ਫੀਚਰਡ

ਅੱਜ, ਸੰਸਾਰ ਪ੍ਰਸਿੱਧ ਆਰਟਿਸਟ ਸ. ਕ੍ਰਿਪਾਲ ਸਿੰਘ ਜੀ ਦੀ ਪਹਿਲੀ ਜਨਮ-ਸ਼ਤਾਬਦੀ ਸਮੇਂ ਵਿਸ਼ੇਸ਼ (ਨਿਰਵੈਰ ਸਿੰਘ ਅਰਸ਼ੀ)

ਪੰਜਾਬ ਦੀ ਜਰਖ਼ੇਜ਼ ਭੂਮੀ ਨੇ ਜਿਥੇ ਸੰਸਾਰ ਪ੍ਰਸਿੱਧ ਕਵੀ, ਇਤਿਹਾਸਕਾਰ, ਸਾਹਿਤਕਾਰ ਤੇ ਸੰਗੀਤਕਾਰ ਸੰਸਾਰ ਨੂੰ ਦਿੱਤੇ ਹਨ, ਉਥੇ ਸ. ਸੋਭਾ ਸਿੰਘ, ਜੀ. ਐਸ. ਠਾਕਰ ਸਿੰਘ, ਮੇਹਰ ਸਿੰਘ, ਜੀ.ਐਸ. ਸੋਹਨ ਸਿੰਘ, ਅੰਮ੍ਰਿਤਾ ਸ਼ੇਰ ਗਿੱਲ, ਤ੍ਰਿਲੋਕ ਸਿੰਘ, ਅਰਜਨ ਸਿੰਘ, ਅਮੋਲਕ ਸਿੰਘ, ਬੋਧਰਾਜ ਆਦਿਕ ਕੁਝ ਨਾਮਵਰ ਚਿੱਤਰਕਾਰ ਤੇ ਆਰਟਿਸਟ ਵੀ ਪੰਜਾਬ ਵਿਚ ਹੋਏ ਹਨ। ਲੇਕਿਨ ਗੌਰਵਮਈ ਸਿੱਖ ਇਤਿਹਾਸ ਨੂੰ ਖ਼ੂਬਸੂਰਤੀ ਅਤੇ ਬਾਰੀਕਬੀਨੀ ਨਾਲ ਚਿਤਰਨ ਵਿਚ ਜੋ ਕਾਮਯਾਬੀ ਸ. ਕ੍ਰਿਪਾਲ ਸਿੰਘ ਆਰਟਿਸਟ ਜੀ ਨੂੰ ਮਿਲੀ ਹੈ, ਉਹ ਹੋਰ ਕਿਸੇ ਨੂੰ ਨਸੀਬ ਨਹੀਂ ਹੋ ਸਕੀ।
ਆਪ ਦਾ ਜਨਮ 10 ਦਸੰਬਰ, 1923 ਨੂੰ ਵਾੜਾ ਚੈਨ ਸਿੰਘ ਵਾਲਾ, ਤਹਿਸੀਲ ਜ਼ੀਰਾ, ਪੰਜਾਬ ਵਿਚ ਸ. ਭਗਤ ਸਿੰਘ ਪਨੇਸਰ ਦੇ ਘਰ ਹੋਇਆ। ਜਿਥੇ ਆਪ ਦੀ ਪੂਜ ਮਾਤਾ ਬੀਬੀ ਹਰ ਕੌਰ ਜੀ ਬਹੁਤ ਹੀ ਧਾਰਮਕ ਬਿਰਤੀ ਦੇ ਮਾਲਕ ਸਨ, ਉਥੇ ਪਿਤਾ ਜੀ ਲੱਕੜੀ ਉੱਤੇ ਸ਼ਾਨਦਾਰ ਤਰਾਸ਼ੀ ਕਰਨ ਵਿਚ ਆਪਣਾ ਸਾਨੀ ਨਹੀਂ ਸੀ ਰੱਖਦੇ। ਜ਼ੀਰੇ ਦੇ ਜੈਨ ਮੰਦਰ ਵਿਖੇ ਗੇਟ ਉੱਤੇ ਹੋਇਆ ਲੱਕੜੀ ਦਾ ਸ਼ਾਨਦਾਰ ਕੰਮ ਅੱਜ ਵੀ ਵੇਖਿਆ ਜਾ ਸਕਦਾ ਹੈ।
ਆਪ ਨੇ ਮੁਢਲੀ ਪੜ੍ਹਾਈ ਜ਼ੀਰੇ ਵਿਖੇ ਕੀਤੀ। 1939 ਵਿਚ ਮੈਟ੍ਰਿਕ ਕਰਨ ਉਪ੍ਰੰਤ, ਅਗਲੀ ਪੜ੍ਹਾਈ ਲਈ ਆਪ ਸਨਾਤਨ ਧਰਮ ਕਾਲਜ, ਲਾਹੌਰ ਦਾਖਲ ਹੋ ਗਏ। ਆਪ ਦੀ ਪੜ੍ਹਾਈ ਬੇਸ਼ਕ ਸਾਇੰਸ ਦੀ ਸੀ, ਲੇਕਿਨ ਵਧੇਰੇ ਰੁਚੀ ਹਿਸਟਰੀ ਪੜ੍ਹਨ ਦੀ ਬਣ ਗਈ। ਜਦੋਂ ਵੀ ਸਮਾਂ ਮਿਲਦਾ, ਕਾਲਜ ਦੀ ਲਾਇਬ੍ਰੇਰੀ ਵਿਚੋਂ ਪੰਜਾਬ ਦੀ ਹਿਸਟਰੀ ਹੀ ਨਹੀਂ, ਬਲਕਿ ਸੰਸਾਰ ਭਰ ਦੀ ਹਿਸਟਰੀ ਦੀਆਂ ਕਿਤਾਬਾਂ ਲੈ ਕੇ ਪੜ੍ਹਦੇ ਰਹਿੰਦੇ। ਲਾਹੌਰ ਤਾਂ ਪੰਜਾਬ ਦੀ ਤਵਾਰੀਖ਼ ਦਾ ਵੀ ਵੱਡਾ ਗਵਾਹ ਰਿਹਾ ਹੈ। ਇਸ ਲਈ ਲਾਹੌਰ ਰਹਿੰਦਿਆਂ ਆਪ ਨੇ ਸ਼ਹਿਰ ਦਾ ਕੋਨਾ-ਕੋਨਾ ਖ਼ੂਬ ਗਾਹਿਆ। ਗੁਰਦੁਆਰਾ ਡੇਹਰਾ ਸਾਹਿਬ, ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਜੀ, ਸ਼ਹੀਦੀ ਅਸਥਾਨ ਭਾਈ ਮਨੀ ਸਿੰਘ ਜੀ, ਸ਼ਹੀਦ ਗੰਜ ਸਿੰਘਾਂ ਤੇ ਸਿੰਘਣੀਆਂ ਵਿਖੇ ਆਪ ਅਕਸਰ ਜਾਂਦੇ ਰਹਿੰਦੇ ਅਤੇ ਇਨ੍ਹਾਂ ਅਸਥਾਨਾਂ ‘ਤੇ ਵਾਪਰੀਆਂ ਖ਼ੂਨੀ ਘਟਨਾਵਾਂ ਦਾ ਆਪਦੇ ਕੋਮਲ ਦਿਲ ‘ਤੇ ਬੜਾ ਗਹਿਰਾ ਅਸਰ ਪਿਆ। 1941 ਵਿਚ ਐੱਫ.ਐੱਸ.ਸੀ. ਕਰਨ ਉਪ੍ਰੰਤ ਆਪ ਨੇ ਕਾਲਜ ਦੀ ਪੜ੍ਹਾਈ ਛੱਡ ਦਿੱਤੀ ਅਤੇ ਮਿਲਟਰੀ ਅਕਾਊਂਟਸ ਵਿਭਾਗ ਵਿਚ ਕਲਰਕ ਵਜੋਂ ਭਰਤੀ ਹੋ ਗਏ। ਸਵੇਰੇ-ਸ਼ਾਮ ਜਦੋਂ ਵੀ ਸਮਾਂ ਮਿਲਦਾ, ਵਾਟਰ ਕਲਰ ਵਿਚ ਸੀਨਰੀਆਂ ਤੇ ਪੋਰਟ੍ਰੇਟ ਆਦਿ ਵੀ ਬਣਾਉਂਦੇ ਰਹਿੰਦੇ।
1945 ਵਿਚ ਆਪ ਦੀ ਸ਼ਾਦੀ, ਆਪ ਦੀ ਜਨਮਭੂਮੀ ਜ਼ੀਰੇ ਇਲਾਕੇ ਦੀ ਹੀ ਕੁਲਦੀਪ ਕੌਰ ਨਾਲ ਹੋ ਗਈ, ਜਿਸ ਨੇ ਇਕ ਬੇਟੀ ਅਤੇ ਦੋ ਬੇਟਿਆਂ ਨੂੰ ਜਨਮ ਦਿੱਤਾ। (ਆਪ ਦਾ ਛੋਟਾ ਬੇਟਾ ਸ. ਜਰਨੈਲ ਸਿੰਘ, ਜੋ ਪ੍ਰਵਾਰ ਸਹਿਤ ਸਰੀ (ਕੈਨੇਡਾ) ਵਿਖੇ ਰਹਿ ਰਿਹਾ ਹੈ, ਵੀ ਆਪ ਜੀ ਵਾਂਗ ਇਕ ਨਾਮੀ ਆਰਟਿਸਟ ਹੈ, ਲੇਕਿਨ ਉਸ ਦਾ ਕਾਰਜ-ਖੇਤਰ ਸਿੱਖ ਇਤਿਹਾਸ ਦੀ ਥਾਂ ਪੰਜਾਬ ਦੀ ਸਜੀ-ਸੰਵਰੀ ਨਾਰੀ, ਉਸ ਦੇ ਹਾਰ-ਸ਼ਿੰਗਾਰ, ਉਸ ਦੀਆਂ ਕੀਲਣ ਵਾਲੀਆਂ ਅਦਾਵਾਂ ਤੇ ਕੋਮਲ ਕਲਾਵਾਂ- ਫੁਲਕਾਰੀ, ਤ੍ਰਿੰਜਣ, ਕਢਾਈ, ਘੁੰਗਟ, ਅਤੇ ਜਾਨ ਪਾ ਦੇਣ ਵਾਲੇ ਪੋਰਟ੍ਰੇਟਾਂ ਆਦਿ ਨੇ ਲੈ ਲਈ ਹੈ।)
ਸਾਲ 1947 ਵਿਚ ਦੇਸ ਦੀ ਆਜ਼ਾਦੀ, ਅਰਥਾਤ ਪੰਜਾਬ ਦੀ ਵੰਡ ਉਪਰੰਤ ਆਪ ਜਲੰਧਰ ਵਿਖੇ ਸੈੱਟਲ ਹੋ ਗਏ ਅਤੇ ਸੰਸਾਰ ਦੇ ਮਹਾਨ ਆਰਟਿਸਟਾਂ ਅਤੇ ਉਨਾਂ ਦੀਆਂ ਕਿਰਤਾਂ ਬਾਰੇ ਗਹਿਰਾਈ ਨਾਲ ਅਧਿਐਨ ਕੀਤਾ। 1952 ਆਪ ਦਿੱਲੀ ਅਤੇ 1963 ਵਿਚ ਕਰਨਾਲ ਸ਼ਿਫਟ ਹੋ ਗਏ। ਪ੍ਰਵਾਰ ਦੀ ਪਾਲਣਾ ਲਈ ਬੁੱਕ ਕਵਰ, ਡੀਜ਼ਾਈਨ, ਡਰਾਇੰਗ, ਆਦਿ ਕਈ ਪਾਪੜ ਵੇਲਣੇ ਪਏ, ਲੇਕਿਨ ਚਿੱਤਰਕਾਰੀ ਦਾ ਸ਼ੌਂਕ ਬਰਾਬਰ ਜਾਰੀ ਰਿਹਾ। ਸਾਲ 1955 ਵਿਚ ਆਪ ਨੇ ਦਿਆਲ ਸਿੰਘ ਕਾਲਜ ਕਰਨਾਲ ਵਿਚ ਆਪਣੇ ਚਿੱਤਰਾਂ ਦੀ ਪਹਿਲੀ ਪ੍ਰਦਰਸ਼ਨੀ ਲਗਾਈ। ਆਪ ਦੇ ਸੁੰਦਰ ਚਿੱਤਰਾਂ ਨੂੰ ਪਸੰਦ ਤਾਂ ਸਭਨਾਂ ਨੇ ਕੀਤਾ, ਪ੍ਰੰਤੂ ਵਿੱਕਰੀ ਜ਼ੀਰੋ ਹੀ ਰਹੀ। ਆਪ ਕੁਝ ਮਾਯੂਸ ਤਾਂ ਹੋਏ, ਲੇਕਿਨ ਦਿਲ ਬਿਲਕੁਲ ਨਾ ਛੱਡਿਆ ਅਤੇ ਜਨਵਰੀ,1956 ਵਿਚ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ ਦੂਜੀ ਪ੍ਰਦਰਸ਼ਨੀ ਜਾ ਲਗਾਈ, ਜੋ ਬਹੁਤ ਹੀ ਕਾਮਯਾਬ ਰਹੀ। ਜਿਥੇ ਕਾਲਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਤਾਲਬ ਜੀ ਨੇ ਆਪ ਦੀਆਂ ਕੁਝ ਪੇਂਟਿੰਗਜ਼ ਕਾਲਜ ਲਈ ਖ੍ਰੀਦ ਲਈਆਂ, ਉਥੇ ਕਾਲਜ ਦੇ ਪ੍ਰੋਫੈਸਰ ਸਤਿਬੀਰ ਸਿੰਘ ਜੀ ਆਪ ਨੂੰ ਅੰਮ੍ਰਿਤਸਰ ਲੈ ਗਏ ਅਤੇ ਸ਼੍ਰੋ.ਗੁ.ਪ੍ਰਬੰਧਕ ਕਮੇਟੀ ਵਿਚ ਆਰਟਿਸਟ ਵਜੋਂ 250/- ਰੁਪਏ ਮਹੀਨੇ ਦੀ ਨੌਕਰੀ ਦਿਵਾ ਦਿੱਤੀ। 1956 ਤੋਂ 1962 ਤੀਕ, ਛੇ ਸਾਲ ਦੇ ਸਮੇਂ ਦੌਰਾਨ, ਆਪ ਨੇ ਸਿੱਖ ਇਤਿਹਾਸ ਨਾਲ ਸਬੰਧਤ 36 ਕਲਾ-ਕਿਰਤਾਂ ਬਣਾਈਆਂ, ਜਿਨ੍ਹਾਂ ਨੂੰ ਹਰ ਪਾਸਿਉਂ ਭਰਪੂਰ ਸ਼ਲਾਘਾ ਮਿਲੀ, ਅਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਨਾਲ ਆਪ ਦਾ ਨਾਮ ਦੁਨੀਆ ਭਰ ਵਿਚ ਰੌਸ਼ਨ ਹੋ ਗਿਆ।
ਗੌਰਵਮਈ ਸਿੱਖ ਇਤਿਹਾਸ, ਖਾਸ ਕਰਕੇ, ਸਿੱਖ ਸ਼ਹੀਦਾਂ ਤੇ ਸਿੱਖ ਜਰਨੈਲਾਂ ਬਾਰੇ ਆਪ ਜੀ ਦੀਆਂ ਲਾਸਾਨੀ ਪੇਂਟਿੰਗਜ਼, ਕੇਂਦਰੀ ਸਿੱਖ ਅਜਾਇਬ ਘਰ, ਅੰਮ੍ਰਿਤਸਰ ਤੋਂ ਇਲਾਵਾ ਸ.ਬਘੇਲ ਸਿੰਘ ਸਿੱਖ ਮਿਊਜ਼ੀਅਮ (ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ), ਗੁਰੂ ਤੇਗ਼ ਬਹਾਦਰ ਮਿਊਜ਼ੀਅਮ (ਸ੍ਰੀ ਅਨੰਦਪੁਰ ਸਾਹਿਬ), ਐਂਗਲੋ ਸਿੱਖ ਵਾਰ ਮਿਊਜ਼ੀਅਮ, ਫਿਰੋਜਸ਼ਾਹ(ਫਿਰੋਜ਼ਪੁਰ),ਗੁਰੂ ਗੋਬਿੰਦ ਸਿੰਘ ਭਵਨ (ਪੰਜਾਬੀ ਯੂਨੀਵਰਸਿਟੀ, ਪਟਿਆਲਾ),ਦਸਮੇਸ਼ ਸਿੱਖ ਮਿਊਜ਼ੀਅਮ (ਮਹਿਦੀਆਣਾ),ਆਰਮੀ ਮਿਊਜ਼ੀਅਮ, ਮੇਰਠ ਕੈਂਟ, ਚੰਡੀਗੜ੍ਹ ਮਿਊਜ਼ੀਅਮ, ਆਦਿ ਵਿਖੇ ਵੀ ਮੌਜੂਦ ਹਨ।
ਸਾਲ 1958 ਵਿਚ, 35 ਸਾਲ ਦੀ ਉਮਰੇ ਆਪ ਨੇ ਸੂਫ਼ੀ ਫਕੀਰਾਂ ਵਾਂਗ ਕਾਲਾ ਚੋਗਾ ਪਹਿਨਣਾ ਸ਼ੁਰੂ ਕੀਤਾ ਸੀ, ਜੋ ਹਮੇਸ਼ਾ ਹੀ ਆਪ ਦੀ ਪਸੰਦੀਦਾ ਪੌਸ਼ਾਕ ਬਣਿਆ ਰਿਹਾ। ਆਪ ਨੇ ਚਿੱਤਰਕਾਰੀ ਖੇਤਰ ਵਿਚ ਅਜੇ ਹੋਰ ਵੀ ਸ਼ੋਹਰਤ ਖੱਟਣੀ ਸੀ, ਲੇਕਿਨ ਜ਼ਿੰਦਗੀ ਨੇ ਵਫ਼ਾ ਨਾ ਕੀਤੀ। ਮਿਤੀ 26-4-1990 ਨੂੰ (ਤਕਰੀਬਨ 67 ਸਾਲ ਦੀ ਉਮਰੇ), ਰੋਪੜ ਨਜ਼ਦੀਕ, ਗੁਰਦੁਆਰਾ ਪ੍ਰਵਾਰ ਵਿਛੋੜਾ ਸਾਹਿਬ ਪਾਸ ਹੋਏ ਇਕ ਜੀਪ ਐਕਸੀਡੈਂਟ ਵਿਚ ਆਪ ਪੂਰੇ ਹੋ ਗਏ ਅਤੇ ਹਮੇਸ਼ਾਂ ਲਈ
ਸਾਨੂੰ ਸਭ ਨੂੰ ਵਿਛੋੜਾ ਦੇ ਗਏ। ਬੇਸ਼ੱਕ ਅੱਜ ਆਪ ਸਾਡੇ ਵਿਚ ਮੌਜੂਦ ਨਹੀਂ ਹਨ, ਲੇਕਿਨ ਆਪਣੀਆਂ ਅਨਮੋਲ ਕਲਾ-ਕਿਰਤਾਂ ਕਰਕੇ ਆਪ ਹਮੇਸ਼ਾਂ-ਹਮੇਸ਼ਾਂ ਲਈ ਜਿੰਦਾ ਰਹਿਣਗੇ

Leave a Reply

Your email address will not be published. Required fields are marked *