ਟਾਪਦੇਸ਼-ਵਿਦੇਸ਼

ਸਰਦਾਰ ਅਜੀਤ ਸਿੰਘ ਬੈਂਸ ਦਾ 100 ਸਾਲ ਦੀ ਉਮਰ ਭੋਗ ਕੇ ਦੇਹਾਂਤ- ਗੁਰਦੀਪ ਸਿੰਘ ਜਗਬੀਰ ( ਡਾ.)

ਸਰਦਾਰ ਅਜੀਤ ਸਿੰਘ ਬੈਂਸ ਦਾ ਜਨਮ 14 ਮਈ 1922 ਵਾਲੇ ਦਿਨ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਮਾਹਿਲਪੁਰ ਵਿੱਖੇ ਹੋਇਆ। ਮੁਢਲੀ ਪ੍ਰਾਇਮਰੀ ਸਿਖਿਆ ਤੋਂ ਬਾਅਦ ਆਪ ਨੇ ਲਖਨਊ ਦੇ ਕਿੰਗਜ਼ ਕਾਲਜ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ। ਉਪਰੰਤ ਜਲੰਧਰ ਵਿੱਖੇ, ਲਾਇਲਪੁਰ ਖ਼ਾਲਸਾ ਕਾਲਜ ਵਿੱਚ ਬਤੌਰ ਲੈਕਚਰਾਰ ਦੇ ਜੀਵਨ ਦੇ ਕਰੀਅਰ ਦੀ ਸ਼ੁਰੂਆਤ ਕੀਤੀ। ਫੇਰ ਗੜ੍ਹਸ਼ੰਕਰ ਅਤੇ ਹੁਸ਼ਿਆਰਪੁਰ ਵਿੱਚ ਵਕਾਲਤ ਦੀ ਪਰੈਕਟਿਸ ਸ਼ੁਰੂ ਕੀਤੀ।ਉਪਰੰਤ 1959-60 ਵਿੱਚ ਆਪ ਕਾਮਰੇਡ ਵਿਧਾਇਕ ਡਾ. ਭਾਗ ਸਿੰਘ ਕੋਲ ਚੰਡੀਗੜ੍ਹ ਵਿੱਖੇ ਆ ਗਏ।
ਆਪ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਕਤੂਬਰ 1974 ਤੋਂ ਲੈਕੇ ਮਈ 1984 ਦੇ ਦੌਰਾਨ ਇੱਕ ਜੱਜ ਵਜੋਂ ਸੇੇਵਾਵਾਂ ਨਿਭਾਈਆਂ।ਇੰਜ ਜਸਟਿਸ ਅਜੀਤ ਸਿੰਘ ਨੇ ਬਤੌਰ ਜੱਜ ਹਾਈਕੋਰਟ ਵਿੱਚ 15 ਸਾਲ ਤੋਂ ਵਧ ਸੇਵਾ ਨਿਭਾਈ।
1984 ਵਿੱਚ ਸੇਵਾਮੁਕਤ ਹੋਣ ਦੇ ਬਾਅਦ ਆਪ ਨੇ ਸਾਲ 1985 ਦੇ ਦੌਰਾਨ ਮਨੁੱਖੀ ਅਧਿਕਾਰ ਜਥੇਬੰਦੀ ਬਣਾਈ ਅਤੇ ਆਪਣੇ ਜੀਵਨ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਸਮਰਪਣ ਕਰ ਦਿੱਤਾ। ਜਨਵਰੀ 1986 ਵਿੱਚ ਆਪ ਨੂੰ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ। ਇਸ ਦੌਰਾਨ ਆਪ ਨੇ ਪੰਜਾਬ ਦੇ ਵਖੋ ਵਖਰੇ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਵਿੱਚ ਬੰਦ, ਬੇਗੁਨਾਹ ਸਿੱਖ ਨੌਜਵਾਨਾਂ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚੋਂ ਛੁਡਾਇਆ। ਇੰਜ ਖਾੜਕੂਵਾਦ ਦੇ ਦੌਰ ਵਿੱਚ ਝੂਠੇ ਕੇਸਾਂ ਵਿੱਚ ਫਸਾਏ ਗਏ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਤੋਂ ਛੁਡਵਾ ਕੇ ਆਪ ਨੇ ਆਪਣਾ ਮਨੁੱਖੀ ਅਤੇ ਸਿੱਖੀ ਧਰਮ ਨਿਭਾਇਆ। ਇੰਜ ਮਨੁੱਖੀ ਅਧਿਕਾਰ ਸੰਗਠਨ ਦੇ ਆਜ਼ਾਦ ਵਿਚਾਰਾਂ ਨੂੰ ਆਮ ਲੋਕਾਂ ਵਿਚ ਪ੍ਰਚਾਰ ਨੂੰ ਲੈ ਕੇ ਜਸਟਿਸ ਬੈਂਸ ਨੂੰ ਵੀ 6 ਮਹੀਨੇ ਤੱਕ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।
3 ਅਪ੍ਰੈਲ 1992 ਵਾਲੇ ਦਿਨ, ਰਿਟਾਇਰਡ ਜਸਟਿਸ ਅਜੀਤ ਸਿੰਘ ਬੈਂਸ ਨੂੰ ਜ਼ਲੀਲ ਕਰਣ ਦੀ ਨੀਅਤ ਦੇ ਨਾਲ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਨੇ ਹੱਥਕੜੀ ਲੱਗਾ ਕੇ ਗ੍ਰਿਫਤਾਰ ਕੀਤਾ। ਉਨ੍ਹਾਂ ਨੂੰ ਹੱਥਕੜੀਆਂ ਲਗਾਏ ਜਾਣ ਵਕਤ ਪੰਜਾਬ ਪੁਲਿਸ ਦੇ ਬੇਸ਼ਰਮ ਅਧਿਕਾਰੀਆਂ ਨੇ ਨਾ ਤਾਂ ਉਨ੍ਹਾਂ ਦੀ ਉਮਰ ਦਾ ਲਿਹਾਜ਼ ਕੀਤਾ ਅਤੇ ਨਾ ਹੀ ਇਹ ਸੋਚਿਆ ਕੇ ਆਪ ਹਾਈ ਕੋਰਟ ਦੇ ਇੱਕ ਸਨਮਾਨ ਯੋਗ ਜੱਜ ਰਹਿ ਚੁੱਕੇ ਹੋ। ਆਪ ਨੂੰ ਅੱਤਵਾਦੀ ਅਤੇ ਵਿਘਨਕਾਰੀ ਗਤੀਵਿਧੀਆਂ ਰੋਕੂ ਐਕਟ ਭਾਵ ਟਾਡਾ ਦੇ ਕਾਲੇ ਕਨੂੰਨ ਹੇਠ ਗ੍ਰਿਫਤਾਰ ਕੀਤਾ ਗਿਆ। ਦੋਸ਼ ਇਹ ਸੀ ਕਿ ਆਪ ਨੇ 18 ਮਾਰਚ 1992 ਵਾਲੇ ਦਿਨ, ਇੱਕ ਸਿੱਖ ਧਾਰਮਿਕ ਸਮਾਗਮ ਦੌਰਾਨ ਭੜਕਾਊ ਭਾਸ਼ਣ ਕੀਤਾ ਹੈ। ਜਸਟਿਸ ਅਜੀਤ ਸਿੰਘ ਬੈਂਸ ਉਸ ਵੇਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਪਰਸਨ ਸਨ ਅਤੇ ਪੰਜਾਬ ਵਿੱਚ ਖਾੜਕੂਵਾਦ ਦੇ ਦੁਰਾਨ ਆਪ ਨੇ ਭਾਰਤ ਅਤੇ ਪੰਜਾਬ ਸਰਕਾਰ ਵਲੋਂ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਦਾ ਜਮ ਕੇ ਪਾਜ ਖੋਲ੍ਹਿਆ ਸੀ। 18 ਮਾਰਚ 1992 ਵਾਲੇ ਦਿਨ ਜਸਟਿਸ ਅਜੀਤ ਸਿੰਘ ਬੈਂਸ ਨੇ ਹੌਲਾ ਮੁਹੱਲਾ ਦਿਹਾੜੇ’ ਤੇ ਸ੍ਰੀ ਕੇਸ਼ਗੜ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਆਪ ਨੂੰ ਬੁਲਾਇਆ ਗਿਆ ਸੀ।ਜਿੱਥੇ ਆਪ ਨੇ ਮਨੁੱਖੀ ਅਧਿਕਾਰਾਂ ਦੀ ਬਿਨਾ ਤੇ ਭਾਸ਼ਣ ਦਿੱਤਾ ਸੀ।
70 ਸਾਲਾ ਦੇ ਇਸ ਬੁਜ਼ਰਗ ਨੂੰ ਦੇਸ਼ ਧ੍ਰੋਹ ਦੇ ਇਲਜ਼ਾਮ ਲੱਗਾ ਕੇ ਤਸ਼ੱਦਦ ਕੀਤਾ ਗਿਆ। ਸਰੇਆਂਮ ਹੱਥਕੜੀ ਲਗਾਈ ਗਈ,ਪੁਲਿਸ ਨੇ ਆਪ ਨੂੰ ਨਜਾਇਜ਼ ਤੌਰ ਉਪਰ ਹਿਰਾਸਤ ਵਿੱਚ ਰੱਖਿਆ। 52 ਘੰਟਿਆਂ ਤੋਂ ਵੱਧ ਸਮੇਂ ਦੀ ਨਜ਼ਰਬੰਦੀ ਅਤੇ ਸਖਤੀ ਨਾਲ ਪੁੱਛਗਿੱਛ ਤੋਂ ਬਾਅਦ ਹੀ ਆਪ ਨੂੰ 5 ਅਪ੍ਰੈਲ 1992 ਵਾਲੇ ਦਿਨ, ਜ਼ਿਲ੍ਹਾ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋ ਦਿਨਾਂ ਦੇ ਲਈ, ਆਪ ਨੂੰ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ ।ਫੇਰ ਇਕ ਸਾਲ ਬਾਅਦ ਆਪ ਨੂੰ ਇਸ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ।
ਅਸਲ ਵਿੱਚ ਪੰਜਾਬ ਦੇ ਵਿੱਚ, ਉਸ ਵਕਤ ਦੇ, ਮੁੱਖ ਮੰਤਰੀ ਅਤੇ ਸਿੱਖਾਂ ਦੇ ਕਥਿੱਤ ਕਤਲ ਬੇਅੰਤ ਸਿੰਹੂੰ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਸੀ, ਜਿਸ ਪਾਸੋਂ ਇਹ ਬਰਦਾਸ਼ਤ ਨਹੀਂ ਸੀ ਹੋ ਰਿਹਾ ਕੇ ਬੈਂਸ ਸਾਹਿਬ ਵੱਲੋਂ ਪੁਲਿਸ ਵਧੀਕੀਆਂ ਦੇ ਪਾਜ ਕਿਉੰ ਖੋਲ੍ਹੇ ਜਾ ਰਹੇ ਹਨ। ਪੁਲਿਸ ਨੂੰ ਭਾਲ ਸੀ ਕਿਸੇ ਮੌਕੇ ਦੀ ਤਾਂਜੋ ਉਹ ਜਸਟਿਸ ਬੈਂਸ ਨੂੰ ਜ਼ਲੀਲ ਕਰ ਸੱਕਣ।ਸ੍ਰੀ ਅਨੰਦਪੁਰ ਸਾਹਿਬ ਦੀ ਹੌਲਾ ਮਹਲਾ ਕਾਨਫਰੰਸ ਦੇ ਮੌਕੇ, ਇਹ ਮੌਕਾ ਇਨ੍ਹਾਂ ਨੂੰ ਮਿਲ ਗਿਆ ਸੀ।
1984 ਦਾ ਸਾਲ ਸਿੱਖਾਂ ਦੇ ਲਈ ਕਹਿਰ ਬਣ ਕੇ ਚਾੜਿਆ ਸੀ।ਜੂਨ ਮਹੀਨੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀਆਂ ਫੌਜਾਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ’ ਤੇ ਹਮਲੇ ਦੇ ਲਈ ਭੇਜਿਆ ਉਸ ਵਕਤ ਸ਼ਹੀਦ ਡਾ:ਭਾਈ ਬਰਜਿੰਦਰ ਸਿੰਘ ਪੰਜਵੜ, ਸ੍ਰੀ ਦਰਬਾਰ ਸਾਹਿਬ ਵਿੱਚ ਹੀ ਮੌਜੂਦ ਸਨ। ਪਰ ਚਾਰੇ ਬਨਿਉ ਵਰਦੀ ਗੋਲੀ ਵਿਚੋ ਵੀ ਆਪ ਉਥੋਂ ਬਚ ਕੇ ਨਿਕਲਣ ਵਿਚ ਸਫ਼ਲ ਰਹੇ। ਉਸ ਤੋਂ ਬਾਅਦ ਆਪ ਪੂਰੇ ਕੌਮੀਂ ਜਜ਼ਬੇ ਦੇ ਨਾਲ, ਪਰ ਗੁਪਤ ਰੂਪ ਵਿਚ ਕੌਮ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਹਿਸਾ ਪਾਂਦੇ ਰਹੇ
ਉਸ ਵਕਤ ਜਨਰਲ ਭਾਈ ਲਾਭ ਸਿੰਘ ਹਿੰਦ ਹਕੂਮਤ ਦੀ ਕੈਦ ਵਿੱਚ ਸਨ ਅਤੇ ਭਾਈ ਡਾ. ਬਲਜਿੰਦਰ ਸਿੰਘ ਨੇ ਜਨਰਲ ਲਾਭ ਸਿੰਘ ਨੂੰ ਹਿੰਦ ਹਕੂਮਤ ਦੇ ਜ਼ਾਲਮ ਪੰਜਿਆਂ ਵਿਚੋਂ ਛਡਾਉਣ ਦੀ ਸਕੀਮ ਬਣਾਈ।
ਸਾਲ 1986 ਦੌਰਾਨ ਪੰਜਾਬ ਪੁਲਿਸ ਆਪ ਨੂੰ ਗ੍ਰਿਫਤਾਰ ਕਰਣ ਦੇ ਵਿੱਚ ਸਫਲ ਹੋ ਗਈ। ਆਪ ਨੂੰ ਗ੍ਰਿਫਤਾਰ ਕਰਕੇ ਸਦਰਪੁਰਾ ਕਤਲ ਕਾਂਡ ਤੋਂ ਇਲਾਵਾ ਕੁਝ ਹੋਰ ਕੇਸ ਪਾ ਕੇ ਬੇਹੱਦ ਤਸ਼ੱਦਦਾਂ ਦੇ ਦੌਰ ਚਲਾਏ ਗਏ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੇਲ ਚ ਡੇਢ ਵਰ੍ਹੇ ਨਜਰਬੰਦ ਰਹਿਣ ਮਗਰੋਂ ਜਸਟਿਸ ਅਜੀਤ ਸਿੰਘ ਬੈਂਸ ਕਮੇਟੀ ਦੀ ਸਿਫਾਰਸ਼’ ਤੇ ਆਪ ਨੂੰ ਜੇਲ ਵਿਚੋਂ ਰਿਹਾਅ ਕੀਤਾ ਗਿਆ ਸੀ। ਪਰ ਛੇ ਮਹੀਨਿਆਂ ਦੇ ਅੰਦਰ ਹੀ 1988′ ਚ ਜਲੰਧਰ ਪੁਲਿਸ ਦੇ ਇਸ ਵੇਲੇ ਦੇ ਐੱਸ.ਐੱਸ.ਪੀ.ਸੰਜੀਵ ਗੁਪਤਾ ਨੇ ਆਪ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਅਤੇ ਕਈ ਪੁੱਠੇ ਸਿੱਧੇ ਕੇਸ ਪਾ ਕੇ ਫੇਰ ਉਹੀ ਤਸ਼ਦੱਦ ਦੇ ਦੌਰ ਚਲਾਏ। ਸੱਤ ਮਹੀਨਿਆਂ ਬਾਅਦ ਅਜੇ ਜ਼ਮਾਨਤ ‘ਤੇ ਬਾਹਰ ਆਏ ਹੀ ਸਨ ਕਿ ਅਜਨਾਲਾ ਦੇ ਤਤਕਾਲੀ ਐੱਸ.ਐੱਚ.ਓ.ਮਦਨ ਗੋਪਾਲ ਨੇ ਆਪ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਾਲ ਮੰਡੀ ਤਸੀਹਾ ਕੇਂਦਰ’ ਚ ਲਗਾਤਾਰ ਆਪ ਉਪਰ 25-30 ਦਿਨ ਲਗਾਤਾਰ ਬੇਤਹਾਸ਼ਾ ਤਸ਼ੱਦਦ ਢਾਇਆ। ਐੱਸ.ਐੱਚ.ਓ.ਮਦਨ ਗੋਪਾਲ ਦੀ ਗ੍ਰਿਫ਼ਤ ਵਿੱਚੋਂ ਛੁੱਟਣ ਮਗਰੀ ਡਾ: ਭਾਈ ਬਰਜਿੰਦਰ ਸਿੰਘ ਪੰਜਵੜ ਰੂਪੋਸ਼ ਹੋ ਗਏ ਪਰ ਸਿੱਖ ਸੰਘਰਸ਼ ਦਿਆਂ ਗਤੀਵਿਧੀਆਂ ਬਾਦਸਤੂਰ ਜਾਰੀ ਰਹੀਆਂ।
ਸ਼ਹੀਦ ਡਾ.ਗੁਰਨਾਮ ਸਿੰਘ ਬੁੱਟਰ ਹੁਣਾਂ ਉਤੇ ਹੋਏ ਜ਼ੁਲਮਾਂ ਦੀ ਅਵਾਜ਼ ਵੀ ਜਸਟਿਸ ਅਜੀਤ ਸਿੰਘ ਬੈਂਸ ਹੁਣਾਂ ਨੇ ਹੀ ਚੁੱਕੀ ਸੀ।
9 ਅਪ੍ਰੈਲ 1988 ਵਾਲੇ ਦਿਨ ਡਾ.ਗੁਰਨਾਮ ਸਿੰਘ ਬੁੱਟਰ ਇਕ ਖਾਸ ਐਕਸ਼ਨ ਤੋਂ ਬਾਅਦ ਸਪੋਰਟਸ ਕਾਲਜ ਜਲੰਧਰ ਵੱਲ ਜਾ ਰਹੇ ਸਨ ਕਿ ਇੱਕ ਮੁਖਬਰ ਦੀ ਮੁਖਬਰੀ ਉਤੇ ਸਵਰਨੇ ਘੋਟਣੇ ਨੇ ਭਾਰੀ ਪੁਲਿਸ ਸਮੇਤ ਘੇਰਾ ਪਾ ਲਿਆ। ਅਤੇ ਸਵਰਨੇ ਘੋਟਣੇ ਦੇ ਕਹਿਣ ਤੇ ਪੁਲਸੀਆਂ ਨੇ ਡਾਂਗਾ ਅਤੇ ਬੰਦੂਕਾਂ ਦੇ ਬੱਟ ਮਾਰ ਮਾਰ ਕੇ ਡਾਕਟਰ ਸਾਹਿਬ ਨੂੰ ਅਧਿਮੋਇਆ ਕਰ ਦਿਤਾ। ਖੁਨ ਵਿੱਚ ਲੱਥ-ਪੱਥ ਅਧਿਮੋਏ ਹੋਏ ਇਸ ਜੰਗਜੂ ਜਰਨੈਲ ਨੂੰ ਐਸ.ਐਸ.ਪੀ. ਸਵਰਨਾ ਘੋਟਣਾ ਕਪੂਰਥਲੇ ਲੈ ਆਇਆ ਅਤੇ ਦੋ ਦਿਨ ਡਾ. ਬੁੱਟਰ ਉਪਰ ਅੰਨ੍ਹਾ ਅਤੇ ਅਣਮਨੁੱਖੀ ਤਸ਼ਦਦ ਕੀਤਾ। ਸਰੀਆ ਗਰਮ ਕਰਕੇ ਆਪ ਦੇ ਪੇਟ ਦੇ ਆਰ ਪਾਰ ਕਰ ਦਿੱਤਾ ਗਿਆ। ਸਰੀਰ ਦੀਆਂ ਅਨੇਕਾਂ ਹੱਡੀਆਂ ਤੋੜਨ ਦੇ ਬਾਵਜੂਦ ਵੀ ਅਤੇ ਇੰਤਨਾਂ ਸਖ਼ਤ ਤਸ਼ੱਦਦ ਹੋਣ ਤੇ ਵੀ ਪੁਲਸੀਏ ਡਾ. ਬੁੱਟਰ ਦਾ ਮੂੰਹ ਨਹੀਂ ਖੁਲਵਾ ਸਕੇ।
ਮਨੁੱਖੀ ਹੱਕਾਂ ਦੇ ਰਾਖੇ ਜਸਟਿਸ ਅਜੀਤ ਸਿੰਘ ਬੈਂਸ ਅਤੇ ਗੁਰਭਜਨ ਸਿੰਘ ਗਿੱਲ ਹੋਰਾਂ ਨੇ 10 ਅਪ੍ਰੈਲ ਵਾਲੇ ਦਿਨ ਸਰਕਾਰ ਪਾਸ ਮੰਗ ਕੀਤੀ ਕਿ ਡਾਕਟਰ ਬੁੱਟਰ ਦੀ ਗ੍ਰਿਫਤਾਰੀ ਪਾ ਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਪਰ ਸਰਕਾਰੀ ਨਸ਼ੇ ਵਿੱਚ ਅਨੇ, ਐੱਸ.ਐਸ.ਪੀ ਸਵਰਨੇ ਘੋਟਣੇ ਨੇ, ਡੀ ਐੱਸ ਪੀ ਕੇਹਰ ਸਿੰਘ ਅਤੇ ਥਾਣਾ ਮੁੱਖੀ ਐੱਸ ਐੱਚ ਓ, ਪੂਰਨ ਸਿੰਘ ਨੇ ਮਨੁੱਖੀ ਹੱਕਾਂ ਦੀ ਪਰਵਾਹ ਕੀਤਿਆਂ ਬਗੈਰ ਡਾ. ਬੁੱਟਰ ਹੁਣਾਂ ਉਪਰ ਅਣਮਨੁੱਖਾ ਤਸ਼ੱਦਦ ਜਾਰੀ ਰੱਖਿਆ।
25 ਸਤੰਬਰ 1992 ਵਾਲੇ ਦਿਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਕੱਤਰ, ਐਡਵੋਕੇਟ ਭਾਈ ਜਗਵਿੰਦਰ ਸਿੰਘ ਉਰਫ਼ ਹੈਪੀ ਨੂੰ ਜਦੋਂ ਪੰਜਾਬ ਪੁਲਿਸ ਨੇ ਘਰੋਂ ਚੁੱਕਿਆ ਅਤੇ ਕਿਸੇ ਅਣਦਸੇ ਅਸਥਾਨ’ ਤੇ ਲੈ ਗਈ ਉਦੋਂ ਵੀ ਜਸਟਿਸ ਸਰਦਾਰ ਅਜੀਤ ਸਿੰਘ ਬੈਂਸ ਨੇ ਆਪਣਾ ਵਡਮੁੱਲਾ ਯੋਗਦਾਨ ਅਦਾ ਕੀਤਾ।
25 ਸਤੰਬਰ 1992 ਵਾਲਾ ਦਿਨ, ਅਜੇ ਚੜ੍ਹਿਆ ਹੀ ਸੀ, ਕੇ ਸਵੇਰੇ ਵੇਲੇ ਹੀ ਪੁਲਿਸ ਦੀਆਂ ਕਈ ਜਿਪਸੀਆਂ ਦਨਦਾਨਦੀਆਂ ਆਪ ਜੀ ਦੇ ਮੁਹੱਲੇ ਵਿੱਚ ਆਣ ਦਾਖ਼ਲ ਹੋਈਆਂ। ਪੁਲਿਸ ਨੇ ਆਪ ਜੀ ਦੇ ਘਰ ਨੂੰ ਚਾਰੇ ਪਾਸਿਉਂ ਘੇਰ ਲਿਆ। ਇੱਕ ਸਬ ਇੰਸਪੈਕਟਰ , ਦੋ ਸਹਾਇਕ ਸਬ ਇੰਸਪੈਕਟਰ ਅਤੇ ਕੁੱਝ ਸਿਪਾਹੀਆਂ ਨੂੰ ਲੈਕੇ ਆਪ ਜੀ ਦੇ ਘਰ ਵਿੱਚ ਦਾਖਲ ਹੋਇਆ ਅਤੇ ਸ਼ਹੀਦ ਭਾਈ ਜਗਵਿੰਦਰ ਸਿੰਘ ਉਰਫ਼ ਹੈਪੀ ਨੂੰ ਕਿਹਾ ਕਿ ਕਪੂਰਥਲਾ ਦੇ ਐਸਐਸਪੀ, ਐਮ ਕੇ ਤਿਵਾੜੀ ਨੇ ਤੁਹਾਨੂੰ ਬੁਲਾਇਆ ਹੈ ਅਤੇ ਹੁਣ ਤੁਸੀ ਸਾਡੇ ਨਾਲ ਥਾਣੇ ਚਲੋ। ਭਾਈ ਸਾਹਿਬ ਨੇ ਕਾਰਣ ਪੁੱਛਿਆ ਤਾਂ ਪੁਲੀਸ ਵਾਲੇ ਕਹਿਣ ਲਗੇ ਕੇ ਅਸੀ ਸੀਆਈਏ ਸਟਾਫ ਤੋਂ ਆਏ ਹਾਂ ਅਤੇ ਇਕ ਅਦਾਲਤੀ ਮਾਮਲੇ ਵਿੱਚ ਐਸਐਸਪੀ, ਐਮ ਕੇ ਤਿਵਾੜੀ ਨੇ ਤੁਹਾਡੇ ਨਾਲ
ਗੱਲ ਕਰਨੀ ਹੈ। 25 ਸਤੰਬਰ 1992 ਵਾਲੇ ਦਿਨ ਤੋਂ ਬਾਅਦ ਪੁਲਿਸ ਭਾਈ ਸਾਹਿਬ ਨੂੰ ਪੁਲਿਸ ਕਿੱਥੇ ਲੈ ਗਈ, ਉਹ ਅੱਜ ਤੱਕ ਇੱਕ ਰਹਿਸ ਹੀ ਬਣਿਆ ਹੋਇਆ ਹੈ।
ਪੁਲੀਸ ਦੀ ਇਸ ਨਜਾਇਜ਼ ਅਤੇ ਗ਼ੈਰ ਕਨੂੰਨੀ ਕਾਰਵਾਹੀ ਦੇ ਲਈ ਅਗਲੇ ਦਿਨ ਭਾਵ 26 ਸਤੰਬਰ 1992 ਵਾਲੇ ਦਿਨ ਕਪੂਰਥਲੇ ਅਤੇ ਜਲੰਧਰ ਦੀਆਂ ਬਾਰ ਐਸੋਸੀਏਸ਼ਨਾਂ ਵਲੋਂ ਮੁਕੰਮਲ ਹੜਤਾਲ ਕੀਤੀ ਗਈ। ਵਕੀਲਾਂ ਦੇ ਇੱਕ ਵਫਦ ਨੇ ਕਪੂਰਥਲੇ ਦੇ ਐਸਐਸਪੀ ਦੇ ਨਾਲ ਮੁਲਾਕਾਤ ਵੀ ਕੀਤੀ। ਅਗੋਂ ਐਸਐਸਪੀ ਨੇ ਵੀ ਇਸ ਵਫ਼ਦ ਨੂੰ ਕੋਈ ਹੱਥ ਪੱਲਾ ਨਹੀਂ ਫੜਾਇਆ। ਉਸ ਤੋਂ ਅਗਲੇ ਦਿਨ 27 ਸਤੰਬਰ ਨੂੰ ਵਕੀਲਾਂ ਦਾ ਇੱਕ ਵਫਦ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਕੇ ਅਗਨੀਹੋਤਰੀ ਦੀ ਅਗਵਾਈ ਹੇਠ ਜਲੰਧਰ ਰੇਂਜ ਦੇ ਤਤਕਾਲੀ ਡੀਆਈਜੀ, ਆਈ ਐਸ ਭੁੱਲਰ ਨੂੰ ਵੀ ਮਿਲਿਆ ਪਰ ਉਥੋਂ ਵੀ ਵਕੀਲਾਂ ਦੇ ਇਸ ਵਫਦ ਨੂੰ ਨਾਮੋਸ਼ੀ ਹੀ ਹੱਥ ਲੱਗੀ।
ਇਸੇ ਯਤਨ ਦੇ ਤਹਿਤ 29 ਸਤੰਬਰ 1992 ਵਾਲੇ ਦਿਨ ਵਕੀਲਾਂ ਨੇ ਜਲੰਧਰ ਦੀਆਂ ਅਦਾਲਤਾਂ ਵਿੱਚ ਕੰਮ ਛੱਡੋ ਹੜਤਾਲ ਕਰ ਦਿੱਤੀ। ਇਸੇ ਦਿਨ ਜਲੰਧਰ ਅਤੇ ਬਾਕੀ ਦੀਆਂ ਸਭ ਸਬ ਡਵੀਜ਼ਨ ਅਦਾਲਤਾਂ ਤੋਂ ਇਲਾਵਾ, ਜ਼ਿਲ੍ਹਾ ਕਪੂਰਥਲਾ ਅਤੇ ਸਬ ਡਵੀਜ਼ਨਾਂ ਵਿਚ ਵੀ ਤਾਲਾਬੰਦੀ ਰਹੀ। ਇਸੇ ਦੌਰਾਨ 30 ਸਤੰਬਰ 1992 ਵਾਲੇ ਦਿਨ ਜਲੰਧਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜੀ ਕੇ ਅਗਨੀਹੋਤਰੀ ਨੇ ਪੂਰੇ ਪੰਜਾਬ ਅਤੇ ਚੰਡੀਗੜ੍ਹ ਬਾਰ ਐਸੋਸੀਏਸ਼ਨਾਂ ਨੂੰ ਪੰਜਾਬ ਬੰਦ ਦਾ ਸੱਦਾ ਦਿਤਾ।
ਜਦੋਂ ਇਤਨਾ ਕੁਝ ਹੋ ਜਾਣ ਦੇ ਬਾਵਜੂਦ ਵੀ, ਕਿਤੇ ਕੋਈ ਉਮੀਦ ਦੀ ਕਿਰਣ ਨਜ਼ਰ ਨਾ ਆਈ ਤਾਂ, ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ ਨੇ ਸੀਨੀਅਰ ਮੀਤ ਚੇਅਰਮੈਨ ਸ੍ਰੀ ਸੀ ਐਸ ਟਿਵਾਣਾ ਅਤੇ ਮੇਜਰ ਨਰਿੰਦਰ ਸਿੰਘ ਦੇ ਨਾਲ ਮਿਲ ਕੇ,ਸ਼ਹੀਦ ਭਾਈ ਜਗਵਿੰਦਰ ਸਿੰਘ ਬਾਰੇ ਜਾਂਚ ਦੇ ਲਈ ਇਕ ਕਮੇਟੀ ਬਣਾਏ ਜਾਣ ਬਾਰੇ ਵਿਚਾਰ ਕੀਤੀ ਅਤੇ ਐਡਵੋਕੇਟ ਲਖਬੀਰ ਸਿੰਘ ਧਾਮੀ, ਐਡਵੋਕੇਟ ਮਦਨ ਲਾਲ ਅਤੇ ਐਡਵੋਕੇਟ ਨਰਿੰਦਰ ਸਿੰਘ’ ਤੇ ਅਧਾਰਿਤ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਪਰ ਇਨ੍ਹੇ ਜਤਨਾਂ ਦੇ ਬਾਵਜੂਦ ਵੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਕੱਤਰ, ਐਡਵੋਕੇਟ ਸ਼ਹੀਦ ਭਾਈ ਜਗਵਿੰਦਰ ਸਿੰਘ ਉਰਫ਼ ਹੈਪੀ ਦਾ ਅੱਜ ਤੱਕ ਵੀ ਕੋਈ ਥਾ-ਪਤਾ ਨਹੀਂ ਲੱਭਾ।
ਮਈ 2016 ਵਿੱਚ ਜਸਟਿਸ ਅਜੀਤ ਸਿੰਘ ਬੈਂਸ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪਬਲੀਕੇਸ਼ਨ ਵਿਭਾਗ ਵਿੱਚ ਲੱਗੀ ਅੱਗ ਦੌਰਾਨ ਨੁਕਸਾਨੇ ਗਏ 80 ਸਰੂਪਾਂ ਸਬੰਧੀ ਸਬੂਤ ਪੇਸ਼ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਨ ਖੋਲਣ ਦੀ ਕੋਸ਼ਿਸ਼ ਕੀਤੀ। ਅਸਲ ਵਿੱਚ 18 ਮਈ 2016 ਦੀ ਰਾਤ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਲੱਗੀ ਅੱਗ ਦੇ ਦੌਰਾਨ 80 ਦੇ ਕਰੀਬ ਗੁਰੂ ਸਾਹਿਬ ਦੇ ਪਾਵਨ ਸਰੂਪ ਨੁਕਸਾਨੇ ਗਏ ਸਨ ਜਿਸ ਗੱਲ ਨੂੰ ਸ਼੍ਰੋਮਣੀ ਕਮੇਟੀ ਨੇ ਸੰਗਤ ਦੇ ਸਾਹਮਣੇ ਨਹੀਂ ਸੀ ਲਿਆਂਦਾ ਅਤੇ ਇਸ ਬਾਬਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਬਾਬਤ ਸਿੱਖਾਂ ਨੂੰ ਲਗਾਤਾਰ ਗੁੰਮਰਾਹ ਕਰਦੀ ਆਈ ਹੈ।ਪੰਜਾਬ ਦੇ ਮਨੁੱਖੀ ਅਧਿਕਾਰ ਸੰਗਠਨ ਦੇ ਐਕਟੀਵਿਸਟ ਸਰਬਜੀਤ ਸਿੰਘ ਵੇਰਕਾ ਨੇ ਜਦੋਂ ਇਹ ਮੁੱਦਾ ਸੰਗਤਾਂ ਦੇ ਸਾਹਮਣੇ ਲਿਆਂਦਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਸੀ ਕਿ ਇਸ ਘਟਨਾ ਵਿੱਚ ਸਿਰਫ਼ ਪੰਜ ਸਰੂਪ ਹੀ ਨੁਕਸਾਨੇ ਗਏ ਹਨ।ਅੱਖਰ ਇਸ ਨੂੰ ਝੂਠਾ ਸਾਬਤ ਕਰਦਿਆਂ ਜਸਟਿਸ ਅਜੀਤ ਸਿੰਘ ਬੈਂਸ ਨੇ ਇਸ ਘਟਨਾ ਦੇ ਸਾਰੇ ਸਬੂਤ ਪੇਸ਼ ਕਰ ਦਿੱਤੇ ਸਨ। ਇਸ ਘਟਨਾ ਬਾਰੇ ਪਬਲੀਕੇਸ਼ਨ ਵਿਭਾਗ ਤੋਂ ਫਰਵਰੀ 2020 ਵਿਚ ਇੱਕ ਆਫ਼ਿਸ ਨੋਟ ਵੀ ਜਾਰੀ ਹੋਇਆ ਸੀ। ਇਸ ਵਿੱਚ 80 ਸਰੂਪਾਂ ਦੇ ਨੁਕਸਾਨੇ ਜਾਣ ਦਾ ਜ਼ਿਕਰ ਹੈ। ਪਰ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਪੂਰੀ ਕਾਰਜਕਾਰਣੀ ਨੇ ਮੌਕੇ ਉਤੇ ਪੁੱਜ ਕੇ ਸ੍ਰੀ ਸੁਖਬੀਰ ਬਾਦਲ ਦੇ ਕਹਿਣ’ ਤੇ ਸਿੱਖ ਕੌਮ ਤੋਂ ਇਸ ਪੂਰੇ ਮਾਮਲੇ ਨੂੰ ਲੁਕਾ ਕੇ ਰੱਖਦਿਆਂ ਹੋਇਆਂ ਸਾਰੇ ਪਾਵਨ ਸਰੂਪ ਬਿਨਾਂ ਕਿਸੇ ਰਿਕਾਰਡ ਦੇ ਮੈਨਟੇਨ ਕੀਤਿਆਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਸਕਾਰ ਕਰਵਾ ਦਿੱਤੇ ਗਏ।
ਇਸ ਬਾਬਤ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਆਖਰ ਵਿੱਚ, ਘਲੈ ਆਵਹਿ ਨਾਨਕਾ ਸਦੇ ਉਠੀ ਜਾਏ ਅਤੇ ਵਾਰੀ ਆਪੋ ਆਪਣੀ ਕੋਇ ਨਾ ਬੰਧੈ ਧੀਰ ਦੇ ਮਹਾਂ ਵਾਕਾਂ ਦੇ ਅਨੁਸਾਰ ਹਰ ਇਕ ਨੇ ਇਸ ਸੰਸਾਰ ਤੋਂ ਜਾਣਾ ਹੈ।ਜਨਮ ਤੋਂ ਬਾਅਦ ਇਕੋ ਹੀ ਗੱਲ ਨਿਸ਼ਚਿਤ ਹੈ ਅਤੇ ਉਹ ਹੈ ਮੌਤ।
“ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥ ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ”॥ਅੰਗ 930
ਅਸਲ ਦੇ ਵਿਚ ਜੋ ਬਾਣੀ ਸਾਨੂੰ ਸਮਝਾਉਂਦੀ ਹੈ ਉਹ ਇਹ ਹੈ ਕਿ ਅਕਾਲ ਪੁਰਖ ਦਾ ਇੱਕ ਅਟੱਲ ਨਿਯਮ ਹੈ ਜਿਸਨੂੰ ਕੋਈ ਨਹੀ ਟਾਲ ਸਕਿਆ। ਸੰਸਾਰ ਵਿੱਚ ਜੋ ਵੀ ਆਇਆ ਹੈ, ਉਸਨੂੰ ਆਪੋ ਆਪਣੀ ਵਾਰੀ ਅਨੁਸਾਰ ਇਥੋਂ ਜਾਣਾ ਹੀ ਪੈਂਦਾ ਹੈ। ਗੁਰ ਫੁਰਮਾਨ ਹੈ:- 1. ਜੋ ਆਇਆ ਸੋ ਚਲਸੀ ਸਭੁ ਕੋ ਆਈ ਵਾਰੀਆ॥ (ਮ: 1 ਅੰਗ 474)। 2. ਇੱਕ ਚਾਲਹਿ ਇੱਕ ਚਾਲਸਹਿ ਸਭੁ ਆਪਣੀ ਵਾਰਿ॥ (ਮ: 5 ਅੰਗ 808) 3. ਜੋ ਦੀਸੈ ਸੋ ਵਿਣਸਨਾ ਸਭੁ ਬਿਨਸ ਬਿਨਾਸੀ॥ (ਮ: 5 ਅੰਗ (1100)
ਅਤੇ ਜੋ ਵੀ ਅਸੀਂ ਇਸ ਸੰਸਾਰ ਵਿੱਚ ਦੇਖ ਰਹੇ ਹਾਂ ਇਹ ਆਖਰ ਛਡ ਜਾਣੀ ਹੈ।
ਜੇਤੀ ਸਮਗ੍ਰੀ ਦੇਖਹੁ ਦੇ ਨਰਿ ਤੇਤੀ ਹੀ ਛੱਡ ਜਾਣੀ।
ਭਾਵੇਂ ਮਨੁਖ ਨੇ ਇਸ ਸਰੀਰਕ ਮੌਤ ਤੋਂ ਬਚਣ ਦੇ ਅਨੇਕਾਂ ਯਤਨ ਕੀਤੇ ਪਰ ਜੀਵਨ ਅਤੇ ਮੌਤ ਪ੍ਰਭੂ ਨੇ ਆਪਣੇ ਹੱਥਾਂ ਵਿੱਚ ਰੱਖੀ ਹੈ।
ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥ ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥ ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥ {ਪੰਨਾ 931}
ਸਤਿਗੁਰੂ ਜੀ ਜਸਟਿਸ ਸਰਦਾਰ ਅਜੀਤ ਸਿੰਘ ਜੀ ਬੈਂਸ ਹੁਣਾਂ ਦੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿਚ ਨਿਵਾਸ ਬਖਸ਼ਣ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ (ਡਾ.)

Leave a Reply

Your email address will not be published. Required fields are marked *