ਟਾਪਭਾਰਤ

ਸਿਆਸਤ ਦੇ ਕੁਝ ਅਖੌਤੀ ਮਹਾਨ ਨੇਤਾ

ਅੱਜ ਕੱਲ੍ਹ ਜਦੋਂ ਮੈਂ ਸਿਆਸਤ ਦੇ ਕੁਝ ਅਖੌਤੀ ਮਹਾਨ ਨੇਤਾਵਾਂ ਨੂੰ ਹੰਕਾਰ ਨਾਲ ਨੱਕੋ ਨੱਕ ਭਰੇ ਦੇਖਦਾ ਤੇ ਸੁਣਦਾ ਹਾਂ ਖ਼ਾਸ ਕਰਕੇ ਜੋ ਦੇਸ਼ ਤੇ ਸੂਬਿਆਂ ਦੇ ਉੱਚੇ ਔਹਦਿਆ ਉਪਰ ਬਿਰਾਜ਼ਮਾਨ ਹਨ ਤਾਂ ਸਿਆਣਿਆ ਦਾ ਕਿਹਾ ਯਾਦ ਆਂਉਂਦਾ ਹੈ ਕਿ ਹੰਕਾਰਿਆ ਸੋ ਮਾਰਿਆ। ਨਿਮਰਤਾ ਹਮੇਸ਼ਾ ਸਿਰ ਉਠਾ ਕੇ ਚਲਦੀ ਹੈ।ਹੰਕਾਰੀ ਇਨਸਾਨ ਉਦੋਂ ਤਕ ਗਰਦਨ ਅਕੜਾ ਕੇ ਹੀ ਚਲਦਾ ਹੈ ਜਦੋਂ ਤਕ ਉਸਦੀ ਗਰਦਨ ਟੁਟ ਨਾ ਜਾਏ।ਹੰਕਾਰ ਰੂਪੀ ਸੱਪ ਦੇ ਡੰਗੇ ਬੰਦੇ ਦੀ ਬੁੱਧੀ ਕੰਮ ਕਰਨਾ ਛਡ ਦਿੰਦੀ ਹੈ।ਦਿਮਾਗ ਉਪਰ ਮੋਟੀ ਪਰਤ ਚੜ੍ਹ ਜਾਂਦੀ ਹੈ।ਉਸਦੀ ਸੋਚਣ ਸਮਝਣ ਦੀ ਸ਼ਕਤੀ ਖ਼ਤਮ ਕਰ ਦਿੰਦੀ ਹੈ।ਵਿਵੇਕ ਨੂੰ ਜੰਗਾਲ ਲਗ ਜਾਂਦਾ ਹੈ ।ਕੋਮਲ ਹਿਰਦੇ ਲਈ ਹੰਕਾਰ ਲਕਵੇ ਦਾ ਕੰਮ ਕਰਦਾ ਹੈ।ਹੰਕਾਰੇ ਮਨੁੱਖ ਨੂੰ ਚੰਗੇ ਮਾੜੇ ਦੀ ਪਛਾਣ ਨਹੀਂ ਰਹਿੰਦੀ।ਉਹ ਕੁਦਰਤ ਨਾਲ ਵੀ ਪੰਗੇ ਲੈਣਾ ਸ਼ੁਰੂ ਕਰ ਦਿੰਦਾ ਹੈ।ਚਾਹੁੰਦਾ ਹੈ ਕਿ ਦੁਨੀਆ ਦੀ ਵਾਗਡੋਰ ਉਸਦੇ ਹੱਥ ਆ ਜਾਵੇ। ਹੰਕਾਰ ਮਨੁੱਖ ਤੋਂ ਉਹ ਕੰਮ ਵੀ ਕਰਵਾ ਦਿੰਦਾ ਜਿਹੜੇ ਉਸਨੂੰ ਕਿਸੇ ਥਾਂ ਜੋਗੇ ਨਹੀਂ ਛਡਦੇ।ਹੰਕਾਰ ਦੀ ਵਜ੍ਹਾ ਨਾਲ ਬਹੁਤੀ ਵਾਰ ਮਨਾਂ ’ਚ ਖ਼ਟਾਸ ਆ ਜਾਂਦੀ ਹੈ। ਰਿਸ਼ਤਿਆਂ ’ਚ ਤਰੇੜਾਂ ਆ ਜਾਂਦੀਆਂ ਹਨ। ਦਿਲਾਂ ’ਚ ਖਾਈਆਂ ਪੈ ਜਾਂਦੀਆਂ ਹਨ।ਹੰਕਾਰ ਦੋ ਇਨਸਾਨਾਂ ਦੇ ਆਪਸੀ ਸੰਵਾਦ ਕਿਰਿਆ ਵਿਚ ਇੱਕ ਪਹਾੜ ਦੀ ਤਰ੍ਹਾਂ ਖੜ ਜਾਂਦਾ ਹੈ।
ਹੰਕਾਰ ਦੀਆਂ ਕਈ ਕਿਸਮਾਂ ਹਨ। ਜ਼ਿਆਦਾਤਰ ਲੋਕਾਂ ਨੂੰ ਆਪਣੀ ਜ਼ਮੀਨ, ਜਾਇਦਾਦ, ਧਨ-ਦੌਲਤ ਦਾ ਘੁੰਮਡ ਹੁੰਦਾ ਹੈ। ਉਹ ਜਿੱਥੇ ਕਿਤੇ ਵੀ ਜਾਣਗੇ ਬਸ ਆਪਣੀ ਸ਼ਾਨ ਦੇ ਪੁਲ ਬੰਨਣਾ ਸ਼ੁਰੂ ਕਰ ਦੇਣਗੇ।ਕਈ ਡੀਂਗੇ ਮਾਰਨਗੇ।ਅਸੀਂ ਫਲਾਣ ਹਾਂ। ਢਿਮਕਾਣ ਹਾਂ। ਕੁਝ ਲੋਕ ਆਪਣੇ ਰੁਤਬੇ, ਤਾਕਤ ਜਾਂ ਫਿਰ ਪਹੁੰਚ ਦੇ ਸਦਕਾ ਹੰਕਾਰ ਦੇ ਸ਼ਿਕਾਰ ਹੋ ਜਾਂਦੇ ਹਨ।ਜੇਕਰ ਕੋਈ ਕਿਸੇ ਇਲਾਕੇ ਦਾ ਐਮ. ਐਲ. ਏ. ਜਾਂ ਐਮ. ਪੀ. ਬਣ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਰੱਬ ਸਮਝਣਾ ਸ਼ੁਰੂ ਕਰ ਦਿੰਦਾ ਹੈ।ਜੇ ਕਿਤੇ ਉਹ ਮੰਤਰੀ ਬਗੈਰਾ ਬਣ ਜਾਏ ਤੇ ਜੇ ਕਿਤੇ ਉਹ ਭੁਲੇਖੇ ਨਾਲ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣ ਜਾਏ ਫਿਰ ਤਾਂ ਬੇੜਾ ਗ਼ਰਕ ਹੀ ਸਮਝੋ ਸਾਰਿਆਂ ਦਾ।
ਕਈ ਵਾਰੀ ਕਿਸੇ ਮਾੜੇ ਮੋਟੇ ਥਾਣੇ ਦਾ ਥਾਣੇਦਾਰ ਹੀ ਮਾਣ ਨਹੀਂ ਹੁੰਦਾ।ਉਹ ਇਲਾਕੇ ’ਚ ਦਹਿਸ਼ਤ ਮਚਾਈ ਰੱਖਣ ’ਚ ਹੀ ਆਪਣੀ ਸ਼ਾਨ ਸਮਝਦਾ ਹੈ।ਥਾਣੇਦਾਰੀ ਦੀ ਆੜ ਵਿਚ ਕਈ ਪੁੱਠੇ ਕੰਮ ਕਰਦਾ ਹੈ।
ਕਿਸੇ ਖ਼ਾਸ ਜਾਂ ਵੱਡੇ ਔਹਦੇ ’ਤੇ ਬੈਠੇ ਕੁਝ ਸਰਕਾਰੀ ਅਫਸਰ ਤਾਂ ਹੰਕਾਰ ਨਾਲ ਨੱਕੋ-ਨੱਕ ਭਰੇ ਹੁੰਦੇ ਹਨ। ਉਹ ਹਮੇਸ਼ਾ ਹੀ ਆਪਣੀ ਕੁਰਸੀ ਦੀ ਤਾਕਤ ਨਾਲ ਤਣੇ ਰਹਿੰਦੇ ਹਨ।ਉਹਨਾਂ ਦੇ ਦਿਮਾਗ ਅਮਦਰ ਹੰਕਾਰ ਠੁਸ ਠੁਸ ਕੇ ਭਰਿਆ ਹੁੰਦਾ ਹੈ।ਉਨ੍ਹਾਂ ਦੀ ਧੌਣ ਹਮੇਸ਼ਾਂ ਕੋਹੜ ਕਿਰਲੇ ਦੀ ਤਰ੍ਹਾਂ ਆਕੜੀ ਰਹਿੰਦੀ ਹੈ। ਆਪਣੇ ਆਪ ਨੂੰ ਇੱਕ ਰਿਆਸਤ ਦੇ ਰਾਜੇ ਵਾਂਗ ਸਮਝਦੇ ਹਨ।ਉਹ ਇਹ ਵਹਿਮ ਵੀ ਪਾਲ ਲੈਂਦੇ ਹਨ ਕਿ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਸਾਰੇ ਉਨ੍ਹਾਂ ਦੇ ਗ਼ੁਲਾਮ ਹਨ ਪਰ ਉਨ੍ਹਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਖੁਦ ਚੌਬੀ ਘੰਟੇ ਹੰਕਾਰ ਦੇ ਗ਼ੁਲਾਮ ਰਹਿੰਦੇ ਹਨ।
ਸਾਡਾ ਇੱਕ ਵਾਕਿਫ਼ਕਾਰ ਵੀ ਉੱਚ ਅਧਿਕਾਰੀ ਸੀ। ਉਸਨੂੰ ਜਦੋਂ ਮਰਜ਼ੀ ਮਿਲਣ ਚਲੇ ਜਾਉ, ਉਹ ਹਮੇਸ਼ਾ ਆਪਣੇ ਸੂਟ ਬੂਟ ਤੇ ਟਾਈ ਸਮੇਤ ਮਿਲਦਾ ਸੀ।ਭਾਵੇਂ ਰਾਤ ਦੇ ਬਾਰ੍ਹਾਂ ਹੀ ਕਿਉਂ ਨਾ ਵੱਜੇ ਹੋਣ। ਅੰਦਰ ਭਾਵੇਂ ਟੀਵੀ ਦੇਖ ਰਿਹਾ ਹੋਵੇ ਪਰ ਘਰ ਮਿਲਣ ਆਏ ਲੋਕਾਂ ਨੂੰ ਹਮੇਸ਼ਾ ਇਹੋ ਸੁਨੇਹਾ ਭਿਜਵਾਏਗਾ ਕਿ ਸਾਹਬ ਕੰਮ ਵਿਚ ਰੁੱਝੇ ਨੇ। ਕੁਝ ਚਿਰ ਇੰਤਜ਼ਾਰ ਕਰੋ। ਉਸਨੂੰ ਲੋਕਾਂ ਨੂੰ ਇੰਤਜ਼ਾਰ ਕਰਵਾਉਣ ਵਿਚ ਹੀ ਮਜ਼ਾ ਆਉਂਦਾ ਸੀ। ਮਰਨ ਵੇਲੇ ਵੀ ਉਹ ਸੂਟ ਬੂਟ ਵਿੱਚ ਹੀ ਸੀ।
ਇਸੇ ਤਰ੍ਹਾਂ ਕਈ ਲੋਕਾਂ ਨੂੰ ਆਪਣੀ ਜਵਾਨੀ ’ਤੇ ਬੜਾ ਘੁੰਮਡ ਹੁੰਦਾ ਹੈ।ਆਪਣੇ ਸਰੀਰ ਦੀ ਤਾਕਤ ’ਤੇ ਬੜਾ ਮਾਣ ਕਰਦੇ ਹਨ। ਉਹ ਆਪਣੇ ਗਰਮ ਖ਼ੂਨ ਨੂੰ ਲੈ ਕੇ ਹਰ ਸਮੇਂ ਅੱਖਾਂ ਲਾਲ ਕਰੀ ਰਖਦੇ ਹਨ।ਉਹ ਇਸ ਹੰਕਾਰ ’ਚ ਰਹਿੰਦੇ ਹਨ ਕਿ ਦੁਨੀਆਂ ’ਤੇ ਸਿਰਫ ਉਨ੍ਹਾਂ ਨੂੰ ਹੀ ਜਵਾਨੀ ਚੜ੍ਹੀ ਹੈ।ਉਹ ਨਿਕਲਦੇ ਵੜਦੇ ਹਰ ਇੱਕ ਨਾਲ ਪੰਗੇ ਲੈਂਦੇ ਰਹਿੰਦੇ ਹਨ।ਕਮਜ਼ੋਰਾਂ ਨੂੰ ਤੰਗ ਕਰਨ ਵਿਚ ਹੀ ਆਪਣੀ ਬਹਾਦਰੀ ਸਮਝਦੇ ਹਨ।
ਕੁਝ ਇਸ਼ਤਰੀਆਂ ਨੂੰ ਆਪਣੀ ਖੂਬਸੂਰਤੀ ’ਤੇ ਬੜਾ ਹੰਕਾਰ ਹੁੰਦਾ ਹੈ।ਉਨ੍ਹਾਂ ਦੇ ਨਾਜ਼ ਨਖਰੇ ਵੀ ਦੇਖਣ ਵਾਲੇ ਹੁੰਦੇ ਹਨ।ਉਹ ਨੱਕ ਤੇ ਮੱਖੀ ਨਹੀਂ ਬੈਠਣ ਦਿੰਦੀਆਂ। ਸਾਰੀ ਉਮਰ ਕੁਆਰੀਆਂ ਭਾਵੇਂ ਰਹਿ ਜਾਣ ਪਰ ਉਨ੍ਹਾਂ ਨੂੰ ਮਾੜਾ ਮੌਟਾ ਬੰਦਾ ਪਸੰਦ ਨਹੀਂ ਆਉਂਦਾ। ਇਸੇ ਹੰਕਾਰ ਤੋਂ ਪੀੜਤ ਉਹ ਹੋਰ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਸਹੇੜ ਲੈਂਦੀਆਂ ਹਨ।ਸਾਰੀ ਉਮਰ ਕੁੜਦੀਆਂ ਰਹਿੰਦੀਆਂ ਹਨ ਪਰ ਹੰਕਾਰ ਦੀ ਬੁਕਲ ਨੂੰ ਲਾਹ ਦੂਰ ਨਹੀਂ ਸੁਟਦੀਆਂ।
ਕੁਝ ਲੋਕ ਆਪਣੀ ਅਖੌਤੀ ਉੱਚੀ ਜਾਤ ਨੂੰ ਲੈ ਕੇ ਆਪਣਾ ਦਿਮਾਗ ਸਤਵੇਂ ਅਕਾਸ਼ ’ਤੇ ਚੜ੍ਹਾਈ ਰੱਖਦੇ ਹਨ।ਉਹ ਸੋਚਦੇ ਹਨ ਕਿ ਸਿਰਫ ਉਹੀ ਰੱਬ ਦੇ ਬਣਾਏ ਹਨ।ਉਹੀ ਜਿਉਣ ਆਏ ਹਨ।ਬਾਕੀ ਸ਼ੈਤਾਨ ਦੇ ਜਾਏ ਹਨ।ਜੂਨ ਭੋਗਣ ਆਏ ਹਨ।
ਇਸੇ ਤਰ੍ਹਾਂ ਕਈ ਹੋਰ ਵੀ ਕਾਰਨ ਹਨ ਜਿਹੜੇ ਚੰਗੇ ਭਲੇ ਇਨਸਾਨ ਨੂੰ ਹੰਕਾਰੀ ਬਣਾਉਣ ’ਚ ਸਹਾਇਕ ਸਿਧ ਹੁੰਦੇ ਹਨ।ਪਰ ਜਦੋਂ ਬੁਧੀਜੀਵੀ,ਫਨਕਾਰ, ਕਲਾਕਾਰ, ਕਵੀ, ਲੇਖਕ ਆਦਿ ਲੋਕ ਵੀ ਇਸ ਬਿਮਾਰੀ ਦੇ ਸ਼ਿਕਾਰ ਹੁੰਦੇ ਹਨ ਤਾਂ ਮਨ ਨੂੰ ਬੜਾ ਧੱਕਾ ਲਗਦਾ ਹੈ।ਸੁਣਿਆ ਜਾਂਦਾ ਹੈ ਕਿ ਇਹ ਲੋਕ ਆਮ ਲੋਕਾਂ ਨੂੰ ਸੇਧ ਦੇਣ ਵਾਲੇ ਹੁੰਦੇ ਹਨ।ਅਜੋਕੇ ਸਮਾਜ ਲਈ ਇੱਕ ਆਇਨੇ ਦਾ ਕੰਮ ਕਰਦੇ ਹਨ। ਸਮਾਜ ਦਾ ਪ੍ਰਤੀਬਿੰਬ ਇਹਨਾਂ ਦੇ ਹੁਨਰ ਵਿਚ ਝਲਕਦਾ ਹੈ। ਜਦੋਂ ਕਿਤੇ ਇਹਨਾਂ ਨੂੰ ਆਪਣੇ ਹੁਨਰ ਦਾ ਹੰਕਾਰ ਹੋ ਜਾਂਦਾ ਹੈ ਤਾਂ ਸਮਾਜ ਲਈ ਵੱਡਾ ਖ਼ਤਰਾ ਪੈਦਾ ਹੋ ਜਾਂਦਾ ਹੈ।ਆਮ ਦੇਖਿਆ ਜਾਂਦਾ ਹੈ ਕਿ ਹੰਕਾਰ ’ਚ ਗੜੁਚ ਇਹ ਲੋਕ ਕਿਸੇ ਹੋਰ ਨੂੰ ਆਪਣੇ ਤੋਂ ਵੱਡਾ ਬੁਧੀਜੀਵੀ, ਕਲਾਕਾਰ, ਲੇਖਕ ਜਾਂ ਕਵੀ ਨਹੀਂ ਸਮਝਦੇ।
ਬੜਾ ਚਿਰ ਪਹਿਲਾਂ ਦੀ ਗੱਲ ਹੈ ਅਸੀਂ ਇੱਕ ਸੰਗੀਤ ਦਾ ਪ੍ਰੋਗਰਾਮ ਕਰਵਾਇਆ ਤਾਂ ਸਾਡੇ ਗਾਇਕ ਨੇ ਕਿਹਾ ਕਿ ਉਸਦੇ ਇੱਕ ਖ਼ਾਸ ਮਹਿਮਾਨ ਵੀ ਇਸ ਸਮਾਗਮ ਵਿਚ ਸ਼ਿਰਕਤ ਕਰਨਗੇ।ਉਸਨੇ ਸਾਨੂੰ ਥਿਏਟਰ ਦੀਆਂ ਅਗਲੀਆਂ ਕੁਝ ਕੁਰਸੀਆਂ ਉਸ ਲਈ ਰਾਖਵੀਆਂ ਰੱਖਣ ਲਈ ਕਿਹਾ।ਖ਼ਾਸ ਮਹਿਮਾਨ ਸ਼ਹਿਰ ਦੇ ਉਰਦੂ ਦੇ ਕਵੀ ਸਨ।ਅਸੀਂ ਇੱਕ ਅੱਧੀ ਵਾਰ ਉਸਦਾ ਨਾਂ ਤਾਂ ਸੁਣਿਆਂ ਸੀ ਪਰ ਉਸਨੂੰ ਦੇਖਿਆ ਨਹੀਂ ਸੀ ਹੋਇਆ। ਜਦੋਂ ਉਹ ਆਏ ਤਾਂ ਆਪ ਹੀ ਉਨ੍ਹਾਂ ਕੁਰਸੀਆਂ ’ਤੇ ਬੈਠਣ ਲੱਗੇ ਜਿਹੜੀਆਂ ਅਸੀਂ ਉਨ੍ਹਾਂ ਲਈ ਹੀ ਰਾਖਵੀਆਂ ਰੱਖੀਆਂ ਸਨ।ਅਸੀਂ ਉਨ੍ਹਾਂ ਨੂੰ ਉੱਥੇ ਬੈਠਣ ਲਈ ਮਨ੍ਹਾ ਕਰ ਦਿੱਤਾ।ਅਸਲ ’ਚ ਸਾਨੂੰ ਪਤਾ ਨਹੀਂ ਸੀ ਕਿ ਇਹ ਉਹੀ ਖ਼ਾਸ ਮਹਿਮਾਨ ਸਨ।ਇਸੇ ਨੂੰ ਆਪਣੀ ਬੇਇਜ਼ਤੀ ਸਮਝ ਕੇ ਕਵੀ ਸਾਹਬ ਆਪੇ ਤੋਂ ਬਾਹਰ ਹੋ ਗਏ।ਜਦੋਂ ਸਾਨੂੰ ਆਪਣੀ ਗ਼ਲਤੀ ਦਾ ਪਤਾ ਲਗਾ ਤਾਂ ਅਸੀਂ ਉਸ ਤੋਂ ਵਾਰ ਵਾਰ ਮੁਆਫ਼ੀਆਂ ਮੰਗੀਆਂ। ਅਫ਼ਸੋਸ ਜਤਾਇਆ ਪਰ ਉਸ ਵੱਡੇ ਕਵੀ ਨੇ ਸਾਡੀ ਉਹ ਬੇਇਜ਼ਤੀ ਕੀਤੀ ਕਿ ਲਉ ਰੱਬ ਦਾ ਨਾਂ। ਉਸਦੇ ਕਹੇ ਸ਼ਬਦ ਅੱਜ ਤਕ ਸਾਡੇ ਪਿੱਛੇ ਇੱਕ ਭੂਤ ਦੀ ਤਰ੍ਹਾਂ ਚਿੰਬੜੇ ਹੋਏ ਹਨ।
ਉਹ ਉਲਰ ਉਲਰ ਕੇ ਕਹੇ, “ਤੁਸੀਂ ਜਾਣਦੇ ਨਹੀਂ ਮੈਂ ਕੌਣ ਹਾਂ..ਅਦਬ ਦੀ ਦੁਨੀਆਂ ਵਿਚ ਮੇਰਾ ਇੱਕ ਰੁਤਬਾ ਹੈ…ਇੱਕ ਖ਼ਾਸ ਪਹਿਚਾਨ ਹੈ… ਦੇਸ਼ ਵਿਦੇਸ਼ ’ਚ ਲੋਕ ਮੇਰੀ ਸ਼ਾਇਰੀ ਦੇ ਕਾਇਲ ਹਨ…ਸਾਰੀ ਦੂਨੀਆ ਮੈਨੂੰ ਸਲਾਮਾਂ ਕਰਦੀ ਹੈ। ਤੁਸੀਂ ਮੈਨੂੰ ਪਛਾਣਿਆ ਤਕ ਨਹੀਂ…ਮੇਰੀ ਤੋਹੀਨ ਕੀਤੀ ਹੈ।”
ਤੇ ਹੋਰ ਪਤਾ ਨਹੀਂ ਕੀ ਕੁਝ ਕਹਿ ਗਏ। ਉਸਦਾ ਇਹ ਤਾਂਡਵ ਤੇ ਭਿਆਨਕ ਰੂਪ ਦੇਖ ਕੇ ਮੈਨੂੰ ਲੱਗੇ ਕਿ ਜਿੱਦਾਂ ਉਹ ਇੱਕ ਕਵੀ ਨਹੀਂ ਸਗੋਂ ਕਿਸੇ ਗਲੀ ਮੁਹੱਲੇ ਦਾ ਨਾਮੀ ਗੁੰਡਾ ਹੋਵੇ।ਕੁਲ ਮਿਲਾ ਕੇ ਵੱਡੇ ਕਵੀ ਹੋਣ ਦਾ ਹੰਕਾਰ ਉਸ ਦੇ ਅੰਦਰੋਂ ਲਾਵੇ ਦੀ ਤਰ੍ਹਾਂ ਫੁਟ ਰਿਹਾ ਸੀ।
ਮੈਂ ਦਿਲ ’ਚ ਹੀ ਸੋਚਿਆ ਕਿ ਜੇ ਇਹ ਬੰਦਾ ਵੱਡਾ ਸ਼ਾਇਰ ਬਨਣ ਦੇ ਨਾਲ ਨਾਲ ਇੱਕ ਚੰਗਾ ਮਨੁੱਖ ਵੀ ਬਣ ਜਾਂਦਾ ਤਾਂ ਸ਼ਾਇਦ ਅਦਬ ਦੀ ਦੂਨੀਆ ਵਿਚ ਹੋਰ ਵੀ ਜ਼ਿਆਦਾ ਮਕਬੂਲ ਹੋ ਜਾਂਦਾ। ਸਾਡੇ ਵਰਗੇ ਲੋਕ ਵੀ ਉਸਨੂੰ ਦੂਰੋਂ ਹੀ ਪਛਾਣ ਲੈਂਦੇ ਪਰ ਦੋਸਤੋ ਸਿਆਣੇ ਐਵੇਂ ਤਾਂ ਨਹੀਂ ਕਹਿੰਦੇ ਨੇ ਕਿ ਹੰਕਾਰਿਆ ਸੋ ਮਾਰਿਆ ।
9417173700(ਮ)

Leave a Reply

Your email address will not be published. Required fields are marked *