ਮਨੁੱਖ
ਲਈ ਅਪਹੁੰਚ ਬਣਾ ਦਿੱਤਾ ਗਿਆ ਹੈ।
ਸਵਰਨ ਭੰਗੂ ਹੁਰਾਂ ਦੇ ਵਰੋਸਾਏ ਵਿਦਿਆਰਥੀਆਂ, ਸੁਮੇਲ ਕੌਰ ਅਤੇ ਸ਼ਰਨਪ੍ਰੀਤ ਕੌਰ ਨੇ ਵੀ ਇਸ ਮੌਕੇ ਸਵਰਨ ਭੰਗੂ ਹੁਰਾਂ ਨਾਲ ਜੁੜੇ ਅਪਣੇ ਭਾਵਪੂਰਤ ਵਿਚਾਰ
ਅਤੇ ਨਿੱਜੀ ਅਨੁਭਵ ਸਾਂਝੇ ਕੀਤੇ। ਕਮਲਜੀਤ ਢਿੱਲੋਂ ਹੁਰਾਂ ਨੇ ਇਸ ਮੌਕੇ ਸਵਰਨ ਭੰਗੂ ਹੁਰਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਉਹਨਾਂ ਦੇ ਸਮਾਜਿਕ ਸਿੱਖਿਆ
ਕਾਰਜਾਂ ਨਾਲ ਜੁੜੇ ਅਪਣੇ ਅਨੁਭਵ ਸਾਂਝੇ ਕੀਤੇ ਅਤੇ ਉਹਨਾਂ ਨੂੰ ਅਣਥੱਕ ਕੰਮ ਕਰਨ ਵਾਲੇ ਕਾਮੇ ਯੋਧੇ ਵਜੋਂ ਯਾਦ ਕੀਤਾ।
ਤਕਰਸ਼ੀਲ ਸੁਸਾਇਟੀ ਕੈਨੇਡਾ ਵਲੋਂ ਬਲਦੇਵ ਰਹਿਪਾ ਜੀ ਨੇ ਇਸ ਮੌਕੇ ਬੋਲਦਿਆਂ ਸਵਰਨ ਭੰਗੂ ਹੁਰਾਂ ਦੀ ਜ਼ਿੰਦਗੀ ਅਤੇ ਵਿਚਾਰਧਾਰਾ ਦੀ ਹਰ ਤੰਦ ਨੂੰ ਸ਼ਹੀਦ
ਭਗਤ ਸਿੰਘ, ਗਦਰੀ ਬਾਬਿਆਂ ਅਤੇ ਭਾਅਜੀ ਗੁਰਸ਼ਰਨ ਸਿੰਘ ਹੁਰਾਂ ਦੀ ਵਿਚਾਰਧਾਰਾ ਨਾਲ ਜੁੜੀ ਦੱਸਿਆ। ਭੰਗੂ ਹੁਰਾਂ ਦੀ ਪਤਨੀ ਉੱਘੀ ਪੰਜਾਬੀ ਅਦਾਕਾਰਾ
ਗੁਰਪ੍ਰੀਤ ਭੰਗੂ ਵੀ ਕਦੇ ਭਾਅਜੀ ਗੁਰਸ਼ਰਨ ਸਿੰਘ ਹੁਰਾਂ ਦੀ ਨਾਟ-ਮੰਡਲੀ ਨਾਲ ਜੁੜੀ ਰਹੀ ਹੈ। ਰਹਿਪਾ ਜੀ ਨੇ ਭੰਗੂ ਹੁਰਾਂ ਵਲੋਂ ਲੋਕ-ਪੱਤਰਕਾਰੀ ‘ਚ ਪਾਏ
ਯੋਗਦਾਨ ਬਾਰੇ ਵੀ ਸਾਂਝ ਪਾਈ। ਊਹਨਾਂ ਨੇ ਕਿਹਾ ਕਿ ਸਵਰਨ ਸਿੰਘ ਭੰਗੂ ਹੁਰਾਂ ਵਲੋਂ ਬੱਚਿਆਂ ਵਿੱਚ ਸੰਚਾਰ ਕਰਦੀ, ਸਮਾਜ ਨੂੰ ਅਸਾਵੇਂ ਤੋਂ ਸਾਵਾਂ ਬਣਾਉਣ ਦੀ,
ਸੋਚ ਊਹਨਾਂ ਦਾ ਸਭ ਤੋਂ ਅਹਿਮ ਯੋਗਦਾਨ ਹੈ ਜਿਸ ਨੂੰ ਹਰ ਹੀਲੇ ਕਾਇਮ ਰੱਖਣਾ ਹੀ ਭੰਗੂ ਹੁਰਾਂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ।
ਡਾਕਟਰ ਨਾਹਰ ਸਿੰਘ ਹੁਰਾਂ ਨੇ ਇਸ ਮੌਕੇ ਸਵਰਨ ਭੰਗੂ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਉਹਨਾਂ ਵਲੋਂ ਸਥਾਪਿਤ ਕੀਤੇ ਗਏ ਸਿੱਖਿਆ ਦੇ ਉਸ ਸਿਸਟਮ ਦਾ ਖਾਸ
ਤੌਰ ਤੇ ਜ਼ਿਕਰ ਕੀਤਾ ਜੋ ਖੱਪਤਯੁੱਗੀ ਸਰਮਾਏਦਾਰੀ ਸਿੱਖਿਆ ਸਿਸਟਮ ਦੇ ਸਮਾਂਨਅੰਤਰ ਹਰ ਪੱਧਰ ਤੇ ਦੱਸਦਾ ਹੈ ਕਿ ਬੰਦੇ ਨੂੰ ਬੰਦਾ ਬਣ ਕੇ ਕਿਵੇਂ ਰਹਿਣਾ ਤੇ
ਜੀਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭੰਗੂ ਵਰਗੇ ਬੱਦੇ ਸਮਾਜ ਵਿੱਚ ਬਹੁਗਿਣਤੀ ‘ਚ ਹੋਣੇ ਚਾਹੀਦੇ ਹਨ।
ਸਮਾਗਮ ਦਾ ਅਗਲਾ ਭਾਗ ਹਾਲ ਹੀ ਵਿੱਚ ਵਿਛੋੜਾ ਦੇ ਗਏ ਉੱਘੇ ਸ਼ਾਇਰ ਜਨਾਬ ਬਸ਼ੀਰ ਬਦਰ ਹੁਰਾਂ ਨੂੰ ਸਮਰਪਿਤ ਸੀ। ਇਸ ਵਿੱਚ ਉੱਘੇ ਸ਼ਾਇਰ ਤੇ ਚਿੰਤਕ
ਪਿਆਰਾ ਸਿੰਘ ਕੁੱਦੋਵਾਲ ਜੀ ਨੇ ਅਪਣਾ ਪਰਚਾ ‘ਡਾਕਟਰ ਬਸ਼ੀਰ ਬਦਰ –ਜੀਵਨ ਤੇ ਸ਼ਾਇਰੀ’ ਪੇਸ਼ ਕੀਤਾ। ਕੁੱਦੋਵਾਲ ਜੀ ਨੇ ਜਿੱਥੇ ਅਪਣੇ ਪਰਚੇ ਵਿੱਚ ਸੱਯਦ
ਮੁਹੰਮਦ ਬਸ਼ੀਰ ਉਰਫ਼ ਬਸ਼ੀਰ ਬਦਰ ਹੁਰਾਂ ਦੇ ਸੰਘਰਸ਼ਮਈ ਜੀਵਨ ਬਾਰੇ ਭਾਵਪੂਰਤ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ ਓਥੇ ਬਦਰ ਸਾਹਿਬ ਦੀ ਸ਼ਾਇਰੀ
ਵਿਚਲੀ ਗੁਣਵੰਤੀ ਸੋਚ, ਫਿਕਰ ਅਤੇ ਤਖੱਯਲ ਨੂੰ ਵੀ ਬਾਖੂਬੀ ਰੌਸ਼ਨੀ ‘ਚ ਲਿਆਂਦਾ। ਉਹਨਾਂ ਆਖਿਆ ਕਿ ਬਸ਼ੀਰ ਬਦਰ ਹੁਰਾਂ ਨੇ ਪਹਿਲੀ ਵੇਰ ਪ੍ਰਚਲਤ ਉਰਦੂ
ਸ਼ਾਇਰੀ ਵਿੱਚ ਆਮ ਬੋਲਚਾਲ ਦੀ ਭਾਸ਼ਾ ਨੂੰ ਥਾਂ ਦੇ ਕੇ ਇਸਨੂੰ ਆਮ ਮਨੁੱਖ ਦੇ ਹੋਰ ਨੇੜੇ ਕੀਤਾ ਅਤੇ ਊਹਨਾਂ ਦੇ ਪ੍ਰਭਾਵ ਹੇਠ ਉਰਦੂ ਹੀ ਨਹੀਂ ਸਗੋਂ ਹੋਰ ਭਾਰਤੀ
ਭਾਸ਼ਾਵਾਂ ਦੇ ਸ਼ਾਇਰਾਂ ਨੇ ਵੀ ਉਹਨਾਂ ਦੀ ਜ਼ਮੀਨ ‘ਚ ਅਪਣੇ ਕਾਵਿ ਖਿਆਲਾਂ ਦਾ ਪ੍ਰਗਟਾਅ ਆਰੰਭਿਆ। ਕੁੱਦੋਵਾਲ ਜੀ ਨੇ ਇਸ ਮੌਕੇ ਡਾਕਟਰ ਬਸ਼ੀਰ ਬਦਰ ਦੇ
2
ਹਰਮਨ-ਪਿਆਰੇ ਤੇ ਅਹਿਮ ਸ਼ਿਅਰ ਵੀ ਸਾਂਝੇ ਕੀਤੇ, ‘ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ। ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ’, ‘ਹਮ ਦਰਿਆ ਹੈਂ
ਹਮੇਂ ਅਪਨਾ ਹੁਨਰ ਮਾਲੂਮ ਹੈ। ਜਿਸ ਤਰਫ਼ ਵੀ ਚਲ ਪੜੇਂਗੇ ਰਾਸਤਾ ਹੋ ਜਾਏਗਾ’।
ਡਾਕਟਰ ਬਸ਼ੀਰ ਬਦਰ ਬਾਰੇ ਦੂਸਰਾ ਪਰਚਾ ਪ੍ਰਭਜੋਤ ਰਾਠੌਰ ਹੁਰਾਂ ਵਲੋਂ ਪੇਸ਼ ਕੀਤਾ ਗਿਆ। ਰਾਠੌਰ ਜੀ ਨੇ ਜਿੱਥੇ ਬਸ਼ੀਰ ਬਦਰ ਹੁਰਾਂ ਦੀ ਸਾਹਿਤਕ ਦੇਣ ਅਤੇ
ਊਰਦੂ ਸ਼ਾਇਰੀ ਨੂੰ ਆਮ ਲੋਕ ਬੋਲੀ ਦੇ ਨੇੜੇ ਲਿਆਉਣ ਦਾ ਬਾਖੂਬੀ ਜ਼ਿਕਰ ਕੀਤਾ ਓਥੇ ਊਹਨਾਂ ਦੇ ਬਹੁਤ ਸਾਰੇ ਮਾਸਟਰ ਪੀਸ ਸ਼ਿਅਰ ਵੀ ਸਾਂਝੇ ਕੀਤੇ,’ਉਜਾਲੇ
ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ। ਨਾ ਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ।’ ਉਹਨਾਂ ਕਿਹਾ ਕਿ ਡਾਕਟਰ ਬਸ਼ੀਰ ਬਦਰ ਦੀ ਸ਼ਾਇਰੀ ਵਿੱਚ
ਸਾਦਗੀ ਵੀ ਹੈ, ਦਰਦ ਵੀ ਅਤੇ ਇੱਕ ਨਰਮ ਖ਼ੂਬਸੂਰਤ ਮਨੁੱਖੀ ਤਹਜ਼ੀਬ ਦੀ ਖੁਸ਼ਬੂ ਵੀ।
ਇਸ ਮੌਕੇ ਉਂਕਾਰਪ੍ਰੀਤ ਵਲੋਂ ਬਸ਼ੀਰ ਬਦਰ ਬਾਰੇ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਊਹਨਾਂ ਦੀ ਸ਼ਾਇਰੀ ‘ਚ ਮੁਹੱਬਤ ਕੇਂਦਰੀ ਰੂਹ ਵਾਂਗ ਹੈ। ਇੱਕ ਐਸੀ
ਤਾਕਤ ਜੋ ਉਹਨਾਂ ਦੀ ਹਰ ਗ਼ਜ਼ਲ, ਹਰ ਸ਼ਿਅਰ ਤੇ ਉਸ ਵਿਚਲੀ ਹਰ ਤਸਵੀਰ ਨੂੰ ਜਜ਼ਬਾਤੀ ਗਹਿਰਾਈ ਨਾਲ ਜੋੜਦੀ ਹੈ। ਬਸ਼ੀਰ ਬਦਰ ਲਈ ਮੁਹੱਬਤ ਸਿਰਫ਼
ਰੋਮਾਂਸ ਨਹੀਂ ਬਲਕਿ ਇਨਸਾਨੀ ਰਿਸ਼ਤਿਆਂ ਦੀ ਨਰਮੀ, ਟੁਟਣ ਦੀ ਚੁਭਨ ਅਤੇ ਜੁੜਨ ਦੀ ਖ਼ਾਹਿਸ਼ ਦਾ ਸਫ਼ਰ ਹੈ। ਤਦ ਹੀ ਡਾਕਟਰ ਬਸ਼ੀਰ ਬਦਰ ਖੁਦ ਨੂੰ
ਤਰੱਕੀਪਸੰਦ ਸ਼ਾਇਰ ਅਖਵਾਉਣ ਦੀ ਬਜਾਏ ਮੁਹੱਬਤ ਦਾ ਸ਼ਾਇਰ ਅਖਵਾਉਣਾ ਪਸੰਦ ਕਰਦੇ ਸਨ।
ਡਾਕਟਰ ਬਸ਼ੀਰ ਬਦਰ ਦੀ ਸ਼ਾਇਰੀ ਬਾਰੇ ਚਰਚਾ ਤੋਂ ਉਪਰੰਤ ਊਹਨਾਂ ਦੀ ਯਾਦ ‘ਚ ਕਵੀ ਦਰਬਾਰ ਕੀਤਾ ਗਿਆ। ਜਿਸਦੀ ਸ਼ੁਰੂਆਤ ਸਾਹਿਤਕ ਰਚਨਾਵਾਂ ਦੇ
ਉੱਘੇ ਗਾਇਕ ਊਪਕਾਰ ਸਿੰਘ ਪਾਤਰ ਹੁਰਾਂ ਵਲੋਂ ਬਸ਼ੀਰ ਬਦਰ ਦੀ ਇੱਕ ਗ਼ਜ਼ਲ ਬਾਤਰੰਨੁਮ ਪੇਸ਼ ਕਰਨ ਨਾਲ ਹੋਈ:
‘ਰਾਹੋਂ ਮੇਂ ਕੌਨ ਆਇਆ ਗਿਆ ਕੁਛ ਪਤਾ ਨਹੀਂ। ਉਸ ਕੋ ਤਾਲਾਸ਼ ਕਰਤੇ ਰਹੇ ਜੋ ਮਿਲਾ ਨਹੀਂ।’
ਉਪਕਾਰ ਸਿੰਘ ਹੁਰਾਂ ਦੇ ਨਾਲ ਨਾਲ ਇਸ ਕਵੀ ਦਰਬਾਰ ‘ਚ ਪਰਮਜੀਤ ਢਿੱਲੋਂ, ਸ਼ਿੰਗਾਰਾ ਸਮਰਾ, ਮਲਵਿੰਦਰ, ਉਂਕਾਰਪ੍ਰੀਤ, ਭੁਪਿੰਦਰ ਦੁਲੇ, ਡਾਕਟਰ
ਜਸਵਿੰਦਰ ਅਤੇ ਕੁਲਜੀਤ ਮਾਨ ਨੇ ਅਪਣਾ ਕਲਾਮ ਅਤੇ ਵਿਚਾਰ ਪੇਸ਼ ਕੀਤੇ।
ਤਕਰੀਬਨ ਚਾਰ ਘੰਟੇ ਚੱਲੀ ਇਸ ਭਾਵਪੂਰਤ ਕਾਫ਼ਲਾ ਮੀਟਿੰਗ ਵਿੱਚ ਵੱਡੀ ਗਿਣਤੀ ‘ਚ ਸ਼ਾਮਿਲ ਲੇਖਕਾਂ, ਪਾਠਕਾਂ ਅਤੇ ਬੁੱਧੀਜੀਵੀਆਂ ‘ਚ ਹੋਰਨਾਂ ਤੋਂ ਇਲਾਵਾ
ਸਰਵ ਸ੍ਰੀ ਗੁਰਦੇਵ ਚੌਹਾਨ, ਪ੍ਰਤੀਕ ਆਰਟਿਸਟ, ਬਲਜਿੰਦਰ ਲੇਲ੍ਹਣਾ, ਕੁਲਦੀਪ ਰੰਧਾਵਾ, ਅਵਤਾਰ ਜੰਡੂ, ਅਜੀਤ ਰੱਖੜਾ, ਕੁਲਦੀਪ ਬੋਪਾਰਾਏ,ਮਨਮੋਹਨ
ਗੁਲਾਟੀ, ਸੋਹਣ ਢੀਡਸਾ, ਹਰਦਿਆਲ ਝੀਤਾ, ਅਤੇ ਜਰਨੈਲ ਸਿੰਘ ਕਹਾਣੀਕਾਰ ਖਾਸ ਤੌਰ ਤੇ ਸ਼ਾਮਿਲ ਹੋਏ। ਇਸ ਮਿਲਣੀ ਦੇ ਸਾਰੇ ਸੈਸ਼ਨਾਂ ਦੀ ਸੰਚਾਲਨਾ
ਭੁਪਿੰਦਰ ਦੁਲੇ ਹੁਰਾਂ ਵਲੋਂ ਬਾਖੂਬੀ ਨਿਭਾਈ ਗਈ ਤੇ ਉਹਨਾਂ ਮੀਟਿੰਗ ਦੇ ਵੱਖੋ ਵੱਖ ਸੈਸ਼ਨਾਂ ‘ਚ ਪੇਸ਼ ਹੋਏ ਪਰਚੇ ਅਤੇ ਵਿਚਾਰਾਂ ਬਾਰੇ ਜਿੱਥੇ ਅਪਣੀਆਂ ਕੁੰਜੀਵਤ
ਟਿੱਪਣੀਆਂ ਕੀਤੀਆਂ ਓਥੇ ਸਮੁੱਚੇ ਪੇਸ਼ਕਾਰਾਂ ਦਾ ਸਵਾਗਤ ਤੇ ਧੰਨਵਾਦ ਵੀ ਕੀਤਾ। ਇਸ ਮਿਲਣੀ ਵਿੱਚ ਚਾਹ-ਪਾਣੀ ਅਤੇ ਰਿਫਰੈਸ਼ਮੈਂਟ ਦੀ ਸੇਵਾ ਲਈ
ਬਲਜਿੰਦਰ ਲੇਲ੍ਹਣਾ ਜੀ ਦਾ ਉਚੇਚਾ ਧੰਨਵਾਦ ਕੀਤਾ ਗਿਆ। ਅਗਲੀ ਕਾਫਲਾ ਮਿਲਣੀ ਲਈ 25 ਜੁਲਾਈ ਨੂੰ ਮੁੜ ਮਿਲਣ ਦੇ ਖੂਬਸੂਰਤ ਇਕਰਾਰ ਨਾਲ ਇਹ
ਮਿਲਣੀ ਸਮਾਪਤ ਹੋਈ।
