ਟਾਪਦੇਸ਼-ਵਿਦੇਸ਼

ਆਓ ਉਦਾਸੀਆਂ ਕਰੀਏ !ਬੁੱਧ ਚਿੰਤਨ / ਬੁੱਧ ਸਿੰਘ ਨੀਲੋਂ

ਸ਼ਬਦ ਦੀ ਯਾਤਰਾ ਕਰਦਿਆਂ, ਸ਼ਬਦਾਂ ਦੇ ਆਰ-ਪਾਰ ਜਾਣਾ ਪੈਂਦਾ ਹੈ। ਸ਼ਬਦ ਕੇਵਲ ਯਾਤਰਾ ਹੀ ਨਹੀਂ ਕਰਦੇ, ਇਹ ਤਾਂ ਬਣਦੇ, ਘੜੇ ਜਾਂਦੇ, ਸਾਧੇ ਤੇ ਤਰਾਸ਼ੇ ਜਾਂਦੇ ਹਨ ।ਜਨਮ ਦੇ, ਮਰਦੇ, ਸੁੰਗੜਦੇ, ਫੈਲਦੇ, ਗੁਆਚਦੇ ਹੋਏ ਸਮੇਂ ਦੇ ਨਾਲ ਨਾਲ ਯਾਤਰਾ ਕਰਦੇ ਹਨ। ਮਨੁੱਖ ਦਾ ਸ਼ਬਦ ਦੇ ਨਾਲ ਰਿਸ਼ਤਾ ਜਨਮ ਤੋਂ ਪਹਿਲਾਂ ਹੀ ਗਰਭ ਵਿੱਚ ਪੈ ਜਾਂਦਾ ਹੈ।
ਇਸੇ ਕਰਕੇ ਅਸੀਂ ਬਹੁਤ ਕੁੱਝ ਨਾਲ ਹੀ ਲੈ ਕੇ ਜੰਮਦੇ ਹਾਂ, ਜੰਮਦਿਆਂ ਦੇ ਮੂੰਹ ਤਿੱਖੇ ਇਸੇ ਕਰਕੇ ਹੁੰਦੇ ਹਨ, ਕਿ ਉਹਨਾਂ ਦੇ ਮੂੰਹ ਤਿੱਖੇ ਕਰਨ ਲਈ ਸਾਡੇ ਪੁਰਖਿਆਂ ਨੇ ਜਿੱਥੇ ਸਾਨੂੰ ਲੋਰੀਆਂ ਦਿੱਤੀਆਂ ਹਨ, ਬਹਾਦਰੀ ਤੇ ਕੁਰਬਾਨੀ ਦੀਆਂ ਕਥਾਵਾਂ ਸੁਣਾਈਆਂ ਹਨ, ਉੱਥੇ ਉਹਨਾਂ ਨੇ ਸਾਨੂੰ ਆਪਣੇ ਤੇ ਬੇਗਾਨਿਆਂ ਦਾ ਅਹਿਸਾਸ ਹੀ ਨਹੀਂ ਕਰਵਾਇਆ, ਸਗੋਂ ਸੁਚੇਤ ਰਹਿਣ ਦਾ ਪਾਠ ਵੀ ਪੜਾਇਆ ਹੈ।
ਅਸੀਂ ਪੜਾਏ ਗਏ ਪਾਠਾਂ ਨੂੰ ਅਮਲ ਵਿੱਚ ਲਿਆਉਣ ਦੀ ਬਜਾਏ, ਖੁਦ ਪਾਠ ਕਰਨ ਲੱਗ ਪਏ ਤੇ ਅਸੀਂ ਪਾਠੀ ਹੋ ਗਏ। ਪਾਠ ਕਰਨ ਤੇ ਪਾਠੀ ਹੋਣ ਵਿੱਚ ਢੇਰ ਅੰਤਰ ਹੈ, ਪਰ ਸਾਡੀ ਬਦਕਿਸਮਤੀ ਇਹ ਹੋ ਗਈ ਕਿ ਅਸੀਂ ਪਾਠੀਆਂ ਨੂੰ ਹੀ ਗੁਰੂ ਦੇ ਵਜ਼ੀਰ ਸਮਝਣ ਲੱਗ ਪਏ ਹਾਂ।
ਇਸ ਕਰਕੇ ਅਸੀਂ ਸ਼ਬਦ ਗੁਰੂ ਦੇ ਨਾਲੋਂ ਟੁੱਟ ਕੇ ਪਾਠੀਆਂ, ਕੀਰਤਨੀਆਂ ਤੇ ਪੁਜਾਰੀਆਂ ਦੇ ਕਦਮਾਂ ਵਿੱਚ ਸਿਰ ਰੱਖ ਕੇ ਆਪਣੇ ਚੰਗੇ ਭਵਿੱਖ ਦੀਆਂ ਅਰਦਾਸਾਂ ਕਰਦੇ ਹਾਂ ਤੇ ਉਹਨਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਾਂ। ਪਾਠੀਆ ਦੇ ਨਾਲ ਕਮੇਟੀਆਂ ਕੀ ਕੀ ਕਰਦੀਆਂ ਹਨ? ਤੌਬਾ ਐ, ਸਿੱਖ ਕੌਮ ਦੇ ਚੌਧਰੀ ਹੁਣ ਨਰੈਣੂ ਮਹੰਤ ਬਣ ਗਏ ਹਨ ।
ਸ਼ਬਦ ਗੁਰੂ ਦੀਆਂ ਗੱਲਾਂ ਕਰਦੇ ਅਸੀਂ ਅਰਦਾਸਾਂ ਤਾਂ ਗੁਰੂ ਅੱਗੇ ਕਰਦੇ ਹਾਂ, ਪਰ ਸਾਡਾ ਸਿਰ ਉਹਨਾਂ ਪੁਜਾਰੀਆਂ ਦੇ ਕਦਮਾਂ ਥੱਲੇ ਹੁੰਦਾ ਹੈ, ਜਿਹੜੇ ਆਪਣੇ ਆਪ ਨੂੰ ਸ਼ਬਦ ਗੁਰੂ ਨਾਲੋਂ ਵੀ ਵੱਡਾ ਸਮਝਦੇ ਹਨ ਪਰ ਉਹ ਵੱਡੇ ਹੁੰਦੇ ਨਹੀਂ।
ਵੱਡੇ ਹੋਣ ਲਈ ਧੁੱਪੇ ਬੈਠ ਕੇ ਦਾਹੜੀ ਚਿੱਟੀ ਕਰਨਾ ਵੀ ਨਹੀਂ ਹੁੰਦਾ ਤੇ ਨਾ ਹੀ ਕਿਸੇ ਵੱਡੇ ਅਹੁਦੇ ਤੇ ਪੁੱਜ ਜਾਣਾ ਹੁੰਦਾ ਹੈ ਪਰ ਅਸੀਂ ਉਹਨਾਂ ਨੂੰ ਹੀ ਵੱਡੇ ਸਮਝਣ ਲੱਗ ਪੈਂਦੇ ਹਾਂ, ਜਿੰਨਾਂ ਦੇ ਬਸਤਰ ਚਿੱਟੇ ਤੇ ਦਿਲ ਕਾਲੇ ਹੁੰਦੇ ਹਨ ।
ਸ਼ਬਦ ਦੀ ਯਾਤਰਾ ਦਾ ਇੱਕ ਲੰਬਾ ਤੇ ਸੰਘਰਸ਼ਮਈ ਇਤਿਹਾਸ ਹੈ। ਇਹ ਇਤਿਹਾਸ ਨੂੰ ਵਾਚਦਿਆਂ ਅਸੀਂ ਕਦੇ ਵੀ ਸ਼ਬਦਾਂ ਦੀ ਗਹਿਰਾਈ ਤੇ ਅਸਮਾਨ ਵਰਗੀ ਉਚਾਈ ਨਹੀਂ ਮਾਪ ਸਕਦੇ।
ਉਂਝ ਅਸੀਂ ਸ਼ਬਦਾਂ ਦੇ ਵਣਜਾਰੇ ਅਖਵਾਉਣ ਦਾ ਢੌਂਗ ਰਚਦੇ ਹਾਂ। ਸ਼ਬਦਾਂ ਦਾ ਢੌਂਗ ਉਹੀ ਰਚਦੇ ਹਨ ਜਿੰਨਾਂ ਨੂੰ ਸ਼ਬਦਾਂ ਨਾਲ ਖੇਡਣਾ ਆਉਂਦਾ ਹੈ।
ਸ਼ਬਦਾਂ ਨਾਲ ਖੇਡਣ ਲਈ ਸ਼ਬਦਾਂ ਦੀ ਭਾਸ਼ਾ ਨੂੰ ਸਮਝਣਾ ਬੜਾ ਔਖਾ ਮਾਰਗ ਹੈ ਪਰ ਅਸੀਂ ਔਖੇ ਮਾਰਗਾਂ ਦੇ ਮੁਸਾਫਿਰ ਨਹੀਂ, ਇਸ ਕਰਕੇ ਅਸੀਂ ਬਾਤਾਂ ਸੁਨਣੀਆਂ ਤੇ ਪੜ੍ਹਨੀਆਂ ਭੁੱਲ ਗਏ ਹਾਂ।
ਸ਼ਬਦ ਗੁਰੂ ਨੂੰ ਭੁੱਲਣ ਕਰਕੇ ਅਸੀਂ ਜ਼ਿੰਦਗੀ ਦੇ ਅਜਿਹੇ ਭਵ-ਸਾਗਰ ਵਿੱਚ ਫਸ ਗਏ ਹਾਂ, ਸਾਡੀ ਹਾਲਤ ਝਾਲ ਦੇ ਪਾਣੀਆਂ ਵਰਗੀ ਹੋ ਗਈ ਹੈ, ਜਿਹੜਾ ਆਪਣੀ ਹੀ ਪਰਿਕਰਮਾ ਕਰਦਾ ਰਹਿੰਦਾ ਤੇ ਸੋਚਦਾ ਹੈ, ਉਸ ਨੇ ਬਹੁਤ ਲੰਬਾ ਸਫ਼ਰ ਤਹਿ ਕਰ ਲਿਆ ਹੈ।
ਸਫਰ ਤੈਅ ਕਰਨ ਲਈ ਪੈਰਾਂ ਨਾਲ ਨਹੀਂ ਸੋਚ, ਸਮਝ ਤੇ ਮੰਜ਼ਿਲ ਦਾ ਨਿਸ਼ਾਨਾ ਮਿੱਥ ਕੇ ਤੁਰਿਆ ਜਾਂਦਾ ਹੈ। ਉਂਝ ਅਸੀਂ ਹਰ ਵੇਲੇ ਵੱਖ ਵੱਖ ਥਾਵਾਂ ਦੀਆਂ ਯਾਤਰਾਵਾਂ ‘ਤੇ ਤੁਰੇ ਤਾਂ ਰਹਿੰਦੇ ਹਾਂ, ਪਰ ਅਸੀਂ ਕਿਸੇ ਮੰਜ਼ਿਲ ਉਤੇ ਨਹੀਂ ਪੁੱਜਦੇ। ਇਸੇ ਕਰਕੇ ਘੁੰਮਣਘੇਰੀ ਵਿੱਚ ਗੁਆਚ ਜਾਂਦੇ ਹਾਂ।
ਗੁਆਚਦੇ ਉਹੀ ਹੁੰਦੇ ਹਨ, ਜਿੰਨਾਂ ਨੇ ਮੁੜ ਕੇ ਕੁੱਝ ਲੱਭ ਕੇ ਲਿਆਉਣਾ ਨਹੀਂ ਹੁੰਦਾ ਹੈ। ਦੁੱਧ ਤੇ ਪਾਣੀ ਦਾ ਨਿਤਾਰਾ ਉਹੀ ਕਰ ਸਕਦਾ ਹੈ, ਜਿਸ ਕੋਲ ਪਰਖਣ ਦੀ ਕਸਵੋਟੀ ਹੋਵੇ।
ਪਰ ਅਸੀਂ ਪਰਖਣੀਆਂ ਲਾ ਲਾ ਕੇ ਉਹਨਾਂ ਲੋਕਾਂ ਦਾ ਲਹੂ ਹੀ ਨਿਚੋੜਦੇ ਹਾਂ, ਜਿੰਨਾਂ ਦੇ ਅੰਦਰ ਲਹੂ ਹੁੰਦਾ ਨਹੀਂ। ਅਸੀਂ ਕਦੇ ਵੀ ਉਹਨਾਂ ਦੇ ਇਹ ਪਰਖਣੀਆਂ ਨਹੀਂ ਲਾਉਂਦੇ ਜਿਹੜੇ ਲੋਕਾਂ ਦਾ ਲਹੂ ਪੀਂਦੇ ਹਨ। ਪਰ ਆਪਣੇ ਆਪ ਨੂੰ ਸ਼ਾਕਾਹਾਰੀ ਕਹਿੰਦੇ ਹਨ।
ਚਿੱਟੇ ਬਸਤਰ ਤੇ ਚਿੱਟੀ ਦਾਹੜੀ ਦੇ ਨਾਲ ਆਪਣੇ ਅੰਦਰਲੇ ਕਾਲਖ ਨੂੰ ਲਕੋਇਆ ਨਹੀਂ ਜਾ ਸਕਦਾ। ਤੁਹਾਡੇ ਅੰਦਰਲੀ ਕਾਲਖ ਤੁਹਾਡੀ ਅੱਖਾਂ ਦੇ ਰਾਂਹੀ ਸਾਰੀ ਹੀ ਚੁਗਲੀ ਕਰ ਦਿੰਦੀ ਹੈ, ਪਰ ਤੁਹਾਨੂੰ ਪਤਾ ਹੀ ਨਹੀਂ ਲਗਦਾ ਕਿ ਤੁਹਾਡੇ ਦਿਲ ਦੀਆਂ ਗੱਲਾਂ ਦੂਸਰੇ ਨੂੰ ਕਿਵੇਂ ਪਤਾ ਲੱਗ ਗਈਆਂ ਹਨ, ਤੁਸੀ ਆਪਣਿਆਂ ‘ਤੇ ਸ਼ੱਕ ਕਰਦੇ ਹੋ ਤੇ ਬੇਗਾਨਿਆਂ ਉੱਤੇ ਵਿਸ਼ਵਾਸ ਕਰਨ ਲੱਗਦੇ ਹੋ।
ਇਸੇ ਕਰਕੇ ਅਸੀਂ ਆਪਣਿਆਂ ਦੇ ਹੱਥੋਂ ਕਤਲ ਹੁੰਦੇ ਹਾਂ, ਤਾਂ ਕਤਲ ਕਰਦੇ ਹਾਂ। ਸਾਡੇ ਕਾਤਲ ਕੋਈ ਬਾਹਰੋਂ ਨਹੀਂ ਆਉਂਦੇ, ਸਾਡੇ ਅੰਦਰੋ ਹੀ ਪੈਦਾ ਹੁੰਦੇ ਹਨ। ਇਹ ਉਦੋਂ ਹੀ ਪੈਦਾ ਹੁੰਦੇ ਹਨ, ਜਦੋਂ ਅਸੀਂ ਹਰ ਇੱਕ ਤੇ ਵਿਸ਼ਵਾਸ ਕਰਦੇ ਹਾਂ, ਵਿਸ਼ਵਾਸ਼ ਇੱਕ ਦਿਨ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ। ਬੜੀ ਘਾਲਣਾ ਘਲਣੀ ਪੈਂਦੀ ਹੈ।
ਪਰ ਅਸੀਂ ਘਾਲਣਾ ਨਹੀਂ ਘਾਲਦੇ, ਘੌਲੀ ਜ਼ਰੂਰ ਬਣ ਜਾਂਦੇ ਹਾਂ। ਸ਼ਬਦਾਂ ਦੀ ਯਾਤਰਾ ਜਦੋਂ ਬੰਦਿਸ਼ ਬਣਦੀ ਹੈ ਤਾਂ ਤਲਵਾਰ ਲਹੂ ਮੰਗਦੀ। ਜਦੋਂ ਤਲਵਾਰ ਲਹੂ ਮੰਗਦੀ ਹੈ ਸੋਚ ਜਨਮ ਲੈਂਦੀ, ਸੋਚ ਜਿਹੜੀ ਵਿਚਾਰ ਧਾਰਾ ਬਣਦੀ ਹੈ। ਤਾਂ ਫਿਰ ਸਿਰ ਉਠਦੇ ਹਨ, ਬਗੈਰ ਸਿਰਾਂ ਵਾਲੇ ਸਿਰ ਹੁੰਦਿਆਂ ਵੀ ਦੌੜਦੇ ਹਨ।
ਜਦੋਂ ਬਗੈਰ ਸਿਰ ਦੇ ਕੋਈ ਦੌੜਦਾ ਹੈ ਤਾਂ ਆਪਣੀ ਮੌਤ ਖੁਦ ਮਰਦਾ ਹੈ। ਤਲਵਾਰ ਦੇ ਅੱਗੇ ਜਦੋਂ ਉਠ ਕੇ ਕੋਈ ਆਪਣਾ ਸੀਸ ਭੇਂਟ ਕਰਦਾ ਹੈ ਤੇ ਉਹ ਬੇਗਾਨਾ ਵੀ ਆਪਣਾ ਹੋ ਜਾਂਦਾ ਹੈ। ਇਹ ਬੇਗਾਨਗੀ ਉਦੋਂ ਤੱਕ ਹੀ ਰਹਿੰਦੀ ਹੈ, ਜਦੋਂ ਤੱਕ ਕੋਈ ਇੱਕ ਦੂਜੇ ਨਾਲ ਜੁੜਦਾ ਨਹੀਂ। ਤਾੜੀ ਇੱਕ ਹੱਥ ਨਾਲ ਨਹੀਂ ਦੋਹਾਂ ਨਾਲ ਵੱਜਦੀ ਹੈ। ਦੋਹਾਂ ਨੂੰ ਜੋੜ ਕੇ ਹੀ ਨਵਾਂ ਕੁੱਝ ਸਿਰਜਿਆ ਜਾਂਦਾ ਹੈ। ਪਰ ਅਸੀਂ ਕੁਦਰਤ ਦੀ ਇਸ ਸਿਰਜਣਾ ਦੇ ਖਿਲਾਫ਼ ਸਮਲਿੰਗੀ ਹੋ ਗਏ। ਹੁਣ ਤੇ ਬੇਬੀ ਟਿਊਬ ਤੱਕ ਪੁਜਗੇ ਹਾਂ .
ਜੁੜਦਿਆਂ ਅਤੇ ਤੁਰਦਿਆਂ ਦਾ ਹੀ ਕਾਫਲਾ ਬਣਦਾ ਹੈ। ਭੀੜ ਦੀ ਕੋਈ ਸੋਚ ਨਹੀਂ ਹੁੰਦੀ। ਕਾਫਲੇ ਤੇ ਦਰਿਆ ਦਾ ਕੋਈ ਵਹਿਣ ਨਹੀਂ ਹੁੰਦਾ। ਉਹ ਤਾਂ ਆਪਣੇ ਰਸਤੇ ਖੁਦ ਸਿਰਜਦਾ ਹੈ, ਰਸਤੇ ਬਣਾਉਂਦਾ ਹੋਇਆ ਮੰਜਿਲ ਤੱਕ ਪੁੱਜਦਾ ਹੈ।
ਮੰਜਿਲ ਤੱਕ ਪੁੱਜਣ ਲਈ ਸਫਰ ਦੀ ਨਹੀਂ ਸਬਰ ਦੀ ਲੋੜ ਪੈਂਦੀ ਹੈ, ਸਿਰ ਕਟਾਉਣਾ ਪੈਂਦਾ ਹੈ, ਚਰਖੜੀਆਂ ਤੇ ਚੜਨਾ ਤੇ ਰੂੰ ‘ਚ ਸੜਨਾ ਤੇ ਦੇਗ ਵਿੱਚ ਉਬਾਲੇ ਖਾਣੇ, ਬੰਦ ਬੰਦ ਕਟਾਉਣਾ ਪੈਂਦਾ ਹੈ। ਬੰਦ ਬੰਦ ਉਹੀ ਕਟਵਾ ਸਕਦਾ, ਜਿਹੜਾ ਸ਼ਬਦ ਗੁਰੂ ਦਾ ਮੁਰੀਦ ਹੋਵੇ, ਆਸ਼ਕ ਹੋਵੇ।
ਝਨਾ ਕੱਚੇ ਘੜੇ ਨਹੀਂ ਤਰ ਸਕਦੇ। ਇਸੇ ਕਰਕੇ ਕੱਚੇ ਘੜੇ ਬੇਦਾਵਾ ਦੇ ਕੇ ਗੁਰੂ ਸ਼ਬਦ ਤੋਂ ਮੁੱਖ ਮੋੜਕੇ ਭੱਜਦੇ ਹਨ।
ਸ਼ਬਦ ਗੁਰੂ ਤੋਂ ਅੰਮ੍ਰਿਤ ਤੱਕ ਦਾ ਸਫ਼ਰ ਏਡਾ ਸੌਖਾ ਨਹੀਂ। ਜਿੰਨਾ ਸੌਖਾ ਅਸੀਂ ਬਣਾ ਦਿੱਤਾ ਹੈ। ਇਸੇ ਕਰਕੇ ਹੀ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਘਰ ਨਾਲ ਤਾਂ ਜੁੜਦੇ ਹਾਂ ਪਰ ਸ਼ਬਦ ਗੁਰੂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਬਗੈਰ ਸਿਰਾਂ ਦੇ ਗਲਾਂ ਵਿੱਚ ਸਵਾ ਮੀਟਰ ਕੱਪੜਾ ਪਾ ਕੇ ਅਸੀਂ ਆਪਣੇ ਇਤਿਹਾਸ ਦੀ ਤੌਹੀਨ ਕਰਦੇ ਹੋਏ ਆਖਦੇ ਹਾਂ, ਹਜ਼ਾਰਾਂ ਪ੍ਰੇਮੀ ਗੁਰੂ ਵਾਲੇ ਬਣੇ। ਪਰ ਅਸੀਂ ਭੁੱਲ ਜਾਂਦੇ ਹਾਂ, ਗੁਰੂ ਵਾਲੇ ਬਣਨ ਤੋਂ ਪਹਿਲਾਂ ਸੀਸ ਤਲੀ ਤੇ ਧਰਨਾ ਪੈਂਦਾ ਹੈ।
ਆਪੇ ਗੁਰੂ ਤੇ ਚੇਲਾ ਉਹ ਬਣ ਸਕਦਾ ਹੈ, ਜਿਸ ਦੇ ਅੰਦਰੋਂ ‘ਮੈਂ’ ਮੁਕ ਜਾਵੇ-ਤੂੰ ਹੀ ਤੂੰ ਤੱਕ ਉਹੀ ਪੁੱਜ ਸਕਦਾ ਹੈ, ਜਿਹੜਾ ਇਸ ਖੰਡ ਵਿਚੋਂ ਨਿਕਲ ਕੇ ਬ੍ਰਹਿਮੰਡ ਤੱਕ ਪੁੱਜ ਜਾਵੇ ਪਰ ਅਸੀਂ ਤਾਂ ਗੁਰੂ ਵਾਲੇ ਹੋ ਕੇ ਅਜੇ ਉਨਾਂ ਦਲਦਲਾਂ ਵਿੱਚ ਫਸੇ ਹੋਏ ਹਾਂ। ਜਿੰਨਾਂ ਵਿੱਚੋਂ ਕੱਢਣ ਲਈ ਸ਼ਬਦ ਗੁਰੂ ਨੇ ਇੱਕ ਲੰਮਾ ਸਫ਼ਰ ਕੀਤਾ। ਆਓ ਇਸ ਸਫਰ ਉੱਤੇ ਉਦਾਸੀਆਂ ਕਰੀਏ।
==
9464370823

Leave a Reply

Your email address will not be published. Required fields are marked *