ਕੀ ਮਸਕ ਦਾ ਏ.ਆਈ ਨਾਲ ਖਰਬਪਤੀ ਬਣਿਆ??ਡਾ.ਦਵਿੰਦਰ ਕੌਰ ਖੁਸ਼ ਧਾਲੀਵਾਲ,ਖੋਜਕਾਰ

ਸਰਮਾਏਦਾਰਾ ਮੀਡੀਆ ਹਮੇਸ਼ਾ ਹੀ ਅਜਿਹੇ ਧਨਾਢਾਂ ਦੀ ਭਾਲ਼ ਵਿੱਚ ਰਹਿੰਦਾ ਹੈ ਜਿਨ੍ਹਾਂ ਨੂੰ ਲੋਕਾਂ ਤੇ ਖ਼ਾਸ ਕਰ ਨੌਜਵਾਨੀ ਅੱਗੇ ਆਦਰਸ਼ ਵਜੋਂ ਪਰੋਸਿਆ ਜਾਵੇ। ਅਜਿਹਾ ਹੀ ਇੱਕ ਵਿਅਕਤੀ ਏਲੋਨ ਮਸਕ ਹੈ। ਪਿਛਲੇ ਸਮੇਂ ਇਸ ਦੇ ਚਰਚਾ ਵਿੱਚ ਰਹਿਣ ਦਾ ਕਾਰਨ ਇਹ ਸੀ ਕਿ ਏਲੋਨ ਮਸਕ ਮਨੁੱਖੀ ਇਤਿਹਾਸ ਵਿੱਚਲਾ ਪਹਿਲਾ ਖਰਬਪਤੀ ਬਣਿਆ। ਪਰ ਖਰਬਪਤੀ ਬਣਨ ਤੋਂ ਕੁਝ ਦਿਨ ਮਗਰੋਂ ਹੀ ਉਸ ਦੀ ਦੌਲਤ ਵਿੱਚ ਘਾਟਾ ਹੋਇਆ ਤੇ ਉਹ ਖਰਬਪਤੀ ਤੋਂ ਮੁੜ ਅਰਬਪਤੀਆਂ ਦੀ ਸੂਚੀ ਵਿੱਚ ਸ਼ੁਮਾਰ ਹੋ ਗਿਆ। ਇੱਥੇ ਮੁੱਖਧਾਰਾ ਮੀਡੀਆ ਦੇ ਪ੍ਰਚਾਰ ਤੋਂ ਹਟ ਕੇ ਸਾਨੂੰ ਇਹ ਵਿੱਚਾਰਨ ਦੀ ਲੋੜ ਹੈ ਕਿ ਆਖਿਰ ਅਜਿਹਾ ਕੀ ਵਾਪਰਿਆ ਜਿਸ ਨਾਲ਼ ਉਸ ਦੀ ਦੌਲਤ ਵਿੱਚ ਇੱਕੋ ਦਮ ਵਾਧਾ ਤੇ ਘਾਟਾ ਦਰਜ ਹੋਇਆ। ਇਸ ਚਰਚਾ ਤੋਂ ਪਹਿਲਾਂ ਇਹ ਗੱਲ ਸਾਫ਼ ਕਰਨੀ ਜਰੂਰੀ ਹੈ ਕਿ ਇਹਨਾਂ ਸਾਰੇ ਅਮੀਰਾਂ ਦੀ ਦੌਲਤ ਦਾ ਸਰੋਤ ਕਿਰਤੀ ਲੋਕ ਹੀ ਹਨ। ਕਿਰਤੀ ਲੋਕਾਂ ਦੀ ਕਿਰਤ ਸ਼ਕਤੀ ਦੀ ਲੁੱਟ ਤੋਂ ਹੀ ਇਹਨਾਂ ਦੀ ਦੌਲਤ ਦੇ ਅੰਬਾਰ ਸਿਰਜੇ ਜਾਂਦੇ ਹਨ। ਕਿਰਤੀਆਂ ਦੀ ਲੁੱਟ ਦੀ ਵੰਡ ਨੂੰ ਲੈ ਕੇ ਇਹਨਾਂ ਸਰਮਾਏਦਾਰਾਂ ਵਿੱਚ ਆਪਸੀ ਮੁਕਾਬਲਾ ਵੀ ਚੱਲਦਾ ਰਹਿੰਦਾ ਹੈ ਤੇ ਇਹਨਾਂ ਸਰਮਾਏਦਾਰਾਂ ਦੀ ਵਿਅਕਤੀਗਤ ਤੌਰ ਉੱਤੇ ਦੌਲਤ ਹੇਠਾਂ ਉੱਤੇ ਹੁੰਦੀ ਰਹਿੰਦੀ ਹੈ। ਇਹ ਆਮ ਹੀ ਗੱਲ ਜਾਣੀ ਜਾਂਦੀ ਹੈ ਕਿ ਇਸ ਜਾਂ ਉਸ ਸਰਮਾਏਦਾਰ ਦੀ ਦੌਲਤ ਦੇ ਵਧਣ ਘਟਣ ਨਾਲ਼ ਕਿਰਤੀ ਲੋਕਾਂ ਦੀ ਜਿੰਦਗੀ ਉੱਤੇ ਖ਼ਾਸ ਅਸਰ ਨਹੀਂ ਪੈਂਦਾ, ਫੇਰ ਮਸਕ ਦੀ ਦੌਲਤ ਇੱਕੋ ਦਮ ਵਧਣ ਤੇ ਘਟਣ ਨਾਲ਼ ਲੋਕਾਂ ਨੂੰ ਕੀ ਦਿਲਚਸਪੀ ਹੋ ਸਕਦੀ ਹੈ। ਅਸਲ ਵਿੱਚ ਮਸਕ ਦੀ ਦੌਲਤ ਵਿੱਚ ਹੋਇਆ ਹਾਲੀਆ ਵਾਧਾ ਤੇ ਘਾਟਾ ਸਰਮਾਏਦਾਰਾ ਆਰਥਿਕਤਾ ਦੀ ਢਾਂਚਾਗਤ ਸਮੱਸਿਆ ਨਾਲ਼ ਜੁੜਿਆ ਹੋਇਆ ਹੈ, ਜਿਸ ਕਰਕੇ ਇਸ ਬਾਰੇ ਗੱਲਬਾਤ ਕਰਨੀ ਜਰੂਰੀ ਹੈ।
ਏਲੋਨ ਮਸਕ ਤੇ ਟਰੰਪ
ਇਸ ਵਿਸ਼ੇ ਉੱਤੇ ਗੱਲ ਕਰਨ ਤੋਂ ਪਹਿਲਾਂ ਏਲੋਨ ਮਸਕ ਬਾਰੇ ਕੁਝ ਗੱਲਾਂ ਜਾਣਨੀਆਂ ਜਰੂਰੀ ਹਨ। ਏਲੋਨ ਮਸਕ ਅਮਰੀਕੀ ਕਾਰੋਬਾਰੀ ਤੇ ਸੁਪਰ ਅਮੀਰ ਹੈ ਜੋ ਨਾ ਸਿਰਫ਼ ਪੂਰੀ ਦੁਨੀਆਂ ਵਿੱਚ ਸਭ ਤੋਂ ਅਮੀਰ ਬੰਦੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਸਗੋਂ ਸਿਆਸਤ ਵਿੱਚ ਰੁਚੀ ਰੱਖਣ ਵਾਲ਼ੇ ਜਾਣਦੇ ਹਨ ਕਿ ਕਿਵੇਂ ਉਸ ਨੇ ਡੋਨਾਲਡ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਚੋਣ ਜਿਤਾਉਣ ਵਿੱਚ ਕਾਫ਼ੀ ਮਦਦ ਕੀਤੀ ਤੇ ਮੁੜ ਇਹਨਾਂ ਦੋਹਾਂ ਦੇ ਆਪਸ ਵਿੱਚ ਕੁਝ ਨੀਤੀਆਂ ਨੂੰ ਲੈ ਕੇ ਖੜਕ ਗਈ ਜਿਸ ਦਾ ਮਸਕ ਨੂੰ ਨੁਕਸਾਨ ਵੀ ਝੱਲਣਾ ਪਿਆ। ਇਸ ਦੇ ਬਾਵਜੂਦ ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਮਗਰੋਂ ਮਸਕ ਦੇ ਧਨ ਵਿੱਚ ਕਾਫ਼ੀ ਵਾਧਾ ਹੋਇਆ ਹੈ ਜਿਸ ਪਿੱਛੇ ਸਰਕਾਰੀ ਸਰਪ੍ਰਸਤੀ ਦਾ ਵੱਡਾ ਹੱਥ ਹੈ। ਮਸਕ ਨੇ ਟਰੰਪ ਦੀ ਚੋਣ ਵਿੱਚ ਨਿੱਜੀ ਤੌਰ ਉੱਤੇ ਸ਼ਮੂਲੀਅਤ (ਯਾਨੀ ਥਾਂ ਥਾਂ ਉੱਤੇ ਉਸ ਦੀਆਂ ਚੋਣ ਰੈਲੀਆਂ ਵਿੱਚ ਉਸ ਦੇ ਹੱਕ ਵਿੱਚ ਬੋਲਣਾ, ਆਪਣੇ ਸੋਸ਼ਲ ਮੀਡੀਆ ਮੰਚ ਐਕਸ ਤੋਂ ਉਸ ਦੇ ਹੱਕ ਵਿੱਚ ਪ੍ਰਚਾਰ ਵਾਲ਼ੀਆਂ ਪੋਸਟਾਂ ਨੂੰ ਵਧੇਰੇ ਹੁਲਾਰਾ ਦੇਣਾ ਆਦਿ) ਤੋਂ ਬਗੈਰ ਕਰੀਬ 30 ਕਰੋੜ ਅਮਰੀਕੀ ਡਾਲਰ ਉਸ ਨੂੰ ਦਿੱਤੇ। ਇਸ ਦੇ ਬਦਲੇ ਵਿੱਚ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਸਰਕਾਰੀ ਸਰਪ੍ਰਸਤੀ ਸਦਕਾ ਮਸਕ ਦੀ ਦੌਲਤ ਵਿੱਚ ਅੰਦਾਜਨ 173 ਤੋਂ 213 ਅਰਬ ਅਮਰੀਕੀ ਡਾਲਰ ਦਾ ਵਾਧਾ ਹੋਇਆ!! ਬਾਇਡਨ ਦੇ ਸਮੇਂ ਦੀਆਂ ਨੀਤੀਆਂ ਨੂੰ ਅੱਗੇ ਵਧਾਉਂਦਿਆਂ ਤੇ ਉਸ ਵਿੱਚ ਹੋਰ ਇਜਾਫਾ ਕਰਦਿਆਂ ਟਰੰਪ ਨੇ ਚੀਨੀ ਬਿਜਲਈ ਵਾਹਨਾਂ ਨੂੰ ਲੱਗਭੱਗ ਅਮਰੀਕੀ ਘਰੇਲੂ ਮੰਡੀ ਤੋਂ ਬਾਹਰ ਧੱਕ ਦਿੱਤਾ ਜਿਸ ਦਾ ਕਾਫ਼ੀ ਫਾਇਦਾ ਟੈਸਲਾ (ਉਹ ਕੰਪਨੀ ਜਿਸ ਵਿੱਚ ਮਸਕ ਦਾ 12% ਹਿੱਸਾ ਹੈ) ਨੂੰ ਹੋਇਆ। ਟੈਸਲਾ ਤੋਂ ਬਿਨਾਂ ਸਪੇਸ ਐਕਸ ਨੂੰ ਕਾਫ਼ੀ ਫਾਇਦਾ ਹੋਇਆ ਜਿਸ ਦਾ ਵੱਡਾ ਕਾਰਨ ਇਸ ਕੰਪਨੀ ਨੂੰ ਸਰਕਾਰੀ ਕੰਟਰੈਕਟ ਹਾਸਲ ਹੋਣਾ ਹੈ। ਸਪੇਸ ਐਕਸ ਵਿੱਚ ਮਸਕ ਦਾ ਕਾਫ਼ੀ ਹਿੱਸਾ ਹੈ ਤੇ ਉਸ ਦੀ ਦੌਲਤ ਦਾ ਵੱਡਾ ਸਰੋਤ ਹੈ। ਮਸਕ ਦਾ ਅਰਬਪਤੀ ਤੋਂ ਖਰਬਪਤੀ ਤੇ ਮੁੜ ਅਰਬਪਤੀ ਬਣਨ ਦੀ ਤੰਦ ਵੀ ਸਪੇਸ-ਐਕਸ ਦੀ ਦੌਲਤ ਵਿੱਚ ਹੋਏ ਵਾਧੇ ਤੇ ਘਾਟੇ ਨਾਲ਼ ਜੁੜਦੀ ਹੈ।
ਸਪੇਸ ਐਕਸ ਦਾ ਆਈ.ਪੀ.ਓ ਤੇ ਮਸਕ ਦਾ ਖਰਬਪਤੀ ਬਣਨਾ
ਆਈ.ਪੀ.ਓ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਨਾਲ਼ ਨਿੱਜੀ ਕੰਪਨੀਆਂ ਆਪਣੇ ਸ਼ੇਅਰ ਵੇਚ ਕੇ ਆਪਣਾ ਲੋੜੀਂਦਾ ਧਨ ਇਕੱਠਾ ਕਰਦੀਆਂ ਹਨ ਤਾਂ ਜੋ ਇਸ ਧਨ ਨੂੰ ਨਿਵੇਸ਼ ਕਰਕੇ ਮੁਨਾਫ਼ਾ ਖੱਟਿਆ ਜਾ ਸਕੇ। ਇਸ ਹੋਣ ਵਾਲ਼ੇ ਮੁਨਾਫ਼ੇ ਸਦਕਾ ਕੰਪਨੀ ਦੇ ਵਧਣ-ਫੁੱਲਣ ਦਾ ਅਸਰ ਸ਼ੇਅਰ ਦੇ ਮਾਲਕਾਂ ਦੇ ਧਨ ਵਿੱਚ ਵਾਧੇ ਵਿੱਚ ਨਿਕਲ਼ਦਾ ਹੈ। ਇਸ ਤੋਂ ਉਲਟ ਕੰਪਨੀ ਦੇ ਨੁਕਸਾਨ ਵਿੱਚ ਜਾਣ ਨਾਲ਼ ਇਹਨਾਂ ਸ਼ੇਅਰਾਂ ਦੀ ਕੀਮਤ ਡਿੱਗਣ ਦੀ ਆਸ ਹੁੰਦੀ ਹੈ। ਕਿਸੇ ਕੰਪਨੀ ਦੀ ਸ਼ੇਅਰ ਮਾਰਕੀਟ ਉੱਤੇ ਕੀਮਤ ਉਸ ਦੀ ਹਾਲੀਆ ਹਾਲਤ ਨਾਲ਼ੋਂ ਵਧੇਰੇ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਭਵਿੱਖ ਵਿੱਚ ਉਸ ਦੇ ਸਫਲ ਹੋਣ ਦੀ ਕਿੰਨੀ ਉਮੀਦ ਹੈ। ਸਪੇਸ ਐਕਸ (ਇਸ ਵਿੱਚ ਮਸਕ ਦਾ ਕਰੀਬ 42% – 48% ਹਿੱਸਾ ਹੈ ਪਰ ਹੋਰਾਂ ਤਰੀਕਿਆਂ ਦੀ ਵਰਤੋਂ ਸਦਕਾ 80% ਤੋਂ ਵੀ ਵਧੇਰੇ ਵੋਟਿੰਗ ਉੱਤੇ ਮਸਕ ਦਾ ਕੰਟਰੋਲ ਹੈ) ਨੇ 80 ਖਰਬ ਅਮਰੀਕੀ ਡਾਲਰ ਸ਼ੇਅਰ ਮਾਰਕੀਟ ਰਾਹੀਂ ਜੁਟਾਉਣ ਵਾਸਤੇ ਦਾਅਵਾ ਕੀਤਾ ਕਿ ਉਸ ਦੀ ਅਸਲ ਕੀਮਤ 1.8 ਖਰਬ ਅਮਰੀਕੀ ਡਾਲਰ ਹੈ। ਅਸਲ ਵਿੱਚ ਸਪੇਸ ਐਕਸ ਦਾ ਕਹਿਣਾ ਹੈ ਕਿ ਉਸ ਦੀ ਭਵਿੱਖ ਵਿੱਚ ਮੰਡੀ ਕਰੀਬ 28 ਖਰਬ ਅਮਰੀਕੀ ਡਾਲਰ ਦੀ ਹੋਵੇਗੀ – ਜਿਨ੍ਹਾਂ ਵਿੱਚੋਂ 2 ਖਰਬ ਡਾਲਰ ਤਾਂ ਰਾਕੇਟ ਤੇ ਸੈਟੇਲਾਈਟਾਂ ਤੋਂ ਆਵੇਗਾ ਪਰ 26 ਖਰਬ ਅਮਰੀਕੀ ਡਾਲਰ ਨਿਰੋਲ ਸਪੇਸ ਐਕਸ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਵਾਲ਼ਾ ਹਿੱਸਾ ਕਮਾ ਕੇ ਦੇਵੇਗਾ। ਸਪੇਸ ਐਕਸ ਦੇ ਸ਼ੇਅਰ ਮਾਰਕੀਟ ਵਿੱਚ ਇਸ ਕੀਮਤ ਤੇ ਸ਼ੇਅਰ ਦੱਸੀ ਕੀਮਤ ਉੱਤੇ ਵਿਕਣ ਕਾਰਨ ਹੀ ਮਸਕ ਦੀ ਕੁੱਲ ਦੌਲਤ ਖਰਬ ਅਮਰੀਕੀ ਡਾਲਰ ਤੋਂ ਪਾਰ ਦੱਸੀ ਜਾ ਰਹੀ ਸੀ। ਇਹਨਾਂ ਸੁਪਰ ਅਮੀਰਾਂ ਦਾ ਬਹੁਤ ਧਨ ਇਸੇ ਰੂਪ ਵਿੱਚ (ਯਾਨੀ ਵੱਖੋ-ਵੱਖ ਕੰਪਨੀਆਂ ਦੇ ਸ਼ੇਅਰਾਂ) ਹੁੰਦਾ ਹੈ। ਹੁਣ ਸ਼ੇਅਰ ਮਾਰਕੀਟ ਉੱਤੇ ਹਲਚਲ ਮਗਰੋਂ ਸਪੇਸ ਐਕਸ ਦੇ ਸ਼ੇਅਰਾਂ ਵਿੱਚ ਗਿਰਾਵਟ ਆਈ ਤੇ ਮਸਕ ਦੀ ਦੌਲਤ ਖਰਬ ਅਮਰੀਕੀ ਡਾਲਰ ਤੋਂ ਹੇਠਾਂ ਆ ਗਈ।
ਏ.ਆਈ. ਦਾ ਵਿੱਤੀ ਬੁਲਬੁਲਾ,
ਏ.ਆਈ. ਕੀ ਹੈ? ਤੇ ਇਸ ਬਾਰੇ ਆਮ ਫੈਲੇ ਹੋਏ ਭਰਮ ਭੁਲੇਖਿਆਂ ਉੱਤੇ ਗੱਲ ਕਰਨਾ ਵੱਖਰੇ ਲੇਖ ਦੀ ਮੰਗ ਕਰਦਾ ਹੈ। ਲਲਕਾਰ ਦੇ ਪਿਛਲੇ ਅੰਕਾਂ ਵਿੱਚ ਇਹ ਲੇਖ ਪੜ੍ਹੇ ਜਾ ਸਕਦੇ ਹਨ। ਇੱਥੇ ਅਸੀਂ ਇੰਨਾ ਹੀ ਕਹਿਣਾ ਚਾਵਾਂਗੇ ਕਿ ਸੁਪਰ ਅਮੀਰਾਂ, ਉਹਨਾਂ ਦੇ ਸਲਾਹਕਾਰਾਂ ਤੇ ਮੁੱਖਧਾਰਾ ਮੀਡੀਆ ਦੇ ਵੱਡੇ ਹਿੱਸੇ ਵੱਲੋਂ ਏ.ਆਈ. ਨੂੰ ਜਿੰਨਾਂ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਸੀ, ਉਸ ਦੀ ਫੂਕ ਨਿੱਕਲ਼ਦੀ ਇਸ ਸਮੇਂ ਦਿਖ ਰਹੀ ਹੈ। ਪ੍ਰਤੱਖ ਉਦਾਹਰਨ ਇਹ ਹੈ ਕਿ ਪਹਿਲਾਂ ਵਿੱਤੀ ਮੰਡੀ ਦਾ ਵੱਡਾ ਹਿੱਸਾ ਇਸ ਪ੍ਰਚਾਰ ਹੇਠ ਆ ਗਿਆ ਕਿ ਏ.ਆਈ. ਹੀ ਹੁਣ ਪੂਰੇ ਅਰਥਚਾਰੇ ਉੱਤੇ ਰਾਜ ਕਰੇਗਾ ਤੇ ਸਿਰਫ਼ ਏ.ਆਈ. ਕੰਪਨੀਆਂ ਦੀ ਹੀ ਸਰਦਾਰੀ ਹੋਵੇਗੀ। ਲਾਜਮੀ ਹੀ ਏ.ਆਈ. ਸਦਕਾ ਵੱਡੇ ਬਦਲਾਅ ਦੇਖਣ ਨੂੰ ਮਿਲ਼ਣਗੇ ਪਰ ਇਹਨਾਂ ਬਦਲਾਵਾਂ ਨੂੰ ਅਸਲ ਨਾਲ਼ੋਂ ਬਹੁਤ ਵੱਧ ਅੰਕਿਆ ਜਾ ਰਿਹਾ ਹੈ। ਖੈਰ, ਪਹਿਲੋਂ-ਪਹਿਲ ਏ.ਆਈ. ਨਾਲ਼ ਸਬੰਧਤ ਕੰਪਨੀਆਂ ਦੇ ਸ਼ੇਅਰਾਂ ਵਿੱਚ ਕਾਫ਼ੀ ਵਾਧਾ ਹੋਇਆ ਤੇ ਇਹਨਾਂ ਦੀ ਕੀਮਤ ਸ਼ੇਅਰ ਮਾਰਕੀਟ ਉੱਤੇ ਕਾਫ਼ੀ ਉੱਚੀ ਗਈ ਪਰ ਜਲਦ ਹੀ ਏ.ਆਈ. ਨੂੰ ਅਮਲ ਵਿੱਚ ਲਿਆਉਣ ਦੀਆਂ ਬਹੁਤ ਸਾਰੀਆਂ ਦਿੱਕਤਾਂ ਸਾਹਮਣੇ ਆਉਣ ਲੱਗੀਆਂ (ਸਭ ਤੋਂ ਵੱਡੀ ਉਦਾਹਰਨ ਡਾਟਾ ਸੈਂਟਰਾਂ ਉੱਤੇ ਹੋਣ ਵਾਲ਼ਾ ਖਰਚਾ ਹੈ) ਤੇ ਇਹ ਵੀ ਸਾਫ਼ ਹੋਣ ਲੱਗਿਆ ਕਿ ਕਿਵੇਂ ਇਹ ਮਨੁੱਖੀ ਕਿਰਤ ਦਾ ਬਦਲ ਨਹੀਂ ਬਣ ਸਕਦਾ। ਖ਼ਬਰਾਂ ਆਉਣ ਲੱਗੀਆਂ ਕਿ ਕਈ ਕੰਪਨੀਆਂ ਨੇ ਏ.ਆਈ. ਅਪਨਾਉਣ ਦੀ ਰਫ਼ਤਾਰ ਨੂੰ ਧੀਮਾ ਕਰ ਦਿੱਤਾ ਹੈ। ਇਹਨਾਂ ਸਾਰੀਆਂ ਹਾਲਤਾਂ ਕਾਰਨ ਸ਼ੇਅਰ ਮਾਰਕੀਟ ਨੂੰ ਇਹ ਸੁਨੇਹਾ ਗਿਆ ਕਿ ਜਿਨ੍ਹਾਂ ਏ.ਆਈ. ਕੰਪਨੀਆਂ ਦੀ ਭਵਿੱਖੀ ਮੰਡੀ ਸੋਚੀ ਜਾ ਰਹੀ ਸੀ ਇਹ ਹਾਲ-ਫਿਲਹਾਲ ਵਿੱਚ ਸੰਭਵ ਨਹੀਂ ਹੋ ਸਕਣਾ ਤੇ ਇਹਨਾਂ ਦੀ ਅਸਲ ਵਾਧਾ ਦਰ ਕਾਫੀ ਨੀਵੀਂ ਹੋਣੀ ਹੈ। ਯਾਨੀ ਸ਼ੇਅਰ ਮਾਰਕੀਟ ਵਿੱਚ ਇਹਨਾਂ ਦੀ ਕੀਮਤ ਨੂੰ ਅਸਲ ਕੀਮਤ ਨਾਲ਼ੋਂ ਬਹੁਤ ਵੱਧ ਅੰਕਿਆ ਗਿਆ ਸੀ। ਸ਼ੇਅਰ ਮਾਰਕੀਟ ਉੱਤੇ ਕਿਸੇ ਕੰਪਨੀ/ਕੰਪਨੀਆਂ ਨੂੰ ਉਹਨਾਂ ਦੀ ਅਸਲ ਕੀਮਤ ਤੋਂ ਬਹੁਤ ਵੱਧ ਅੰਕਣਾ ਹੀ ਵਿੱਤੀ ਬੁਲਬੁਲੇ ਨੂੰ ਜਨਮ ਦਿੰਦਾ ਹੈ।
ਮਸਕ ਤੇ ਏ.ਆਈ. ਬੁਲਬੁਲੇ ਦੇ ਵਰਤਾਰੇ ਬਾਰੇ ਸੰਖੇਪ ਵਿੱਚ ਕਹਿਣਾ ਹੋਵੇ ਤਾਂ ਏ.ਆਈ. ਕੰਪਨੀਆਂ ਉਨੀਆਂ ਮੁਨਾਫ਼ਾਦਾਇਕ ਨਹੀਂ ਹਨ, ਜਿੰਨੀਆਂ ਪਹਿਲਾਂ ਕਿਹਾ ਜਾ ਰਿਹਾ ਸੀ। ਇਸ ਦਾ ਅਸਰ ਹੁਣ ਸ਼ੇਅਰ ਮਾਰਕੀਟ ਵਿੱਚ ਇਹਨਾਂ ਦੇ ਸ਼ੇਅਰ ਵੇਚੇ ਜਾਣ ਤੇ ਉਹਨਾਂ ਦੀ ਕੀਮਤ ਵਿੱਚ ਗਿਰਾਵਟ ਵਿੱਚ ਦਿਸ ਰਿਹਾ ਹੈ। ਇਹੋ ਕੁਝ ਮਸਕ ਦੀ ਕੰਪਨੀ ਸਪੇਸ ਐਕਸ ਦੇ ਏ.ਆਈ. ਵਾਲ਼ੇ ਹਿੱਸੇ ਨਾਲ਼ ਵਾਪਰਿਆ ਹੈ। ਮਸਕ ਦੀ ਦੌਲਤ ਵਿੱਚ ਇੱਕੋ ਦਮ ਵਾਧੇ ਤੇ ਗਿਰਾਵਟ ਵਿੱਚ (ਅਰਬਪਤੀ ਤੋਂ ਖਰਬਪਤੀ ਤੇ ਮੁੜ ਅਰਬਪਤੀ) ਇਹੋ ਵਿੱਤੀ ਬੁਲਬੁਲਾ ਕੰਮ ਕਰ ਰਿਹਾ ਹੈ।
ਕੀ ਹੈ ਵਿੱਤੀ ਬੁਲਬੁਲੇ ਪਿੱਛੇ ਕੰਮ ਕਰਦੇ ਕਾਰਕ?
ਅਸਲ ਵਿੱਚ ਵਿੱਤੀ ਬੁਲਬੁਲੇ ਦੀ ਇਹ ਚਰਚਾ ਅਕਸਰ ਮੁੱਖਧਾਰਾ ਅਰਥਸ਼ਾਸਤਰੀਆਂ ਵੱਲੋਂ ਵੀ ਕੀਤੀ ਜਾਂਦੀ ਹੈ ਪਰ ਇਸ ਦੇ ਪਿੱਛੇ ਕੰਮ ਕਰਦੇ ਕਾਰਕਾਂ ਨੂੰ ਨਹੀਂ ਪਛਾਣਿਆ ਜਾਂਦਾ। ਸਵਾਲ ਇਹ ਹੈ ਕਿ ਕਿੰਨੀਆਂ ਹੀ ਕੰਪਨੀਆਂ ਤੇ ਸੁਪਰ ਅਮੀਰ ਪੈਦਾਵਾਰੀ ਖੇਤਰ ’ਚੋਂ ਧਨ ਕੱਢ ਕੇ ਏ.ਆਈ. ਕੰਪਨੀਆਂ ਵਿੱਚ ਸੱਟੇਬਾਜੀ ਕਿਉਂ ਕਰ ਰਹੇ ਹਨ? ਇਸ ਦਾ ਕਾਰਨ ਇਹਨਾਂ ਕੰਪਨੀਆਂ ਦੀ ਨੀਵੀਂ ਮੁਨਾਫ਼ਾ ਦਰ ਹੈ। ਸਰਮਾਏਦਾਰਾ ਪ੍ਰਬੰਧ ਵਿੱਚ ਸਰਮਾਏਦਾਰ ਵਿਅਕਤੀਗਤ ਤੌਰ ਉੱਤੇ ਮੁਨਾਫ਼ਾ ਵਧਾਉਣ ਲਈ ਆਪਣੀ ਲਾਗਤ ਨੂੰ ਹੇਠਾਂ ਡੇਗਣ ਦੀ ਕੋਸ਼ਿਸ਼ ਕਰਦੇ ਹਨ। ਇਸ ਦਾ ਸਭ ਤੋਂ ਅਹਿਮ ਤਰੀਕਾ ਤਕਨੀਕ ਨੂੰ ਵਿਕਸਤ ਕਰਨ ਵਿੱਚ ਹੈ। ਇਹੋ ਮੁਨਾਫ਼ੇ ਦੀ ਹਵਸ ਕਰਕੇ ਸਰਮਾਏਦਾਰ ਨਵੀਂ ਤੋਂ ਨਵੀਂ ਤਕਨੀਕ ਲੈ ਕੇ ਆਉਂਦੇ ਹਨ। ਪਰ ਇੱਕ ਸਮੇਂ ਬਾਅਦ ਮੁਨਾਫ਼ੇ ਦੀ ਦਰ ਦਾ ਇਸ ਪ੍ਰਬੰਧ ਵਿੱਚ ਹੇਠਾਂ ਆਉਣਾ ਤੈਅ ਹੈ। ਇਹ ਮੁਨਾਫ਼ੇ ਦੀ ਦਰ ਦਾ ਹੇਠਾਂ ਆਉਣਾ ਜਿੱਥੇ ਸਰਮਾਏਦਾਰਾਂ ਨੂੰ ਨਵੀਂ ਤਕਨੀਕ ਦੀ ਭਾਲ਼ ਵਿੱਚ ਲਾਉਂਦਾ ਹੈ ਉੱਥੇ ਦੂਜੇ ਹੱਥ ਇਹਨਾਂ ਨੂੰ ਪੈਦਾਵਾਰੀ ਖੇਤਰ ’ਚੋਂ ਪੈਸਾ ਕੱਢ ਕੇ ਸੱਟੇਬਾਜੀ ਵਿੱਚ ਲਾਉਣ ਲਈ ਵੀ ਪ੍ਰੇਰਿਤ ਕਰਦਾ ਹੈ ਤਾਂ ਜੋ ਜਲਦੀ ਤੋਂ ਜਲਦੀ ਵਧੇਰੇ ਮੁਨਾਫ਼ਾ ਕਮਾਇਆ ਜਾ ਸਕੇ। ਏ.ਆਈ. ਦੇ ਵਿੱਤੀ ਬੁਲਬੁਲੇ ਵਿੱਚ ਇਹੋ ਦੇਖਣ ਨੂੰ ਮਿਲ਼ ਰਿਹਾ ਹੈ। ਇੱਕ ਹੱਥ ਸਰਮਾਏਦਾਰ ਇਸ ਤਕਨੀਕ ਤੋਂ ਆਪਣੀ ਲਾਗਤ ਬੇਹੱਦ ਹੇਠਾਂ ਲੈ ਕੇ ਆਉਣ ਦੀ ਉਮੀਦ ਕਰ ਰਹੇ ਹਨ ਤੇ ਦੂਜੇ ਹੱਥ ਇਸ ਤੋਂ ਹੋਣ ਵਾਲ਼ੀ ਭਵਿੱਖੀ ਕਮਾਈ ਦੀ ਆਸ ਵਿੱਚੋਂ ਏ.ਆਈ. ਕੰਪਨੀਆਂ ਦੇ ਵਧੇਰੇ ਤੋਂ ਵਧੇਰੇ ਸ਼ੇਅਰ ਖਰੀਦ ਰਹੇ ਹਨ। ਬਹੁਤੇ ਵਿਸ਼ਲੇਸ਼ਕ ਇਸ ਗੱਲ ਉੱਤੇ ਸਹਿਮਤ ਹਨ ਕਿ ਇਸ ਤਕਨੀਕ ਦੀ ਅਸਲ ਸਥਿਤੀ ਤੇ ਹੋਣ ਵਾਲ਼ੀ ਕਮਾਈ ਨੂੰ ਅਸਲ ਨਾਲ਼ੋਂ ਬਹੁਤ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਵਿੱਤੀ ਬੁਲਬੁਲਾ ਤੇ ਆਮ ਲੋਕ
ਖ਼ਾਸ ਤੌਰ ਉੱਤੇ ਅਮਰੀਕਾ ਦੀ ਲੋਕਾਈ ਦੀ ਗੱਲ ਕਰਨੀ ਹੋਵੇ ਤਾਂ ਇਸ ਬੁਲਬੁਲੇ ਦਾ ਸਭ ਤੋਂ ਮਾੜਾ ਪ੍ਰਭਾਵ ਅਮੀਰਾਂ ਨੂੰ ਨਹੀਂ ਸਗੋਂ ਲੋਕਾਂ ਨੂੰ ਝੱਲਣਾ ਪੈਣਾ ਹੈ। ਲੋਕਾਂ ਦੇ ਪੈਨਸ਼ਨ ਫੰਡਾਂ ਦਾ ਕਾਫ਼ੀ ਪੈਸਾ ਵੀ ਸ਼ੇਅਰ ਮਾਰਕੀਟਾਂ ਵਿੱਚ ਨਿਵੇਸ਼ ਹੋਇਆ ਹੈ। ਇਸ ਤੋਂ ਬਿਨਾਂ ਅਮਰੀਕੀ ਸਰਕਾਰ ਨੇ 2008 ਦੇ ਸੰਕਟ ਵੇਲ਼ੇ ਹੀ ਇਹੋ ਦਿਖਾਇਆ ਸੀ ਕਿ ਵਿੱਤੀ ਬੁਲਬੁਲਾ ਫੁੱਟਣ ਦੀ ਹਾਲਤ ਵਿੱਚ ਉਹ ਅਮੀਰਾਂ ਦੀ ਹੀ ਸਾਰ ਲੈਂਦੀ ਹੈ। ਅਜਿਹੇ ਸੰਕਟਾਂ ਵਿੱਚ ਅਮੀਰਾਂ ਦੀ ਦੌਲਤ ਨੂੰ ਬਚਾਉਣ ਉੱਤੇ ਸਰਕਾਰ ਦੇ ਹੋਏ ਖਰਚੇ ਵੀ ਵਧਦੇ ਟੈਕਸਾਂ, ਜਨਤਕ ਸਹੂਲਤਾਂ ਉੱਤੇ ਕਾਟ ਰਾਹੀਂ ਲੋਕਾਂ ਸਿਰ ਹੀ ਪੈਂਦੇ ਹਨ। ਅਜਿਹੀਆਂ ਸਥਿਤੀਆਂ ਜਿੱਥੇ ਲੋਕਾਂ ਦਾ ਜੀਵਨ ਵਧੇਰੇ ਔਖਾ ਕਰਦੀਆਂ ਹਨ ਉੱਥੇ ਇਹ ਗੱਲ ਵੀ ਲੋਕਾਂ ਅੱਗੇ ਸਾਫ਼ ਕਰਦੀਆਂ ਹਨ ਕਿ ਉਹਨਾਂ ਨੂੰ ਖੁਦ ਦੀ ਜਥੇਬੰਦ ਤਾਕਤ ਉੱਤੇ ਭਰੋਸਾ ਕਰਕੇ ਹੀ ਬਿਹਤਰ ਜਿੰਦਗੀ ਸਿਰਜਣੀ ਪੈਣੀ ਹੈ।
ਡਾ.ਦਵਿੰਦਰ ਕੌਰ ਖੁਸ਼ ਧਾਲੀਵਾਲ,ਖੋਜਕਾਰ
