ਟਾਪਫ਼ੁਟਕਲ

ਮਾਫ਼ੀ! ਮਾਫ਼ੀ!! ਮਾਫ਼ੀ!!!ਚਰਨਜੀਤ ਭੁੱਲਰ

ਚੰਡੀਗੜ੍ਹ: ਵੱਡੇ ਬਾਦਲ ਦੀ ਗੱਲ ਭੁਲਾਇਆਂ ਨਹੀਂ ਭੁੱਲਦੀ, ‘ਬਈ ! ਮਾਫ਼ ਕਰਨ ਵਾਲਾ ਵੱਡਾ ਹੁੰਦਾ ਹੈ।’ ਗੱਲ ਹੈ ਵੀ ਠੀਕ , ਬਹੁਤੇ ਸਿੰਞ ਅੜਾਉਣੇ ਚੰਗੇ ਨਹੀਂ ਹੁੰਦੇ, ਕਈ ਵਾਰੀ ਕੋਈ ਮਾਰਖ਼ੋਰਾ ਵੀ ਟੱਕਰ ਜਾਂਦੈ। ਜਥੇਦਾਰ ਸੁਖਬੀਰ ਸਿੰਘ ਬਾਦਲ ਪਏ ਆਖਦੇ ਨੇ ਕਿ ‘ਹਮਕੋ ਮਿਟਾ ਸਕੇ, ਯੇ ਜ਼ਮਾਨੇ ਮੇਂ ਦਮ ਨਹੀਂ’। ਪਿੰਡ ਬਾਦਲ ਦੀ ਜ਼ਿੱਦ ਐ ਕਿ ਕੇਜਰੀਵਾਲ ਵਾਂਗੂ ਸਤੌਜਪੁਰਾ ਵੀ ਮਾਫ਼ੀ ਮੰਗੇ। ਭਗਵੰਤ ਮਾਨ, ਹਿਸਾਬ ਆਲੇ ਮਾਸਟਰ ਦਾ ਮੁੰਡੈ। ਜੀਹਨੇ ‘ਲਾਭ ਹਾਨੀ’ ਦਾ ਮੌਲਿਕ ਸਿਧਾਂਤ ਪੜ੍ਹਿਐ। ਬੱਚੂ! ਮਾਣਹਾਨੀ ਕਿਸ ਸ਼ੈਅ ਦਾ ਨਾਂ ਐ, ਇਹ ਹੁਣ ਲੱਗੂ ਪਤਾ।
ਜਥੇਦਾਰ ਨੇ ਕਿਹੜਾ ਤੁਸਾਂ ਤੋਂ ਚੰਡੀਗੜ੍ਹ ਮੰਗ ਲਿਐ। ਏਨਾ ਹੀ ਕਿਹਾ ਕਿ ਮਾਫ਼ੀ ਮੰਗੋ। ਤੁਸਾਂ ਰੱਟ ਲਾਈ ਐ ਕਿ ‘ਮੰਗਣ ਗਿਆ ਸੋ ਮਰ ਗਿਆ।’ ਸਿਆਸਤ ’ਚ ਗਰਾਮੋਫੋਨ ਦੀ ਸੂਈ ਵਾਂਗੂ ਫਸ-ਫਸਾਈ ਨਹੀਂ ਚੱਲਦੀ। ਜ਼ਿੱਦਪੁਰੀਏ ਇਹ ਨਹੀਂ ਜਾਣਦੇ ਕਿ ਦੀਵਾਨੀ ਅਦਾਲਤਾਂ ਦਾ ਗੇੜ ਪੁਨਰ ਜਨਮ ਤਕ ਚੱਲਦੈ। ਵੱਡੀ ਕੁਰਸੀ ਵਾਲੇ ਜਨਾਬ ਤਾਂ ਫ਼ਿਲਮ ‘ਸਰਕਾਰ’ ਦਾ ਓਹ ਡਾਇਲਾਗ ਬੋਲ ਛੱਡਦੇ ਨੇ- ‘‘ਜੋ ਮੁਝਕੋ ਸਹੀ ਲਗਤਾ ਹੈ, ਵੋ ਮੈਂ ਕਰਤਾ ਹੂੰ।’’
ਕੋਈ ਪੁੱਛਦਾ ਪਿਐ, ਏਹ ਪਾਣੀ ’ਚ ਮਧਾਣੀ ਕੀ ਐ! ਬਹੁਤੀ ਪੁਰਾਣੀ ਨਹੀਂ, ਪੰਜਾਬ ਦਿਵਸ ਮੌਕੇ ‘ਸਤੌਜਸਰ’ ਨੇ ਬਾਦਲਾਂ ਦੇ ‘ਬਾਲਾਸਰ’ ਦੀ ਨੇਕਨਾਮੀ ’ਤੇ ਬੁੱਕ ਭਰ ਕੇ ਚਿੱਕੜ ਸੁੱਟਿਐ। ‘ਮਾਣਹਾਨੀ ਵਿਰੋਧੀ ਕਾਨੂੰਨ’ ਦੇ ਜਨਮਦਾਤੇ ਨੂੰ ‘ਗਾਰਡ ਔਫ਼ ਆਨਰ’ ਦੇਣਾ ਬਣਦੈ। ਮਾਣਹਾਨੀ ਦੀ ਸਿੱਧ ਪੱਧਰੀ ਜਿਹੀ ਪਹਿਲੀ ਸ਼ਰਤ ਐ ਕਿ ਬਈ, ਬੰਦੇ ਦਾ ਮਾਣ ਹੋਵੇ! ਇਹ ਚੀਜ਼ ਕਿਹੜੇ-ਕਿਹੜੇ ਲੀਡਰ ਕੋਲ ਐ, ਏਹ ਤਾਂ ਪਤਾ ਨਹੀਂ ਪਰ ‘ਆਪ’ ਵਾਲੇ ਮਲੰਗ ਜ਼ਰੂਰ ਨੇ। ਤਾਈਓਂ ਕਾਕਾ ਸੁਖਬੀਰ ਨੇ ਲੱਖਣ ਲਾ ਕੇ ਕਿਹਾ ਹੋਊ, ‘ਆਪ’ ਵਾਲੇ ਮਲੰਗਾਂ ਨੇ ਸਾਨੂੰ ਬਦਨਾਮ ਕੀਤੈ।
‘ਆਪ’ ਦੇ ‘ਮਲੰਗਪੁਰੀਏ’ ਵੀ ਮੂਰਖਦਾਸ ਹੀ ਨੇ, ਨੱਚਣ ਲੱਗ ਪਏ ਨੇ। ਗਾਣੇ ਦੀ ਧੁਨ ਵੀ ਕਮਾਲ ਦੀ ਢੁਕੀ ਐ- ‘ਮਲੰਗ ਮਲੰਗ, ਦਮ ਦਮ ਮਲੰਗ, ਇਸ਼ਕ ਹੈ ਮਲੰਗ ਮੇਰਾ।’ ਸਾਥੀਓ! ਏਹ ਗੌਣ ਪਾਣੀ ਕਰੋ ਬੰਦ, ਪਹਿਲਾਂ ਆਹ ਮੁੱਖ ਮੰਤਰੀ ਆਲਾ ਜੁਆਬ ਧਿਆਨ ਧਰ ਸੁਣੋ। ‘ਸੁਖਬੀਰ ਸਿਆਂ! ਏਹ ਮਲੰਗ ਕੀਤੇ ਕੀਹਨੇ ਨੇ।’
ਮਾਫ਼ੀਵੀਰਾਂ ਦਾ ਆਪਣਾ ਇਤਿਹਾਸ ਐ। ਬਿੱਲ ਕਲਿੰਟਨ ਆਪਣੇ ਦਫ਼ਤਰ ਦੀ ਕੱਚੀ ਮੁਲਾਜ਼ਮ ਮੋਨਿਕਾ ਲੈਵਿੰਸਕੀ ਨੂੰ ਛੇੜ ਬੈਠਾ ਸੀ। ‘ਪ੍ਰੇਮ ਭਵਨ’ ਵਿੱਚੋਂ ਬਾਹਰ ਆਇਆ, ਮੋਨਿਕਾ ਨੇ ਅਮਰੀਕਾ ਸਿਰ ’ਤੇ ਚੁੱਕ ਲਿਆ। ਬ੍ਰਹਮ ਮਹੂਰਤ ਵੇਲੇ ਕਲਿੰਟਨ ਨੇ ਮਾਫ਼ੀ ਮੰਗ ਕੇ ਬੀਬੀ ਤੋਂ ਖਹਿੜਾ ਛੁੜਾਇਆ। ਅਡਵਾਨੀ ਨੇ ਸੋਨੀਆ ਗਾਂਧੀ ਤੋਂ ਮਾਫ਼ੀ ਮੰਗ ਕੇ ਬੁਢਾਪਾ ਸੌਖਾ ਕਰ ਲਿਐ। ਹੁਣੇ ਹੀ ਬਿਹਾਰ ਆਲੇ ਨਿਤੀਸ਼ ਨੇ ਬੀਬੀਆਂ ਤੋਂ ਮਾਫ਼ੀ ਮੰਗੀ ਹੈ। ਚੰਦਰੇ ਭਤੀਜੇ ਕਰਕੇ ਮਮਤਾ ਬੈਨਰਜੀ ਨੂੰ ਰਾਸ਼ਟਰਪਤੀ ਤੋਂ ਮੁਆਫ਼ੀ ਮੰਗਣੀ ਪਈ।
ਦੂਰ ਨਾ ਜਾਓ, ਆਹ ਆਪਣੇ ਸੁੱਚਾ ਸਿੰਘ ਲੰਗਾਹ ਨੇ ਗਲ ’ਚ ਪੱਲੂ ਪਾ ਪਰਵਰਦਿਗਾਰ ਤੋਂ ਗੁਰੂਘਰ ਦਾ ਚਾਕਰ ਬਣ ਮਾਫ਼ੀ ਮੰਗੀ ਹੈ। ਅਕਾਲੀਆਂ ਨੇ ਹਮੇਸ਼ਾ ਵੱਡਾ ਦਿਲ ਦਿਖਾਇਐ, ਸਿਰਸਾ ਵਾਲੇ ਬਾਬਾ ਜੀ ਨੇ ਕਿਹੜਾ ਮਾਫ਼ੀ ਮੰਗੀ ਸੀ, ਅਸਾਂ ਤਾਂ ਫੇਰ ਵੀ ਮੁਆਫ਼ ਕਰ’ਤਾ। ਦੱਸੋ ! ਕਰੂ ਕੋਈ ਰੀਸ ਸਾਡੇ ਵੀਰ ਸੁਖਬੀਰ ਦੀ! ਲਓ ਵੀ, ਕੇਜਰੀਵਾਲ ਦੀ ਪਿੱਠ ਪਈ ਸੁਣਦੀ ਐ। ਵੱਡੇ ਤੜਕੇ ਨਹਾ ਧੋ ਕੇ, ਹਨੂੰਮਾਨ ਨੂੰ ਧਿਆ ਕੇ, ਦੋ ਚਮਚੇ ਚਵਨਪ੍ਰਾਸ਼ ਖਾ ਕੇ, ਮਾਫ਼ੀ ਮੰਗਣ ਸਿੱਧੇ ਮਜੀਠਾ ਜਾ ਪਹੁੰਚੇ। ਬਿਕਰਮ ਮਜੀਠੀਆ ਬਾਦਸ਼ਾਹੀ ਮੂਡ ’ਚ ਬੈਠੇ ਸਨ, ਅਖੇ! ਪਿਆਰੇ ਤੁਸਾਂ ਨੂੰ ਮੁਆਫ਼ ਕੀਤਾ। ਕੇਜਰੀਵਾਲ ਉਸ ਸਿਆਣੇ ਬੱਚੇ ਵਰਗੈ ਜਿਹੜੇ ਮਾਸਟਰ ਦੇ ਡੰਡਾ ਚੁੱਕਣ ਤੋਂ ਪਹਿਲਾਂ ਹੀ ਕੰਨ ਫੜ ਲੈਂਦਾ ਸੀ।
ਲੱਗਦੇ ਹੱਥ ਕੇਜਰੀਵਾਲ ਨੇ ਕਪਿਲ ਸਿੱਬਲ ਦੇ ਮੁੰਡੇ ਤੋਂ ਮਾਫ਼ੀ ਮੰਗ ਲਈ। ਨਿਤਿਨ ਗਡਕਰੀ ਦੇ ਵੀ ਗੋਡੇ ਜਾ ਫੜੇ। ਕੇਜਰੀਵਾਲ ਨੇ ਸ਼ਾਇਦ ਓਹ ਗਾਣਾ ਸੁਣਿਆ ਹੋਊ, ‘ਕਿਸੇ ਤੋਂ ਮਾਫ਼ੀ ਮੰਗ ਲਈਏ, ਕਿਸੇ ਨੂੰ ਮਾਫ਼ ਕਰੀਏ।’ ਔਹ ਦੇਖੋ, ਆਪਣਾ ਰਾਘਵ ਚੱਢਾ, ਕਿਵੇਂ ਟੱਪੂ ਟੱਪੂ ਕਰਦਾ ਫਿਰਦੈ, ਨਵੀਂ ਵਿਆਹੀ ਕੁੜੀ ਵਾਂਗੂ। ਕੋਈ ਪੇਂਡੂ ਮਾਈ ਫੋਟੋ ਦੇਖ ਕਹਿਣ ਲੱਗੀ, ‘ਏਹ ਤਾਂ ਕੱਲ ਦਾ ਛੋਕਰੈ! ਕਿਤੇ ਸਕੂਲ ਵਿਚ ਫ਼ੀਸ ਮੁਆਫ਼ੀ ਦੀ ਅਰਜ਼ੀ ਲਿਖੀ ਹੁੰਦੀ ਤਾਂ ਪਤਾ ਹੁੰਦਾ।’’ ਰਾਘਵ ਦੀ ਭੂਰੀ ’ਤੇ ’ਕੱਠ ਐ, ਸਿਆਸਤੀ ਬਾਬੇ ਐਵੇਂ ਬੱਚੇ ਦੇ ਪਿੱਛੇ ਪਏ ਨੇ। ‘ਛੋਟਾ ਬੱਚਾ ਜਾਨ ਕੇ ਹਮ ਕੋ ਨਾ ਤੜਫਾਨਾ ਰੇ..।’
ਸੁਪਰੀਮ ਕੋਰਟ ਨੇ ਇਸ ਬੱਚੇ ਨੂੰ ਕਿਹਾ ਕਿ ‘ਚੁੱਪ ਕਰਕੇ ਧਨਖੜ ਸਾਹਿਬ ਤੋਂ ਮਾਫ਼ੀ ਮੰਗ ਲਓ, ਉਹ ਵੀ ਬਿਨਾਂ ਸ਼ਰਤ।’ ‘ਗੋਲੀ ਕੀਹਦੀ ਤੇ ਗਹਿਣੇ ਕੀਹਦੇ।’ ਚੱਢਾ ਸਾਹਿਬ, ਦੇਰ ਨਾ ਲਾਓ, ਜਾਓ ਧਨਖੜ ਦੀ ਦੇਹਲੀ ’ਤੇ। ਤੁਸੀਂ ‘ਕਰਨ ਅਰਜਨ’ ਫ਼ਿਲਮ ਤਾਂ ਦੇਖੀ ਹੋਊ, ਬੱਸ ਉਸ ਨੂੰ ਚਿੱਤ ’ਚ ਧਿਆਓ, ‘ਮੁਝ ਕੋ ਰਾਣਾ ਜੀ ਮਾਫ਼ ਕਰਨਾ, ਗ਼ਲਤੀ ਮਾਰੇ ਸੇ ਹੋ ਗਈ।’ ਰਾਹੁਲ ਗਾਂਧੀ ’ਚ ਪਤਾ ਨਹੀਂ ਕਿਹੜੇ ਵਿਟਾਮਿਨ ਦੀ ਵਾਧ-ਘਾਟ ਹੈ। ਰਾਣਾ ਪ੍ਰਤਾਪ ਦੇ ਘੋੜੇ ਵਾਂਗੂ ਭੱਜਿਆ ਹੀ ਫਿਰਦੈ। ਮਾਣਹਾਨੀ ਦੇ ਕੇਸ ’ਚ ਕੁਰਸੀ ਚਲੀ ਜਾਣੀ ਸੀ।
ਪ੍ਰਧਾਨ ਸੇਵਕ ਨੂੰ ਕੰਨਖਜੂਰੇ ਵਾਂਗੂ ਚੁੰਬੜਿਐ। ਤਾਈਓਂ ਤਾਂ ਪ੍ਰਧਾਨ ਮੰਤਰੀ ਨੂੰ ਕਹਿਣਾ ਪਿਆ, ‘ਏਹ ਤਾਂ ਮੂਰਖਾਂ ਦਾ ਸਰਦਾਰ ਐ।’ ਸੋਨੀਆ ਦੇ ਕਾਕੇ ਨੂੰ ਪਤਾ ਨਹੀਂ ਕਿਸ ਨੇ ਗੁੜਤੀ ਦਿੱਤੀ ਹੋਊ। ਅਖੇ! ਮਾੜੇ ਬੰਦਿਆਂ ਦੇ ਪਰਛਾਂਵੇ ਕਰਕੇ ਵਿਸ਼ਵ ਕੱਪ ’ਚ ਭਾਰਤ ਹਾਰਿਐ। ਆਸਾਮ ਆਲੇ ਮੁੱਖ ਮੰਤਰੀ ਹਿਮੰਤਾ ਬਿਸਵਾ ਦੇ ਤਰਕ ਸ਼ਾਸਤਰ ਦੇ ਵਾਰੇ ਵਾਰੇ ਜਾਵਾਂ, ਜਿਨ੍ਹਾਂ ਜੁਆਬੀ ਹਮਲੇ ’ਚ ਆਪਣੀ ਅਕਲ ਦਾ ਪ੍ਰਦਰਸ਼ਨ ਇੰਜ ਕੀਤਾ, ‘ਫਾਈਨਲ ਮੈਚ ਤਾਂ ਹਾਰੇ, ਉਸ ਦਿਨ ਇੰਦਰਾ ਗਾਂਧੀ ਦਾ ਜਨਮ ਦਿਨ ਸੀ।’ ਭਾਜਪਾਈਆਂ ਨੇ ਭਾਰਤੀ ਸਿਆਸਤ ਨੂੰ ਅਜਿਹੀ ਨਿਵਾਣ ਬਖਸ਼ੀ ਹੈ ਕਿ ਗਿੱਠ ਮੁੱਠੀਏ ਵੀ ਹੈਰਾਨ ਹਨ।
ਪੰਜਾਬ ਦੀ ਤਾਂ ਮਸੀਤ ਹੀ ਵੱਖਰੀ ਹੈ। ਪੰਜਾਬੀ ਨੇਤਾ ਵੀ ਹੁਣ ਬੋਲਣ ਲੱਗੇ ਅੱਗਾ ਪਿੱਛਾ ਨਹੀਂ ਦੇਖਦੇ। ਭਾਈ! ਪੰਜਾਬ ਧੀਆਂ ਭੈਣਾਂ ਆਲਾ ਐ, ਇੰਜ ਨਾ ਕਰੋ। ‘ਮੰਦੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ।’ ਨੱਬੇ ਦੇ ਦਹਾਕੇ ’ਚ ਨਛੱਤਰ ਸੱਤਾ ਗਾਉਂਦਾ ਹੁੰਦਾ ਸੀ, ‘ਮੰਦੜੇ ਬੋਲ ਨਾ ਬੋਲ ਵੇ ਸੱਜਣਾ’। ਕਿਸੇ ਸਿਆਣੇ ਨੇ ਸੱਚ ਹੀ ਕਿਹਾ ਕਿ ਬੋਲਣਾ ਵੀ ਇੱਕ ਕਲਾ ਹੈ, ਚੁੱਪ ਉਸ ਤੋਂ ਵੀ ਵੱਡੀ ਕਲਾ ਹੈ। ਜ਼ੁਬਾਨ ਦਾ ਅੱਥਰਾ ਘੋੜਾ ਕਿਵੇਂ ਕਾਬੂ ਕਰਨੈ, ਇਹ ਕੋਈ ਵੱਡੇ ਬਾਦਲ ਤੋਂ ਸਿੱਖਦਾ।
ਅੱਜ ਦੀ ਸਿਆਸਤ ’ਚ ਸਭ ਜ਼ੁਬਾਨ ਰਸ ਦੇ ਪੁਆੜੇ ਨੇ। ਵਿਰੋਧੀ ਲੱਖ ਪਏ ਬੋਲਣ ਪਰ ਜਿੰਨ੍ਹਾਂ ਦੀ ਸੱਤਾ ਚੱਲਦੀ ਐ, ਉਨ੍ਹਾਂ ਨੂੰ ਜ਼ੁਬਾਨ ਚਲਾਉਣ ਦੀ ਕੀ ਲੋੜ। ਦੇਸ਼ ਦਾ ਹਾਲ ਦੇਖੋ, ਅੱਜ ਨਾ ਜ਼ੁਬਾਨ ਐ, ਨਾ ਈਮਾਨ ਅਤੇ ਨਾ ਹੀ ਮਾਣ ਹੈ। ਪਤਾ ਨਹੀਂ ਕਦੋਂ ਮਾਣਯੋਗ ਬਣਨਗੇ। ਕਾਸ਼! ਉਸ ਪਾਠਸ਼ਾਲਾ ’ਚ ਹੀ ਦਾਖ਼ਲਾ ਲੈ ਲੈਂਦੇ, ਜਿਥੇ ਇਹੋ ਗੂੰਜ ਪੈ ਰਹੀ ਹੈ, ‘ਦੁਨੀਆਂ ਮੇਂ ਕਿਤਨੀ ਹੈਂ ਨਫ਼ਰਤੇਂ, ਫਿਰ ਭੀ ਦਿਲੋਂ ਮੇਂ ਹੈਂ ਚਾਹਤੇਂ।’
‘ਸ਼ਰਬਤ ਵਰਗਾ ਪਾਣੀ, ਬਾਬਾ ਤੇਰੇ ਗੜਬੇ ਦਾ।’ ਹੋਰ ਨਹੀਂ ਤਾਂ ਘੱਟੋ-ਘੱਟ ਬਾਬੇ ਦੇ ਗੜਬੇ ਦਾ ਦੋ ਘੁੱਟ ਪਾਣੀ ਹੀ ਪੀ ਲੈਣ। ਕੀ ਪਤੈ, ਜ਼ੁਬਾਨ ਦੀ ਧੁਲਾਈ ਹੀ ਹੋ ਜਾਵੇ। ਸਿਆਸਤ ਦੇ ਏਹ ਮਹਾਂਗਿਆਨੀ ਕਿਸ ਮਿੱਟੀ ਦੇ ਬਣੇ ਨੇ, ਮਜਾਲ ਐ, ਜ਼ੁਬਾਨ ’ਤੇ ਸਰਸਵਤੀ ਨੂੰ ਬੈਠਣ ਦੇਣ। ਓਹ ਪੁਰਾਣੇ ਵੇਲੇ ਸੀ ਜਦੋਂ ਆਖਦੇ ਸਨ, ‘ਜੀਹਦੀ ਜ਼ੁਬਾਨ ਚੱਲਦੀ ਐ, ਉਹਦੇ ਸੱਤ ਹਲ ਚੱਲਦੇ ਨੇ।’ ਅੱਜ ਕੱਲ੍ਹ ਜੀਹਦੀ ਸੱਤਾ ਚੱਲ ਪਵੇ, ਉਹਦੇ ਹੋਟਲ ਵੀ ਚੱਲਦੇ ਨੇ ਤੇ ਜਹਾਜ਼ ਵੀ।
ਇਹ ਕੋਈ ਮੌਰੀਆ ਕਾਲ ਦੇ ਬਾਸ਼ਿੰਦੇ ਤਾਂ ਹੈ ਨਹੀਂ, ਪੰਜਾਬ ਦੇ ਜਾਏ ਨੇ ਜਿਹੜੇ ਸ਼ੁੱਧ ਵੋਟਾਂ ਪਾਉਂਦੇ ਨੇ, ਹੁਣ ਨਵਿਆਂ ਨੂੰ ਵੀ ਜਿਤਾਉਂਦੇ ਨੇ। ਕਿੰਨਾ ਕੁ ਪਛਤਾਉਂਦੇ ਨੇ, ਇਹ ਥੋਨੂੰ ਵੱਧ ਪਤਾ ਹੋਊ। ਅਸਾਂ ਤਾਂ ਦਾਦਿਆਂ ਪੜਦਾਦਿਆਂ ਤੋਂ ਇਹੋ ਸੁਣਿਐ ਕਿ ਪੰਜਾਬ ਸੋਨੇ ਦੀ ਚਿੜ੍ਹੀ ਹੈ। ਹੁਣ ਜਦੋਂ ਦੇਖਦੇ ਹਾਂ ਤਾਂ ਹੱਥ ’ਚ ਲੱਕੜ ਦੀ ਚਿੜ੍ਹੀ ਬਚੀ ਹੈ। ਨੇਤਾ ਮਦਾਰੀ ਬਣੇ ਨੇ ਤੇ ਅੱਗੇ ਪੰਜਾਬ ਜਮੂਰਾ ਬਣਿਆ ਬੈਠੇ। ਜਮੂਰਾ ਕੀ ਕਰੇ, ਹਰ ਮਦਾਰੀ ‘ਲੱਕੜ ਦੀ ਚਿੜ੍ਹੀ’ ’ਤੇ ਝੁਰਲੂ ਫੇਰ ਆਖਦੇ, ‘ਬਣਾ ਦਿਆਂ ਸੋਨੇ ਦੀ!’ ਪੰਜਾਬ ਸੱਤ ਵਚਨ ਆਖ ਛੱਡਦੈ।
ਏਹ ਵੋਟਰ ਪਾਤਸ਼ਾਹ ਹੀ ਹਨ, ਜੋ ਨੇਤਾਵਾਂ ਨੂੰ ਪੰਜ ਸਾਲਾਂ ਮਗਰੋਂ ਮਾਣਯੋਗ ਬਣਾਉਂਦੇ ਨੇ। ਵੋਟਾਂ ਦਾ ਮੇਲਾ ਵਿਝੜਨ ਮਗਰੋਂ ਇਹ ਪਾਤਸ਼ਾਹ ਆਪਣੀ ਨਿੱਤ ਮਾਣਹਾਨੀ ਕਰਾਉਂਦੇ ਨੇ। ਸਿਆਸਤਦਾਨਾਂ ਨੂੰ ਕੌਣ ਸਮਝਾਵੇ ਕਿ ਅੱਗਾ ਢਕੋ। ਸ਼ਾਇਦ ਇਹ ਗੁਰਦਾਸ ਮਾਨ ਦੀ ਸੁਣ ਲੈਣ, ‘ਇਥੇ ਹੋ ਹੋ ਗਏ ਕਲੰਦਰ, ਖ਼ਾਲੀ ਹੱਥੀਂ ਗਿਆ ਸਿਕੰਦਰ, ਕਹਿੰਦਾ ਕੁਝ ਨਹੀਂ ਦੁਨੀਆਂ ਅੰਦਰ, ਮੇਲਾ ਚਾਰ ਦਿਨਾਂ ਦਾ।’
(26 ਨਵੰਬਰ 2023)

Leave a Reply

Your email address will not be published. Required fields are marked *