ਤਰਮਨ ਤੂਰ ਖ਼ਿਲਾਫ਼ ਗੈਰਕਾਨੂੰਨੀ ਕਾਰ ਰੇਸਿੰਗ ਅਤੇ ਖ਼ਤਰਨਾਕ ਡਰਾਈਵਿੰਗ ਦੇ ਦੋਸ਼
ਬਰੈਂਪਟਨ, ਓਨਟਾਰੀਓ: ਪੀਲ ਰੀਜਨਲ ਪੁਲਿਸ ਨੇ ਮਿਸੀਸਾਗਾ ਅਤੇ ਟੋਰਾਂਟੋ ਵਿੱਚ ਕਥਿਤ ਗੈਰਕਾਨੂੰਨੀ ਕਾਰ ਰੇਸਿੰਗ ਅਤੇ ਖ਼ਤਰਨਾਕ ਡਰਾਈਵਿੰਗ ਦੀਆਂ ਘਟਨਾਵਾਂ ਦੀ ਤਿੰਨ ਮਹੀਨੇ ਤੱਕ ਚੱਲੀ ਜਾਂਚ ਤੋਂ ਬਾਅਦ ਬਰੈਂਪਟਨ ਦੇ 24 ਸਾਲਾ ਵਸਨੀਕ ਤਰਮਨ ਤੂਰ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਈ ਦੋਸ਼ ਲਗਾਏ ਹਨ।
ਪੀਲ ਰੀਜਨਲ ਪੁਲਿਸ ਅਨੁਸਾਰ, ਸੇਫਰ ਰੋਡਜ਼ ਟੀਮ ਦੇ ਜਾਂਚ ਅਧਿਕਾਰੀਆਂ ਨੇ ਅਜਿਹੇ ਡਰਾਈਵਰ ਦੀ ਪਛਾਣ ਕੀਤੀ ਸੀ ਜੋ ਕਥਿਤ ਤੌਰ ‘ਤੇ ਕਈ ਗੈਰਕਾਨੂੰਨੀ ਕਾਰ ਰੇਸਾਂ ਵਿੱਚ ਸ਼ਾਮਲ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਬੰਧਤ ਵਾਹਨ ‘ਤੇ ਨੰਬਰ ਪਲੇਟਾਂ ਨਹੀਂ ਸਨ ਅਤੇ ਡਰਾਈਵਰ ਆਪਣੀ ਪਛਾਣ ਲੁਕਾਉਣ ਲਈ ਸਕੀ ਮਾਸਕ ਪਹਿਨਦਾ ਸੀ।
ਪੁਲਿਸ ਮੁਤਾਬਕ, 30 ਅਗਸਤ ਨੂੰ ਸਵੇਰੇ ਲਗਭਗ 1 ਵੱਜ ਕੇ 6 ਮਿੰਟ ‘ਤੇ ਅਧਿਕਾਰੀਆਂ ਨੇ ਐਕਸਪਲੋਰਰ ਡਰਾਈਵ ਅਤੇ ਸੈਟੇਲਾਈਟ ਡਰਾਈਵ ਦੇ ਇਲਾਕੇ ਵਿੱਚ ਇੱਕ ਲਾਲ ਰੰਗ ਦੀ BMW M3 ਕਾਰ ਨੂੰ ਕਥਿਤ ਤੌਰ ‘ਤੇ ਸਟਰੀਟ ਰੇਸਿੰਗ ਕਰਦੇ ਦੇਖਿਆ।
26 ਸਤੰਬਰ ਨੂੰ ਪੁਲਿਸ ਨੇ ਇਸੇ ਕਾਰ ਨੂੰ ਦੋ ਵੱਖ-ਵੱਖ ਮੌਕਿਆਂ ‘ਤੇ ਰੇਸਿੰਗ ਕਰਦੇ ਦੇਖਿਆ। ਪਹਿਲੀ ਘਟਨਾ ਮੀਡੋਪਾਈਨ ਬੁਲੇਵਾਰਡ ਅਤੇ ਡੈਨਬਰੋ ਕ੍ਰੈਸੈਂਟ ਦੇ ਇਲਾਕੇ ਵਿੱਚ ਵਾਪਰੀ, ਜਿੱਥੇ ਕਾਰ ਕਥਿਤ ਤੌਰ ‘ਤੇ ਵਿੰਸਟਨ ਚਰਚਿਲ ਬੁਲੇਵਾਰਡ ਅਤੇ ਹਾਈਵੇਅ 401 ਦੇ ਚੌਰਾਹੇ ‘ਤੇ ਲਾਲ ਬੱਤੀ ਪਾਰ ਕਰ ਗਈ। ਦੂਜੀ ਘਟਨਾ ਟੋਰਾਂਟੋ ਦੇ ਕਲੇਸਨ ਰੋਡ ਅਤੇ ਬਾਰਟਰ ਰੋਡ ਦੇ ਇਲਾਕੇ ਵਿੱਚ ਦਰਜ ਕੀਤੀ ਗਈ।
ਜਾਂਚ ਤੋਂ ਬਾਅਦ ਪੁਲਿਸ ਨੇ ਡਰਾਈਵਰ ਦੀ ਪਛਾਣ ਬਰੈਂਪਟਨ ਵਾਸੀ 24 ਸਾਲਾ ਤਰਮਨ ਤੂਰ ਵਜੋਂ ਕੀਤੀ।
28 ਅਕਤੂਬਰ ਨੂੰ ਪੁਲਿਸ ਨੇ ਬਰੈਂਪਟਨ ਸਥਿਤ ਇੱਕ ਰਿਹਾਇਸ਼ ‘ਤੇ ਕ੍ਰਿਮੀਨਲ ਕੋਡ ਤਹਿਤ ਸਰਚ ਵਾਰੰਟ ਲਾਗੂ ਕਰਦਿਆਂ ਤਰਮਨ ਤੂਰ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਵੱਲੋਂ ਉਸ ਖ਼ਿਲਾਫ਼ ਤਿੰਨ-ਤਿੰਨ ਦੋਸ਼ ਲਗਾਏ ਗਏ ਹਨ: ਖ਼ਤਰਨਾਕ ਢੰਗ ਨਾਲ ਮੋਟਰ ਵਾਹਨ ਚਲਾਉਣਾ, ਅਪਰਾਧ ਕਰਨ ਦੇ ਇਰਾਦੇ ਨਾਲ ਭੇਸ ਬਦਲਣਾ ਅਤੇ ਮੋਟਰ ਵਾਹਨ ਦੀ ਗੈਰਕਾਨੂੰਨੀ ਰੇਸਿੰਗ ਕਰਨਾ।
ਤਰਮਨ ਤੂਰ ਨੂੰ ਅਗਲੀ ਤਰੀਕ ‘ਤੇ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣਾ ਪਵੇਗਾ।
ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਇਸ ਮਾਮਲੇ ਜਾਂ ਖ਼ਤਰਨਾਕ ਡਰਾਈਵਿੰਗ ਅਤੇ ਗੈਰਕਾਨੂੰਨੀ ਰੇਸਿੰਗ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਸੇਫਰ ਰੋਡਜ਼ ਟੀਮ ਨੂੰ 905-453-2121 ਐਕਸਟੈਂਸ਼ਨ 3730 ‘ਤੇ ਦਿੱਤੀ ਜਾ ਸਕਦੀ ਹੈ।
ਪੁਲਿਸ ਨੇ ਕਿਹਾ ਹੈ ਕਿ ਖ਼ਤਰਨਾਕ ਡਰਾਈਵਿੰਗ ਦੀਆਂ ਘਟਨਾਵਾਂ ਦੀ ਰਿਪੋਰਟ ਆਨਲਾਈਨ ਰੋਡ ਵਾਚ ਸੇਵਾ ਰਾਹੀਂ ਵੀ ਕੀਤੀ ਜਾ ਸਕਦੀ ਹੈ। ਜੇਕਰ ਕਿਸੇ ਵਾਹਨ ਦੀ ਖ਼ਤਰਨਾਕ ਡਰਾਈਵਿੰਗ ਨਾਲ ਲੋਕਾਂ ਦੀ ਸੁਰੱਖਿਆ ਨੂੰ ਤੁਰੰਤ ਖ਼ਤਰਾ ਹੋਵੇ ਤਾਂ 911 ‘ਤੇ ਕਾਲ ਕਰਨ ਦੀ ਅਪੀਲ ਕੀਤੀ ਗਈ ਹੈ।
ਕਾਨੂੰਨੀ ਪੱਖ: ਤਰਮਨ ਤੂਰ ਖ਼ਿਲਾਫ਼ ਲਗਾਏ ਗਏ ਦੋਸ਼ ਹਾਲੇ ਸਾਬਤ ਨਹੀਂ ਹੋਏ ਹਨ। ਅਦਾਲਤ ਵਿੱਚ ਦੋਸ਼ ਸਾਬਤ ਹੋਣ ਤੱਕ ਹਰ ਵਿਅਕਤੀ ਨੂੰ ਬੇਕਸੂਰ ਮੰਨਿਆ ਜਾਂਦਾ ਹੈ।
