ਟਾਪਫੀਚਰਡ

ਉਡਾਰੂ ਹੋਏ ਬੋਟ (ਕਹਾਣੀ)-ਹਰਜੀਤ ਸਿੰਘ

ਹਰਜੀਤ ਸਿੰਘ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਕੰਪਿਊਟਰ ਸਾਇੰਸ ਵਿੱਚ ਬੀ ਟੈੱਕ ਦੀ ਡਿਗਰੀ ਬਹੁਤ ਵਧੀਆ ਅੰਕ ਲੈ ਕੇ ਹਾਸਲ ਕਰ ਲਈ ਸੀ। ਹੁਣ ਉਹ ਕਈ ਵੱਡੀਆਂ ਫ਼ਰਮਾਂ ਵਿੱਚ ਜੌਬ ਲਈ ਅਪਲਾਈ ਕਰ ਚੁੱਕਾ ਸੀ। ਬੇਸ਼ੱਕ ਅਜੇ ਤੱਕ ਉਸ ਨੂੰ ਕਿਸੇ ਵੀ ਫ਼ਰਮ ਵੱਲੋਂ ਜੌਬ ਲਈ ਸੱਦਾ ਪੱਤਰ ਨਹੀਂ ਸੀ ਮਿਲਿਆ। ਪਰੰਤੂ ਤਿੰਨ ਫ਼ਰਮਾਂ ਵੱਲੋਂ ਉਸ ਨੂੰ ਕੁਝ ਸਮੇਂ ਲਈ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ। ਇਹ ਤਾਂ ਤੈਹਿ ਸੀ ਕਿ ਦੇਰ ਸਵੇਰ ਉਸ ਨੂੰ ਕਿਸੇ ਨਾ ਕਿਸੇ ਵੱਡੀ ਫ਼ਰਮ ਵਿੱਚ ਚੰਗੀ ਨੌਕਰੀ ਲੱਗਣ ਦੀ ਪੂਰੀ ਸੰਭਾਵਨਾ ਬਣੀ ਹੋਈ ਸੀ।
ਪਰੰਤੂ ਉਹ ਆਪਣੇ ਸਕੂਲ ਪੜ੍ਹਦੇ ਦੋਸਤਾਂ ਸਤਿਪ੍ਰੀਤ ਸੰਧੂ ਅਤੇ ਹੇਮ ਰਾਜ ਗੋਇਲ ਦੇ ਅਜਿਹਾ ਧੱਕੇ ਚੜ੍ਹਿਆ ਕਿ ਉਸ ਨੇ ਵੀ ਕੈਨੇਡਾ ਜਾਣ ਦੀ ਜ਼ਿੱਦ ਫ਼ੜ ਲਈ। ਮੱਧਵਰਗੀ ਕਿਸਾਨੀ ਪਰਿਵਾਰ ਨਾਲ਼ ਸੰਬੰਧਿਤ ਉਸ ਦੇ ਪਾਪਾ ਇੰਦਰਬੀਰ ਸਿੰਘ ਖੰਘੂੜਾ ਨੇ ਉਸ ਨੂੰ ਬਹੁਤ ਸਮਝਾਇਆ- “ਦੇਖ ਪੁੱਤ, ਘਰ ਦੀ ਸਾਰੀ ਹਾਲਤ ਤੇਰੇ ਸਾਹਮਣੇ ਐ। ਕੁੱਲ ਨੌਂ ਏਕੜ ਭੌਇਂ ਆਪਣੇ ਕੋਲ ਐ। ਦੱਬ ਘੁੱਟ ਕੇ ਬੜੀ ਮੁਸ਼ਕਲ ਨਾਲ਼ ਘਰ ਦਾ ਦਾਲ਼ ਫੁੱਲਕਾ ਤੁਰਦੈ। ਪਹਿਲਾਂ ਈਂ ਤੇਰੀ ਪੜ੍ਹਾਈ ਉੱਤੇ ਲੱਖਾਂ ਰੁਪਈਏ ਖ਼ਰਚ ਚੁੱਕੇ ਆਂ। ਹੁਣ ਤੇਰੀ ਡਿਗਰੀ ਪੂਰੀ ਹੋ ਗਈ ਐ। ਅੱਜ ਭਲ੍ਹਕ ‘ਚ ਤੇਰੀ ਕੋਈ ਨਾ ਕੋਈ ਨੌਕਰੀ ਲੱਗ ਜੂ ਗੀ। ਤੂੰ ਪਰਦੇਸਾਂ ਵਿੱਚ ਕਾਹਦੇ ਲਈ ਧੱਕੇ ਖਾਣੇ ਐਂ।”
ਪਰੰਤੂ ਉਹਦੇ ਯਾਰਾਂ ਦੀ ਉਹਨੂੰ ਅਜਿਹੀ ਉਂਗਲ ਲੱਗੀ ਹੋਈ ਸੀ ਕਿ ਉਹ ਕੋਈ ਵੀ ਗੱਲ ਸੁਣਨ ਸਮਝਣ ਲਈ ਰੱਤੀ ਭਰ ਵੀ ਤਿਆਰ ਨਹੀਂ ਸੀ। ਉਹਨੇ ਆਪਣੇ ਪਾਪਾ ਨੂੰ ਦੋ ਟੁੱਕ ਫ਼ੈਸਲਾ ਸੁਣਾ ਦਿੱਤਾ ਸੀ,
“ਦੇਖੋ ਪਾਪਾ, ਜਿੰਨੀਂ ਕੁ ਆਪਣੇ ਕੋਲ ਜ਼ਮੀਨ ਹੈ। ਤੁਸੀਂ ਸਾਰੀ ਉਮਰ ਮਿੱਟੀ ਨਾਲ਼ ਮਿੱਟੀ ਹੁੰਦੇ ਰਹੇ ਓਂ। ਆਪਣੇ ਪੱਲੇ ਕੀ ਪਿਐ? ਨਾ ਕਦੀ ਚੱਜ ਦਾ ਪਹਿਨਿਆਂ, ਨਾ ਹੰਢਾਇਆ। ਸਾਰੀ ਉਮਰ ਆਪਾਂ ਰੁੱਖੀ ਮਿੱਸੀ ਖਾ ਕੇ ਡੰਗ ਟਪਾਇਆ ਹੈ। ਮੈਂ ਤਾਂ ਹੁਣ ਆਈਲੈੱਟਸ ਕਲੀਅਰ ਕਰ ਕੇ ਕੈਨੇਡਾ ਹੀ ਜਾਣਾ ਹੈ। ਬੱਸ ਤੁਸੀਂ ਮੇਰੇ ਲਈ ਜਹਾਜ਼ ਦੀ ਟਿਕਟ ਅਤੇ ਮੇਰੀ ਦੋ ਸਮੈੱਸਟਰ ਦੀ ਫ਼ੀਸ ਭਰ ਦਿਓ। ਉਸ ਤੋਂ ਬਾਅਦ ਮੈਂ ਤੁਹਾਨੂੰ ਕਦੇ ਵੀ ਫ਼ੀਸ ਜਾਂ ਖ਼ਰਚੇ ਲਈ ਨਹੀਂ ਕਹਾਂਗਾ। ਬੱਸ, ਤੁਸੀਂ ਹੁਣ ਨੰਨ੍ਹਾ ਨਾ ਮਾਰੋ। ਮੈਨੂੰ ਪਤੈ, ਇੱਥੇ ਮੇਰਾ ਕੁਝ ਨਹੀਂ ਬਣਨਾ। ਮੇਰਾ ਭਵਿੱਖ ਤਾਂ ਉੱਥੇ ਹੀ ਹੈ।”
ਪੁੱਤਰ ਦੀ ਜ਼ਿੱਦ ਅਤੇ ਦ੍ਰਿੜ੍ਹਤਾ ਭਰੀਆਂ ਗੱਲਾਂ ਸੁਣ ਕੇ ਉਸ ਦੇ ਪਾਪਾ ਚੁੱਪ ਕਰ ਗਏ ਸਨ। ਉਸ ਨੇ ਪਾਪਾ ਤੋਂ ਪੰਦਰਾਂ ਹਜ਼ਾਰ ਰੁਪਏ ਲੈ ਕੇ ਉਸੇ ਦਿਨ ਨੇੜਲੇ ਸ਼ਹਿਰ ਜਾ ਕੇ ਆਈਲੈੱਟਸ ਦੀ ਫ਼ੀਸ ਭਰ ਦਿੱਤੀ ਸੀ।
ਉਹ ਹਰ ਰੋਜ਼ ਆਪਣੇ ਪੁਰਾਣੇ ਸਕੂਟਰ ਉੱਤੇ ਕਲਾਸ ਲਾਉਣ ਸ਼ਹਿਰ ਜਾਂਦਾ। ਘਰ ਆ ਕੇ ਸਾਰਾ-ਸਾਰਾ ਦਿਨ ਆਪਣੇ ਨੋਟਿਸਾਂ ਦੀ ਫੋਲਾ ਫਾਲੀ ਕਰਦਾ ਰਹਿੰਦਾ। ਕਦੇ ਨੈੱਟ ਉੱਤੇ ਜਾ ਕੇ ਕੁਝ ਨਾ ਕੁਝ ਸਰਚ ਕਰਦਾ ਰਹਿੰਦਾ। ਉਹ ਦੇਰ ਰਾਤ ਤੱਕ ਪੜ੍ਹਦਾ ਰਹਿੰਦਾ।
ਇੱਕ ਦੋ ਵਾਰੀ ਰਾਤੀਂ ਢਾਈ ਪੌਣੇ ਤਿੰਨ ਵਜੇ ਉਸ ਦੇ ਬੀਜੀ ਦੀ ਜਾਗ ਖੁੱਲ੍ਹੀ। ਪੁੱਤ ਦੇ ਕਮਰੇ ਦੀ ਜਗਦੀ ਲਾਈਟ ਵੇਖ ਕੇ ਉਸ ਨੇ ਹੌਲ਼ੀ ਜਿਹੀ ਦਰਵਾਜ਼ਾ ਖੋਲ੍ਹਿਆ। ਪੁੱਤ ਨੂੰ ਪੜ੍ਹਾਈ ਵਿੱਚ ਮਗਨ ਵੇਖ ਕੇ ਉਸ ਨੂੰ ਖ਼ੁਸ਼ੀ ਭਰੀ ਤਸੱਲੀ ਹੋਈ ਸੀ ਕਿ ਉਹ ਬਹੁਤ ਜ਼ਿਆਦਾ ਸਖ਼ਤ ਮਿਹਨਤ ਕਰ ਰਿਹਾ ਹੈ। ਉਹ ਉਸ ਨੂੰ ਬਿਨ ਬੁਲਾਏ ਚੁੱਪਚਾਪ ਮੁੜ ਆਈ ਸੀ। ਅਗਲੀ ਰਾਤ ਫ਼ਿਰ ਸਵੇਰੇ ਤਿੰਨ ਵਜੇ ਉਹਦੇ ਬੀਜੀ ਦੀ ਅੱਖ ਖੁੱਲ੍ਹ ਗਈ ਸੀ। ਉਹ ਹੌਲ਼ੀ ਜਿਹੀ ਪੁੱਤ ਦੇ ਕਮਰੇ ਵਿੱਚ ਚਲੀ ਗਈ। ਬੀਜੀ ਨੇ ਉਹਦੇ ਵਾਲ਼ਾਂ ਵਿੱਚ ਪਿਆਰ ਨਾਲ਼ ਹੱਥ ਫੇਰਦਿਆਂ ਆਖਿਆ, “ਪੁੱਤ ਹਰੀ, ਬਹੁਤ ਰਾਤ ਹੋ ਗਈ ਹੈ। ਤੂੰ ਕੱਲ੍ਹ ਸਵੇਰੇ ਆਪਣੀ ਕਲਾਸ ਲਾਉਣ ਸ਼ਹਿਰ ਵੀ ਜਾਣਾ ਹੈ। ਹੁਣ ਤੈਨੂੰ ‘ਰਾਮ ਕਰਨਾ ਚਾਹੀਦਾ ਹੈ।”
ਮਾਂ ਦੀਆਂ ਮੋਹ ਅਤੇ ਪਿਆਰ ਭਿੱਜੀਆਂ ਗੱਲਾਂ ਸੁਣ ਕੇ ਉਹ ਬੋਲਿਆ, “ਬੀਜੀ, ਬੱਸ ਮੇਰਾ ਥੋੜ੍ਹਾ ਜਿਹਾ ਕੰਮ ਬਾਕੀ ਹੈ। ਕੱਲ੍ਹ ਨੂੰ ਮੇਰੇ ਸਰ ਨੇ ਸਾਡਾ ਟੈਸਟ ਲੈਣਾ ਹੈ। ਬੱਸ, ਉਸੇ ਦੀ ਤਿਆਰੀ ਵਿੱਚ ਲੱਗਾ ਹਾਂ। ਬੀਜੀ, ਤੁਸੀਂ ਮੇਰੀ ਸਿਹਤ ਜਾਂ ਨੀਂਦ ਲਈ ਕੋਈ ਫ਼ਿਕਰ ਨਾ ਕਰਿਆ ਕਰੋ। ਮੈਂ ਬਿਲਕੁਲ ਠੀਕ ਹਾਂ। ਨਾਲ਼ੇ ਕੁਝ ਹਾਸਲ ਕਰਨ ਲਈ ਨੀਂਦ ਅਤੇ ਸੁੱਖ ਦਾ ਤਿਆਗ ਤਾਂ ਕਰਨਾ ਹੀ ਹੁੰਦਾ ਹੈ। ਦੂਜਾ, ਆਪਣੇ ਘਰ ਦੀ ਸਾਰੀ ਸਥਿਤੀ ਮੇਰੇ ਸਾਹਮਣੇ ਹੈ। ਮੇਰੇ ਪਾਪਾ ਨੇ ਪਹਿਲਾਂ ਹੀ ਮੇਰੀ ਪੜ੍ਹਾਈ ਉੱਤੇ ਲੱਖਾਂ ਰੁਪਈਏ ਖ਼ਰਚ ਦਿੱਤੇ ਹਨ। ਬੱਸ, ਹੁਣ ਇਹ ਆਖ਼ਰੀ ਹੰਭਲਾ ਮਾਰ ਕੇ ਮੈਂ ਆਪਣੀ ਮੰਜ਼ਿਲ ਫ਼ਤਹਿ ਕਰਨੀ ਚਾਹੁੰਦਾ ਹਾਂ। ਮੇਰੀ ਇੱਕੋ ਇੱਕ ਦਿਲੀ ਤਮੰਨਾ ਹੈ ਕਿ ਆਪਣੇ ਪੈਰਾਂ ਉੱਤੇ ਖੜ੍ਹੋ ਕੇ ਬੀਜੀ ਪਾਪਾ ਦੀ ਝੋਲ਼ੀ ਵਿੱਚ ਉਹ ਸਾਰੀਆਂ ਖ਼ੁਸ਼ੀਆਂ ਪਾ ਸਕਾਂ, ਜਿਹੜੀਆਂ ਉਨ੍ਹਾਂ ਆਪਣੀ ਸਾਰੀ ਉਮਰ ਮੇਰੀ ਪੜ੍ਹਾਈ ਕਾਰਨ ਕੁਰਬਾਨ ਕੀਤੀਆਂ ਹਨ।”
ਪੁੱਤ ਦੀਆਂ ਸੂਝ ਅਤੇ ਸਿਆਣਪ ਭਰੀਆਂ ਗੱਲਾਂ ਸੁਣ ਕੇ ਮਾਂ ਨੇ ਉਸ ਨੂੰ ਆਪਣੀ ਹਿੱਕ ਨਾਲ਼ ਘੁੱਟ ਲਿਆ। ਫ਼ਿਰ ਬੋਲੀ, “ਹਰੀ, ਜੇ ਤੂੰ ਹੋਰ ਲੰਮੇਂ ਸਮੇਂ ਤੱਕ ਪੜ੍ਹਾਈ ਕਰਨੀਂ ਹੈ ਤਾਂ ਮੈਂ ਤੇਰੇ ਲਈ ਚਾਹ ਦਾ ਕੱਪ ਬਣਾ ਦਿਆਂ?”
“ਨਹੀਂ ਬੀਜੀ। ਮੇਰਾ ਕੰਮ ਬੱਸ ਖ਼ਤਮ ਹੀ ਹੋਣ ਵਾਲ਼ਾ ਹੈ। ਤੁਸੀਂ ਜਾ ਕੇ ਆਰਾਮ ਕਰੋ। ਮੈਂ ਵੀ ਥੋੜ੍ਹੀ ਦੇਰ ਬਾਅਦ ਸੌਂ ਜਾਣਾ ਹੈ।” ਪੁੱਤਰ ਨੇ ਆਖਿਆ। ਉਹ ਚੁੱਪਚਾਪ ਉੱਠ ਕੇ ਆਪਣੇ ਬਿਸਤਰੇ ‘ਤੇ ਆ ਪਈ।
ਲਗਪਗ ਚਾਰ ਮਹੀਨਿਆਂ ਬਾਅਦ ਹਰਜੀਤ ਦਾ ਆਈਲੈਟਸ ਦਾ ਨਤੀਜਾ ਐਲਾਨ ਦਿੱਤਾ ਗਿਆ ਸੀ। ਉਸ ਨੇ ਸਖ਼ਤ ਮਿਹਨਤ ਕਰਕੇ ਪਹਿਲੀ ਵਾਰੀ ਵਿੱਚ ਹੀ ਸਾਢੇ ਸੱਤ ਬੈਂਡ ਹਾਸਲ ਕਰ ਲਏ ਸਨ। ਨਤੀਜਾ ਸੁਣ ਕੇ ਉਸ ਦੇ ਬੀਜੀ ਪਾਪਾ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੋਈ ਸੀ। ਦੋ ਮਹੀਨਿਆਂ ਬਾਅਦ ਉਸ ਦਾ ਵੀਜ਼ਾ ਲੱਗ ਗਿਆ ਸੀ। ਨੌਂ ਅਗਸਤ ਨੂੰ ਦਿੱਲੀ ਏਅਰਪੋਰਟ ਤੋਂ ਸਵੇਰੇ ਸੱਤ ਵਜੇ ਉਸ ਦੀ ਫ਼ਲਾਈਟ ਸੀ।
ਅੱਠ ਅਗਸਤ ਦੀ ਰਾਤ ਦਸ ਵਜੇ ਉਹ ਆਪਣੇ ਬੀਜੀ ਪਾਪਾ ਨਾਲ਼ ਦਿੱਲੀ ਏਅਰਪੋਰਟ ਉੱਤੇ ਜਾਣ ਲਈ ਘਰੋਂ ਚੱਲਿਆ ਸੀ। ਬੇਸ਼ੱਕ ਉਹਦੇ ਦਾਦਾ ਦਾਦੀ ਅਤੇ ਛੋਟੀ ਭੈਣ ਹੁਸਨਪ੍ਰੀਤ ਵੀ ਨਾਲ਼ ਜਾਣ ਦੀ ਜ਼ਿੱਦ ਕਰ ਰਹੀ ਸੀ। ਪਰੰਤੂ ਲੰਮਾਂ ਸਫ਼ਰ ਹੋਣ ਕਾਰਨ ਉਹ ਉਨ੍ਹਾਂ ਤਿੰਨਾਂ ਨੂੰ ਘਰ ਹੀ ਛੱਡ ਗਏ ਸਨ।
ਸਵੇਰੇ ਪੰਜ ਵਜੇ ਉਸ ਦੀ ਏਅਰਪੋਰਟ ਅੰਦਰ ਐਂਟਰੀ ਸੀ। ਉਹ ਖ਼ੁਸ਼ੀ ਦੇ ਰੌਂਅ ਵਿੱਚ ਪੂਰਾ ਚਹਿਕ ਰਿਹਾ ਸੀ। ਉਹਦੇ ਪਾਪਾ ਵੀ ਪੂਰੀ ਚੜ੍ਹਦੀ ਕਲਾ ਵਿੱਚ ਸਨ। ਪਰੰਤੂ ਬੀਜੀ ਦੀਆਂ ਅੱਖਾਂ ਵਿਚਲੀ ਚਮਕ ਕਿਧਰੇ ਲੋਪ ਹੋ ਚੁੱਕੀ ਸੀ। ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਦੀਆਂ ਅੱਖਾਂ ਵਿੱਚੋਂ ਵਹਿੰਦਾ ਪਾਣੀ ਦੱਸ ਰਿਹਾ ਸੀ, ਜਿਵੇਂ ਬਿਦੇਸ਼ੀ ਧਰਤੀ ਨੇ ਉਸ ਦੀਆਂ ਆਂਦਰਾਂ ਕੱਢ ਲਈਆਂ ਹੋਣ।
ਇੱਕ ਵਾਰੀ ਤਾਂ ਇੰਦਰਬੀਰ ਦੇ ਦਿਲ ਵਿੱਚ ਆਇਆ ਕਿ ਉਹ ਪਤਨੀ ਨੂੰ ਹੌਂਸਲਾ ਦੇਵੇ। ਅੱਗੇ ਹੋ ਕੇ ਉਹਦੀਆਂ ਅੱਖਾਂ ਵਿੱਚੋਂ ਵਹਿੰਦੀ ਗੰਗਾ ਜਮਨਾ ਨੂੰ ਸਾਫ਼ ਕਰ ਦੇਵੇ। ਉਸ ਨੂੰ ਆਪਣੀ ਹਿੱਕ ਨਾਲ਼ ਲਾ ਕੇ ਘੁੱਟ ਲਵੇ। ਪਰੰਤੂ ਜਵਾਨ ਪੁੱਤ ਦੇ ਸਾਹਮਣੇ ਖੜ੍ਹਾ ਹੋਣ ਕਾਰਨ ਅਤੇ ਲੋਕਾਂ ਦੀ ਭੀੜ ਕਾਰਨ ਉਹ ਕੁਝ ਵੀ ਨਾ ਕਰ ਸਕਿਆ। ਬੇਸ਼ੱਕ ਉਸ ਨੇ ਆਪਣੇ ਮਨ ਨੂੰ ਬਹੁਤ ਕਰੜਾ ਕਰ ਕੇ ਰੱਖਿਆ ਹੋਇਆ ਸੀ। ਪਰੰਤੂ ਪ੍ਰਦੇਸ ਜਾ ਰਹੇ ਪੁੱਤਰ ਦੀ ਪਿੱਠ ਵੇਖ ਕੇ ਉਹਦਾ ਆਪਣਾ ਚਿੱਤ ਵੀ ਗੋਤਿਆਂ ਵਿੱਚ ਪਿਆ ਹੋਇਆ ਸੀ।
ਸਮਾਨ ਦੀ ਚੈਕਿੰਗ ਅਤੇ ਕਲੀਅਰੈਂਸ ਹੋ ਚੁੱਕੀ ਸੀ। ਹਰਜੀਤ ਜਹਾਜ਼ ਵੱਲ ਜਾਣ ਤੋਂ ਪਹਿਲਾਂ ਆਖ਼ਰੀ ਵਾਰੀ ਆਪਣੇ ਬੀਜੀ ਪਾਪਾ ਨੂੰ ਦੂਰੋਂ ਹੀ ਸਤਿ ਸ਼੍ਰੀ ਅਕਾਲ ਬੁਲਾਉਣ ਲਈ ਮੁੜਿਆ। ਸਾਹਮਣੇ ਆਪਣੇ ਬੀਜੀ ਪਾਪਾ ਦੀਆਂ ਉਦਾਸ ਅਤੇ ਵੀਰਾਨ ਅੱਖਾਂ ਤੱਕ ਕੇ ਉਸ ਦਾ ਸਖ਼ਤ ਮਨ ਵੀ ਡੋਲ੍ਹ ਗਿਆ ਸੀ। ਉਸ ਨੇ ਦੂਰੋਂ ਹੀ ਦੋਵੇਂ ਹੱਥਾਂ ਨਾਲ਼ ਬੀਜੀ ਪਾਪਾ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਸੀ। ਫ਼ਿਰ ਉਹ ਉਨ੍ਹਾਂ ਵੱਲ ਪਿੱਠ ਕਰ ਕੇ ਆਪਣੀਆਂ ਅੱਖਾਂ ਵਿੱਚ ਆਏ ਹੰਝੂਆਂ ਨੂੰ ਪੂੰਝਣ ਲੱਗ ਪਿਆ ਸੀ।
ਸਵੇਰੇ ਸਵਾ ਸੱਤ ਵਜੇ ਦੋਵੇਂ ਜੀਅ ਚੁੱਪਚਾਪ ਆ ਕੇ ਕਿਰਾਏ ਦੀ ਗੱਡੀ ਵਿੱਚ ਆ ਬੈਠੇ ਸਨ। ਡਰਾਈਵਰ ਨੇ ਦੋਵਾਂ ਦੇ ਉੱਤਰੇ ਚਿਹਰੇ ਵੇਖ ਲਏ ਸਨ। ਆਮ ਤੌਰ ‘ਤੇ ਉਹ ਏਅਰਪੋਰਟ ਉੱਤੇ ਆਪਣੇ ਧੀ ਜਾਂ ਪੁੱਤਰ ਨੂੰ ਚੜ੍ਹਾਉਣ ਆਏ ਮਾਪਿਆਂ ਨੂੰ ਵਧਾਈਆਂ ਦੇ ਦਿੰਦਾ ਸੀ। ਵਧਾਈ ਦੇ ਰੂਪ ਵਿੱਚ ਉਸ ਨੂੰ ਦੋ ਚਾਰ ਸੌ ਰੁਪਏ ਸ਼ਗਨ ਦੇ ਮਿਲ ਜਾਂਦੇ ਸਨ। ਦੋਵਾਂ ਜੀਆਂ ਦੀਆਂ ਵੀਰਾਨ ਅੱਖਾਂ ਅਤੇ ਉੱਤਰੇ ਚਿਹਰੇ ਦੀ ਪਿਲੱਤਣ ਵੇਖ ਕੇ ਅੱਜ ਧਰਮਪਾਲ ਦੇ ਮੂੰਹੋਂ ਕੋਈ ਵੀ ਸ਼ਬਦ ਨਹੀਂ ਸੀ ਨਿੱਕਲਿਆ। ਉਸ ਨੇ ਚੁੱਪਚਾਪ ਗੱਡੀ ਸਟਾਰਟ ਕਰ ਲਈ ਸੀ। ਉਸ ਨੇ ਆਪਣੇ ਦੋਵੇਂ ਹੱਥ ਜੋੜੇ। ਅੱਖਾਂ ਬੰਦ ਕੀਤੀਆਂ। ਬੁੱਲ੍ਹਾਂ ਵਿੱਚ ਕੁਝ ਫੁਸਫੁਸਾਇਆ। ਅਗਲੇ ਪਲਾਂ ਵਿੱਚ ਗੱਡੀ ਸਰਪੱਟ ਦੌੜ ਰਹੀ ਸੀ।
ਲਗਪਗ ਅੱਧੇ ਘੰਟੇ ਬਾਅਦ ਇੰਦਰਬੀਰ ਨੇ ਬੋਝਲ ਮਾਹੌਲ ਨੂੰ ਸੁਖਾਵਾਂ ਕਰਨ ਦੀ ਚਾਹ ਨਾਲ਼ ਪਤਨੀ ਨੂੰ ਸੁਣਾ ਕੇ ਆਖਿਆ,
“ਚਲੋ, ਕੁਦਰਤ ਦਾ ਲੱਖ-ਲੱਖ ਸ਼ੁਕਰ ਐ। ਸਾਡਾ ਪੁੱਤ ਸੁੱਖੀਂ ਸਾਂਦੀ ਜਹਾਜ਼ ਚੜ੍ਹਿਆ ਏ। ਨਹੀਂ ਤਾਂ ਹਰ ਰੋਜ਼ ਧੋਖੇਬਾਜ਼ ਏਜੰਟਾਂ ਦੇ ਧੱਕੇ ਚੜ੍ਹੇ ਮੁੰਡੇ ਕੁੜੀਆਂ ਦੀ ਕੋਈ ਉਘ ਸੁੱਘ ਹੀ ਨਹੀਂ ਨਿੱਕਲ਼ਦੀ। ਉਹ ਕਿੱਥੇ ਗਏ? ਬਹੁਤਿਆਂ ਨੂੰ ਤਾਂ ਇਨ੍ਹਾਂ ਠੱਗੀ ਠੋਰੀ ਵਾਲ਼ੇ ਏਜੰਟਾਂ ਦੇ ਆਪਣੇ ਦਲਾਲ਼ ਹੀ ਮਾਰ ਮੁਕਾਉਂਦੇ ਹਨ। ਜਾਂ ਗ਼ਲਤ ਢੰਗ ਨਾਲ਼ ਭੇਜੇ ਬੇਗਾਨੇ ਦੇਸ਼ ਦੀ ਪੁਲਿਸ ਨੂੰ ਜਾਣਕਾਰੀ ਦੇ ਕੇ ਗ੍ਰਿਫ਼ਤਾਰ ਕਰਵਾ ਦਿੰਦੇ ਹਨ। ਲੋਕਾਂ ਦੇ ਪੁੱਤ ਧੀ ਬੇਗਾਨੇ ਦੇਸ਼ ਦੀਆਂ ਜੇਲ੍ਹਾਂ ਵਿੱਚ ਸੜ੍ਹਦੇ ਰਹਿੰਦੇ ਹਨ, ਮਾੜੀ ਕਿਸਮਤ ਵਾਲ਼ੇ। ਅਜਿਹੇ ਪਾਖੰਡੀ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਬਹੁਤ ਸਾਰੀਆਂ ਮੁਟਿਆਰਾਂ ਤਾਂ ਆਪਣਾ ਜਤ ਸਤ ਗੁਆ ਬਹਿੰਦੀਆਂ ਹਨ। ਉਹ ਨਰਕ ਭਰੀ ਜ਼ਿੰਦਗੀ ਜੀਊਣ ਲਈ ਮਜਬੂਰ ਹੋ ਜਾਂਦੀਆਂ ਹਨ। ਜਿਹੜੀ ਉਨ੍ਹਾਂ ਵਿਚਾਰੀਆਂ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ। ਆਮ ਤੌਰ ‘ਤੇ ਅਜਿਹੇ ਗੰਦੇ ਅਤੇ ਗ਼ਲੀਜ਼ ਮਾਹੌਲ ਵਿੱਚੋਂ ਕੋਈ ਬਾਹਰ ਹੀ ਨਹੀਂ ਨਿੱਕਲ ਸਕਦੀ। ਜੇਕਰ ਉਨ੍ਹਾਂ ਵਿੱਚੋਂ ਕੁਝ ਇੱਕ ਨੂੰ ਬਾਹਰ ਨਿੱਕਲਣ ਦਾ ਮੌਕਾ ਵੀ ਮਿਲਦਾ ਹੈ, ਤਦ ਵੀ ਉਹ ਸੰਗ ਸ਼ਰਮ ਦੀਆਂ ਮਾਰੀਆਂ ਆਪਣੇ ਮਾਪਿਆਂ ਨਾਲ਼ ਕੋਈ ਰਾਬਤਾ ਕਾਇਮ ਨਹੀਂ ਕਰਦੀਆਂ। ਹਾਲਾਂਕਿ ਉਨ੍ਹਾਂ ਦੀ ਇਸ ਹਾਲਤ ਲਈ ਉਨ੍ਹਾਂ ਆਪ ਕੋਈ ਵੀ ਗ਼ਲਤੀ ਨਹੀਂ ਕੀਤੀ ਹੁੰਦੀ। ਉਨ੍ਹਾਂ ਵਿਚਾਰੀਆਂ ਦੇ ਮਾਪੇ ਵੀ ਤਾਂ ਸਬਰ ਦਾ ਘੁੱਟ ਭਰ ਕੇ ਚੁੱਪ ਚਾਪ ਬੈਠ ਜਾਂਦੇ ਹਨ। ਕਿਹੜਾ ਕਿਸੇ ਦਾ ਕੋਈ ਜ਼ੋਰ ਚੱਲਦੈ।”
ਪਤੀ ਦੀ ਲੰਮੀ ਚੌੜੀ ਗੱਲਬਾਤ ਸੁਣ ਕੇ ਵੀ ਪਤਨੀ ਨੇ ਕੋਈ ਹੂੰਘਾਰਾ ਨਾ ਭਰਿਆ। ਉਸ ਨੂੰ ਇੰਝ ਮਹਿਸੂਸ ਹੋ ਰਿਹਾ ਸੀ, ਜਿਵੇਂ ਉਸ ਦਾ ਕੇਵਲ ਸਰੀਰ ਦਾ ਢਾਂਚਾ ਹੀ ਗੱਡੀ ਦੀ ਸੀਟ ਉੱਤੇ ਰੱਖਿਆ ਹੋਵੇ। ਰੂਹ ਤਾਂ ਉਸ ਦੀ ਉਸ ਦੇ ਪੁੱਤ ਨਾਲ਼ ਹੀ ਚਲੀ ਗਈ ਸੀ।
ਪਰੰਤੂ ਡਰਾਈਵਰ ਨੇ ਉਸ ਦੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ਼ ਸੁਣੀਆਂ ਸਨ। ਉਹ ਬੋਲਿਆ, “ਹਾਂ ਜੀ, ਸਰਦਾਰ ਸਾਹਿਬ, ਤੁਸੀਂ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਹਨ। ਪਰੰਤੂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਨ੍ਹਾਂ ਧੋਖੇਬਾਜ਼ ਪਾਖੰਡੀ ਏਜੰਟਾਂ ਨੇ ਇੰਨੇਂ ਸਾਲਾਂ ਤੋਂ ਆਪਣਾ ਮੱਕੜ ਜਾਲ ਬੁਣਿਆਂ ਹੋਇਆ ਹੈ। ਸਾਡੀਆਂ ਸਰਕਾਰਾਂ, ਵੱਡੇ-ਵੱਡੇ ਅਫ਼ਸਰ, ਪੁਲਿਸ ਦੇ ਅਧਿਕਾਰੀ ਇਨ੍ਹਾਂ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕਰਦੇ? ਇਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਸਜ਼ਾਵਾਂ ਕਿਉਂ ਨਹੀਂ ਦਿੰਦੇ? ਆਮ ਲੋਕੀਂ ਜਾਗ੍ਰਿਤ ਹੋ ਕੇ ਇਨ੍ਹਾਂ ਨੂੰ ਧੌਣ ਤੋਂ ਕਿਉਂ ਨੀਂ ਫ਼ੜਦੇ?”
“ਨਹੀਂ ਨਹੀਂ, ਧਰਮਪਾਲ ਇਹੋ ਜਿਹੀ ਕੋਈ ਗੱਲ ਨਹੀਂ ਹੈ। ਇਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਤਾਂ ਹੁੰਦੀ ਹੈ। ਪਰੰਤੂ ਇਹ ਲੋਕ ਆਪਣੇ ਧਨ ਦੌਲਤ ਅਤੇ ਉੱਪਰ ਤੱਕ ਹਿੱਸੇਦਾਰੀ ਹੋਣ ਕਾਰਨ ਬਚ ਜਾਂਦੇ ਹਨ। ਇਨ੍ਹਾਂ ਲੋਕਾਂ ਨੇ ਤਾਂ ਮੱਕੜੀ ਵਾਲ਼ਾ ਅਜਿਹਾ ਤਾਣਾ ਤਣਿਆ ਹੋਇਆ ਹੈ ਕਿ ਸਾਡੇ ਭੋਲ਼ੇ ਭਾਲ਼ੇ ਲੋਕਾਂ ਦੇ ਸਾਊ ਧੀਆਂ ਪੁੱਤਰ ਇਨ੍ਹਾਂ ਦੇ ਜਾਲ਼ ਵਿੱਚ ਖ਼ੁਦ ਬ ਖ਼ੁਦ ਆ ਫ਼ਸਦੇ ਹਨ। ਜੇਕਰ ਸਾਡੇ ਨੌਜਵਾਨ ਪੂਰੀ ਮਿਹਨਤ ਕਰਨ। ਸਹੀ ਢੰਗ ਨਾਲ਼ ਆਪਣੀ ਫਾਈਲ ਲਾਉਣ। ਤਦ ਉਹ ਇੱਕ ਨੰਬਰ ਵਿੱਚ ਵਿਦੇਸ਼ ਚਲੇ ਜਾਂਦੇ ਹਨ। ਉੱਥੇ ਜਾ ਕੇ ਸਖ਼ਤ ਮਿਹਨਤ ਕਰਕੇ ਸੁੱਖ ਦੀ ਰੋਟੀ ਖਾਂਦੇ ਹਨ।” ਇੰਦਰਬੀਰ ਨੇ ਕਿਹਾ।
ਅਜੇ ਉਨ੍ਹਾਂ ਸੌ ਕੁ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ ਕਿ ਧਰਮਪਾਲ ਨੇ ਇੱਕ ਬਹੁਤ ਵੱਡਾ ਢਾਬਾ ਵੇਖ ਕੇ ਗੱਡੀ ਰੋਕ ਲਈ। ਗੱਡੀ ਵਿੱਚੋਂ ਉੱਤਰਨ ਤੋਂ ਪਹਿਲਾਂ ਉਹ ਬੋਲਿਆ, “ਸਰਦਾਰ ਸਾਹਿਬ! ਮੈਂ ਤਾਂ ਕੱਲ੍ਹ ਸਵੇਰੇ ਵੀ ਅੰਮ੍ਰਿਤਸਰ ਏਅਰਪੋਰਟ ਤੋਂ ਸਵਾਰੀਆਂ ਲੈ ਕੇ ਆਇਆ ਸੀ। ਉਨ੍ਹਾਂ ਨੂੰ ਘਰੀਂ ਛੱਡ ਕੇ ਸਿੱਧਾ ਥੋਡੇ ਕੋਲ਼ੇ ਆ ਗਿਆ ਸੀ। ਮੈਨੂੰ ਤਾਂ ਹੁਣ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ। ਤੁਸੀਂ ਵੀ ਆਪਣੀ ਲੋੜ ਅਨੁਸਾਰ ਚਾਹ ਪਾਣੀ ਪੀ ਲਉ।”
“ਹਾਂ ਹਾਂ, ਕਿਉਂ ਨਹੀਂ! ਜ਼ਰੂਰ।” ਸਰਦਾਰ ਨੇ ਆਖਿਆ। ਫ਼ੇਰ ਉਸ ਨੇ ਆਪਣੀ ਪਤਨੀ ਨੂੰ ਕਿਹਾ, “ਸੁਖਜੀਤ, ਆ ਜਾਓ ਬਾਹਰ। ਆਪਾਂ ਵੀ ਇੱਕ-ਇੱਕ ਪਰੋਂਠਾ ਇੱਥੇ ਹੀ ਛਕ ਲੈਂਦੇ ਹਾਂ। ਘਰ ਵੜ੍ਹਦਿਆਂ ਨੂੰ ਤਾਂ ਦੁਪਹਿਰਾ ਢਲ਼ ਜਾਣੈਂ।” ਪਤੀ ਦੇ ਕਹਿਣ ‘ਤੇ ਉਹ ਚੁੱਪ ਚਾਪ ਗੱਡੀ ਵਿੱਚੋਂ ਬਾਹਰ ਆ ਗਈ।
ਫ੍ਰੈੱਸ਼ ਹੋ ਕੇ ਉਹ ਇੱਕ ਟੇਬਲ ਕੋਲ ਆ ਬੈਠੇ। ਸਰਦਾਰ ਨੇ ਵੇਟਰ ਨੂੰ ਬ੍ਰੇਕਫਾਸਟ ਲਿਆਉਣ ਲਈ ਆਖ ਦਿੱਤਾ। ਪੰਜ ਕੁ ਮਿੰਟਾਂ ਵਿੱਚ ਹੀ ਉਹ ਗਰਮ-ਗਰਮ ਪਰਾਉਂਠੇ, ਦਹੀਂ ਅਤੇ ਮੱਖਣ ਦੀ ਟਿੱਕੀ ਲੈ ਆਇਆ। ਸਰਦਾਰ ਨੇ ਤਾਂ ਪੂਰੀ ਰੀਝ ਨਾਲ਼ ਨਾਸ਼ਤਾ ਕੀਤਾ। ਪਰੰਤੂ ਪਤਨੀ ਨੇ ਦੋ ਕੁ ਬੁਰਕੀਆਂ ਖਾ ਕੇ ਥਾਲ਼ੀ ਉਸੇ ਤਰ੍ਹਾਂ ਪਰ੍ਹੇ ਸਰਕਾਅ ਦਿੱਤੀ। ਉਸ ਨੇ ਕੇਵਲ ਚਾਹ ਦਾ ਇੱਕ ਕੱਪ ਪੀਤਾ।
ਜਦੋਂ ਸਰਦਾਰ ਨੇ ਵੇਟਰ ਤੋਂ ਬਿੱਲ ਮੰਗਵਾਇਆ ਤਾਂ ਚਾਰ ਸੌ ਤੀਹ ਰੁਪਏ ਦਾ ਬਿੱਲ ਵੇਖ ਕੇ ਉਸ ਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ। ਫ਼ਿਰ ਉਸ ਨੇ ਆਪਣੇ ਆਪ ਹੀ ਲੱਖਣ ਲਾ ਲਿਆ ਕਿ ਆਖ਼ਰ ਧਰਮਪਾਲ ਦਾ ਹਿੱਸਾ ਵੀ ਤਾਂ ਢਾਬੇ ਵਾਲ਼ੇ ਨੇ ਕੱਢਣਾ ਹੈ।
ਚੱਲਦੀ ਗੱਡੀ ਵਿੱਚ ਡਰਾਈਵਰ ਨੇ ਢਾਬੇ ਵਾਲ਼ੇ ਦੇ ਚੰਗੇ ਨਾਸ਼ਤੇ, ਚੰਗੇ ਅਤੇ ਨਿੱਘੇ ਸੁਭਾਅ ਦੀ ਬਹੁਤ ਤਾਰੀਫ਼ ਕੀਤੀ। ਸਰਦਾਰ ਵੱਲੋਂ ਕੋਈ ਹੂੰਘਾਰਾ ਨਾ ਆਉਣ ਕਾਰਨ ਉਹ ਪੁੱਛ ਹੀ ਬੈਠਾ, “ਸਰਦਾਰ ਸਾਹਿਬ, ਤੁਹਾਨੂੰ ਢਾਬੇ ਵਾਲ਼ੇ ਦਾ ਨਾਸ਼ਤਾ ਕਿਵੇਂ ਲੱਗਾ? ਇੱਥੋਂ ਦੀ ਸਾਫ਼ ਸਫ਼ਾਈ ਅਤੇ ਪ੍ਰਬੰਧ ਕਿਵੇਂ ਲੱਗਾ?”
ਸਰਦਾਰ ਨੇ ਖੰਘੂਰਾ ਮਾਰ ਕੇ ਆਪਣੇ ਗਲ਼ੇ ਨੂੰ ਸਾਫ਼ ਕੀਤਾ। ਪਹਿਲਾਂ ਤਾਂ ਉਹਦੇ ਮਨ ਵਿੱਚ ਆਇਆ ਕਿ ਸਾਫ਼-ਸਾਫ਼ ਕਹਿ ਦਿਆਂ ਕਿ ਇਹ ਢਾਬੇ ਵਾਲ਼ਾ ਤਾਂ ਪੂਰੀ ਛਿੱਲ ਲਾਹੁੰਦਾ ਹੈ। ਫ਼ੇਰ ਉਸ ਨੇ ਬਾਣੀਆਂ ਵਾਲ਼ੀ ਸਿਆਣਪ ਵਰਤਦਿਆਂ ਹੋਇਆਂ ਆਖਿਆ –
“ਹਾਂ ਬਈ ਧਰਮਪਾਲ, ਢਾਬੇ ਵਾਲ਼ੇ ਦੀ ਕੋਈ ਰੀਸ ਨਹੀਂ। ਖਾਣ ਪੀਣ, ਬੋਲ ਚਾਲ, ਤੌਰ ਤਰੀਕਾ, ਸਾਫ਼ ਸਫ਼ਾਈ, ਗੱਡੀਆਂ ਦੀ ਪਾਰਕਿੰਗ ਲਈ ਖੁੱਲ੍ਹੀ ਮੋਕਲੀ ਥਾਂ ਸਭ ਕੁਝ ਲਾਜਵਾਬ ਹੈ। ਆਖ਼ਰ ਨੈਸ਼ਨਲ ਹਾਈਵੇ ਉੱਤੇ ਇੰਨਾ ਵੱਡਾ ਢਾਬਾ ਦਿਨ ਰਾਤ ਚਲਾਉਣਾ ਕਿਹੜਾ ਸੌਖਾ ਪਿਐ! ਇਹ ਵੀ ਕੋਈ ਦਿਲ ਗੁਰਦੇ ਵਾਲ਼ਾ ਬੰਦਾ ਹੀ ਕਰ ਸਕਦੈ। ਮਾੜ੍ਹਾ ਧੀੜ੍ਹਾ ਬੰਦਾ ਤਾਂ ਸੋਚ ਵੀ ਨੀਂ ਸਕਦਾ।” ਫ਼ਿਰ ਉਸ ਨੇ ਡਰਾਈਵਰ ਤੋਂ ਪੁੱਛਿਆ, “ਧਰਮਪਾਲ ਤੇਰੇ ਕੋਲੋਂ ਉਹਨੇ ਨਾਸ਼ਤੇ ਦੇ ਕਿੰਨੇਂ ਪੈਸੇ ਲਏ ਨੇ?”
“ਸਰਦਾਰ ਸਾਹਿਬ, ਮੇਰਾ ਤਾਂ ਇੱਧਰ ਦਿੱਲੀ ਏਅਰਪੋਰਟ ਉੱਤੇ ਗੇੜਾ ਲੱਗਦਾ ਈ ਰਹਿੰਦੈ। ਮੈਂ ਤਾਂ ਮਹੀਨੇ ਬਾਅਦ ਕੱਠੇ ਈ ਪੈਸੇ ਦੇ ਦਿੰਦਾ ਹਾਂ, ਜਿੰਨੇਂ ਬਣ ਜਾਂਦੇ ਐ। ਬਾਕੀ ਸੇਠ ਦਾ ਸੁਭਾਅ ਬੜਾ ਚੰਗੈ। ਮਜਾਲ ਐ ਕਦੇ ਇੱਕ ਪੈਸੇ ਦਾ ਵੀ ਫ਼ਰਕ ਪੈ ਜਾਵੇ।” ਡਰਾਈਵਰ ਦੀ ਗੱਲ ਸੁਣ ਕੇ ਉਹ ਚੁੱਪ ਕਰ ਗਿਆ। ਸ਼ਾਮੀਂ ਸਵਾ ਚਾਰ ਵਜੇ ਉਹ ਆਪਣੇ ਪਿੰਡ ਆ ਵੜੇ।
ਹੁਸਨਪ੍ਰੀਤ ਆਪਣੇ ਬੀਜੀ ਪਾਪਾ ਨੂੰ ਪਾਣੀ ਦੇਣ ਲਈ ਟ੍ਰੇਅ ਵਿੱਚ ਦੋ ਗ਼ਿਲਾਸ ਰੱਖ ਕੇ ਲੈ ਆਈ। ਦੋਵਾਂ ਨੇ ਪਾਣੀ ਦੇ ਭਰੇ ਗ਼ਿਲਾਸ ਆਪਣੇ ਹੱਥਾਂ ਵਿੱਚ ਫ਼ੜ ਲਏ। ਜਿਉਂ ਹੀ ਉਨ੍ਹਾਂ ਪਾਣੀ ਪੀ ਕੇ ਖ਼ਾਲੀ ਗਿਲਾਸ ਮੇਜ਼ ਉੱਤੇ ਰੱਖੇ। ਧੀ ਦੀਆਂ ਹੰਝੂਆਂ ਨਾਲ਼ ਡਬਡਬਾਈਆਂ ਅੱਖਾਂ ਵੇਖ ਕੇ ਮਾਂ ਨੇ ਉਸ ਨੂੰ ਆਪਣੇ ਸੀਨੇ ਨਾਲ਼ ਘੁੱਟ ਲਿਆ। ਮਾਂ ਧੀ ਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨੂੰ ਵੇਖ ਕੇ ਇੰਦਰਬੀਰ ਦਾ ਵੀ ਮਨ ਭਰ ਆਇਆ।
ਪੰਜ ਕੁ ਮਿੰਟਾਂ ਵਿੱਚ ਤਿੰਨੋਂ ਜੀਅ ਸਹਿਜ ਹੋ ਗਏ ਸਨ। ਉਸੇ ਵੇਲੇ ਹਰਜੀਤ ਦੇ ਦਾਦੇ ਅਜੀਤ ਸਿੰਘ ਦੀ ਅਵਾਜ਼ ਆਈ। “ਪੁੱਤ ਇੰਦਰ, ਆ ਗਏ ਤੁਸੀਂ! ਚੜ੍ਹਾ ਆਏ ਮੇਰੇ ਪੋਤੇ ਨੂੰ ਜਹਾਜ਼ ਉੱਤੇ!” ਬਾਪੂ ਜੀ ਦੀ ਅਵਾਜ਼ ਸੁਣ ਕੇ ਦੋਵੇਂ ਜੀਅ ਉਹਦੇ ਕਮਰੇ ਵਿੱਚ ਚਲੇ ਗਏ। ਦੋਵਾਂ ਨੇ ਬਾਪੂ ਅਤੇ ਬੇਬੇ ਜੀ ਦੇ ਪੈਰੀਂ ਹੱਥ ਲਾਏ। ਦੋਵਾਂ ਤੋਂ ਆਸ਼ੀਰਵਾਦ ਲੈ ਕੇ ਉਹ ਉਨ੍ਹਾਂ ਕੋਲ ਹੀ ਬੈਠ ਗਏ। ਪੁੱਤ ਨੇ ਸਹਿਜ ਹੁੰਦਿਆਂ ਆਖਿਆ,
“ਹਾਂ ਬਾਪੂ ਜੀ, ਚੜ੍ਹਾ ਆਏ ਆਂ ਥੋਡੇ ਲਾਡਲੇ ਪੋਤੇ ਨੂੰ ਜਹਾਜ਼ ਉੱਤੇ। ਬਾਪੂ ਜੀ, ਤੁਸੀਂ ਮਨ ਭਾਰਾ ਨਾ ਕਰੋ। ਹੁਣ ਤਾਂ ਸਾਰੇ ਮੁੰਡੇ ਕੁੜੀਆਂ ਆਪਣਾ ਚੋਗ਼ਾ ਚੁਗਣ ਬਿਦੇਸ਼ੀ ਧਰਤੀ ਉੱਤੇ ਹੀ ਜਾਂਦੇ ਨੇ। ਜਦੋਂ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਪਲਾਨਿੰਗ ਹੀ ਨਹੀਂ ਕੀਤੀ। ਤਦ ਉਹ ਵਿਦੇਸ਼ੀਂ ਨਾ ਜਾਣ ਤਾਂ ਹੋਰ ਕੀ ਕਰਨ?” ਪੁੱਤ ਦੀਆਂ ਗੱਲਾਂ ਸੁਣ ਕੇ ਬਾਪੂ ਬੇਬੇ ਚੁੱਪ ਕਰ ਗਏ। ਇੰਨੇਂ ਨੂੰ ਹੁਸਨਪ੍ਰੀਤ ਸਾਰਿਆਂ ਲਈ ਚਾਹ ਬਣਾ ਕੇ ਲੈ ਆਈ ਸੀ। ਚਾਹ ਪੀਂਦਿਆਂ ਸਾਰੇ ਛੋਟੀਆਂ-ਛੋਟੀਆਂ ਗੱਲਾਂ ਕਰਕੇ ਇੱਕ ਦੂਜੇ ਦੇ ਉਦਾਸ ਦਿਲ ਨੂੰ ਧਰਵਾਸ ਦੇ ਰਹੇ ਸਨ।
ਐਤਵਾਰ ਦਾ ਦਿਨ ਸੀ। ਨਵੰਬਰ ਮਹੀਨੇ ਦੀ ਅੱਜ ਇੱਕ ਤਰੀਕ ਸੀ। ਵਿਹੜੇ ਵਿੱਚ ਖੜ੍ਹੇ ਅਸ਼ੋਕਾ ਟ੍ਰੀ ਦੇ ਕੋਲੋਂ ਲੰਘਦਿਆਂ ਇੰਦਰਬੀਰ ਨੂੰ ਛੋਟੇ ਬੋਟਾਂ ਦੀ ਚੀਂ-ਚੀਂ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਝੁਕ ਕੇ ਗਹੁ ਨਾਲ਼ ਵੇਖਿਆ। ਬੁੱਲਬੁੱਲ ਆਪਣੇ ਆਲ੍ਹਣੇ ਵਿੱਚ ਛੋਟੇ-ਛੋਟੇ ਦੋ ਬੋਟਾਂ ਨੂੰ ਚੋਗ਼ਾ ਦੇ ਰਹੀ ਸੀ। ਘਰ ਦਾ ਖੁੱਲ੍ਹਾ ਬੂਹਾ ਛੱਡ ਕੇ ਉਹ ਅੰਦਰ ਮੁੜ ਆਇਆ ਸੀ। ਘਰਵਾਲ਼ੀ ਨੇ ਉਸ ਨੂੰ ਮੁੜ ਅੰਦਰ ਆਇਆ ਵੇਖ ਕੇ ਪੁੱਛਿਆ, “ਕੀ ਗੱਲ, ਖੇਤ ਨੀਂ ਗਏ?”
“ਖੇਤ ਤਾਂ ਜਾ ਰਿਹਾ ਸੀ। ਆਪਣੇ ਅਸ਼ੋਕਾ ਟ੍ਰੀ ‘ਤੇ ਬੁੱਲਬੁੱਲ ਨੇ ਦੋ ਬੋਟ ਕੱਢੇ ਨੇ। ਉਨ੍ਹਾਂ ਦੀ ਆਵਾਜ਼ ਸੁਣ ਕੇ ਮੁੜ ਆਇਆ ਮੈਂ ਤਾਂ।” ਉਹ ਬੋਲਿਆ।
“ਹਾਂ, ਹਰੀ ਦੇ ਬਾਪੂ। ਮੈਂ ਹਰ ਸਾਲ ਵੇਖਦੀ ਆਂ। ਅੱਠਵੇਂ, ਨੌਵੇਂ ਮੀਨ੍ਹੇ ਗੁਲ ਅਤੇ ਬੁੱਲਬੁੱਲ ਦਾ ਜੋੜਾ ਆਪਣੇ ਅਸ਼ੋਕਾ ਟ੍ਰੀ ‘ਤੇ ਆਲ੍ਹਣਾ ਪੌਂਦੈ। ਆਏ ਸਾਲ ਬੁੱਲਬੁੱਲ ਦੋ ਆਂਡੇ ਦਿੰਦੀ ਐ। ਕੁਝ ਦਿਨਾਂ ਪਿੱਛੋਂ ਉਨ੍ਹਾਂ ਵਿੱਚੋਂ ਬੋਟ ਕੱਢ ਲੈਂਦੀ ਐ। ਪੰਜ ਸੱਤ ਦਿਨਾਂ ਵਿੱਚ ਬੋਟ ਉਡਾਰੂ ਹੋ ਜਾਂਦੇ ਐ। ਮੈਂ ਵੇਖਿਐ ਕਿ ਜਦੋਂ ਛੋਟੇ ਬੋਟ ਆਲ੍ਹਣੇ ‘ਚੋਂ ਉਡਾਰੀ ਭਰਨ ਜੋਗੇ ਹੋ ਜਾਂਦੇ ਐ, ਉਹ ਤਾਂ ਫੁਰਰ ਕਰ ਕੇ ਉੱਡ ਜਾਂਦੇ ਐ। ਪਿੱਛੋਂ ਮੈਂ ਉਦਾਸ ਅਤੇ ਖ਼ਾਲੀ ਨਜ਼ਰਾਂ ਨਾਲ਼ ਗੁਲ ਅਤੇ ਬੁੱਲਬੁੱਲ ਨੂੰ ਏਥੇ ਅਸ਼ੋਕਾ ਟ੍ਰੀ ‘ਤੇ ਈ ਬੈਠੇ ਦੇਖਦੀਆਂ।” ਪਤਨੀ ਬੋਲੀ।
ਉਸ ਨੂੰ ਲੱਗਿਆ ਜਿਵੇਂ ਪਤਨੀ ਦੀਆਂ ਗੱਲਾਂ ਸੁਣ ਕੇ ਆਪਣੇ ਪੁੱਤ ਨੂੰ ਪ੍ਰਦੇਸ ਤੋਰਨ ਕਾਰਨ ਉਹਦੇ ਮਨ ਉੱਤੇ ਪਿਆ ਸਾਰਾ ਬੋਝ ਉੱਤਰ ਗਿਆ ਹੋਵੇ। ਉਹ ਪੂਰੇ ਰੌਂਅ ਨਾਲ਼ ਚੱਕਵੇਂ ਪੈਰੀਂ ਖੇਤ ਨੂੰ ਤੁਰ ਪਿਆ।
ਡਾ. ਇਕਬਾਲ ਸਿੰਘ ਸਕਰੌਦੀ
06, ਥਲੇਸ ਬਾਗ਼ ਕਲੋਨੀ ਸੰਗਰੂਰ।
8427685020.

Leave a Reply

Your email address will not be published. Required fields are marked *