ਟਾਪਫ਼ੁਟਕਲ

15 ਅਗਸਤ : ਲਹੂ-ਭਿੱਜੀ ਵੰਡ ਦੇ ਜ਼ਖ਼ਮਾਂ ਤੋਂ ਚੜ੍ਹਦੀ ਕਲਾ ਵਾਲਾ ਪੰਜਾਬ ਸਾਡੀ ਮੰਜ਼ਿਲ। ਪ੍ਰੋ. ਸਰਚਾਂਦ ਸਿੰਘ ਖਿਆਲਾ

ਪ੍ਰੋ. ਸਰਚਾਂਦ ਸਿੰਘ ਖਿਆਲਾ , ਬੁਲਾਰਾ ਪੰਜਾਬ ਭਾਜਪਾ।

15 ਅਗਸਤ ਆਉਂਦਾ ਹੈ ਤਾਂ ਪੂਰਾ ਦੇਸ਼ ਤਿਰੰਗੇ ਦੇ ਰੰਗਾਂ ਵਿੱਚ ਰੰਗ ਜਾਂਦਾ ਹੈ। ਸਕੂਲਾਂ ਵਿੱਚ ਬੱਚੇ ਦੇਸ਼ ਭਗਤੀ ਦੇ ਗੀਤ ਗਾਉਂਦੇ ਹਨ, ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਹਰ ਭਾਰਤੀ ਆਪਣੇ ਆਜ਼ਾਦ ਦੇਸ਼ ਹੋਣ ’ਤੇ ਮਾਣ ਕਰਦਾ ਹੈ। ਪਰ ਪੰਜਾਬ ਦੇ ਦਿਲ ਵਿੱਚ 15 ਅਗਸਤ ਦੀ ਇੱਕ ਹੋਰ ਤਸਵੀਰ ਵੀ ਵੱਸਦੀ ਹੈ—ਉਹ ਤਸਵੀਰ ਜਿਸ ਵਿੱਚ ਇੱਕ ਪਾਸੇ ਆਜ਼ਾਦੀ ਦਾ ਤਿਰੰਗਾ ਲਹਿਰਾ ਰਿਹਾ ਸੀ ਅਤੇ ਦੂਜੇ ਪਾਸੇ ਲੱਖਾਂ ਪੰਜਾਬੀਆਂ ਦੀਆਂ ਅੱਖਾਂ ਵਿੱਚ ਹੰਝੂ ਤੇ ਆਪਣੇ ਉਜਾੜੇ ਦੀਆਂ ਤਸਵੀਰਾਂ ਤੈਰ ਰਹੀਆਂ ਸਨ। ਕਿਸੇ ਮਾਂ ਨੇ ਆਪਣਾ ਪੁੱਤਰ ਗੁਆਇਆ ਸੀ, ਕਿਸੇ ਭੈਣ ਨੇ ਆਪਣਾ ਭਰਾ, ਕਿਸੇ ਪਤਨੀ ਨੇ ਆਪਣਾ ਸੁਹਾਗ ਤੇ ਕਿਸੇ ਬੱਚੇ ਨੇ ਆਪਣਾ ਪਿਤਾ।
ਘਰਾਂ ਦੇ ਘਰ ਉੱਜੜ ਗਏ। ਕਿਸੇ ਨੇ ਲਾਹੌਰ ਵਿੱਚ ਆਪਣਾ ਘਰ ਛੱਡਿਆ, ਕਿਸੇ ਨੇ ਅੰਮ੍ਰਿਤਸਰ ਵਿੱਚ ਤਰਪਾਲਾਂ ਦੇ ਟੈਂਟਾਂ ਹੇਠ ਆ ਕੇ ਨਵਾਂ ਜੀਵਨ ਸ਼ੁਰੂ ਕੀਤਾ। ਗੁਰਦੁਆਰੇ ਰਹਿ ਗਏ, ਮੰਦਰ ਰਹਿ ਗਏ। ਕਿਸੇ ਦੀ ਜ਼ਮੀਨ ਰਹਿ ਗਈ, ਕਿਸੇ ਦੀ ਦੁਕਾਨ ਤੇ ਹਵੇਲੀ ਰਹਿ ਗਈ। ਰੇਲਗੱਡੀਆਂ ਸਰਹੱਦ ਪਾਰ ਕਰਦੀਆਂ ਸਨ ਤਾਂ ਕਈਆਂ ਵਿੱਚ ਮੁਸਾਫ਼ਰਾਂ ਦੀ ਥਾਂ ਲਾਸ਼ਾਂ ਭਰੀਆਂ ਹੁੰਦੀਆਂ ਸਨ। ਇਹ ਸੀ ਪੰਜਾਬ ਦੀ ਆਜ਼ਾਦੀ। ਜਿਸ ਪੰਜਾਬ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਉਸੇ ਪੰਜਾਬ ਨੂੰ ਆਜ਼ਾਦੀ ਦੇ ਨਾਲ ਆਪਣੀ ਧਰਤੀ ਦੀ ਵੰਡ ਦਾ ਅਸਹਿਣਸ਼ੀਲ ਦਰਦ ਵੀ ਮਿਲਿਆ।
ਇਸ ਲਈ ਪੰਜਾਬੀ ਲਈ ਇਹ ਸਿਰਫ਼ ਖ਼ੁਸ਼ੀ ਦਾ ਦਿਨ ਨਹੀਂ। ਇਹ ਮਾਣ ਅਤੇ ਮਾਤਮ, ਜਿੱਤ ਅਤੇ ਵਿਛੋੜੇ, ਆਜ਼ਾਦੀ ਅਤੇ ਵੰਡ ਦੀਆਂ ਅਸਹਿ ਤੇ ਅਕਹਿ ਭਾਵਨਾਵਾਂ ਦਾ ਦਿਨ ਵੀ ਹੈ। ਇਸੇ ਲਈ ਭਾਰਤ ਦੀ ਆਜ਼ਾਦੀ ਦੀ ਗਾਥਾ ਪੰਜਾਬ ਦੇ ਬਿਨਾਂ ਅਧੂਰੀ ਹੈ।
ਪੰਜਾਬ ਨੇ ਆਜ਼ਾਦੀ ਮੰਗ ਕੇ ਨਹੀਂ, ਆਪਣੇ ਲਹੂ ਵਹਾ ਕੇ ਪਾਈ ਹੈ। ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ, ਸ਼ਹੀਦ-ਏ-ਆਜ਼ਮ ਭਗਤ ਸਿੰਘ ਹੋਰਾਂ ਦੀ ਫਾਂਸੀ, ਜਲਿਆਂਵਾਲਾ ਬਾਗ਼ ਦਾ ਖ਼ੂਨੀ ਸਾਕਾ ਅਤੇ ਇਸ ਦਾ ਇਤਿਹਾਸਕ ਬਦਲਾ ਲੈਣ ਲਈ ਊਧਮ ਸਿੰਘ ਦਾ ਦਹਾਕਿਆਂ ਦਾ ਇੰਤਜ਼ਾਰ, ਕੂਕਾ ਲਹਿਰ, ਕਿਸਾਨ ਤੇ ਅਕਾਲੀ ਲਹਿਰਾਂ ਅਤੇ ਅਣਗਿਣਤ ਗੁਮਨਾਮ ਦੇਸ਼ ਭਗਤਾਂ ਦੀਆਂ ਕੁਰਬਾਨੀਆਂ—ਇਨ੍ਹਾਂ ਸਾਰਿਆਂ ਰਾਹੀਂ ਪੰਜਾਬ ਨੇ ਭਾਰਤ ਦੀ ਆਜ਼ਾਦੀ ਦੀ ਨੀਂਹ ਨੂੰ ਆਪਣੇ ਲਹੂ ਨਾਲ ਸਿੰਜਿਆ।
ਜਦੋਂ ਅਸੀਂ ਅੱਜ ਖੁੱਲ੍ਹੀ ਹਵਾ ਵਿੱਚ ਸਾਹ ਲੈਂਦੇ ਹਾਂ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਆਜ਼ਾਦੀ ਦੀ ਬਹੁਤ ਵੱਡੀ ਕੀਮਤ ਅਦਾ ਕਰਨਾ ਪੰਜਾਬ ਦੇ ਹੀ ਹਿੱਸੇ ਆਇਆ। ਇਸ ਲਈ ਪੰਜਾਬ ਨੂੰ ਇਹ ਹੱਕ ਹੈ ਕਿ ਉਹ ਪੁੱਛੇ—ਜਿਸ ਨੇ ਦੇਸ਼ ਲਈ ਇੰਨਾ ਕੁਝ ਦਿੱਤਾ, ਉਸ ਨਾਲ ਆਜ਼ਾਦ ਭਾਰਤ ਵਿੱਚ ਕਿਹੋ ਜਿਹਾ ਸਲੂਕ ਹੋਇਆ?
ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦਾ ਸੰਘਰਸ਼ ਮੁੱਕਿਆ ਨਹੀਂ। ਸਿਰਫ਼ ਲੜਾਈ ਦਾ ਰੂਪ ਬਦਲ ਗਿਆ। ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਆਪਣੀ ਪ੍ਰਸ਼ਾਸਕੀ ਪਹਿਚਾਣ ਲਈ ਪੰਜਾਬੀਆਂ ਨੂੰ ਲੰਮਾ ਸੰਘਰਸ਼ ਕਰਨਾ ਪਿਆ। ਅੰਦੋਲਨ ਹੋਏ, ਮੋਰਚੇ ਲੱਗੇ, ਗ੍ਰਿਫ਼ਤਾਰੀਆਂ ਹੋਈਆਂ ਅਤੇ ਅਨੇਕਾਂ ਲੋਕਾਂ ਨੇ ਫਿਰ ਕੁਰਬਾਨੀਆਂ ਦਿੱਤੀਆਂ। ਆਖ਼ਰਕਾਰ ਪੰਜਾਬੀ ਸੂਬਾ ਹੋਂਦ ਵਿੱਚ ਆਇਆ।
ਪਰ ਪੰਜਾਬ ਦੇ ਹੱਕਾਂ ਦੀ ਕਹਾਣੀ ਇੱਥੇ ਆ ਕੇ ਵੀ ਨਹੀਂ ਮੁੱਕੀ। ਪੰਜਾਬ ਦੇ ਹੱਕਾਂ ਅਤੇ ਮੰਗਾਂ ਨੂੰ ਲੈ ਕੇ ਚੱਲੇ ਸੰਘਰਸ਼ਾਂ ਨੂੰ ਦਬਾਉਣ ਦੀ ਹਰ ਮੁਮਕਿਨ ਕੋਸ਼ਿਸ਼ ਹੋਈ। ਐਮਰਜੈਂਸੀ, ਜਿਸ ਨੂੰ ‘ਸੰਵਿਧਾਨ ਹੱਤਿਆ ਦਿਵਸ’ ਵਜੋਂ ਯਾਦ ਕੀਤਾ ਜਾਂਦਾ ਹੈ, ਦੌਰਾਨ 24 ਮਾਰਚ 1976 ਨੂੰ ਇੰਦਰਾ ਗਾਂਧੀ ਦੀ ਹਕੂਮਤ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਅਣਉਚਿਤ ਵੰਡ ਨਾਲ ਪੈਦਾ ਕੀਤਾ ਗਿਆ ਪਾਣੀਆਂ ਦਾ ਮਸਲਾ ਅੱਜ ਵੀ ਅਣਸੁਲਝਿਆ ਹੈ। ਇਹ ਪੰਜਾਬ ਦਾ ਦਰਦ ਹੈ—ਉਸ ਸੂਬੇ ਦਾ, ਜਿਸ ਨੇ ਦੇਸ਼ ਦੇ ਅੰਨ ਭੰਡਾਰ ਭਰਨ ਵਿੱਚ ਮੋਹਰੀ ਭੂਮਿਕਾ ਨਿਭਾਈ।
ਫਿਰ ਉਹ ਦੌਰ ਆਇਆ ਜਿਸ ਨੇ ਪੰਜਾਬ ਅਤੇ ਸਿੱਖ ਮਨ ਨੂੰ ਧੁਰ ਅੰਦਰ ਤੱਕ ਝੰਝੋੜ ਦਿੱਤਾ। ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ’ਤੇ ਫ਼ੌਜੀ ਕਾਰਵਾਈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਦਿਆਂ ਸਿੱਖ ਕੌਮ ਨੂੰ ਡੂੰਘੇ ਇਤਿਹਾਸਕ ਜ਼ਖ਼ਮ ਦਿੱਤੇ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਸਿਰਫ਼ ਇੱਕ ਇਮਾਰਤ ਨਹੀਂ। ਇਸ ਲਈ ਉਸ ’ਤੇ ਹੋਇਆ ਹਮਲਾ ਸਿੱਖ ਮਨ ਵਿੱਚ ਸਿਰਫ਼ ਇੱਟਾਂ-ਪੱਥਰਾਂ ਦੀ ਤਬਾਹੀ ਨਹੀਂ, ਸਗੋਂ ਇੱਕ ਡੂੰਘਾ ਆਤਮਿਕ ਜ਼ਖ਼ਮ ਬਣ ਕੇ ਵੱਸ ਗਿਆ। ਇਸੇ ਭਾਵਨਾ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਾਰਲੀਮੈਂਟ ਵਿੱਚ ਇਸ ਘਟਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ‘ਹਮਲਾ’ ਕਰਾਰ ਦਿੰਦਿਆਂ ਇਸ ਦੇ ਦਰਦ ਨੂੰ ਸਮਝਣ ਦੀ ਗੱਲ ਕੀਤੀ ਹੈ।
ਪਰ ਇਹ ਤ੍ਰਾਸਦੀ ਵੀ ਇੱਥੇ ਨਹੀਂ ਰੁਕੀ। 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋਈ। ਇਸ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖਾਂ ਵਿਰੁੱਧ ਕਾਂਗਰਸ ਆਗੂਆਂ ਦੀ ਅਗਵਾਈ ’ਚ ਜੋ ਕਤਲੇਆਮ ਹੋਇਆ, ਉਹ ਭਾਰਤੀ ਇਤਿਹਾਸ ਦਾ ਇੱਕ ਕਾਲਾ ਅਧਿਆਇ ਹੈ। ਉਸ ਵੇਲੇ ਬੇਕਸੂਰ ਲੋਕਾਂ ਦੀ ਸਭ ਤੋਂ ਵੱਡੀ ‘ਪਹਿਚਾਣ’ ਸਿਰਫ਼ ਇਹ ਸੀ ਕਿ ਉਨ੍ਹਾਂ ਦੇ ਸਿਰ ’ਤੇ ਜੂੜਾ ਸੀ, ਸਿਰ ’ਤੇ ਦਸਤਾਰ ਸੀ ਅਤੇ ਉਹ ਸਿੱਖ ਸਨ।
ਕਿੰਨੀ ਵੱਡੀ ਤ੍ਰਾਸਦੀ ਸੀ ਕਿ ਜਿਸ ਕੌਮ ਦੇ ਬਾਸ਼ਿੰਦਿਆਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਆਪਾ ਵਾਰ ਦਿੱਤਾ, ਉਸੇ ਕੌਮ ਦੇ ਬੇਕਸੂਰ ਲੋਕਾਂ ਨੂੰ ਉਨ੍ਹਾਂ ਦੀ ਪਹਿਚਾਣ ਕਰਕੇ ਮਾਰਿਆ ਗਿਆ। ਇਹ ਸਿਰਫ਼ ਕਤਲ ਨਹੀਂ ਸਨ। ਇਹ ਪੀੜ੍ਹੀਆਂ ਦੇ ਸੁਪਨਿਆਂ, ਵਿਸ਼ਵਾਸ ਅਤੇ ਭਰੋਸੇ ਦਾ ਕਤਲ ਸੀ। ਅੱਜ ਵੀ ਬੇਸ਼ੁਮਾਰ ਪਰਿਵਾਰਾਂ ਦੇ ਦਿਲਾਂ ਵਿੱਚ ਉਸ ਦਰਦ ਦੀ ਚੀਸ ਮਹਿਸੂਸ ਕੀਤੀ ਜਾ ਸਕਦੀ ਹੈ।
ਕੁਝ ਭਾਰਤ ਵਿਰੋਧੀ ਤੱਤ ਇਸ ਵਰਤਾਰੇ ਨੂੰ ਸਟੇਟ ਦੇ ਖਾਤੇ ਪਾਉਣਾ ਚਾਹੁੰਦੇ ਹਨ। ਪਰ ਇਹ ਸਮਝਣ ਦੀ ਲੋੜ ਹੈ ਕਿ ਇਹ ਇਤਿਹਾਸਕ ਜ਼ਖ਼ਮ ਕਾਂਗਰਸ ਦੀਆਂ ਹਕੂਮਤਾਂ ਦੀ ਦੇਣ ਸਨ, ਭਾਰਤੀ ਸਟੇਟ ਦੀ ਨਹੀਂ। ਹਕੂਮਤ ਅਸਥਾਈ ਹੁੰਦੀ ਹੈ, ਸਟੇਟ ਸਥਾਈ।
ਅੱਜ ਪੰਜਾਬ ਵਿੱਚ ਇੱਕ ਹੋਰ ਸਿਆਸੀ ਹਕੀਕਤ ਸਾਡੇ ਸਾਹਮਣੇ ਹੈ। ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਸਮੇਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਣਾਉਣ ਅਤੇ ਪੰਜਾਬ ਦੀ ਪੀੜ ਤੇ ਬਦਲਾਅ ਦੇ ਸੁਪਨਿਆਂ ਨੂੰ ਆਪਣੀ ਸਿਆਸਤ ਦਾ ਹਿੱਸਾ ਬਣਾ ਕੇ ਪੇਸ਼ ਕੀਤਾ। ਪੰਜਾਬ ਦੇ ਲੋਕਾਂ ਨਾਲ ਨਸ਼ਾ-ਮੁਕਤੀ, ਰੁਜ਼ਗਾਰ, ਸਿੱਖਿਆ, ਉਦਯੋਗ, ਕਾਨੂੰਨ-ਵਿਵਸਥਾ, ਖੁਸ਼ਹਾਲੀ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਅੰਜਾਮ ਤਕ ਪਹੁੰਚਾਉਣ ਬਾਰੇ ਵੱਡੇ ਵਾਅਦੇ ਕੀਤੇ ਗਏ।
ਪਰ ਹੁਣ ਸਵਾਲ ਵਾਅਦਿਆਂ ਦਾ ਨਹੀਂ, ਨਤੀਜਿਆਂ ਦਾ ਹੈ। ਜੇ ਪੰਜਾਬ ਦੀ ਨੌਜਵਾਨੀ ਅੱਜ ਵੀ ਨਸ਼ਿਆਂ ਦੀ ਮਾਰ ਹੇਠ ਹੈ, ਰੁਜ਼ਗਾਰ ਦੀ ਭਾਲ ਵਿੱਚ ਆਪਣੀ ਮਿੱਟੀ ਛੱਡ ਰਹੀ ਹੈ, ਉਦਯੋਗ ਨਿਵੇਸ਼ ਤੋਂ ਹਿਚਕਚਾ ਰਿਹਾ ਹੈ, ਕਾਨੂੰਨ-ਵਿਵਸਥਾ ’ਤੇ ਸਵਾਲ ਉੱਠ ਰਹੇ ਹਨ ਅਤੇ ਕਿਸਾਨ ਤੇ ਆਮ ਪਰਿਵਾਰ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਤਾਂ ਸਾਨੂੰ ਪੁੱਛਣਾ ਪਵੇਗਾ—ਕੀ ਸਿਰਫ਼ ਸ਼ਹੀਦਾਂ ਦੇ ਨਾਮ ਲੈਣਾ ਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ? ਮੇਰੇ ਲਈ ਜਵਾਬ ਸਪਸ਼ਟ ਹੈ—ਨਹੀਂ।
ਪੰਜਾਬ ਨੂੰ ਸ਼ਹੀਦਾਂ ਦੇ ਨਾਮ ਦੀ ਰਾਜਨੀਤੀ ਨਹੀਂ, ਸ਼ਹੀਦਾਂ ਦੇ ਸੁਪਨਿਆਂ ਦੀ ਰਾਜਨੀਤੀ ਚਾਹੀਦੀ ਹੈ। ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਉਹ ਪੰਜਾਬ ਉਹ ਸਮਾਜ ਬਣਾਉਣਾ ਹੈ, ਜਿੱਥੇ ਨਸ਼ੇ ਅਤੇ ਹੋਰ ਵਿਕਾਰਾਂ ਦੀ ਥਾਂ ਨੌਜਵਾਨ ਦੇ ਹੱਥ ਵਿੱਚ ਰੁਜ਼ਗਾਰ ਹੋਵੇ, ਕਿਸਾਨ ਦੇ ਚਿਹਰੇ ’ਤੇ ਚਿੰਤਾ ਨਹੀਂ ਖੁਸ਼ਹਾਲੀ ਹੋਵੇ, ਉਦਯੋਗਪਤੀ ਦੇ ਮਨ ਵਿੱਚ ਫਿਰੌਤੀ ਦਾ ਡਰ ਨਹੀਂ, ਨਿਵੇਸ਼ ਦਾ ਵਿਸ਼ਵਾਸ ਹੋਵੇ ਅਤੇ ਹਰ ਨਾਗਰਿਕ ਨੂੰ ਕਾਨੂੰਨ ਦੀ ਬਰਾਬਰੀ ਮਿਲੇ। ਜਿਸ ਪੰਜਾਬ ਵਿੱਚ ਮੁੱਖ ਮੰਤਰੀ ਨੂੰ ਆਪਣੇ ਹੀ ਲੋਕਾਂ ਨੂੰ ਬੁਲਟ-ਪਰੂਫ਼ ਸ਼ੀਸ਼ੇ ਦੇ ਪਿੱਛੇ ਤੋਂ ਸੰਬੋਧਨ ਕਰਨਾ ਪਵੇ, ਉੱਥੇ ਸਰਕਾਰ ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਲਾ ਫ਼ਰਕ ਆਪਣੇ ਆਪ ਬੋਲਦਾ ਹੈ।
ਸ਼ਹੀਦਾਂ ਦੀਆਂ ਤਸਵੀਰਾਂ ਕੰਧਾਂ ’ਤੇ ਲਗਾਉਣਾ ਆਸਾਨ ਹੈ, ਪਰ ਉਨ੍ਹਾਂ ਦੇ ਸੁਪਨਿਆਂ ਨੂੰ ਆਪਣੇ ਸ਼ਾਸਨ ਅਤੇ ਚਰਿੱਤਰ ਵਿੱਚ ਉਤਾਰਨਾ ਔਖਾ ਹੈ। ਸ਼ਹੀਦਾਂ ਦਾ ਸਤਿਕਾਰ ਤਸਵੀਰਾਂ ਨਾਲ ਨਹੀਂ, ਨੀਅਤ, ਨੀਤੀ ਅਤੇ ਨਤੀਜਿਆਂ ਨਾਲ ਹੁੰਦਾ ਹੈ।
ਇਸੇ ਪਿਛੋਕੜ ਵਿੱਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਪਹੁੰਚ ਅਤੇ ਦੇਸ਼ ਦੀ ਮੌਜੂਦਾ ਦਸ਼ਾ ਤੇ ਦਿਸ਼ਾ ਨੂੰ ਵੀ ਦੇਖਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ ਸਾਲਾਂ ਵਿੱਚ ਭਾਰਤ ਨੇ ਆਰਥਿਕਤਾ, ਬੁਨਿਆਦੀ ਢਾਂਚੇ, ਡਿਜ਼ੀਟਲ ਤਕਨਾਲੋਜੀ, ਸਟਾਰਟਅੱਪ, ਸੜਕਾਂ, ਰੇਲਵੇ, ਹਵਾਈ ਅੱਡਿਆਂ, ਪੁਲਾੜ, ਰੱਖਿਆ, ਕੌਮੀ ਸੁਰੱਖਿਆ ਅਤੇ ਵਿਸ਼ਵ ਪੱਧਰ ’ਤੇ ਆਪਣੀ ਕੂਟਨੀਤਿਕ ਸਥਿਤੀ ਨੂੰ ਮਜ਼ਬੂਤ ਕਰਦਿਆਂ ਮਹੱਤਵਪੂਰਨ ਤਰੱਕੀ ਕੀਤੀ ਹੈ।
ਪੰਜਾਬ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਕੇਂਦਰ ਨੇ ਪੰਜਾਬ ਨੂੰ ਸਿਰਫ਼ ਇੱਕ ਸੂਬੇ ਵਜੋਂ ਨਹੀਂ, ਸਗੋਂ ਦੇਸ਼ ਦੀ ਸੁਰੱਖਿਆ, ਖੇਤੀਬਾੜੀ, ਸਰਹੱਦ ਅਤੇ ਸਭਿਆਚਾਰਕ ਵਿਰਾਸਤ ਨਾਲ ਜੁੜੇ ਰਣਨੀਤਿਕ ਸੂਬੇ ਵਜੋਂ ਦੇਖਿਆ ਹੈ। ਪੰਜਾਬ ਦੀ ਤਰੱਕੀ ਨੂੰ ਭਾਰਤ ਦੀ ਤਾਕਤ ਵਜੋਂ ਤਸੱਵਰ ਕੀਤਾ ਗਿਆ ਹੈ—ਪੰਜਾਬ ਮਜ਼ਬੂਤ ਤਾਂ ਭਾਰਤ ਵੀ ਮਜ਼ਬੂਤ।
ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਵੱਲੋਂ ਸਿੱਖ ਕੌਮ ਨੂੰ ਦਿੱਤੀ ਗਈ ਪੀੜਾ ਨੂੰ ਹਰਨ ਲਈ ਇਸ ਨਾਲ ਜੁੜੇ ਮਾਮਲਿਆਂ ਵਿੱਚ ਕਈ ਅਜਿਹੇ ਕਦਮ ਚੁੱਕੇ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਵੀ ਇਤਿਹਾਸ ਨਾਲ ਨਾਇਨਸਾਫ਼ੀ ਹੋਵੇਗੀ। ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸਿੱਖ ਕੌਮ ਦੀਆਂ ਦਹਾਕਿਆਂ ਪੁਰਾਣੀਆਂ ਭਾਵਨਾਵਾਂ ਨਾਲ ਜੁੜਿਆ ਸੁਪਨਾ ਸੀ। ਇਸ ਦੀ ਤਾਮੀਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਆਸਥਾ ਨੂੰ ਸਮਝਣ ਦੀ ਕੋਸ਼ਿਸ਼ ਸੀ, ਜਿਸ ਕਰਕੇ ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਕੌਮੀ ਸੇਵਾ ਅਵਾਰਡ’ ਨਾਲ ਨਿਵਾਜਿਆ।
ਸ੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ ਪ੍ਰੋਜੈਕਟ, ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਅਤੇ 350 ਸਾਲਾ ਸ਼ਹੀਦੀ ਸ਼ਤਾਬਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣਾ ਅਤੇ ਸਿੱਖ ਗੁਰੂ ਸਾਹਿਬਾਨ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰਾਸ਼ਟਰੀ ਪੱਧਰ ’ਤੇ ਯਾਦ ਕਰਨਾ—ਇਹ ਸਭ ਸਿੱਖ ਵਿਰਾਸਤ ਨੂੰ ਭਾਰਤ ਦੀ ਸਾਂਝੀ ਰਾਸ਼ਟਰੀ ਵਿਰਾਸਤ ਵਜੋਂ ਸਨਮਾਨ ਦੇਣ ਦੀ ਪਹੁੰਚ ਦੇ ਉਦਾਹਰਨ ਹਨ।
ਇਸ ਤੋਂ ਇਲਾਵਾ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਪਹਿਲਕਦਮੀਆਂ, 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਤੱਕ ਪਹੁੰਚਾਉਣ ਲਈ ਕਾਨੂੰਨੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਵਾਲੇ ਕਦਮ, ਕਾਲੀਆਂ ਸੂਚੀਆਂ ਦਾ ਖ਼ਾਤਮਾ, ਨਾਗਰਿਕਤਾ ਦੇ ਮਾਮਲਿਆਂ ਵਿੱਚ ਰਾਹਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਫ਼ਗ਼ਾਨਿਸਤਾਨ ਤੋਂ ਸੁਰੱਖਿਅਤ ਲਿਆਉਣਾ ਆਦਿ ਵੀ ਇਸੇ ਸੁਹਿਰਦ ਪਹੁੰਚ ਦੀਆਂ ਉਦਾਹਰਨਾਂ ਹਨ।
ਮੇਰੇ ਲਈ ਇਹ ਸਿਰਫ਼ ਕਿਸੇ ਪਾਰਟੀ ਜਾਂ ਵਿਅਕਤੀ ਦੀ ਪ੍ਰਸ਼ੰਸਾ ਦਾ ਵਿਸ਼ਾ ਨਹੀਂ। ਇਹ ਇਸ ਗੱਲ ਦਾ ਵਿਸ਼ਾ ਹੈ ਕਿ ਭਾਰਤ ਦੀ ਰਾਸ਼ਟਰੀ ਕਥਾ ਵਿੱਚ ਪੰਜਾਬ ਅਤੇ ਸਿੱਖ ਕੌਮ ਦੇ ਯੋਗਦਾਨ ਨੂੰ ਉਸ ਦਾ ਬਣਦਾ ਸਨਮਾਨ ਮਿਲੇ। ਮੇਰੀ ਸਿੱਖ ਪਹਿਚਾਣ ਮੈਨੂੰ ਮਨੁੱਖਤਾ, ਨਿਆਂ ਅਤੇ ਸਰਬੱਤ ਦੇ ਭਲੇ ਨਾਲ ਜੋੜਦੀ ਹੈ। ਮੇਰਾ ਪੰਜਾਬ ਮੈਨੂੰ ਕੁਰਬਾਨੀ, ਮਿਹਨਤ ਅਤੇ ਚੜ੍ਹਦੀ ਕਲਾ ਸਿਖਾਉਂਦਾ ਹੈ, ਜਦਕਿ ਮੇਰਾ ਤਿਰੰਗਾ ਮੈਨੂੰ ਇਸ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਆਪਣਾ ਸਭ ਕੁਝ ਵਾਰਨ ਵਾਲਿਆਂ ਦੀ ਯਾਦ ਦਿਵਾਉਂਦਾ ਹੈ।
ਅੱਜ 15 ਅਗਸਤ ’ਤੇ ਮੇਰੇ ਮਨ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ—ਅਸੀਂ ਸ਼ਹੀਦਾਂ ਦੀ ਕੁਰਬਾਨੀ ਨਾਲ ਕੀ ਕੀਤਾ? ਕੀ ਅਸੀਂ ਉਨ੍ਹਾਂ ਦੇ ਸੁਪਨਿਆਂ ਵਾਲਾ ਸਮਾਜ ਬਣਾਇਆ? ਕੀ ਅਸੀਂ ਉਸ ਪੰਜਾਬ ਨੂੰ ਮੁੜ ਖੜ੍ਹਾ ਕੀਤਾ ਜਿਸ ਨੇ ਦੇਸ਼ ਨੂੰ ਅਨਾਜ ਵੀ ਦਿੱਤਾ ਅਤੇ ਸਰਹੱਦ ’ਤੇ ਲਹੂ ਵੀ? ਕੀ ਅਸੀਂ ਉਸ ਨੌਜਵਾਨ ਨੂੰ ਉਹ ਮਾਣ, ਮੌਕਾ ਅਤੇ ਸੁਰੱਖਿਅਤ ਭਵਿੱਖ ਦਿੱਤਾ ਜਿਸ ਦੇ ਪੁਰਖਿਆਂ ਨੇ ਭਾਰਤ ਦੀ ਆਜ਼ਾਦੀ ਲਈ ਫਾਂਸੀਆਂ ਦੇ ਫੰਦੇ ਚੁੰਮੇ?
ਮੇਰਾ ਜਵਾਬ ਅਤੇ ਮੇਰਾ ਸੰਕਲਪ ਦੋਵੇਂ ਸਪਸ਼ਟ ਹਨ—ਪੰਜਾਬ ਦੀ ਅਗਲੀ ਪੀੜ੍ਹੀ ਨੂੰ ਵਿਰਾਸਤ ਵਿੱਚ ਸਿਰਫ਼ ਜ਼ਖ਼ਮ ਨਹੀਂ, ਮਾਣ ਵੀ ਮਿਲਣਾ ਚਾਹੀਦਾ ਹੈ; ਸਿਰਫ਼ ਇਤਿਹਾਸ ਨਹੀਂ, ਭਵਿੱਖ ਵੀ ਮਿਲਣਾ ਚਾਹੀਦਾ ਹੈ।
ਜਿਨ੍ਹਾਂ ਸ਼ਹੀਦਾਂ ਨੇ ਆਪਣਾ ਅੱਜ ਸਾਡੇ ਕੱਲ੍ਹ ਲਈ ਕੁਰਬਾਨ ਕੀਤਾ, ਉਨ੍ਹਾਂ ਅੱਗੇ ਸਾਡਾ ਸੱਚਾ ਸਿਰ ਨਿਵਾਉਣਾ ਤਦ ਹੀ ਹੋਵੇਗਾ ਜਦੋਂ ਅਸੀਂ ਪੰਜਾਬ ਨੂੰ ਨਸ਼ਾ-ਮੁਕਤ, ਖ਼ੁਸ਼ਹਾਲ, ਸੁਰੱਖਿਅਤ, ਸਵੈ-ਮਾਣ ਵਾਲਾ ਅਤੇ ਮੌਕਿਆਂ ਨਾਲ ਭਰਪੂਰ ਬਣਾਉਣ ਲਈ ਆਪਣਾ ਅੱਜ ਸਮਰਪਿਤ ਕਰਾਂਗੇ। ਵੰਡ ਦੇ ਜ਼ਖ਼ਮ ਸਾਡੀ ਯਾਦ ਹਨ, ਸ਼ਹੀਦਾਂ ਦੀ ਕੁਰਬਾਨੀ ਸਾਡੀ ਪ੍ਰੇਰਣਾ ਹੈ, ਤਿਰੰਗਾ ਸਾਡਾ ਮਾਣ ਹੈ ਅਤੇ ਚੜ੍ਹਦੀ ਕਲਾ ਵਾਲਾ ਪੰਜਾਬ ਸਾਡੀ ਮੰਜ਼ਿਲ ਹੈ। ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਜੈ ਹਿੰਦ।
— ਪ੍ਰੋ. ਸਰਚਾਂਦ ਸਿੰਘ ਖਿਆਲਾ
ਭਾਜਪਾ ਬੁਲਾਰਾ, ਪੰਜਾਬ
9781355522

Leave a Reply

Your email address will not be published. Required fields are marked *

Share via
Copy link