ਟਾਪਦੇਸ਼-ਵਿਦੇਸ਼

ਸਕਾਟਲੈਂਡ: 30 ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤਾ ਵਿਲੱਖਣ ਨਕਸ਼ਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸੱਚੇ ਮਨ ਤੇ ਲਗਨ ਨਾਲ ਆਪਣੇ ਕੰਮ ਵਿੱਚ ਰੁੱਝੇ ਰਹਿਣ ਵਾਲੇ ਲੋਕ ਹੀ ਇਤਿਹਾਸ ਰਚਦੇ ਹਨ। ਇੱਕ ਅਜਿਹਾ ਹੀ ਇਤਿਹਾਸ ਰਚਣ ਵਰਗੀ ਖਬਰ ਹੈ ਕਿ ਈਸਟ ਰੈਨਫਰਿਊਸ਼ਾਇਰ ਕੌਂਸਲ ਦੇ ਕਸਬੇ ਨਿਉੂਟਨ ਮੈਰਨਜ਼ ਵਿੱਚ ਵੱਸਦੇ ਇਕ ਸ਼ਖ਼ਸ ਨੇ 30 ਸਾਲਾਂ ਦੀ ਸਖ਼ਤ ਮਿਹਨਤ ਨਾਲ ਸਕਾਟਲੈਂਡ ਦਾ ਨਕਸ਼ਾ ਤਿਆਰ ਕੀਤਾ ਹੈ। 85 ਸਾਲਾ ਹੈਰੀ ਯੰਗ ਨੂੰ ਉਸ ਦੇ ਪਰਿਵਾਰਕ ਜੀਆਂ ਨੇ ਉਕਤ ਨਕਸ਼ਾ ਫਰੇਮ ਵਿੱਚ ਜੜ ਕੇ ਉਸ ਦੇ ਜਨਮਦਿਨ ’ਤੇ ਹੀ ਤੋਹਫੇ ਵਜੋਂ ਭੇਟ ਕੀਤਾ। ਇਸ ਨਕਸ਼ੇ ਦੀ ਖਾਸੀਅਤ ਇਹ ਹੈ ਕਿ ਸਕਾਟਲੈਂਡ ਦੇ ਵੱਖ ਵੱਖ ਇਲਾਕਿਆਂ ਨੂੰ ਉਸ ਦੇ ਇਲਾਕੇ ਦੀਆਂ ਪੱਥਰ ਦੀਆਂ ਵੱਟੀਆਂ ਨਾਲ ਸਜਾਇਆ ਗਿਆ ਹੈ। ਹੈਰੀ ਯੰਗ ਅਨੁਸਾਰ ਉਸ ਨੂੰ ਬਚਪਨ ਤੋਂ ਹੀ ਸਮੁੰਦਰ ਕੰਢੇ ਬੀਚ ’ਤੇ ਜਾ ਕੇ ਛੋਟੇ ਛੋਟੇ ਪੱਥਰ ਇਕੱਠੇ ਕਰਨ ਦਾ ਸ਼ੌਂਕ ਸੀ ਅਤੇ ਉਹ ਇੱਕ ਲੱਕੀ ਸਟੋਨ ਹਮੇਸ਼ਾ ਆਪਣੀ ਜੇਬ ਵਿੱਚ ਰੱਖਦਾ ਸੀ। ਕਲਾਈਡ ਰਿਵਰ ਪਿਊਰੀਫਿਕੇਸ਼ਨ ਬੋਰਡ ਵਿੱਚ ਕੰਮ ਕਰਦੇ ਉਸ ਦੇ ਇਕ ਦੋਸਤ ਵੱਲੋਂ ਉਸ ਨੂੰ ਕੁੱਝ ਅਦਭੁੱਤ ਪੱਥਰ ਤੋਹਫੇ ਵਜੋਂ ਦਿੱਤੇ ਗਏ ਸਨ। ਉਸ ਉਪਰੰਤ ਹੀ ਹੈਰੀ ਯੰਗ ਨੂੰ 1992 ਵਿੱਚ ਛੋਟੇ ਪੱਥਰਾਂ ਨਾਲ ਸਕਾਟਲੈਂਡ ਦਾ ਨਕਸ਼ਾ ਤਿਆਰ ਕਰਨ ਦਾ ਫੁਰਨਾ ਫੁਰਿਆ ਸੀ।
ਇਸ ਤੋਂ ਬਾਅਦ ਉਸ ਨੇ ਸਕਾਟਲੈਂਡ ਦੇ ਵੱਖ ਵੱਖ ਇਲਾਕਿਆਂ ਵਿੱਚ ਘੁੰਮਣਾ ਸ਼ੁਰੂ ਕੀਤਾ। ਜਿਥੇ ਵੀ ਜਾਂਦਾ, ਉਥੋਂ ਨਕਸ਼ੇ ਵਿੱਚ ਜੜਨ ਲਈ ਪੱਥਰ ਜ਼ਰੂਰ ਲਿਆਉਂਦਾ। 1992 ਵਿੱਚ ਸ਼ੁਰੂ ਕੀਤੇ ਨਕਸ਼ੇ ਉਪਰ ਆਖਰੀ ਪੱਥਰ 2020 ਵਿੱਚ ਲਾਇਆ ਗਿਆ ਸੀ।
ਹੈਰੀ ਦਾ ਕਹਿਣਾ ਹੈ ਕਿ ਉਸ ਦੇ ਇਸ ਵਿਲੱਖਣ ਸ਼ੌਂਕ ਨੇ ਉਸ ਨੂੰ ਸਕਾਟਲੈਂਡ ਦਾ ਕੋਨਾ ਕੋਨਾ ਘੁੰਮਣ ਦਾ ਮੌਕਾ ਦਿੱਤਾ ਹੈ। ਚਰਚਾ ਵਿੱਚ ਆਉਣ ’ਤੇ ਮੀਡੀਆ ਵੱਲੋਂ ਹੈਰੀ ਯੰਗ ਨੂੰ ‘ਰੌਕਸਟਾਰ’ ਦੇ ਤਖੱਲਸ ਨਾਲ ਨਿਵਾਜਿਆ ਜਾ ਰਿਹਾ ਹੈ।

Leave a Reply

Your email address will not be published. Required fields are marked *