40 ਸਾਲਾ ਬਾਦ ਦੇ ਪਹਿਲੀ ਵਾਰ ਅਮਨ ਅਮਾਨ ਨਾਲ ਸਮਾਪਤ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਸਹੀਦੀ ਸਮਾਗਮ
ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵਿਖੇ 41ਵਾਂ ਘੱਲੂਘਾਰਾ ਸ਼ਹੀਦੀ ਸਮਾਗਮ ਅਮਨ ਅਮਾਨ ਨਾਲ ਸੰਪੂਰਨ ਹੋਣ ‘ਤੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਟਕਰਾਅ ਦੇ ਟੱਲ ਜਾਣ ਦਾ ਸਿਹਰਾ ਸਮੁੱਚੀ ਸਿੱਖ ਕੌਮ ਨੂੰ ਦਿਤਾ ਅਤੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਬਹੁਤ ਅਦਬ ਸਤਿਕਾਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਜੂਨ 84 ਦੇ ਸ਼ਹੀਦਾਂ ਦੀ ਯਾਦ ਮਨਾਉਣ ਦੇ ਆ ਰਹੇ ਹਾਂ, ਇਹ ਪਹਿਲੀ ਵਾਰ ਹੈ ਕਿ ਸ਼ਹੀਦੀ ਸਮਾਗਮ ਪੰਥ ਨੇ ਬੜੀ ਸ਼ਾਂਤੀ, ਸਦਭਾਵਨਾ ਤੇ ਏਕਤਾ ਨਾਲ ਸੰਪੂਰਨ ਕੀਤਾ ਹੈ। ਜਿਸ ਦੇ ਲਈ ਉਹ ਸ੍ਰੀ ਗੁਰੂ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸਮੂਹ ਸ਼ਹੀਦਾਂ ਦਾ ਸ਼ੁਕਰਾਰਨਾ ਕਰਦਾ ਹਾਂ । ਉਹਨਾਂ ਕਿਹਾ ਕਿ ਇਥੇ ਸ਼ਹੀਦਾਂ ਦੀ ਸ਼ਕਤੀ ਵਰਤਦੀ ਹੈ। ਉਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਭੂਮਿਕਾ ਦੀ ਸਰਾਹਨਾ ਕੀਤੀ ਜਿਨਾਂ ਨੇ ਬੜੀ ਸਿਆਣਪ ਸਹਿਣਸ਼ੀਲਤਾ ਤਨਦੇਹੀ ਅਤੇ ਦੂਰ ਅੰਦੇਸ਼ੀ ਨਾਲ ਟਕਰਾਅ ਨੂੰ ਰੋਕਣ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਦੀ ਯਾਦ ਵਿੱਚ ਪੰਥ ਵਿੱਚ ਕਿਸੇ ਤਰ੍ਹਾਂ ਦਾ ਵੀ ਟਕਰਾਅ ਨਹੀਂ ਹੋਣਾ ਚਾਹੀਦਾ। ਅੱਜ ਦੁਨੀਆਂ ਭਰ ਦੇ ਵਿੱਚ ਇਸ ਸੰਦੇਸ਼ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਸਮੁੱਚੀ ਪੰਥ ਨੇ ਜੂਨ 84 ਦੇ ਸ਼ਹੀਦਾਂ ਦੀ ਯਾਦ ਬੜੀ ਸ਼ਾਂਤੀ ਅਦਬ ਸਤਿਕਾਰ ਨਾਲ ਮਨਾਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਹੇਠ ਕੌਮ ਨੇ ਇੱਕ ਜੁੱਟਤਾ ਦਿਖਾਈ ਹੈ। ਅੱਜ ਦਾ ਸਮਾਗਮ ਸ਼ਹੀਦਾਂ ਦਾ ਸਮਾਗਮ ਹੈ ਅੱਜ ਤੋਂ 41 ਸਾਲ ਪਹਿਲਾਂ ਭਾਰਤੀ ਹਕੂਮਤ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੋਪਾਂ ਟੈਂਕਾਂ ਨਾ ਹਮਲਾ ਕੀਤਾ ਅਤੇ ਹਜ਼ਾਰਾਂ ਹੀ ਬੇਗੁਨਾਹ ਛੋਟੇ ਬੱਚਿਆਂ ਸਿੰਘਾਂ ਸਿੰਘਣੀਆਂ ਅਤੇ ਬਜ਼ੁਰਗਾਂ ਨੂੰ ਸ਼ਹੀਦ ਕੀਤਾ ਇਸੇ ਦੌਰਾਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਜਨਰਲ ਸ਼ਹਬੇਗ ਸਿੰਘ, ਸ਼ਹੀਦ ਬਾਬਾ ਠਾਰਾ ਸਿੰਘ ਤੇ ਅਨੇਕਾਂ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਉਹਨਾਂ ਕਿਹਾ ਕਿ ਜੂਨ 84 ਦਾ ਮੁੱਖ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੁੰਦਾ ਹੈ, ਫਿਰ ਦੂਜਾ ਸਮਾਗਮ ਦਮਦਮੀ ਟਕਸਾਲ ਦੇ ਮੁੱਖ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਦਾ ਦਿਨ ਤਿਉਹਾਰ ਸ਼ਾਂਤੀ ਏਕਤਾ ਅਤੇ ਇਤਫਾਕ ਨਾਲ ਇਸੇ ਰੂਪ ਵਿੱਚ ਮਨਾਇਆ ਜਾਣਾ ਚਾਹੀਦਾ ਹੈ । ਦੁਨੀਆਂ ਨੂੰ ਇਹ ਸੰਦੇਸ਼ ਜਾਣਾ ਚਾਹੀਦਾ ਹੈ ਕਿ ਸਿੱਖ ਇਸ ਦਿਨ ਨੂੰ ਬੜੇ ਸਤਿਕਾਰ ਅਤੇ ਭੈ ਵਿੱਚ ਆਪਸੀ ਏਕਤਾ ਨਾਲ ਮਨਾਉਂਦੇ ਹਨ। ਪਰ ਕੁਝ ਤੱਤ ਅਜੇ ਹਨ ਜੋ ਹਮੇਸ਼ਾ ਹੀ ਇੱਥੇ ਆ ਕੇ ਇਸ ਜਗ੍ਹਾ ਦਾ ਮਾਹੌਲ ਖਰਾਬ ਕਰਨ ਅਤੇ ਗਲਤ ਰੰਗਤ ਦਿੰਦੇ ਹਨ, ਜਿਸ ਨਾਲ ਸਿੱਖ ਹਿਰਦੇ ਦੁਖੀ ਹੁੰਦੇ ਹਨ । ਅੱਜ ਸਿੱਖ ਦੁਸ਼ਮਣ ਜਮਾਤ ਦੀਆਂ ਨਜ਼ਰਾਂ ਇੱਥੇ ਲੱਗੀਆਂ ਹੋਈਆਂ ਸਨ ਪਰ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਏ। ਅੱਜ ਪਹਿਲੀ ਵਾਰ ਹੈ ਕਿ ਸਿੱਖਾਂ ਨੇ ਬੜੀ ਸ਼ਾਂਤੀ ਨਾਲ ਸ਼ਹੀਦਾਂ ਦਾ ਦਿਨ ਮਨਾਇਆ। ਦਮਦਮੀ ਟਕਸਾਲ ਅਤੇ ਸਿੱਖ ਸੰਪਰਦਾਵਾਂ ਦੇ ਸਿੱਖ ਪੰਥ ਵੱਲੋਂ ਅਪ੍ਰਵਾਨ ਜਥੇਦਾਰ ( ਗਿਆਨੀ ਕੁਲਦੀਪ ਸਿੰਘ ਗੜਗੱਜ) ਵੱਲੋਂ ਸ਼ਹੀਦੀ ਸਮਾਗਮ ਵਿੱਚ ਸੰਦੇਸ਼ ਨਾ ਦੇਣ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਨਾ ਦੇਣ ਪ੍ਰਤੀ ਮੰਗ ਨੂੰ ਸ਼ਹੀਦੀ ਸਮਾਗਮ ਦੇ ਪ੍ਰਬੰਧਕ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨ ਕਰ ਲੈਣ ‘ਤੇ ਉਹਨਾਂ ਕਿਹਾ ਕਿ ਉਹ ਅਜਿਹਾ ਕੋਈ ਦਾਅਵਾ ਜਿਤਾਉਣ ਦੇ ਹੱਕ ਵਿੱਚ ਨਹੀਂ ਹਨ ਕਿਉਂਕਿ ਇਹ ਵੱਡੀ ਈਗੋ ਹਉਮੈ ਹੋਵੇਗੀ ਜੋ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਹਨ, ਉਹਨਾਂ ਕਿਹਾ ਕਿ ਮੈਂ ਅਪੀਲ ਕੀਤੀ ਸੀ ਕਿ ਜਥੇਦਾਰਾਂ ਦੀ ਨਿਯੁਕਤੀ ਸਮੁੱਚੀਆਂ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਭਾਵਾਂ ਫੈਡਰੇਸ਼ਨ ਅਤੇ ਸੰਘਰਸ਼ਸ਼ੀਲ ਸਿੱਖ ਜਥੇਬੰਦੀਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਥੇਦਾਰਾਂ ਦੀ ਨਿਯੁਕਤੀ ਸਬੰਧੀ ਸਮੂਹ ਪੰਥਕ ਜਥੇਬੰਦੀਆਂ ਨਾਲ ਮਿਲ ਬੈਠ ਕੇ ਵਿਚਾਰ ਕਰਨਗੇ। ਉਹਨਾਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਵੱਲੋਂ ਸਮੂਚੀਆਂ ਸਿੱਖ ਜਥੇਬੰਦੀਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਕਰੇ ਤਾਂ ਕੋਈ ਵਿਵਾਦ ਨਹੀਂ ਹੈ ਜਦੋਂ ਅਸੀਂ ਪੰਥ ਨੂੰ ਵਿਸ਼ਵਾਸ ਵਿੱਚ ਨਹੀਂ ਲੈਂਦੇ ਤਾਂ ਵਿਵਾਦ ਖੜੇ ਹੁੰਦੇ ਹਨ। ਉਹਨਾਂ ਕਿਹਾ ਕਿ ਜਥੇਦਾਰਾਂ ਦੀ ਨਿਯੁਕਤੀ ਜਿੱਥੇ ਵਿਧੀ ਵਿਧਾਨ ਅਨੁਸਾਰ ਹੋਣੀ ਚਾਹੀਦੀ ਹੈ ਉਥੇ ਹੀ ਜਥੇਦਾਰਾਂ ਨੂੰ ਵਿਦਾਇਗੀ ਦੇਣ ਵੇਲੇ ਵੀ ਸਨਮਾਨ ਪੂਰਵਕ ਸੇਵਾ ਮੁਕਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹਨਾਂ ਮਾਮਲਿਆਂ ਦੇ ਸਥਾਈ ਹੱਲ ਕੱਢਣ ਲਈ ਸ਼੍ਰੋਮਣੀ ਕਮੇਟੀ ਨੂੰ ਕਹਿਣਗੇ ਤਾਂ ਕਿ ਸਿੱਖ ਜਥੇਬੰਦੀਆਂ ਦੇ ਸਰਬ ਸਾਂਝੇ ਰਾਏ ਨਾਲ ਸਰਬ ਪ੍ਰਵਾਨਿਤ ਜਥੇਦਾਰ ਲਗਾਏ ਜਾ ਸਕਣ।