ਟਾਪਦੇਸ਼-ਵਿਦੇਸ਼

ਰੱਬ ਦੇ ‘ਬੌਸ’-ਚਰਨਜੀਤ ਭੁੱਲਰ

ਚੰਡੀਗੜ੍ਹ : ਓਹ ਵੇਲਾ ਭਲਾ ਸੀ, ਜਦ ਕੋਈ ਪਿੱਪਲ ਦਾ ਪੱਤਾ ਤੋੜ, ਕੋਈ ਗਊ ਦੀ ਪੂਛ ਫੜ ਸਹੁੰ ਚੁੱਕਦਾ ਸੀ। ਇਸ਼ਟ ਦਾ ਏਨਾ ਭੈਅ ਸੀ ਕਿ ਪਿੰਡ ਦੀ ਕਚਹਿਰੀ ’ਚ ਕੋਈ ਮਸਲਾ ਫਸਦਾ ਤਾਂ ‘ਬਾਜਾਂ ਵਾਲੇ’ ਦੀ ਸਹੁੰ ਖੁਆਈ ਜਾਂਦੀ। ਉਦੋਂ ਬੰਦੇ ਸਿੱਧੀ ਸੜਕ ਵਰਗੇ ਹੁੰਦੇ ਸਨ। ਵਚਨ ਪੁਗਾਉਣ ਲਈ ਜਾਨ ਤਕ ਦੇ ਜਾਂਦੇ ਸਨ। ਸਹੁੰ ਖਾਣ ਵਾਸਤੇ ਨਹੀਂ, ਨਿਭਾਉਣ ਵਾਸਤੇ ਹੁੰਦੀ ਸੀ। ਇਹ ਨਾ ਕਹੋ- ‘ਸੁਖ ਦੇਣੀ ਨ੍ਹੀਂ, ਖਜੂਰ ’ਤੇ ਚੜਨਾ ਨ੍ਹੀਂ।’
ਸਤਜੁੱਗ ’ਚ ਦਿਲਾਂ ਦੇ ਰਾਹ ਬਿਨਾਂ ਖੱਡੇ ਤੋਂ ਹੁੰਦੇ ਸਨ। ਚਿੱਟੇ ਦੁੱਧ ਵਰਗੇ ਲੋਕਾਂ ਦੇ ਗੰਗੋਤਰੀ ਵਰਗੇ ਦਿਲਾਂ ’ਚੋਂ ਨਿਕਲੇ ਬੋਲ ਰੱਬੀ ਬੋਲ ਜਾਪਦੇ। ਬਿਲਕੁਲ ਆਹ ਗਾਣੇ ਵਰਗੇ, ‘‘ਦਿਲ ਟੇਸ਼ਨ ਜਾ ਫੜ ਜਾਵੇ, ਫਿਰ ਧੁਰ ਦੀ ਗੱਲ ਸੁਣਾਵੇ, ਨੀਂ ਦਿਲ ਮੇਰਾ ਰੱਬ ਦਾ ਰੇਡੀਓ।’’ ਆਓ, ਅਗਲੇ ਯੁੱਗ ’ਚ ਪੈਰ ਧਰੀਏ ਜਿਸ ਦੇ ਹਰ ਮੋੜ ’ਤੇ ਫਲੈਕਸ ਲੱਗਿਆ- ‘ਰੱਬ ਨੇੜੇ ਕਿ ਘਸੁੰਨ।’ ਇਹ ਸਹੁੰਪੁਰੀਏ ਨਵੀਂ ਮਿਸਲ ‘ਮੁੱਕਰਚਰੀਆ’ ਦੇ ਬਾਸ਼ਿੰਦੇ ਹਨ ਜਿਹੜੇ ਰੱਬ ਨੂੰ ਜੇਬ ’ਚ ਪਾਈ ਫਿਰਦੇ ਨੇ।
ਲੋਕ ਕਚਹਿਰੀ ’ਚ ਇਹ ਸੋਚ ਕੇ ਸਹੁੰ ਛੱਕ ਜਾਂਦੇ ਨੇ ਕਿ ਰੱਬ ਦਾ ਤਾਂ ਪਤਾ ਨਹੀਂ ਕਦੋਂ ਵੇਖੂ, ਲੋਕ ਤਾਂ ਹੁਣ ਵੇਖਦੇ ਪਏ ਨੇ। ਧਰਮਰਾਜ ਦੀ ਕਚਹਿਰੀ ਹੈ ਵੀ ਦੂਰ। ਉਂਜ ਸਹੁੰ ਖਾਣ ਤੋਂ ਵੱਡੀ ਕਲਾ ਤਾਂ ਮੁੱਕਰਨ ਦੀ ਹੈ। ਅਸਾਡੇ ਸਿਆਸਤਦਾਨਾਂ ਤੋਂ ਵੱਡਾ ਕਲਾਕਾਰ ਕੌਣ ਹੋ ਸਕਦੈ। ‘ਮਰੇ ਮੁਕਰੇ ਦਾ ਕੋਈ ਇਲਾਜ ਨਾਹੀਂ।’ ਇਸ ਰੋਗ ਦਾ ਕੋਈ ਵੈਦ ਮਿਲਦਾ, ਫੇਰ ਜ਼ਰੂਰ ਮੁਹੱਲਾ ਕਲੀਨਿਕ ਖੋਲ੍ਹਦੇ। ਚੋਣਾਂ ਮੁੱਕਦਿਆਂ ਹੀ ਸਹੁੰਆਂ ਦਾ ਬੋਝ ਲਾਹੁਣ ‘ਦੇਸ਼ ਦੇ ਨੇਤਾ’ ਗੰਗਾ ਨਹਾਉਣ ਜਾਂਦੇ ਨੇ। ਮਲ ਮਲ ਨਹਾਉਂਦੇ ਨੇ, ਝੂਠੀਆਂ ਸਹੁੰਆਂ ਦੀ ਮੈਲ ਗੰਗਾ ’ਚ ਛੱਡ ਆਉਂਦੇ ਨੇ। ਫਿਰ ਖ਼ਜ਼ਾਨੇ ਨੂੰ ਕਾਰ ਸੇਵਾ ਕਰਨੀ ਪੈਂਦੀ ਹੈ।
ਸਿਆਸੀ ਹਮਾਮ ’ਚ ਸਭ ਅਲਫ਼ ਨੰਗੇ ਨੇ। ਵੈਲ ਤਾਂ ਚਾਹ ਦਾ ਮਾੜੈ, ਨੇਤਾਵਾਂ ਕੋਲ ਸੱਤਾ ਵੀ ਹੈ, ਦੌਲਤ ਵੀ ਜਿਸ ਦੇ ਨਸ਼ੇ ’ਚ ਟੱਲੀ ਹੋ ਲੋਕਰਾਜ ਦੀ ਗਿੱਚੀ ’ਤੇ ਗੋਡਾ ਰੱਖਦੇ ਨੇ। ਵਿਸ਼ਵ ਦੀ ਪੰਜਵੀਂ ਵੱਡੀ ਇਕਾਨਮੀ ਦੇ ਨੇਤਾ ਤਾਂ ਚਾਇਨੀਜ਼ ਮਾਲ ਵਰਗੇ ਨੇ, ਜੀਹਦੀ ਲੋਕਰਾਜ ਨਾ ਕੋਈ ਗਾਰੰਟੀ ਦਿੰਦੈ, ਨਾ ਵਾਰੰਟੀ। ਗੁਰਦਾਸ ਮਾਨ ਤਾਹੀਂ ਸਮਝਾ ਰਿਹੈ, ‘ਸੱਪਣੀ ਦੇ ਪੁੱਤ ਕਦੇ ਮਿੱਤ ਨਹੀਂ ਬਣੀਂਦੇ, ਇੰਜ ਨਹੀਂ ਕਰੀਂਦੇ, ਸੱਜਣਾ।’ ਸੁੱਤੀ ਜ਼ਮੀਰ ਕਿਤੇ ਜਾਗਦੀ ਤਾਂ ਮੂੰਹ ਫੜ ਲੈਂਦੀ, ਫੇਰ ਸਹੁੰ ਕਿਵੇਂ ਖਾਂਦੇ!
ਇਖ਼ਲਾਕ ਤੇ ਭਰੋਸੇ ਦਾ ਪੁੱਲ ਟੁੱਟਿਐ, ਤਾਹੀਂ ਸਹੁੰ ਖਾਣ ਤਕ ਦੀ ਨੌਬਤ ਬਣੀ ਹੈ। ਜੇਹੀ ਕੋਕੋ, ਤੇਹੇ ਬੱਚੇ। ਕਿਸੇ ਨੇਤਾ ਨੇ ਅਮਲੀ ਅੱਗੇ ਹੱਥ ਜੋੜ ਆਖਿਆ, ਵੋਟਾਂ ਪਾਇਓ ਜੀ। ਅੱਗਿਓਂ ਅਮਲੀ ਫ਼ਰਮਾਏ, ‘ਭਲਿਓ! ਪਹਿਲਾਂ ਪਾਉਣ ਜੋਗੇ ਕਰ ਤਾਂ ਦਿਓ।’ ਬਲਵੰਤ ਗਾਰਗੀ ਲਿਖਦੈ, ‘ਗਿਰਝਾਂ ਮੌਤ ਨੂੰ ਕੋਹਾਂ ਤੋਂ ਸੁੰਘ ਲੈਂਦੀਆਂ ਨੇ।’ ਚੋਣਾਂ ਇਕੱਲੀਆਂ ਨਹੀਂ, ਗਿਰਝਾਂ ਵੀ ਨਾਲ ਆਉਂਦੀਆਂ ਨੇ। ਸ਼ਿਵ ਬਟਾਲਵੀ ਨੂੰ ਹੋਕਾ ਦੇਣਾ ਪੈ ਰਿਹੈ, ‘ਕੁੱਤਿਓ ਰਲ ਕੇ ਭੌਂਕੋ ਤਾਂ ਕਿ ਮੈਨੂੰ ਨੀਂਦ ਨਾ ਆਵੇ; ਰਾਤ ਹੈ ਕਾਲੀ, ਚੋਰ ਨੇ ਫਿਰਦੇ, ਕੋਈ ਘਰ ਨੂੰ ਸੰਨ੍ਹ ਨਾ ਲਾਵੇ।’
ਆਓ ਸਹੁੰ ਖਾਣ ਵਾਲੇ ਭੱਦਰ ਪੁਰਸ਼ਾਂ ਕੋਲ ਚੱਲੀਏ। ਇਨ੍ਹਾਂ ਦਾ ਕੌਨਫਿਡੈਂਸ ਦੇਖ ਲੱਗਦੇ ਕਿ ਜਿਵੇਂ ਰੱਬ ਦੇ ਬੌਸ ਹੋਣ। ਔਖ ਦੇਖੋ, ਬਾਦਸ਼ਾਹ ਸਲਾਮਤ ਅਮਰਿੰਦਰ ਸਿਓਂ ਪਧਾਰੇ ਨੇ। ਸੁੱਖੀ ਰੰਧਾਵੇ ਨੇ ਹੱਥ ਸੁੱਚੇ ਕਰਾਏ, ਸੰਗਤ ਨੇ ਜੋੜੇ ਲਾਹੇ, ਹੱਥ ’ਚ ਗੁਟਕਾ ਲੈ ਅਮਰਿੰਦਰ ਸੀਸ ਦਮਦਮਾ ਸਾਹਿਬ ਵੱਲ ਕਰ ਇੰਜ ਫ਼ਰਮਾਏ, ‘ਨਸ਼ੇ ਦਾ ਲੱਕ ਤੋੜ ਦਿਆਂਗਾ, ਬੱਸ ਚਾਰ ਹਫ਼ਤੇ ਦੇ ਦਿਓ।’ ਜਨਤਾ ਨੇ ਜੈਕਾਰੇ ਛੱਡ ਦਿੱਤੇ।
ਨੇਤਾ ਕਿਸੇ ਵੀ ਰੰਗ ਦਾ ਹੋਵੇ, ਚੋਣਾਂ ਵੇਲੇ ਮਖਮਲ ਤੇ ਮਗਰੋਂ ਖੱਦਰ ਬਣ ਜਾਂਦੈ। ਬਾਕੀ ਆਹ ਬੀਬੀਆਂ ਤੋਂ ਸੁਣ ਲਓ,‘ ਵੱਸ ਨ੍ਹੀਂ ਰਾਜਿਆ ਤੇਰੇ, ਸਹੁੰਆਂ ਖਾ ਕੇ ਮੁੱਕਰ ਗਿਆ।’ ਜਦੋਂ ਵੱਡੇ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ, ਪੂਰੀ ਕੈਬਨਿਟ ਨੂੰ ਲੈ ਸਿੱਧਾ ਆਨੰਦਪੁਰ ਗਏ। ਸਹੁੰ ਚੁੱਕੀ ਸੀ, ‘ਬੇਈਮਾਨੀ ਤੇ ਕਰੱਪਸ਼ਨ ਦੂਰ ਕਰਾਂਗੇ।’ ਬੰਦਿਆਂ ਦਾ ਨਹੀਂ, ਕਸੂਰ ਸਾਰਾ ਰੱਬ ਦਾ ਹੈ ਜਿਹੜਾ ਇੰਨਾ ਗ਼ੈਰ-ਜ਼ਿੰਮੇਵਾਰ ਐ , ਅਸਾਂ ਨੂੰ ਲੋੜ ਨਹੀਂ ਐਸੇ ਰੱਬ ਦੀ।
ਸਿਆਸਤਦਾਨ ਸਹੁੰਆਂ ਖਾ ਖਾ ਆਫ਼ਰੇ ਪਏ ਨੇ। ਕਿਸੇ ਸ਼ਾਇਰ ਨੇ ਸੱਚ ਕਿਹੈ, ‘ਅਗਰ ਕਸਮੇਂ ਸੱਚੀ ਹੋਤੀਂ ਤੋ ਸਬਸੇ ਪਹਿਲੇ ਖ਼ੁਦਾ ਮਰਤਾ।’ ਹਰਿਆਣਾ ਵਾਲੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਦਨ ’ਚ ਹਾਜ਼ਰ ਹੋਏ। ਜੇਬ ’ਚੋਂ ਕੱਢੀ ਛੋਟੀ ਗੀਤਾ ’ਤੇ ਹੱਥ ਰੱਖ ਵਚਨ ਦਿੱਤਾ, ‘ਨੌਕਰੀਆਂ ’ਚ ਗੜਬੜ ਕਰਨ ਵਾਲੇ ਬਖ਼ਸ਼ਾਂਗੇ ਨਹੀਂ।’ ਗੱਲ ਯਮਲਾ ਜੱਟ ਦੀ ਵੀ ਠੀਕ ਐ… ‘ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ।’
ਚੋਣਾਂ ਮੌਕੇ ਡਰੇ ਹੋਏ ਨੇਤਾਵਾਂ ਦੀ ਜਾਨ ਮੁੱਠੀ ’ਚ, ਹੱਥ ਲੋਕਾਂ ਦੇ ਪੈਰਾਂ ’ਚ ਹੁੰਦੇ ਨੇ। ਗੱਬਰ ਆਖ ਰਿਹੈ, ‘ਜੋ ਡਰ ਗਿਆ, ਵੋਹ ਮਰ ਗਿਆ।’ ਔਹ ਬਾਦਲ ਵਾਲੇ ਕਾਕਾ ਮਨਪ੍ਰੀਤ ਬਾਦਲ ਜੀ, ਜਿਹੜੇ ਸਾਲ 2012 ’ਚ ਆਪਣੇ ਮੁਖਾਰਬਿੰਦ ਚੋਂ ਇੰਜ ਫ਼ਰਮਾਏ, ‘ਸ਼ਹੀਦਾਂ ਦੇ ਪਿੰਡ ਖੱਟਕੜ ਕਲਾਂ ਦੀ ਮਿੱਟੀ ਦੀ ਸਹੁੰ…।’ ਸ਼ਹੀਦਾਂ ਦੀ ਰੂਹ ਹਾਲੇ ਤਕ ਤੜਫੀ ਜਾਂਦੀ ਹੈ, ਆਸਾ-ਪਾਸਾ ਦੇਖ ਕਾਕਾ ਜੀ ਕਾਂਗਰਸ ’ਚ ਤਸ਼ਰੀਫ਼ ਲੈ ਆਏ। ਚੰਨੀ ਨਾਲ ਬੈਠ ਏਦਾ ਬੋਲੇ- ‘‘ਭਾਜਪਾ ਖ਼ੁਦਾ ਬਣ ਗਈ ਐ, ਮਹਾਤਮਾ ਗਾਂਧੀ ਦੀ ਸਹੁੰ… ਭਾਜਪਾ ਨੂੰ ਦੇਸ਼ ’ਚੋਂ ਕੱਢਾਂਗੇ।’’
ਬੱਸ ਓਹ ਦਿਨ ਤੇ ਆਹ ਦਿਨ, ਮਹਾਤਮਾ ਦੀ ਰੂਹ ਪਿੰਡ ਬਾਦਲ ਦੀ ਪਰਿਕਰਮਾ ਕਰਨੋਂ ਨ੍ਹੀਂ ਹਟ ਰਹੀ। ਬਾਦਲ ਦੀ ਜੂਹ ’ਚ ਗੀਤ ਗੂੰਜ ਰਿਹਾ ਹੈ- ‘ਕਯਾ ਹੁਆ ਤੇਰਾ ਵਾਅਦਾ, ਵੋ ਕਸਮ ਵੋ ਇਰਾਦਾ…।’ ਹਉਮੈ ਬੜੀ ਕੁੱਤੀ ਸ਼ੈਅ ਹੈ, ’ਕੱਲੀ ਭੌਂਕਦੀ ਹੀ ਨਹੀਂ, ਵੱਢਦੀ ਵੀ ਐ।’ ਭਾਵੇਂ ਬੇਸ਼ਰਮ ਦਾਸਾਂ ਨੂੰ ਪੁੱਛ ਲੈਣਾ। ਮੁਆਫ਼ੀ ਚਾਹੁੰਦੇ ਹਾਂ, ਦਾਸਾਂ ਦੇ ਦਾਸ ਜਨਾਬ ਕੇਜਰੀਵਾਲ ਤੋਂ। ਦਸ ਸਾਲ ਪਹਿਲਾਂ ਕੇਜਰੀਵਾਲ ਨੇ ਸਹੁੰ ਚੁੱਕੀ, ‘ਮੈਂ ਅਪਨੇ ਬੱਚੋਂ ਕੀ ਕਸਮ ਖਾਕਰ ਕਹਤਾ ਹੂੰ ਕਿ ਕਾਂਗਰਸ-ਬੀਜੇਪੀ ਸੇ ਕੋਈ ਗਠਬੰਧਨ ਨਹੀਂ ਕਰੂੰਗਾ।’
ਕੇਜਰੀਵਾਲ ਕੋਲ ਗਾਰੰਟੀ ਐ ਤੇ ਨਵਜੋਤ ਸਿੱਧੂ ਕੋਲ ਏਜੰਡਾ। ਤਾਹੀਂ ਸਿੱਧੂ ਨੇ ਵਚਨ ਦਿੱਤਾ ਸੀ, ‘ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰਿਆ ਤਾਂ ਸਿਆਸਤ ਤੋਂ ਸੰਨਿਆਸ ਲੈ ਲਵਾਂਗਾ।’ ਤੁਹਾਨੂੰ ਮੁਆਫ਼ ਹੈ, ਤੁਸਾਂ ਕਿਹੜਾ ਵਚਨ ਨੂੰ ਸਮਾਂਬੱਧ ਕੀਤਾ ਸੀ। ਡਾਇਲਾਗ ਢੁੱਕਵਾਂ ਜਾਪਦੈ, ‘ਜ਼ਿੰਦਗੀ ਜੀਨੇ ਕੇ ਦੋ ਹੀ ਤਰੀਕੇ ਹੋਤੇ ਹੈਂ, ਏਕ ਜੋ ਹੋ ਰਹਾ, ਉਸੇ ਬਰਦਾਸ਼ਤ ਕਰੋ ਜਾਂ ਜ਼ਿੰਮੇਵਾਰੀ ਉਠਾਓ, ਉਸੇ ਬਦਲਨੇ ਕੀ।’ ਸੰਤ ਸੁਭਾਅ ਵਾਲੇ ਚੰਨੀ ਸਾਹਿਬ ਨੇ ਗੁਰੂਘਰ ’ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ! ਕਿਸੇ ਖਿਡਾਰੀ ਤੋਂ ਪੈਸੇ ਮੰਗਣ ਵਾਲਿਆਂ ਦਾ ਕੱਖ ਨਾ ਰਹੇ…। ਕੁਲਦੀਪ ਮਾਣਕ ਕਿਸ ਨੂੰ ਆਖ ਰਿਹੈ- ‘‘ਕੇ ਪੱਲੇ ਸਾਡੇ ਕੱਖ ਨਾ ਰਿਹਾ…।’
ਕੇਰਾਂ ਅਦਾਲਤ ’ਚ ਗਵਾਹੀ ਦੇਣ ਆਏ ਭੁੱਕੜਮੱਲ ਨੂੰ ਪੁੱਛਿਆ, ਕੀ ਸਹੁੰ ਖਾਓਗੇ! ਅੱਗਿਓਂ ਭੁੱਕੜਮੱਲ ਫ਼ਰਮਾਏ… ਜ਼ਰੂਰ ਛੱਕਾਂਗੇ ਜੀ। ਜਥੇਦਾਰ ਸੁਖਬੀਰ ਬਾਦਲ ਨੇ ਅਰਦਾਸ ਕਰ ਕਿਹਾ, ‘ਬੇਅਦਬੀ ਕਰਾਉਣ ਵਾਲਿਆਂ ਅਤੇ ਬੇਅਦਬੀ ’ਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਾ ਰਹੇ…। ਬੀਬਾ ਹਰਸਿਮਰਤ ਨੇ ਗੁਰੂ ਰਾਮਦਾਸ ਦੀ ਸਹੁੰ ਖਾ ਆਖਿਆ, ‘ਜੇ ਮੇਰੇ ਭਰਾ ਨੇ ਤਸਕਰੀ ਕੀਤੀ ਹੈ ਤਾਂ ਉਸ ਦਾ ਕੱਖ ਨਾ ਰਹੇ।’
ਜਦੋਂ ਨੇਤਾ ਕੁਰਸੀ ’ਤੇ ਬੈਠਦੇ ਨੇ, ਸੰਵਿਧਾਨ ਤੇ ਈਸ਼ਵਰ ਦੀ ਸਹੁੰ ਖਾਂਦੇ ਨੇ। ਦਸਤੂਰ ਅਵੱਲਾ ਹੈ, ਕੋਈ ਅਰਬਾਂ-ਖਰਬਾਂ ਖਾ ਜਾਣ, ਹੱਥ ਨ੍ਹੀਂ ਪੈਂਦਾ। ਮੰਤਰੀ ਚਾਰ ਕੁਲਚੇ ਖਾ ਲੈਣ, ਛੱਤ ਸਿਰ ’ਤੇ ਚੁੱਕ ਲੈਂਦੇ ਨੇ। ਧਰਮਰਾਜ ਦਾ ਓ.ਐਸ.ਡੀ. ਸਭ ਨੋਟ ਕਰ ਰਿਹਾ। ਜਿਵੇਂ ਫ਼ਿਲਮ ‘ਦੇਵਦਾਸ’ ਦਾ ਨਾਇਕ, ਪਾਰੋ ਨਾਲ ਕੀਤਾ ਵਾਅਦਾ ਨਹੀਂ ਨਿਭਾਅ ਸਕਿਆ, ਉਹੀ ਹਾਲ ਨੇਤਾਵਾਂ ਦਾ। ਇਨ੍ਹਾਂ ਨਾਲੋਂ ਆਸ਼ਕ ਸੌ ਗੁਣਾ ਚੰਗੇ ਨੇ। ਕੌਲ ਕਰਾਰਾਂ ’ਤੇ ਫੁੱਲ ਤਾਂ ਚੜ੍ਹਾਉਂਦੇ ਨੇ। ਮਜਨੂੰ ਨੂੰ ਲੈਲਾ ’ਚੋ, ਰਾਂਝੇ ਨੂੰ ਹੀਰ ’ਚੋਂ ਤੇ ਮਹੀਂਵਾਲ ਨੂੰ ਸੋਹਣੀ ਵਿੱਚੋਂ ਰੱਬ ਦਿੱਖਿਆ। ਲੀਡਰਾਂ ਨੂੰ ਲੋਕਾਂ ’ਚੋਂ ਕਿਉਂ ਨਹੀਂ ਦਿਖਦਾ।
ਨੇਤਾ ਉਹ ਡਾਇਲਾਗ ਯਾਦ ਰੱਖਣ- ‘‘ਆਮ ਆਦਮੀ ਸੋਤਾ ਹੁਆ ਸ਼ੇਰ ਹੋਤਾ ਹੈ।’ ਲੀਡਰ ਖ਼ੁਦ ਸਹੁੰਆਂ ਖਾਂਦੇ ਨੇ, ਖ਼ਜ਼ਾਨੇ ਛੱਕਦੇ ਨੇ। ਮਹਾਤੜਾਂ ਨੂੰ ਆਹ ਨਸੀਹਤਾਂ ਦਿੰਦੇ ਨੇ, ‘ਦਾਲ ਰੋਟੀ ਖਾਓ, ਪ੍ਰਭੂ ਕੇ ਗੁਣ ਗਾਓ।’
ਅੰਤ ’ਚ ਇੱਕ ਲਤੀਫ਼ਾ। ਇੱਕ ਰਾਜਾ ਸਿਰ ’ਤੇ ਹੱਥ ਫੇਰਦਾ ਸੀ, ਜਿੰਨੇ ਵਾਲ ਹੱਥ ’ਚ ਆਉਂਦੇ, ਓਨੀਆਂ ਅਸ਼ਰਫ਼ੀਆਂ ਦੇ ਦਿੰਦਾ ਸੀ। ਕੇਰਾਂ ਮਰਾਸੀ ਦਰਬਾਰ ’ਚ ਪੇਸ਼ ਹੋਇਆ, ਰਾਜੇ ਨੇ ਸਿਰ ’ਤੇ ਹੱਥ ਫੇਰਿਆ। ਕੋਈ ਵਾਲ ਹੱਥ ’ਚ ਨਾ ਆਇਆ ਤੇ ਮਰਾਸੀ ਨੂੰ ਅਸ਼ਰਫ਼ੀਆਂ ਦੇਣ ਤੋਂ ਨਾਂਹ ਕਰ ਦਿੱਤੀ। ਮਰਾਸੀ ਨੇ ਤਰਲਾ ਮਾਰਿਆ, ਮਹਾਰਾਜ ਮੰਨਗੇ ਥੋਡੇ ਇਨਸਾਫ਼ ਨੂੰ, ਵਾਲ ਵੀ ਥੋਡੇ ਤੇ ਹੱਥ ਵੀ ਥੋਡਾ। ਸੁਆਦ ਤਾਂ ਆਵੇ ਜੇ ਵਾਲ ਥੋਡੇ ਹੋਣ ਤੇ ਹੱਥ ਮੇਰਾ। ਫੇਰ ਦੇਖਣਾ ਕਿਵੇਂ ਢੇਰ ਲੱਗਦੈ ਅਸ਼ਰਫ਼ੀਆਂ ਦਾ…!
(4 ਫਰਵਰੀ 2024)

Leave a Reply

Your email address will not be published. Required fields are marked *