ਟਾਪਫੀਚਰਡ

ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਕਾਰ ਉੱਪਰ ਸੋਨੀਪਤ ਦੇ ਲਾਗੇ ਰਸੋਈ ਪਿੰਡ ਦੇ ਬਾਹਰ ਗੋਲੀਆਂ ਮਾਰ ਕੇ ਕਤਲ-ਗੁਰਦੀਪ ਸਿੰਘ ਜਗਬੀਰ ( ਡਾ.)

:
ਸਰਦਾਰ ਪਰਤਾਪ ਸਿੰਘ ਕੈਰੋਂ ਦਾ ਜਨਮ ਇੱਕ ਅਕਤੂਬਰ 1901 ਵਾਲੇ ਦਿਨ, ਪਿੰਡ ਕੈਰੋੱ, ਤਹਿਸੀਲ ਪੱਟੀ, ਥਾਣਾ ਸਰਹਾਲੀ,ਹੁਣ ਜਿਲ੍ਹਾ ਤਰਨਤਾਰਨ ਵਿਖੇ ਸਰਦਾਰ ਨਿਹਾਲ ਸਿੰਘ ਢਿੱਲੋੱ ਅਤੇ ਬੀਬੀ ਹਰਿ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੀ ਏ ਦੀ ਡਿਗਰੀ ਪ੍ਰਾਪਤ ਕਰਣ ਤੋਂ ਮਗਰੋਂ ਆਪ ਅਮਰੀਕਾ ਚੱਲੇ ਗਏ।
19 ਸਾਲ ਦੀ ਉਮਰ ਵਿੱਚ ਆਪ ਦਾ ਅਨੰਦ ਕਾਰਜ ਬੀਬੀ ਰਾਮ ਕੌਰ ਨਾਲ ਹੋਣ ਤੋਂ ਮਗਰੋਂ ਆਪ ਉਚੇਰੀ ਸਿੱਖਿਆ ਦੇ ਲਈ ਅਮਰੀਕਾ ਚਲੇ ਗਏ, ਜਿੱਥੇ ਆਪ ਨੇ ਅਰਥਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਅਤੇ ਇੱਥੇ ਹੀ ਆਪ ਭਾਰਤ ਦੀ ਰਾਜਨੀਤੀ ਦੇ ਲਈ ਸਰਗਰਮ ਹੋ ਗਏ। ਉਨ੍ਹਾਂ ਦਿਨਾਂ ਵਿੱਚ ਭਾਰਤ ਦੀ ਆਜ਼ਾਦੀ ਦੇ ਲਈ ਅਮਰੀਕਾ ਵਿੱਚ ਗਦਰ ਪਾਰਟੀ ਦੇ ਨਾਮ ਨਾਲ ਇਕ ਜਥੇਬੰਦੀ ਸਥਾਪਤ ਹੋ ਰਹੀ ਸੀ। ਇਸ ਸੰਸਥਾ ਦੇ ਕੰਮਾਂ ਵਿੱਚ ਆਪ ਨੇ ਸਰਗਰਮੀ ਦੇ ਨਾਲ ਹਿਸਾ ਲੈਣਾ ਸ਼ੁਰੂ ਕਰ ਦਿੱਤਾ। 1926 ਸਾਲ ਦੇ ਦੌਰਾਨ ਆਪ ਭਾਰਤ ਵਾਪਸ ਪਰਤ ਆਏ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਉਦੋਂ ਤੋਂ ਆਜ਼ਾਦੀ ਪ੍ਰਾਪਤ ਹੋਣ ਤੱਕ ਕਾਂਗਰਸ ਦੇ ਅੰਦੋਲਨਾਂ ਵਿੱਚ ਲਗਾਤਾਰ ਭਾਗ ਲੈਂਦੇ ਰਹੇ ਅਤੇ ਅਨੇਕਾਂ ਵਾਰ ਜੇਲ੍ਹ ਗਏ।
ਸਰਦਾਰ ਪਰਤਾਪ ਸਿੰਘ ਕੈਰੋਂ ਦੀ ਛਵੀ ਇੱਕ ਕੁਸ਼ਲ ਪ੍ਰਸ਼ਾਸਕ ਵਜੋਂ ਜਾਣੀ ਜਾਂਦੀ ਹੈ। ਆਪ ਨੇ ਪਹਿਲਾਂ ਕੈਲੇਫੋਰਨੀਆ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਮਗਰੋਂ 1928 ਵਿੱਚ ਮਿਸ਼ੀਗਨ ਯੂਨੀਵਰਸਿਟੀ ਤੋਂ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ। 9 ਜੁਲਾਈ 1921 ਵਾਲੇ ਦਿਨ ਸਟਾਕਟਨ ਦੇ ਗੁਰਦੁਆਰਾ ਸਾਹਿਬ ਵਿੱਚ ਆਪ ਨੇ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅੰਗਰੇਜ਼ੀ ਰਾਜ ਦੀ ਨਿਖੇਧੀ ਵਜੋਂ ਭਾਸ਼ਣ ਦਿੱਤਾ। ਇੰਜ ਆਪ ਗ਼ਦਰ ਪਾਰਟੀ ਦੇ ਉੱਘੇ ਵਰਕਰ ਵਜੋਂ ਸਰਗਰਮ ਹੋ ਗਏ। 15 ਨਵੰਬਰ 1921 ਵਾਲੇ ਦਿਨ ਆਪ ਨੇ ਸਟਾਕਟਨ ਦੇ ਗੁਰਦੁਆਰਾ ਸਾਹਿਬ ਵਿੱਖੇ ਹੀ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖਾਂ ਨੂੰ ਬਰਤਾਨਵੀ ਹਕੂਮਤ ਦੇ ਖ਼ਿਲਾਫ਼ ਸੰਘਰਸ਼ ਲਈ ਸੱਦਾ ਦਿੱਤਾ। ਦਸੰਬਰ 1921 ਵਿੱਚ ਆਪ ਨੂੰ ਗ਼ਦਰ ਪਾਰਟੀ ਦੀ ਸਟਾਕਟਨ ਬ੍ਰਾਂਚ ਦੀ ਅੰਤਰਿਮ ਕਮੇਟੀ ਵਿੱਚ ਬਤੌਰ ਮੈਂਬਰ ਚੁਣ ਲਿਆ ਗਿਆ। ਅਗਸਤ 1922 ਵਿੱਚ ਆਪ ਨੂੰ ‘ਗ਼ਦਰ’ ਰਸਾਲੇ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਲਈ ਜਨਰਲ ਗ਼ਦਰ ਕਮੇਟੀ ਵਿੱਚ ਬਤੌਰ ਮੈਂਬਰ ਚੁਣ ਲਿਆ ਗਿਆ। ਇਹ ਰਸਾਲਾ, ਕਾਫੀ ਚਿਰ ਤੋਂ ਪੈਸੇ ਦੀ ਥੁੜ੍ਹ ਕਾਰਨ ਬੰਦ ਕਰ ਦਿੱਤਾ ਗਿਆ ਸੀ।1922 ਦੇ ਅਖ਼ੀਰ ਵਿੱਚ ਇਸ ਰਸਾਲੇ ਨੂੰ ਮੁੜ ਜਾਰੀ ਕਰਨ ਦੇ ਲਈ ਇਕ ਕਮੇਟੀ ਬਣਾਈ ਗਈ ਸੀ।1922 ਦੇ ਅਖ਼ੀਰ ਵਿੱਚ ਆਪ ਨੂੰ ਗ਼ਦਰ ਪਾਰਟੀ ਦੇ ਅਹੁਦੇਦਾਰ ਦੀ ਜ਼ੁੰਮੇਵਾਰੀ ਸੌਂਪੀ ਗਈ।
1929 ਦੌਰਾਨ ਆਪ ਭਾਰਤ ਵਾਪਿਸ ਪਰਤ ਆਏ ਅਤੇ ਦਿੱਲੀ ਵਿੱਚ ਸਰਦਾਰ ਦਰਬਾਰਾ ਸਿੰਘ ਸੋਢੀ ਦੇ ਨਾਲ ਭਾਈਵਾਲੀ ਵਿੱਚ ਇੱਕ ਰੈਸਟੋਰੈਂਟ ਦੀ ਸ਼ੁਰੂਆਤ ਕੀਤੀ।ਇਸ ਕੰਮ ਦੇ ਵਿੱਚ ਅਸਫਲ ਰਹਿਣ ਤੋਂ ਮਗਰੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ, ਦਰਬਾਰਾ ਸਿੰਘ ਸੋਢੀ ਦੇ ਨਾਲ, ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਇੱਥੇ ਦਰਬਾਰਾ ਸਿੰਘ ਸੋਢੀ ਦੇ ਨਾਲ ਮਿਲ ਕੇ ‘ਨਵਾਂ ਯੁਗ’ ਨਾਂ ਦਾ ਇਕ ਰਸਾਲਾ ਸ਼ੁਰੂ ਕੀਤਾ। ਆਪ ਇਸ ਦੇ ਸੰਪਾਦਕ ਬਣੇ ਅਤੇ ਦਰਬਾਰਾ ਸਿੰਘ ਸਹਿ-ਸੰਪਾਦਕ ਵਜੋਂ ਇਸ ਰਸਾਲੇ ਵਿੱਚ ਆਪ ਜੀ ਦੀ ਮਦਦ ਕਰਦੇ ਰਹੇ।
‘ਨਵਾਂ ਯੁਗ’ ਨਾਂ ਦਾ ਇਹ ਰਸਾਲਾ, ਭਾਂਵੇਂ ਇੱਕ ਆਜ਼ਾਦ ਨੀਤੀ ਨਾਲ ਸ਼ੁਰੂ ਹੋਇਆ ਪਰ ਬਾਅਦ ਵਿੱਚ ਇਹ ਕਿਰਤੀ-ਕਿਸਾਨ ਅਤੇ ਗ਼ਦਰ (ਲਹਿਰ) ਦਾ ਇਕ ਬੁਲਾਰਾ ਹੋ ਨਿੱਬੜਿਆ। ਅਪਰੈਲ 1931 ਵਿੱਚ ਆਪ ਨੂੰ ਪੰਜਾਬ ਕਿਰਤੀ-ਕਿਸਾਨ ਪਾਰਟੀ ਦੇ ਅੰਗਰੇਜ਼ੀ ਜ਼ੁਬਾਨ ਵਿੱਚ ਛਾਪਦੇ ਰਸਾਲੇ ‘ਚੜ੍ਹਦੇ ਸੂਰਜ’ ( Sunrise) ਦੀ ਸੰਪਾਦਨਾ ਦੀ ਜ਼ਿੰਮੇਵਾਰੀ ਦਿੱਤੀ ਗਈ।ਇਸੇ ਦੌਰਾਨ ਆਪ ਨੂੰ “ਸਆਸੀ ਕੈਦੀ ਛੁਡਾਊ ਕਮੇਟੀ”, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਕੱਤਰ ਬਣਾ ਦਿੱਤਾ ਗਿਆ। 21 ਮਾਰਚ 1931 ਵਾਲੇ ਦਿਨ, ਅੰਗਰੇਜ਼ ਪੁਲਿਸ ਅਧਿਕਾਰੀ ਸਾਂਡਰਸ ਦੇ ਕਤਲ ਤੋਂ ਬਾਅਦ ਸ਼ਹੀਦ ਸਰਦਾਰ ਭਗਤ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੂੰ ਫਾਂਸੀ ਦਿੱਤੇ ਜਾਣ ਦੇ ਵਿਰੋਧ ਵਜੋਂ ਆਪ ਨੇ ਜਿਹੜਾ ਭਾਸ਼ਣ ਦਿੱਤਾ ਉਸ ਵਿੱਚ ਗਾਂਧੀ-ਇਰਵਿਨ ਸਮਝੌਤੇ ਨੂੰ ਵੀ ਆਪ ਨੇ ਜਮ ਕੇ ਭੰਡਿਆ।
ਅਗਸਤ 1931 ਸਾਲ ਦੇ ਦੌਰਾਨ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ‘ਖ਼ਾਲਸਾ ਅਮੈਰੀਕਨ ਫੈਡਰੇਸ਼ਨ’ ਨਾਂ ਦੀ ਨਵੀਂ ਜਥੇਬੰਦੀ ਦੀ ਸਥਾਪਨਾ ਕੀਤੀ। ਇਸ ਜੱਥੇਬੰਦੀ ਦਾ ਮੁੱਖ ਉਦੇਸ਼ ਪੰਜਾਬ ਦੇ ਸਿੱਖਾਂ ਦੇ ਰਾਜਸੀ ਹੱਕਾਂ ਦੀ ਰੱਖਿਆ ਕਰਨ ਦੇ ਪ੍ਰਤੀ ਲੋਕਾਂ ਨੂੰ ਜਾਗਰਤ ਕਰਨਾ ਸੀ।
4 ਜੂਨ 1932 ਵਾਲੇ ਦਿਨ ਆਪ ਨੂੰ ਧਾਰਾ 17(2), 3 ਐਲ 1 ਐਕਟ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਤਿੰਨ ਸਾਲ ਦੀ ਸਖ਼ਤ ਕੈਦ ਅਤੇ 300 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।ਅਤੇ ਇਸ ਦੇ ਨਾਲ ਹੀ ਆਈ. ਪੀ.ਸੀ. ਦੀ ਧਾਰਾ 224 ਦੇ ਤਹਿਤ ਆਪ ਨੂੰ ਦੋ ਸਾਲ ਦੀ ਕੈਦ ਅਤੇ 200 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।ਇਹ ਦੋਨੋ ਸਜ਼ਾਵਾਂ ਨਾਲੋ ਨਾਲ ਚਲਣੀਆਂ ਸਨ। ਪਰ ਇਸ ਦੇ ਲਈ ਆਪ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਅਪੀਲ ਵਿੱਚ ਆਪ ਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ।
4 ਦਸੰਬਰ 1932 ਵੱਲ ਦਿਨ ਸਰਦਾਰ ਪ੍ਰਤਾਪ ਸਿੰਘ ਕੈਰੋਂ ਮਜ਼ਦੂਰ- ਕਿਸਾਨ ਸਭਾ ਦੇ ਸਕੱਤਰ ਚੁਣ ਲਏ ਗਏ।
ਸਰਦਾਰ ਕੈਰੋਂ ਨੇ ਆਜ਼ਾਦੀ ਦੀ ਲੰਬੀ ਲੜਾਈ ਲੜੀ। ਸਾਲ 1937 ਵਿਚ ਪਹਿਲੀ ਵਾਰ ਆਪ ਨੇ ਕਾਂਗਰੇਸ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਜਿੱਤੀ। ਇਸ ਚੋਣ ਤੋੱ ਬਾਅਦ ਆਪ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਅਤੇ ਫੇਰ ਆਪ ਨੂੰ ਪ੍ਰਧਾਨ ਬਣਾਇਆ ਗਿਆ। ਭਾਰਤ ਦੀ ਆਜ਼ਾਦੀ ਤੋਂ ਬਾਅਦ ਆਪ ਪੰਜਾਬ ਦੀ ਪਹਿਲੀ ਸਰਕਾਰ ਵਿਚ ਮੰਤਰੀ ਬਣੇ ਅਤੇ ਵੱਖ-ਵੱਖ ਮਹਿਕਮਿਆਂ ਵਿੱਚ ਸੇਵਾ ਨਿਭਾਈ।ਜਨਵਰੀ 1956 ਵਿਚ ਆਪ ਨੂੰ ਪੰਜਾਬ ਦੀ ਸਰਕਾਰ ਨੂੰ ਸਥਿਰਤਾ ਦੇਣ ਦੇ ਲਈ, ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ। ਸਰਦਾਰ ਕੈਰੋਂ ਨੇ ਲਗਾਤਾਰ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਸੇਵਾ ਨਿਭਾਈ।
11 ਜੂਨ 1964 ਵਾਲੇ ਦਿਨ ਪੰਜਾਬ ਦੇ ਕਾਂਗਰਸੀ ਨੇਤਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਖ਼ਿਲਾਫ਼ ਦਾਸ ਕਮਿਸ਼ਨ ਨੇ ਰੀਪੋਰਟ ਪੇਸ਼ ਕੀਤੀ ਜਿਸ ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਦੋਸ਼ੀ ਕਰਾਰ ਦੇ ਦਿਤਾ ਗਿਆ ।
ਸਾਲ 1963 ਦੇ ਦੌਰਾਨ ਉਸ ਵਕਤ ਦੇ ਕਾਂਗਰਸ ਦੀ ਵਿਰੋਧੀ ਧਿਰ ਦੇ ਅਕਾਲੀ ਲੀਡਰ ਨੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ਼ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਸੀ।ਅਕਾਲੀ ਆਗੂ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ, ਚੌਧਰੀ ਦੇਵੀ ਲਾਲ, ਮੌਲਵੀ ਅਬਦੁਲ ਗਨੀ ਡਾਰ ਅਤੇ ਲਾਲਾ ਜਗਤ ਨਰੈਣ ਵਰਗੇ ਵਿਰੋਧੀ ਧਿਰ ਦੇ ਕੁਝ ਕਾਂਗਰਸ ਵਿਰੋਧੀ ਲੀਡਰਾਂ ਨੇ ਭਾਰਤ ਦੇ ਉਸ ਵਕਤ ਦੇ ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨਨ ਪਾਸ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ਼ 32 ਦੋਸ਼ਾਂ ਵਾਲਾ ਇੱਕ ਮੰਗ ਪੱਤਰ ਸੌਂਪਿਆ ਸੀ। ਇਸ ਵਿਚ ਰਾਸ਼ਟਰਪਤੀ ਪਾਸ ਦਰਖਾਸਤ ਕਰ ਕੇ ਮੰਗ ਕੀਤੀ ਗਈ ਸੀ ਕੇ ਭਾਰਤ ਦੇ ਸਵਿਧਾਨ ਮੁਤਾਬਿਕ ਇਨ੍ਹਾਂ ਦੋਸ਼ਾਂ ਦੀ ਪੜਤਾਲ ਕੀਤੀ ਜਾਵੇ। ਇਸ ਦੇ ਨਾਲ 29 ਅਗੱਸਤ 1963 ਵਾਲੇ ਦਿਨ ਕਾਂਗਰਸ ਦੀ ਆਪਣੀ ਹੀ ਅੰਦੁਰਨੀ ਜੰਗ ਵਿੱਚ ਸ਼ਾਮਲ, ਹਰਦਵਾਰੀ ਲਾਲ, ਗੁਰਦਿਆਲ ਸਿੰਘ ਢਿੱਲੋਂ, ਕਾਮਰੇਡ ਰਾਮਚੰਦਰ, ਅਤੇ ਗਿਆਨ ਸਿੰਘ ਰਾੜੇਵਾਲਾ ਵਰਗੇ ਕਾਂਗਰਸੀ ਐਮ.ਐਲ.ਏਜ਼. ਜਿਹੜੇ ਕਾਂਗਰਸ ਤੋਂ ਨਰਾਜ਼, ਵਿਧਾਨ ਸਭਾ ਵਿੱਚ ਬਤੌਰ ਵਖਰੇ ਗਰੁੱਪ ਦੇ ਬੈਠਦੇ ਸਨ, ਨੇ ਵੀ ਕਾਂਗਰਸ ਦੇ ਪ੍ਰਧਾਨ ਪਾਸ ਸਰਦਾਰ ਪਰਤਾਪ ਸਿੰਘ ਕੈਰੋਂ ਹੁਣਾਂ ਦੇ ਵਿਰੁਧ ਮੰਗ ਪੱਤਰ ਸੌਂਪ ਕੇ ਪੜਤਾਲ ਦੀ ਮੰਗ ਕੀਤੀ।
ਜਦੋਂ ਸਾਰੇ ਪਾਸਿਆਂ ਤੋਂ ਜ਼ੋਰ ਪਿਆ ਤਾਂ 28 ਅਕਤੂਬਰ 1963
ਵਾਲੇ ਦਿਨ ਉਸ ਵਕਤ ਦੇ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਰਾਸ਼ਟਰਪਤੀ ਰਾਧਾ ਕ੍ਰਿਸ਼ਨਨ ਨੂੰ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੇ ਲਗੇ ਦੋਸ਼ਾਂ ਦੀ ਜਾਂਚ ਦੇ ਲਈ ਇੱਕ ਕਮਿਸ਼ਨ ਦਾ ਗਠਨ ਕੀਤੇ ਜਾਣ ਦੀ ਸਿਫ਼ਾਰਸ਼ ਕਰ ਦਿੱਤੀ। ਭਾਰਤ ਦੇ ਰਾਸ਼ਟਰਪਤੀ ਨੇ ਦਾਸ ਕਮਿਸ਼ਨ ਦੇ ਨਾਂ ਹੇਠ ਸੁਪ੍ਰੀਮ ਕੋਰਟ ਦੇ ਸਾਬਕ ਚੀਫ਼ ਜਸਟਿਸ ਐਸ.ਆਰ. ਦਾਸ ਨੂੰ ਇਨ੍ਹਾਂ ਦੋਸ਼ਾਂ ਦੀ ਪੜਤਾਲ ਦੇ ਲਈ ਨਾਮਜ਼ਦ ਕੀਤਾ। ਸੋ ਇਸ ਇਨਕੁਆਇਰੀ ਕਮਿਸ਼ਨ ਨੂੰ ਦਾਸ ਕਮਿਸ਼ਨ ਵਜੋਂ ਜਾਣਿਆ ਗਿਆ।
ਦਾਸ ਕਮਿਸ਼ਨ ਨੇ 5 ਦਸੰਬਰ 1963 ਨੂੰ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਖ਼ਿਲਾਫ਼ ਪੜਤਾਲ ਸ਼ੁਰੂ ਕਰ ਦਿਤੀ। 11 ਜੂਨ 1964 ਨੂੰ ਦਾਸ ਕਮਿਸ਼ਨ ਨੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਬਾਰੇ ਰੀਪੋਰਟ ਪੇਸ਼ ਕਰ ਦਿਤੀ। ਇਸ ਰੀਪੋਰਟ ਨੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਦੋਸ਼ੀ ਕਰਾਰ ਦਿਤਾ ਗਿਆ। 27 ਜੂਨ ਨੂੰ ਇਹ ਰਿਪੋਰਟ ਜਨਤਕ ਕਰਣ ਦੇ ਲਈ ਪ੍ਰਕਾਸ਼ਤ ਕੀਤੀ ਗਈ। ਇਸ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਸਾਰੇ ਅਹੁਦਿਆਂ ਤੋਂ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇ ਦਿੱਤਾ ਅਤੇ ਜੁਲਾਈ, 1964 ਵਿਚ ਕਾਮਰੇਡ ਰਾਮ ਕਿਸ਼ਨ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਸੀ। ਕੁਰਸੀ ਛੱਡਣ ਤੋਂ ਬਾਅਦ ਹੁਣ ਹਰ ਹਫ਼ਤੇ ਕੈਰੋਂ ਦਾ ਕੋਈ ਪੁੱਠਾ ਸਿੱਧਾ ਬਿਆਨ ਪ੍ਰਕਾਸ਼ਤ ਹੁੰਦਾ ਰਹਿੰਦਾ ਸੀ ਜਿਸ ਕਰਕੇ ਉਹ ਸੁਰਖੀਆਂ ਵਿੱਚ ਰਹਿੰਦਾ ਸੀ ਅਤੇ ਉਸ ਬਾਰੇ ਚਰਚਾ ਛਿੜੀ ਰਹਿੰਦੀ ਸੀ।
ਪੰਜਾਬ ਵਿਚ ਦਾਸ ਕਮਿਸ਼ਨ ਦੀ ਕਾਰਵਾਈ ਨੂੰ ਲੈ ਕੇ ਲੋਕ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲੱਗਾ ਰਹੇ ਸਨ ਅਤੇ ਪ੍ਰਤਾਪ ਸਿੰਘ ਕੈਰੋਂ ਦੀ ਲੋਕ ਪ੍ਰੀਯਤਾ ਦਿਨ-ਬ-ਦਿਨ ਲਗਾਤਾਰ ਘੱਟਦੀ ਜਾ ਰਹੀ ਸੀ। ਪਰ ਉਹ ਆਪਣੀ ਡਿੱਗਦੀ ਜਾਂਦੀ ਸਾਖ ਨੂੰ ਹਰ ਹਾਲਤ ਵਿੱਚ ਬਚਾ ਕੇ ਰੱਖਣਾ ਚਾਹੁੰਦਾ ਸੀ ਅਤੇ ਮੁੱਖ ਮੰਤਰੀ ਦੀ ਕੁਰਸੀ ਮੁੜ ਹਾਸਲ ਕਰਨਾ ਚਾਹੁੰਦਾ ਸੀ।
6 ਫਰਵਰੀ 1965 ਵਾਲੇ ਦਿਨ ਦਿੱਲੀ ਉਹ ਆਪਣੀ ਕੁਰਸੀ ਬਚਾਉਣ ਦੇ ਲਈ ਹੀ ਦਿੱਲੀ ਦਰਬਾਰ ਵਿੱਖੇ ਹਾਜ਼ਰੀ ਲਵਾ ਕੇ ਵਾਪਸ ਪੰਜਾਬ ਪਰਤ ਰਿਹਾ ਸੀ ਕਿ ਉਸ ਦਾ ਕਾਤਲ ਹੋ ਗਿਆ।
ਪ੍ਰਤਾਪ ਸਿੰਘ ਕੈਰੋਂ ਦਾ ਕਤਲ ਇੱਕ ਬਦਲੇ ਦੀ ਭਾਵਨਾ ਦੇ ਨਾਲ ਹੋਇਆ ਸੀ। ਫਗਵਾੜੇ ਲਾਗੇ ਉੱਚਾ ਪਿੰਡ ਦੇ ਇਕ ਨੌਜਵਾਨ ਅਜੀਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ। ਅਜੀਤ ਸਿੰਘ ਨੇ ਫਾਂਸੀ ਦੇ ਫੰਦੇ’ ਤੇ ਝੂਲਣ ਤੋਂ ਪਹਿਲਾਂ ਆਪਣੇ ਦੋਸਤ ਸਰਦਾਰ ਸੁੱਚਾ ਸਿੰਘ ਤੋਂ ਪ੍ਰਣ ਲਿਆ ਸੀ ਕੇ ਉਹ ਕੈਰੋਂ ਦਾ ਕਤਲ ਕਰ ਕੇ ਉਸ ਦੀ ਮੌਤ ਦਾ ਬਦਲਾ ਲਵੇ ਗਾ।
ਅਜੀਤ ਸਿੰਘ ਬੜਾ ਚੱਲਦਾ ਪੁਰਜ਼ਾ ਵਿਅਕਤੀ ਸੀ ਅਤੇ ਉਸਦੇ ਵੱਡੇ-ਵੱਡੇ ਸਿਆਸੀ ਲੀਡਰਾਂ ਨਾਲ ਸਬੰਧ ਸਨ ਜਿਸ ਕਾਰਣ ਉਸਦਾ ਖਾਸਾ ਦਬਦਬਾ ਸੀ। ਉਸ ਦੇ ਖ਼ਿਲਾਫ਼ ਕਿਸੇ ਦੀ ਵੀ ਕੁਸਕਣ ਦੀ ਹਿੰਮਤ ਨਹੀਂ ਸੀ। ਅਜੀਤ ਸਿੰਘ ਦੀ ਭੈਣ ਦਾ ਅਨੰਦ ਕਾਰਜ ਮਜੀਠੇ ਲਾਗੇ ਇਕ ਪਿੰਡ ਵਿਚ ਹੋਇਆ ਸੀ। ਅਜੀਤ ਸਿੰਘ ਦਾ ਜੀਜਾ, ਡਾਕਟਰ ਪ੍ਰਕਾਸ਼ ਕੌਰ ਦਾ ਬੜਾ ਨਜ਼ਦੀਕੀ ਰਿਸ਼ਤੇਦਾਰ ਸੀ, ਜਿਹੜੀ ਪ੍ਰਤਾਪ ਸਿੰਘ ਕੈਰੋਂ ਦੇ ਮੰਤਰੀ ਮੰਡਲ ਵਿਚ ਇਕ ਮੰਤਰੀ ਰਹਿ ਚੁੱਕੀ ਸੀ। ਵਿਆਹ ਦੇ ਥੋੜ੍ਹੀ ਦੇਰ ਬਾਅਦ ਹੀ ਅਜੀਤ ਸਿੰਘ ਦੀ ਭੈਣ ਆਪਣੇ ਪਤੀ ਦੇ ਨਾਲ ਲੜ ਝਗੜ ਕੇ ਆਪਣੇ ਭਰਾ ਅਜੀਤ ਸਿੰਘ ਦੇ ਘਰ ਵਾਪਸ ਆ ਗਈ। ਅਜੀਤ ਸਿੰਘ ਦੇ ਬਾਪ ਨੇ ਆਪਣੇ ਜਵਾਈ ਨੂੰ ਬੜੇ ਤਰਲੇ ਮਿੰਨਤਾਂ ਕਰਕੇ ਸਾਰੇ ਗਿਲੇ ਗੁੱਸੇ ਮਿਟਾ ਕੇ ਮੁੜ ਜਿੰਦਗੀ ਸ਼ੁਰੂ ਕਰਨ ਦੇ ਲਈ ਆਪਣੇ ਪਿੰਡ ਸੱਦਿਆ। ਅਜੀਤ ਸਿੰਘ ਅਤੇ ਉਸ ਦੇ ਬਾਪ ਨੇ ਉਸ ਦੇ ਬੁਰੇ ਸਲੂਕ ਸਬੰਧੀ ਗੱਲ ਕਰਨੀ ਸ਼ੁਰੂ ਕੀਤੀ ਪਰ ਗੱਲ ਵਿਗੜਦੀ ਹੀ ਚਲੀ ਗਈ। ਗੱਲ ਤਲਖ਼ ਕਲਾਮੀ ਤੋਂ ਵਧ ਕੇ ਤੂੰ ਤੂੰ ਮੈਂ ਮੈਂ ਤੋਂ ਗਾਲੀ ਗਲੋਚ ਤੱਕ ਜਾ ਪੁੱਜੀ ਅਤੇ ਅਜੀਤ ਸਿੰਘ ਨੇ ਆਪਣੇ ਜੀਜੇ ਨੂੰ ਕਤਲ ਕਰ ਦਿੱਤਾ।
ਪੁਲਿਸ ਨੇ ਅਜੀਤ ਸਿੰਘ ਨੂੰ ਕਤਲ ਦੇ ਜੁਰਮ ਵਿਚ ਗ੍ਰਿਫ਼ਤਾਰ ਕਰ ਲਿਆ। ਕਤਲ ਕੇਸ ਦੀ ਸੁਣਵਾਈ ਸੈਸ਼ਨ ਜੱਜ ਕਪੂਰਥਲਾ ਵਿਖੇ ਸ਼ੁਰੂ ਹੋਈ। ਆਪਣੇ ਪੱਖ ਨੂੰ ਸਹੀ ਢੰਗ ਦੇ ਨਾਲ ਅਦਾਲਤ ਵਿਚ ਪੇਸ਼ ਕਰਨ ਦੇ ਲਈ ਮਕਤੂਲ ਦੇ ਵਾਰਸਾਂ ਨੇ ਐਡਵੋਕੇਟ ਦੀਵਾਨ ਪਿਆਰੇ ਲਾਲ ਨੂੰ ਅਪਣਾ ਵਕੀਲ ਕਰ ਲਿਆ। ਪੁਖ਼ਤਾ ਸਬੂਤ ਅਤੇ ਕੋਈ ਗਵਾਹ ਨਾ ਹੋਣ ਕਰਕੇ ਕੇਸ ਕਮਜ਼ੋਰ ਪੈ ਗਿਆ ਸੀ ਕਿਉਂਕਿ ਅਜੀਤ ਸਿੰਘ ਦੇ ਬਾਪ ਨੇ ਤਾਂ ਆਪਣੇ ਬੇਟੇ ਦੇ ਖ਼ਿਲਾਫ਼ ਗਵਾਹੀ ਦੇਣੀ ਨਹੀਂ ਸੀ। ਅਜੀਤ ਸਿੰਘ ਦਾ ਮਰਹੂਮ ਜੀਜਾ,ਪ੍ਰਤਾਪ ਸਿੰਘ ਕੈਰੋਂ ਦੀ ਨਜ਼ਦੀਕੀ, ਡਾਕਟਰ ਪ੍ਰਕਾਸ਼ ਕੌਰ ਦਾ ਬੜਾ ਨਜ਼ਦੀਕੀ ਰਿਸ਼ਤੇਦਾਰ ਸੀ, ਜਿਹੜੀ ਪ੍ਰਤਾਪ ਸਿੰਘ ਕੈਰੋਂ ਦੇ ਮੰਤਰੀ ਮੰਡਲ ਵਿਚ ਇਕ ਮੰਤਰੀ ਰਹਿ ਚੁੱਕੀ ਸੀ। ਇਸ ਲਈ ਪ੍ਰਤਾਪ ਸਿੰਘ ਕੈਰੋਂ ਨੇ ਜੱਜ ਉਤੇ ਦਬਾਉ ਬਣਾਉਂਦਿਆਂ ਹੋਇਆਂ ਉਸ ਨੂੰ ਅਜਿਹੀ ਧਮਕੀ ਦਿੱਤੀ ਕਿ ਉਸ ਨੂੰ ਆਪਣੀ ਜਾਨ ਦੇ ਲਾਲੇ ਪੈ ਗਏ। ਕਿਉਕਿ ਇਹ ਜੱਜ ਖਾਸਾ ਭ੍ਰਿਸ਼ਟ ਸੀ।ਉਸਦੇ ਖਿਲਾਫ਼ ਚੌਕਸੀ ਵਿਭਾਗ ਵਲੋਂ ਭ੍ਰਿਸ਼ਟਾਚਾਰ ਦੇ ਸੰਗੀਨ ਮਾਮਲੇ ਬਣਾਏ ਜਾ ਚੁੱਕੇ ਸਨ।
ਪ੍ਰਤਾਪ ਸਿੰਘ ਕੈਰੋਂ ਨੇ ਇਸ ਸੈਸ਼ਨ ਜੱਜ ਨੂੰ ਕਿਹਾ ਕਿ ਬੇਸ਼ਕ ਇਸ ਕਤਲ ਦੇ ਮੁਕੱਦਮੇ ਵਿਚ ਕੋਈ ਵੀ ਪੁਖ਼ਤਾ ਸਬੂਤ ਜਾਂ ਗਵਾਹ ਨਹੀਂ ਹੈ ਪਰ ਤੇਰੇ ਖਿਲਾਫ ਮੇਰੇ ਕੋਲ ਕਈ ਪੁਖ਼ਤਾ ਸਬੂਤ ਹਨ। ਹੁਣ ਤੂੰ ਫ਼ੈਸਲਾ ਕਰ ਲੈ ਕਿ ਇਸ ਕਤਲ ਦੇ ਮੁਕੱਦਮੇ ਵਿਚ ਤੂੰ ਕੀ ਫ਼ੈਸਲਾ ਕਰਨਾ ਹੈ। ਸੈਸ਼ਨ ਜੱਜ ਦੀ ਜਾਨ ਕੁੜਿੱਕੀ ਵਿਚ ਫਸ ਗਈ ਸੀ, ਸੋ ਫ਼ੈਸਲੇ ਵਾਲੇ ਦਿਨ ਸੈਸ਼ਨ ਜੱਜ ਨੇ ਅਜੀਤ ਸਿੰਘ ਨੂੰ ਕਤਲ ਦੇ ਜੁਰਮ ਦਾ ਦੋਸ਼ੀ ਕਰਾਰ ਦੇ ਕੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ।
ਫਾਂਸੀ ਦੀ ਸਜ਼ਾ ਵਾਲਾ ਹਰ ਮੁਕੱਦਮਾ ਸੈਸ਼ਨ ਕੋਰਟ ਦੇ ਫ਼ੈਸਲੇ ਦੀ ਪੁਸ਼ਟੀ ਲਈ ਹਾਈਕੋਰਟ ਵਿਚ ਜਾਂਦਾ ਹੈ। ਜਦੋਂ ਮੁਕੱਦਮਾ ਹਾਈਕੋਰਟ ਵਿਚ ਸੈਸ਼ਨ ਅਦਾਲਤ ਦੇ ਫ਼ੈਸਲੇ ਦੀ ਪੁਸ਼ਟੀ ਲਈ ਪੇਸ਼ ਹੋਇਆ ਤਾਂ ਉਥੇ ਵੀ ਕੈਰੋਂ ਦਾ ਅਸਰ ਰਸੂਖ਼ ਵਾਲਾ ਜਾਦੂ ਚੱਲ ਗਿਆ ਅਤੇ ਸੈਸ਼ਨ ਕੋਰਟ ਦੇ ਫ਼ੈਸਲੇ ਦੀ ਪੁਸ਼ਟੀ ਹੋ ਗਈ।
ਅਜੀਤ ਸਿੰਘ ਨੇ ਇਸ ਫ਼ੈਸਲੇ ਦੇ ਖ਼ਿਲਾਫ਼ ਭਾਰਤ ਦੀ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕਰ ਦਿੱਤੀ ਅਤੇ ਫੌਜਦਾਰੀ ਮਾਮਲਿਆਂ ਦੇ ਉਸ ਵੇਲੇ ਦੇ ਮਸ਼ਹੂਰ ਵਕੀਲ ਐਨ.ਸੀ. ਚੈਟਰਜੀ ਨੂੰ ਆਪਣਾ ਵਕੀਲ ਮੁਕਰਰ ਕੀਤਾ। ਚੈਟਰਜੀ ਨੇ ਕੇਸ ਦੇ ਮੁਕਦਮੇ ਅਤੇ ਫੈਸਲੇ ਦਾ ਮੁਆਇਨਾ ਕਰਨ ਤੋਂ ਬਾਅਦ ਕਿਹਾ ਕਿ ਇਹ ਬੜਾ ਅਜੀਬ ਕੇਸ ਹੈ। ਮੁਲਜ਼ਮ ਅਜੀਤ ਸਿੰਘ ਦੇ ਖ਼ਿਲਾਫ਼ ਕੋਈ ਵੀ ਪੁਖਤਾ ਸਬੂਤ ਨਾ ਹੋਣ ਦੇ ਬਾਵਜੂਦ ਵੀ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਜਦੋਂ ਮਾਮਲਾ ਸੁਪਰੀਮ ਕੋਰਟ ਸਾਹਮਣੇ ਪੇਸ਼ ਹੋਇਆ ਤਾਂ ਚੈਟਰਜੀ ਦੀ ਦਲੀਲ ਤੇ ਸੁਰੀਮ ਕੋਰਟ ਨੇ ਕਿਹਾ ਕਿ, ਇਸ ਅਦਾਲਤ ਵਿੱਚ ਫ਼ੈਸਲਾ ਇਸ ਆਧਾਰ ‘ਤੇ ਹੁੰਦਾ ਹੈ ਕਿ ਕੀ ਕਾਨੂੰਨ ਦੀ ਵਿਆਖਿਆ ਜਾਂ ਉਸ ਦੀ ਪ੍ਰਾਸੰਗਕਤਾ ਵਿਚ ਤਾਂ ਕੋਈ ਤਰੁੱਟੀ ਨਹੀਂ ਰਹਿ ਗਈ? ਇਸ ਅਧਾਰ ਤੇ ਸੁਪਰੀਮ ਕੋਰਟ ਨੇ ਅਪੀਲ ਖ਼ਾਰਜ ਕਰ ਦਿੱਤੀ ਅਤੇ ਇਸ ਤਰ੍ਹਾਂ ਫਾਂਸੀ ਦੀ ਸਜ਼ਾ ਪੱਕੀ ਹੋ ਗਈ।
ਕਪੂਰਥਲੇ ਦੀ ਜੇਲ੍ਹ ਵਿਚ ਫਾਂਸੀ ਦੇਣ ਦਾ ਪ੍ਰਬੰਧ ਨਾ ਹੋ ਸਕਣ ਤੋਂ ਬਾਅਦ ਮੁਲਜ਼ਮ ਅਜੀਤ ਸਿੰਘ ਨੂੰ ਜਲੰਧਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਫਾਂਸੀ ਤੋਂ ਪਹਿਲਾਂ ਉਸ ਨੇ ਆਪਣੇ ਪਕੇ ਦੋਸਤ ਸੁੱਚਾ ਸਿੰਘ ਦੇ ਨਾਲ ਮੁਲਾਕਾਤ ਕਰਣ ਦੀ ਆਖਰੀ ਇੱਛਾ ਜ਼ਾਹਿਰ ਕੀਤੀ।
ਜਦੋਂ ਸੁੱਚਾ ਸਿੰਘ ਦੇ ਨਾਲ ਉਸ ਦੀ ਆਖ਼ਰੀ ਮੁਲਾਕਾਤ ਹੋਈ ਤਾਂ ਅਜੀਤ ਸਿੰਘ ਨੇ ਉਸ ਨੂੰ ਯਾਰੀ ਦਾ ਵਾਸਤਾ ਪਾ ਕੇ ਕਿਹਾ ਕਿ, ਮੈਨੂੰ ਇਕ ਵਚਨ ਦੇ, ਕਿ ਤੂੰ ਮੇਰੇ ਕਤਲ ਦਾ ਤੂੰ ਬਦਲਾ ਪ੍ਰਤਾਪ ਸਿੰਘ ਕੈਰੋਂ ਨੂੰ ਮਾਰ ਕੇ ਲਵੇਂਗਾ ਕਿਉਂਕਿ ਮੇਰੇ ਖ਼ਿਲਾਫ਼ ਕੋਈ ਸਬੂਤ ਨਹੀਂ ਸੀ ਅਤੇ ਜੇ ਅੱਜ ਮੈਂਨੂੰ ਫਾਂਸੀ’ ਤੇ ਚਾੜ੍ਹਿਆ ਜਾ ਰਿਹਾ ਹੈ ਤਾਂ ਇਹ ਸਭ ਕੈਰੋਂ ਦੀ ਕਾਰਸਤਨੀ ਹੈ। ਸੁੱਚੇ ਨੇ ਅੱਗੋਂ ਆਪਣੇ ਯਾਰ ਦੇ ਨਾਲ ਵਾਅਦਾ ਕੀਤਾ ਕੇ, ਅਜੀਤ ਸਿਹਾਂ, ਮੈਂ ਆਪਣੇ ਬਾਪ ਦਾ ਨਹੀਂ ਜੇ ਤੇਰੀ ਮੌਤ ਦਾ ਬਦਲਾ ਨਾ ਲਿਆ ਤਾਂ।
6 ਫ਼ਰਵਰੀ 1965 ਵਾਲਾ ਦਿਨ ਸੀ ਅਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਆਪਣੀ ਪਤਨੀ ਦੇ ਨਾਲ ਦਿੱਲੀ ਤੋਂ ਵਾਪਸ ਪਰਤ ਰਿਹਾ ਸੀ। ਰਸਤੇ ਵਿੱਚ ਜੀ.ਟੀ. ਰੋਡ ‘ਤੇ ਹਰਿਆਣੇ ਦੇ ਪਿੰਡ ਰਸੋਈ ਦੇ ਲਾਗੇ ਸੁੱਚਾ ਸਿੰਘ ਅਤੇ ਦਯਾ ਸਿੰਘ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਇੱਕ ਦਰਖ਼ਤ ਦੀ ਛਾਵੇਂ ਮੰਜੀ ਡਾਹ ਕੇ ਬੈਠੇ ਹੋਏ ਸਨ। ਉਸ ਜਗ੍ਹਾ ਉਪਰ ਉਸ ਵਕਤ ਸੜਕ ਨਿਰਮਾਣ ਦਾ ਕੰਮ ਚਲ ਰਿਹਾ ਸੀ ਅਤੇ ਆਵਾਜਾਈ ਉਥੇ ਹੌਲੀ ਹੋ ਜਾਂਦੀ ਸੀ।ਜਦੋਂ ਸੁੱਚਾ ਸਿੰਘ ਨੇ ਕੈਰੋਂ ਦੀ ਕਾਰ ਆਉਂਦੀ ਦੇਖੀ ਤਾਂ ਉਸਨੇ ਆਪਣੇ ਸਾਥੀਆਂ ਨਾਲ ਲੁਕ ਦਾ ਇਕ ਡਰੱਮ ਸੜਕ ‘ਤੇ ਰੇੜ੍ਹ ਕੇ ਰਸਤਾ ਰੋਕ ਲਿਆ ਅਤੇ ਕਾਰ ਖੜ੍ਹੀ ਹੋ ਗਈ। ਪ੍ਰਤਾਪ ਸਿੰਘ ਕੈਰੋਂ, ਸੁੱਚਾ ਸਿੰਘ ਨੂੰ ਜਾਣਦਾ ਹੋਣ ਕਰਕੇ ਉਸ ਨੂੰ ਦੇਖ ਕੇ ਕੈਰੋਂ ਹੈਰਾਨ ਹੋ ਗਿਆ ਅਤੇ ਕਿਹਾ, ”ਉਏ ਸੁਚਿਆ ਪੁੱਤਰਾ ਤੂੰ ਕਿੱਥੇ?” ਸੁੱਚਾ ਸਿੰਘ ਨੇ ਅੱਗੋਂ, ਬਿਨਾਂ ਕਿਸੇ ਜਵਾਬ ਦੇ ਗੋਲੀ ਚਲਾ ਦਿੱਤੀ। ਕਾਰ ਵਿੱਚ ਇਸ ਵਕਤ ਉਨ੍ਹਾਂ ਦੀ ਧਰਮ ਪਤਨੀ ਤੋਂ ਇਲਾਵਾ ਡਰਾਈਵਰ ਅਤੇ ਇਕ ਗਨਮੈਨ ਵੀ ਮੌਜੂਦ ਸਨ। ਇੰਜ ਸਾਰੇ ਕਾਰ ਸਵਾਰਾਂ ਨੂੰ ਢੇਰ ਕਰ ਦਿੱਤਾ ਗਿਆ।
ਅਦਾਲਤ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਸੁੱਚਾ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਿਰਫ ਪ੍ਰਤਾਪ ਸਿੰਘ ਕੈਰੋਂ ਨੂੰ ਹੀ ਮਾਰਣਾ ਸੀ, ਪਰ ਜਦੋਂ ਕੈਰੋਂ ਨੇ ਮੇਰਾ ਨਾਂ ਲੈਕੇ ਕਿਹਾ ਕੇ ਉਏ ਸੁਚਿਆ ਪੁੱਤਰਾ ਤੂੰ ਕਿੱਥੇ?” ਤਾਂ ਸਾਡੀ ਸ਼ਨਾਖਤ ਕਾਰ ਵਿੱਚ ਬੈਠੇ ਸਾਰੇ ਸਵਾਰਾਂ ਅੱਗੇ ਨਸ਼ਰ ਹੋ ਗਈ ਇਸ ਕਰਕੇ ਸਬੂਤ ਮਿਟਾਣ ਦੇ ਲਈ ਸਾਨੂੰ ਬਾਕੀਆਂ ਨੂੰ ਵੀ ਕਤਲ ਕਰਣਾ ਪਿਆ।
6 ਫਰਵਰੀ 1965 ਵਾਲੇ ਦਿਨ ਦਿੱਲੀ ਤੋਂ ਚੰਡੀਗੜ੍ਹ ਆਉੱਦੇ ਵਕਤ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਕਾਰ ਉੱਪਰ ਸਰਦਾਰ ਸੁੱਚਾ ਸਿੰਘ ਨੇ ਸੋਨੀਪਤ ਦੇ ਲਾਗੇ ਰਸੋਈ ਪਿੰਡ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ ( ਡਾ.)

Leave a Reply

Your email address will not be published. Required fields are marked *